Wed, 22 May 2024
Your Visitor Number :-   7054478
SuhisaverSuhisaver Suhisaver

ਵਿਸ਼ਵ ਦੀਆਂ ਪ੍ਰਮੁੱਖ ਸੱਭਿਅਤਾਵਾਂ ਇੱਕ ਫੇਰ ਆਹਮੋ ਸਾਹਮਣੇ - ਹਰਜਿੰਦਰ ਸਿੰਘ ਗੁਲਪੁਰ

Posted on:- 19-02-2015

suhisaver

ਕੁਝ ਕੁ ਸਾਲ ਪਹਿਲਾਂ ਮਹਾਨ ਅਮਰੀਕੀ ਚਿੰਤਕ ਸੈਮੁਅਲ ਪੀ।ਹਟਿੰਗਟਨ ਨੇ ਦੋ ਸਭਿਅਤਾਵਾਂ ਦਾ ਭੇੜ(clash of two civilisations)ਨਾਮਕ ਚਰਚਿਤ ਕਿਤਾਬ ਲਿਖੀ ਸੀ ਜਿਸ ਨੂੰ 2014  ਦੌਰਾਨ ਵਿਸ਼ਵ ਦੀ ਵਧੀਆ ਕਿਤਾਬ ਹੋਣ ਦਾ ਖਿਤਾਬ ਮਿਲਿਆ ਸੀ।ਅਸਲ ਵਿਚ ਇਸ ਕਿਤਾਬ ਨੂੰ ਵਿਸ਼ਵ ਦੇ ਚਿੰਤਕ ਹਲਕਿਆਂ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਇੱਕ ਅਜਿਹੀ ਪੇਸ਼ੀਨ ਗੋਈ ਵਜੋਂ ਲਿਆ ਸੀ ਜਿਸ ਨੇ ਦੇਰ ਸਵੇਰ ਵਾਪਰਨਾ ਹੀ ਹੈ।ਇਹ ਭਵਿਖਬਾਣੀ ਕਿਸੇ ਪਤਰੀ ਵਾਲੇ ਜੋਤਸ਼ੀ ਦੀ ਨਾ ਹੋ ਕੇ ਇੱਕ ਸਮਾਜਿਕ ਵਿਗਿਆਨੀ ਦੀ ਹੋਣ ਕਾਰਨ ਆਪਣੇ ਆਪ ਨੂੰ ਅਤਿ ਆਧੁਨਿਕ ਹੋਣ ਦਾ ਵਿਖਾਵਾ ਅਤੇ ਦਾਅਵਾ ਕਰਨ ਵਾਲੀਆਂ ਵਿਸ਼ਵ ਦੀਆਂ ਭਾਰੂ ਤਾਕਤਾਂ ਨੂੰ ਇਸ ਸੰਭਾਵੀ ਹੋਣੀ ਨੂੰ ਰੋਕਣ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਸੀ, ਪ੍ਰੰਤੂ ਉਹਨਾਂ ਨੇ ਨਹੀਂ ਪਾਇਆ।ਇਥੋਂ ਤੱਕ ਕਿ ਇੱਕ ਮਹਾਨ ਚਿੰਤਕ ਦੇ ਖਦਸ਼ੇ ਨੂੰ ਹਵਾ ਵਿਚ ਉਡਾ ਦਿੱਤਾ ਗਿਆ। ਮਾਨਵ ਸਰੋਕਾਰਾਂ ਨੂੰ ਪਰਣਾਏ ਸਮਾਜ ਸਾਸ਼ਤਰੀਆਂ ਵਲੋਂ ਦਿਨ ਬ ਦਿਨ ਬਦਲ ਰਹੀਆਂ ਵਿਸ਼ਵ ਵਿਆਪੀ ਹਾਲਤਾਂ ਨੂੰ ਦੇਖ ਕੇ ਉਸ ਭੂਤਕਾਲੀ ਇਤਿਹਾਸਕ ਜਮੀਨ ਨੂੰ ਲਗਾਤਾਰ ਫਰੋਲਿਆ ਜਾ ਰਿਹਾ ਹੈ,ਜਿਥੇ ਇਸ ਅਦਿਖ ਭੇੜ ਦੀਆਂ ਜੜਾਂ ਪਈਆਂ ਹਨ।

ਜੇਕਰ ਇਸ ਕਿਤਾਬ ਨੂੰ ਆਉਣ ਵਾਲੇ ਵਿਨਾਸ਼ ਦੀ ਘੰਟੀ ਸਮਝਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ।ਸਮਝ ਵਿਚ ਨਹੀਂ ਆਉਂਦਾ ਕਿ ਇਹ ਵਿਸ਼ਵ ਵਿਆਪੀ ਦੋ ਧਿਰਾਂ ਜਿਹੜੀ ਅੱਗ ਬਾਲਣ ਲਈ ਯਤਨ ਸ਼ੀਲ ਹਨ, ਉਸ ਅਗ ਉੱਤੇ ਉਹ ਨਿਕੀਆਂ ਨਿੱਕੀਆਂ ਧਿਰਾਂ ਵੀ ਤੇਲ ਪਾ ਰਹੀਆਂ ਹਨ ਜਿਹਨਾਂ ਦੀ ਗਿਣਤੀ ਆਟੇ  ਵਿਚ ਲੂਣ ਦੇ ਬਰਾਬਰ ਵੀ ਨਹੀਂ ਹੈ।ਇਹ ਵਿਸ਼ਾ ਭਾਵੇਂ ਬਹੁਤ ਵੱਡਾ ਹੈ ਪ੍ਰੰਤੂ ਪੰਜਾਬ ਦੇ ਚੌਖਟੇ ਵਿਚ ਰਖ ਕੇ ਜੇਕਰ ਇਸ ਵਿਸ਼ਵ ਵਿਆਪੀ ਵਰਤਾਰੇ ਨੂੰ ਦੇਖਿਆ ਜਾਵੇ ਤਾਂ  ਇਹ ਕਿਹਾ ਜਾ ਸਕਦਾ ਹੈ ਕਿ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਖਾਂ ਅਤੇ ਹਿੰਦੂਆਂ ਲਈ ਭਿੰਡਰਾਂ ਵਾਲਾ ਅਤੇ ਬਾਲ ਠਾਕਰੇ ਉਹਨਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਹਨ।"ਕੀੜੀ ਵਾਸਤੇ ਠੂਠਾ ਹੀ ਦਰਿਆ"ਵਾਲੀ ਕਹਾਵਤ ਸ਼ਾਇਦ ਇਹਨਾਂ ਭਦਰ ਪੁਰਸ਼ਾਂ ਵਾਸਤੇ ਹੀ ਸਿਰਜੀ ਗਈ ਲਗਦੀ ਹੈ। ਵਕਤ ਸਭ ਤੋਂ ਵਧ ਤਾਕਤਵਰ ਹੈ।ਇਹੀ ਕਰਨ ਹੈ ਕਿ ਸਮੇਂ ਦੇ ਬੀਤਣ ਨਾਲ ਹਰ ਫਿਰਕੇ ਦੀ ਵਿਚਾਰਧਾਰਾ ਅਤੇ ਨਾਇਕ ਬਦਲਦੇ ਰਹੇ ਹਨ ਅਤੇ ਬਦਲਦੇ ਰਹਿਣਗੇ ।ਇਥੇ ਕੁਝ ਵੀ ਯੁਗੋ ਯੁਗ ਅਟੱਲ ਨਹੀਂ ਹੈ।ਇਹ ਕੱਟੜ ਪੰਥੀ ਸੋਚ ਦਾ ਹੀ ਕਮਾਲ ਹੈ ਕਿ ਕੱਟੜ ਵਾਦੀ ਹਿੰਦੂ ਸਿਖਾਂ ਵਾਂਗ ਹਰ ਫਿਰਕੇ ਨੂੰ ਨਫਰਤ ਦੀ ਅੱਗ ਉਗਲਣ ਵਾਲੇ ਕੱਟੜ ਪੰਥੀ ਨੇਤਾ ਆਪੋ ਆਪਣੇ ਧਾਰਮਿਕ ਬਰਹਿਮੰਡਾਂ ਦੇ ਕੇਂਦਰ ਬਿੰਦੂ ਦਿਖਾਈ ਦਿੰਦੇ ਹਨ।ਭੂਗੋਲਿਕ ਅਤੇ ਵਿਚਾਰਧਾਰਕ ਪਖੋਂ ਸੀਮਤ ਹੋਣ ਕਾਰਨ ਇਹ ਸੋਚ ਸਹੀ ਨਹੀਂ ਹੈ ।ਕੱਟੜ ਵਾਦ ਦੀ ਸਮਸਿਆ ਬਹੁਤ ਵਿਆਪਕ ਅਤੇ ਵਿਕਰਾਲ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੇ ਵਿਗਿਆਨਕ ਅਤੇ ਸਭਿਅਕ ਕਹੇ ਜਾਣ ਵਾਲੇ ਦੌਰ ਵਿਚ ਵੀ ਨਿੱਕੇ ਨਿੱਕੇ ਫਿਰਕਿਆਂ ਤੋਂ ਲੈ ਕੇ ਵੱਡੇ ਵੱਡੇ ਫਿਰਕਿਆਂ ਦਰਮਿਆਨ ਰੁਕ ਰੁਕ ਕੇ ਚੱਲ ਰਹੇ ਖੂਨੀ ਟਕਰਾਵਾਂ ਦਾ ਕੇਂਦਰ ਬਿੰਦੂ ਵੀ ਹਜਾਰਾਂ ਸਾਲ ਪਹਿਲਾਂ ਵਾਂਗ ਧਰਮ ਹੀ ਹੈ।ਦੋ ਜਾ ਦੋ ਤੋਂ ਵਧ ਸਭਿਅਤਾਵਾਂ ਦੇ ਸੰਭਾਵੀ ਟਕਰਅ ਨੂੰ ਸਮਝਣ ਲਈ ਵਿਸ਼ਵ ਵਿਆਪੀ ਇਤਿਹਾਸ 'ਤੇ ਸੰਖੇਪ ਨਜਰ ਮਾਰਨੀ ਉਚਿਤ ਰਹੇਗੀ ।ਉਪਰੋਕਤ ਲੇਖਕ ਨੇ ਭਾਵੇ ਇਸ ਸੰਭਾਵੀ ਭੇੜ ਨੂੰ ਦੋ ਸਭਿਅਤਾਵਾਂ ਦੇ ਭੇੜ ਦਾ ਨਾਮ ਦਿੱਤਾ ਹੈ ਪ੍ਰੰਤੂ ਵਿਸ਼ਵ ਇਤਿਹਾਸ ਅੰਦਰ ਇਹ ਭੇੜ ਦੋ ਧਰਮਾਂ ਦੇ ਪਰਸਪਰ ਭੇੜ ਦੇ ਨਾਮ ਹੇਠ ਦਰਜ ਹੈ।ਇਤਿਹਾਸਕਾਰਾਂ ਵਲੋਂ ਮਧ ਕਾਲ ਦੌਰਾਨ ਇੱਕ ਅਜਿਹੇ ਅੰਧਕਾਰ ਮਈ ਦੌਰ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਜਦੋਂ ਦੁਨੀਆਂ ਦੇ ਦੋ  ਪਰਮੁਖ ਧਰਮਾਂ ਦਰਮਿਆਨ ਲਹੂ ਵੀਟਵੀੰ ਲੰਬੀ ਲੜਾਈ ਚੱਲੀ ਸੀ ,ਇਸ ਵਿਆਪਕ ਖੂਨ ਖਰਾਬੇ ਸਾਹਮਣੇ ਸਮਕਾਲੀ ਜੰਗਾਂ ਬਹੁਤ ਮਾਮੂਲੀ ਸਨ। ਲੇਕਿਨ ਸਾਡੇ ਦੇਸ਼ ਵਾਸੀਆਂ ਵਲੋਂ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਬਹਾਦਰ ਲੋਕ ਸਾਬਤ ਕਰਨ ਹਿਤ ਇਸ ਸਮੇਂ ਦੌਰਾਨ ਭਾਰਤ ਅੰਦਰ ਹੋਈਆਂ ਜੰਗਾਂ ਅਤੇ ਹਿੰਸਕ ਟੱਕਰਾਵਾਂ ਨੂੰ ਕਾਫੀ ਵਧਾ ਚੜਾ ਕੇ ਦੱਸਿਆ ਜਾਂਦਾ ਹੈ।

ਇਹੀ ਕਾਰਨ ਹੈ ਕਿ ਸਚ ਦੀ ਖੋਜ ਕਰਨ ਵਾਲੇ ਇਤਿਹਾਸਕਾਰ ਸਮੇਤ ਹੋਰ ਵਿਸ਼ਿਆਂ ਨਾਲ ਸਬੰਧਿਤ ਮਾਹਿਰ ਇਤਿਹਾਸਿਕ ਪਰਤਾਂ ਵਿਚ ਜਾਣ ਬੁਝ ਕੇ ਲੁਕਾਏ ਗਏ ਸਚ ਨੂੰ ਆਏ ਦਿਨ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਨ। ਵਰਨਣ ਯੋਗ ਹੈ ਕਿ ਅਤੀਤ ਵਿਚ ਹੋਏ ਦੋ ਧਰਮਾਂ ਦੇ ਉਪਰੋਕਤ ਭੇੜ ਨੂੰ ਵਿਸ਼ਵ ਇਤਿਹਾਸ ਅੰਦਰ ਕਰੂਸੇਡ ਜਾਂ "ਹੋਲੀ ਵਾਰ" ("ਪਵਿੱਤਰ ਜੰਗ")ਦੇ ਨਾਮ ਹੇਠ ਦਰਜ ਕੀਤਾ ਗਿਆ ਹੈ ।ਦੋ ਧਰਮਾਂ ਨੂੰ ਮਨਣ ਵਾਲੀਆਂ ਦੋ ਧਿਰਾਂ ਸੰਨ 1050 ਤੋਂ ਲੈ ਕੇ ਸੰਨ 1295  ਤੱਕ ਦੇ ਤਕਰੀਬਨ 250 ਸਾਲ ਖੂਨ ਖਰਾਬੇ ਵਿਚ ਲੱਗੀਆਂ ਰਹੀਆਂ । ਇਸਾਈਅਤ ਅਤੇ ਇਸਲਾਮ ਨੂੰ ਮੰਨਣ ਵਾਲਿਆਂ ਵਿਚਕਾਰ ਹੋਏ ਲੰਬੇ ਯੁਧ ਨੂੰ ਲੈ ਕੇ ਇਤਿਹਾਸਕਾਰਾਂ ਵਿਚ ਦੋ ਮਾਨਤਾਵਾਂ ਪਾਈਆਂ ਜਾਂਦੀਆਂ ਹਨ ।ਇੱਕ ਵਿਚਾਰ ਅਨੁਸਾਰ ਇਹ ਜੰਗ ਪੂਰਬ ਅੰਦਰ ਰੋਮਨ ਕੈਥੋਲਿਕ ਚਰਚ ਦੇ ਵਿਸਥਾਰ ਨੂੰ ਲੈ ਕੇ ਸੀ । ਇਸ ਵਿਚਾਰ ਅਨੁਸਾਰ ਕੈਥੋਲਿਕ ਚਰਚ ਇਸ ਜੰਗ ਦੇ ਜਰੀਏ ਯੋਰੂਸਲਮ ਅਤੇ ਉਸ ਦੇ ਆਸ ਪਾਸ ਸਥਿਤ ਪਵਿਤਰ ਸਥਾਨਾਂ ਉੱਤੇ ਕਬਜਾ ਕਰਨਾ ਚਾਹੁੰਦਾ ਸੀ ।ਜਦੋਂ ਕਿ ਦੂਜਾ ਮਤ ਇਹ ਹੈ ਕਿ "ਹੋਲੀ ਵਾਰ"ਅਸਲ ਵਿਚ ਇਸਲਾਮ ਦੇ ਹਿੰਸਕ ਵਿਸਥਾਰ ਨੂੰ ਰੋਕਣ ਦੇ ਉਦੇਸ਼ ਨਾਲ ਯੂਰਪੀਨ ਦੇਸ਼ਾਂ ਵਲੋਂ ਸ਼ੁਰੂ ਕੀਤੀ ਗਈ ਸੀ।ਥੱਕ ਹਾਰ ਕੇ ਇਹ ਲੜਾਈ ਆਖਰ ਬੰਦ ਹੋ ਗਈ ।ਫਲਸਰੂਪ ਇਸਾਈਅਤ ਨੇ ਖੁਦ ਨੂੰ ਯੂਰਪੀ ਖੇਤਰ ਤੱਕ ਸੀਮਤ ਕਰ ਲਿਆ ਅਤੇ ਇਸਲਾਮ ਨੇ ਆਪਣੇ ਆਪ ਨੂੰ ਅਰਬ ਅਤੇ ਯੂਰਪੀ ਸੀਮਾਵਾਂ ਤੱਕ ਮਹਿਦੂਦ ਕਰ ਲਿਆ ।ਇਹ ਲੜਾਈਆਂ ਭਾਵੇਂ ਖਤਮ ਹੋ ਗਈਆਂ ਲੇਕਿਨ ਇਹਨਾਂ ਦੀਆਂ ਮੂਲ ਜੜਾਂ ਕਿਤੇ ਨਾ ਕਿਤੇ ਬਚੀਆਂ ਰਹੀਆਂ ।ਇਹਨਾਂ ਜੜਾਂ ਦਾ ਕੇਂਦਰ ਬਿੰਦੂ ਬਿਨਾਂ ਸ਼ੱਕ ਧਰਮ ਸੀ।


ਇੰਨਾ ਪਾਣੀ ਵਕਤ ਦੇ ਪੁਲਾਂ ਥੱਲਿਓਂ ਲੰਘ ਜਾਣ ਦੇ ਬਾਵਯੂਦ ਅੱਜ ਫਿਰ ਹਾਲਤ ਉਹੀ ਬਣਦੇ ਜਾ ਰਹੇ ਹਨ। ਅੱਜ ਦੁਨੀਆਂ ਅੰਦਰ ਵਖ ਵਖ ਧਰਮ ਆਹਮੋ ਸਾਹਮਣੇ ਹਨ ।ਜਿਥੇ ਇੱਕ ਪਾਸੇ ਇਸਲਾਮ ਦਾ ਇੱਕ ਹਿੰਸਕ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ ਉਥੇ ਦੂਜੇ ਪਾਸੇ ਆਰਥਿਕ ਮਹਾਂਸ਼ਕਤੀਆਂ ਅਮਰੀਕਾ ਦੀ ਅਗਵਾਈ ਹੇਠ ਵਿਸ਼ਵ ਅੰਦਰ ਅਮਨ ਚੈਨ ਸਥਾਪਤ ਕਰਨ ਦੀ ਥਾਂ ਕੰਮਜੋਰ ਧਿਰਾਂ ਉੱਤੇ ਧੌਂਸ ਵਾਦੀ ਨੀਤੀਆਂ ਠੋਸ ਕੇ ਆਪਣਾ ਇੱਕ ਵਿਸ਼ਵ ਸਰਕਾਰ ਦੇ ਗਠਨ ਦਾ ਅਣ ਐਲਾਨਿਆਂ  ਮਿਸ਼ਨ ਪੂਰਾ ਕਰਨ ਦੀ ਤਾਕ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹਾ ਉਹ ਵਿਸ਼ਵ ਅੰਦਰ ਅਮਨ ਅਤੇ ਲੋਕ ਰਾਜ ਦੀ ਬਹਾਲੀ ਦੇ ਲੋਕ ਲੁਭਾਉਣੇ ਨਾਮ ਹੇਠ ਕਰ ਰਹੀਆਂ ਹਨ।ਅੱਜ ਦੀ ਸਮੱਸਿਆ ਇਹ ਹੈ ਕਿ ਹੋਲੀ ਵਾਰ ਦੇ ਸਮੇਂ ਤੋਂ ਉਲਟ ਚੱਲ ਰਿਹਾ ਮੌਜੂਦਾ ਟਕਰਾਅ ਸਿਰਫ ਇਸਾਈਅਤ ਅਤੇ ਇਸਲਾਮ ਦੇ ਟਕਰਾਅ ਤੱਕ ਸੀਮਤ ਨਹੀਂ ਰਹਿ ਗਿਆ । ਜਿਆਦਾਤਰ ਚਿੰਤਕਾਂ ਦੀ ਜੋ ਸੋਚ ਅਤੇ ਧਾਰਨਾਵਾਂ ਬਣ ਰਹੀਆਂ ਹਨ ਉਹਨਾਂ ਅਨੁਸਾਰ ਇਸਲਾਮ ਅੱਜ ਇਸਾਈਅਤ ਤੋਂ ਇਲਾਵਾ ਦੂਜੇ ਧਰਮਾਂ ਅਤੇ ਪੰਥਾਂ ਨਾਲ ਟਕਰਾਅ ਦੀ ਹਾਲਤ ਵਿਚ ਦਿਖਾਈ ਦਿੰਦਾ ਹੈ ।ਇਸਲਾਮ ਦੇ ਅੰਦਰ ਵੀ ਵਿਚਾਰਧਾਰਕ ਮਤਭੇਦ ਸਿਖਰ ਤੇ ਹਨ ਜੋ ਸਮੇਂ ਸਮੇਂ ਹਿੰਸਕ ਰੂਪ ਧਾਰਨ ਕਰਨ ਲੱਗ ਪਏ ਹਨ। ਦੂਜੇ ਪਾਸੇ ਇਸਾਈਅਤ ਦੇ ਕਰਨਧਾਰ ਵੀ ਇਸ ਅਲਾਮਤ ਤੋਂ ਬਚੇ ਹੋਏ ਨਹੀਂ ਹਨ।ਇੱਕ ਪਾਸੇ ਨਾਟੋ ਵਲੋਂ ਇਸਲਾਮੀ ਦੇਸ਼ਾ ਸਮੇਤ ਵਿਰੋਧੀ ਸੁਰ ਰਖਣ ਵਾਲੇ ਦੇਸ਼ਾਂ ਉੱਤੇ ਆਰਥਿਕ ਅਤੇ ਫੌਜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਇਸਲਾਮੀ ਅੱਤਵਾਦੀਆਂ ਵਲੋਂ ਦੁਨੀਆਂ ਦੇ ਹਰ ਇੱਕ ਦੇਸ਼ ਅੰਦਰ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਦੋ ਕੁ ਦਹਾਕਿਆਂ ਤੋਂ ਇਸਲਾਮ ਦੇ ਨਾਮ ਹੇਠ ਆਤੰਕਵਾਦ ਦਾ ਪ੍ਰਸਾਰ ਹੋਇਆ ਹੈ।ਇਸਾਇਅਤ ਅਤੇ ਯ੍ਹੂਦੀਅਤ ਨੂੰ ਆਪਣਾ ਦੁਸ਼ਮਣ ਮੰਨਣ ਵਾਲੇ ਇਸਲਾਮੀ ਦੇਸ਼ ਵੀ ਆਤੰਕਵਾਦੀ ਹਮਲਿਆਂ ਤੋਂ ਬਚ ਨਹੀਂ ਸਕੇ।ਅੱਜ ਕੋਈ ਵੀ ਦੇਸ਼ ਅੱਤਵਾਦ ਤੋਂ ਮਹਿਫੂਜ ਨਹੀਂ ਹੈ । ਹਰ ਰੋਜ ਇਸਲਾਮਿਕ ਅਤਵਾਦੀ ਸੰਗਠਨਾਂ ਵਲੋਂ ਵਖ ਵਖ ਦੇਸ਼ਾਂ ਨਾਲ ਸਬੰਧਿਤ ਯਰਗਮਾਲ ਬਣਾਏ ਨਿਹਥੇ ਨਾਗਰਿਕਾਂ ਦੇ ਸਿਰ ਕਲਮ ਕਰਨ ਵਾਲੀਆਂ ਵੀਡੀਓ ਜਾਰੀ ਕਰਕੇ ਵਿਸ਼ਵ ਪਧਰੀ ਖੌਫ਼ ਪੈਦਾ ਕੀਤਾ ਜਾ ਰਿਹਾ ਹੈ ।ਅੱਜ ਫੇਰ ਮੀਡੀਆ ਦੇ ਵੱਡੇ ਹਿੱਸੇ ਵਿਚ ਇੱਕੀ ਇਸਾਈਆਂ ਦੇ ਸਮੂਹਿਕ ਕਤਲ ਕਰਨ ਦੀ ਖਬਰ ਛਪੀ ਹੈ ਜੋ ਬਲਦੀ ਉੱਤੇ ਤੇਲ ਦਾ ਕੰਮ ਕਰੇਗੀ। ਉਂਝ ਜੰਗੀ ਖੇਤਰਾਂ ਦੇ ਹਾਲਤ ਇਹੋ ਜਿਹੇ ਬਣਾ ਦਿੱਤੇ ਗਏ ਹਨ ਜਿਥੋਂ ਅਸਲੀਅਤ ਦਾ ਆਮ ਲੋਕਾਂ ਤੱਕ ਪਹੁੰਚਣਾ ਨਾਮੁਮਕਿਨ ਹੈ ।ਪੂਰੇ ਮੀਡੀਆ ਉੱਤੇ ਪਛਮੀ ਤਾਕਤਾਂ ਦਾ ਗਲਬਾ ਹੈ ।ਨਿਰਪਖ ਹਲਕਿਆਂ ਅਨੁਸਾਰ ਉਹੀ ਖਬਰਾਂ ਆਵਾਮ ਤੱਕ ਪਹੁੰਚਦੀਆਂ ਹਨ ਜੋ ਪਛਮੀ ਤਾਕਤਾਂ ਦੇ ਹਿਤ ਪੂਰਨ ਵਾਲੀਆਂ ਹੋਣ। ਇੱਕ ਤਰਾਂ ਨਾਲ ਪੂਰਾ ਵਿਸ਼ਵ ਇਹਨਾ ਦੋਹਾਂ ਧਿਰਾਂ ਦੇ ਰਹਿਮੋ ਕਰਮ ਤੇ ਖੜਾ ਪਰਤੀਤ ਹੋ ਰਿਹਾ ਹੈ ।ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਇੱਕ ਵਾਰ ਫਿਰ ਤੋਂ ਭੁੱਲੀ ਵਿਸਰੀ ਹੋਲੀ ਵਾਰ ਦੇ ਕੁਚਕਰ ਵਿਚ ਫਸਦਾ ਜਾ ਰਹੀ  ਹੈ ?

ਇਸ ਸੰਭਾਵੀ ਭੇੜ ਦੇ ਇੱਕ ਸਿਰੇ ਉੱਤੇ ਅਜ ਅਤਿਵਾਦੀ ਇਸਲਾਮਿਕ ਪ੍ਰਤੀਨਿਧ ਖੜੇ ਹਨ ਅਤੇ ਦੂਜੇ ਸਿਰੇ ਉੱਤੇ ਅਮਰੀਕਾ ਵਰਗੇ ਦੇਸ਼।ਇਸ ਵਰਤਾਰੇ ਦੇ ਸੰਧਰਭ ਵਿਚ ਭਾਰਤ ਦੀ ਤਰਾਸਦੀ ਇਹ ਹੈ ਕਿ ਉਹ ਉਸ ਅਮਰੀਕਾ ਦੇ ਖੇਮੇ ਵਿਚ ਖੜਾ ਹੈ ਜਾ ਖੜਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਇਸਲਾਮਿਕ ਅੱਤਵਾਦ ਦਾ ਜਨਮ ਦਾਤਾ ਆਖਿਆ ਜਾਂਦਾ ਹੈ।ਇਸ ਸਮੇਂ ਭਾਰਤ ਅੰਦਰ ਦੁਨੀਆਂ ਦੀ ਦੂਜੀ ਵੱਡੀ ਵਸੋਂ ਰਹਿੰਦੀ ਹੈ ।ਪਤਾ ਨਹੀ ਭਾਰਤੀ ਮੀਡੀਆ ਦੇ ਇਹਨਾਂ ਦਾਅਵਿਆਂ ਵਿਚ ਕਿੰਨੀ ਕੁ ਸਚਾਈ ਹੈ ਕਿ ਕੁਝ ਭਾਰਤੀ ਨੌਜਵਾਨ ਹਾਲ ਹੀ ਵਿਚ ਆਈ ਐਸ ਆਈ ਐਸ  ਵਰਗੇ ਅਤਿਵਾਦੀ ਸੰਗਠਨਾਂ ਦੇ ਸੰਘਰਸ਼ ਵਿਚ ਹਿੱਸਾ ਲੈਣ ਲਈ ਸੀਰੀਆ ਆਦਿ ਮੁਲਕਾਂ ਵਿਚ ਗਏ ਹਨ ।ਜੇ ਇਹ ਸਹੀ ਹੈ ਤਾਂ ਇਹ ਰੁਝਾਨ ਬਹੁਤ ਚਿੰਤਾ ਜਨਕ ਹੈ ਜਿਸ ਨੂੰ ਰੋਕਿਆ ਜਾਣਾ ਪੂਰੇ ਭਾਰਤੀ ਸਮਾਜ ਦੀ ਜੁੰਮੇਵਾਰੀ ਹੈ ।ਦੂਜੇ ਪਾਸੇ ਭਾਰਤ ਦੀ ਇਸ ਵੱਡੀ ਗਿਣਤੀ ਵਾਲੀ ਆਬਾਦੀ ਨੂੰ ਗੱਲ ਗੱਲ ਉੱਤੇ ਤਨਜਾਂ ਕਸਣੀਆਂ ਅਤੇ ਉਸ ਨਾਲ ਅਜਿਹਾ ਵਰਤਾਉ ਕਰਨਾ ਜੋ ਉਸ ਅੰਦਰ ਬੇਗਾਨੇ ਪਣ ਦੇ ਅਹਿਸਾਸ ਨੂੰ ਵਿਕਸਤ ਕਰੇ ਵੀ ਕਦਾਚਿਤ ਸਹੀ ਨਹੀ ਹੈ।ਜਿਸ ਤਰਾਂ ਦੀ ਗਾਲੀ ਗਲੋਚ ਵਾਲੀ ਬਿਆਨ ਬਾਜੀ ਕੁਝ ਮਹੀਨਿਆਂ ਤੋਂ ਹਾਕਮ ਧਿਰ ਦੇ ਕੁਝ ਰਾਜਨੀਤਕ ਕਮ ਧਾਰਮਿਕ ਨੇਤਾ ਵਿਰੋਧੀ ਵਿਚਾਰ ਰਖਣ ਵਾਲੇ ਲੋਕਾਂ ਖਿਲਾਫ਼ ਕਰਦੇ ਆ ਰਹੇ ਹਨ ਉਹ ਬੇ ਹੱਦ ਸ਼ਰਮਨਾਕ ਅਤੇ ਨਿੰਦਣ ਯੋਗ ਹੈ।ਦੇਸ਼ ਦਾ ਭਲਾ ਘੱਟ ਗਿਣਤੀਆਂ ਨੂੰ ਹਿੱਕ ਨਾਲ ਲਾਉਣ ਵਿਚ ਹੈ ਨਾ ਕਿ ਉਹਨਾਂ ਨਾਲ ਮਤਰੇਆ ਸਲੂਕ ਕਰਨ ਵਿਚ ।ਕਿਓਂ ਕਿ ਹੁਣ ਬਹੁਗਿਣਤੀ ਦੀ ਆਪੇ ਬਣੀ ਪ੍ਰਤੀਨਿਧ ਤਨਜੀਮ ਸਤਾ ਵਿਚ ਹੈ ਇਸ ਲਈ ਉਸ ਦੀ ਜ਼ੁੰਮੇਵਾਰੀ ਹੋਰ ਵੀ ਵਧ ਜਾਂਦੀ ਹੈ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸਲਾਮ ਧਰਮ ਅੰਦਰ ਹੀ ਕੋਈ ਖਾਮੀ ਹੈ ਜਾ ਇਸਲਾਮ ਦਾ ਡੀਐਨਏ ਹੀ ਕੁਝ ਅਜਿਹਾ ਹੈ ਕਿ ਇਸ ਦਾ ਹਰ ਪੈਰੋਕਾਰ ਜਹਾਦ ਦੇ ਨਾਮ 'ਤੇ ਹਿੰਸਕ ਹੋ ਜਾਂਦਾ ਹੈ ਜਾ ਫਿਰ ਇਹ ਕੁਝ ਸਿਰ ਫਿਰੇ ਅਤੇ ਜਾਹਿਲ ਲੋਕਾਂ ਨਾਲ ਰਲ ਕੇ ਕਠਮੁੱਲਿਆਂ ਦੀ ਸਾਜ਼ਿਸ਼ ਹੈ ?

ਕੀ ਇਹ ਇਸਲਾਮੋ ਫੋਬੀਆ ਤਾਂ ਨਹੀਂ ਜਾਂ ਇਸਲਾਮਿਕ ਸਤਾਧਾਰੀਆਂ ਵਲੋਂ ਇਸਲਾਮ ਨੂੰ ਖਤਰੇ ਦੇ ਨਾਮ ਹੇਠ ਆਪੋ ਆਪਣੀ ਸਤਾ ਬਚਾਉਣ ਦੀ ਖੂਨੀ ਖੇਡ। ਹਾਲਾਂ ਕਿ ਇਹ ਰਾਹਤ ਵਾਲੀ ਖਬਰ ਹੈ ਕਿ ਇਸ ਵਿਸ਼ੇ ਤੇ ਹੋ ਰਹੀ ਆਲਮੀ ਬਹਿਸ ਚੋਂ ਇਹ ਸਿੱਟਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਹਿੰਸਕ ਕਾਰਵਾਈਆਂ ਵਿਚ ਇਸਲਾਮ ਧਰਮ ਦੀ ਮੁਖ ਧਾਰਾ ਨਹੀਂ ਸਗੋਂ ਕੁਝ ਸਿਰ ਫਿਰੇ ਕੱਟੜ ਪੰਥੀ ਲੋਕ ਸ਼ਾਮਿਲ ਹਨ ।ਇਸ ਲਈ ਵਿਸ਼ਵ ਅਮਨ ਨੂੰ ਚਿਰ ਸਥਾਈ ਬਣਾਉਣ ਖਾਤਿਰ ਜਿਥੇ ਅਮਰੀਕਾ ਦੀ ਅਗਵਾਈ ਵਾਲੀਆਂ ਤਾਕਤਾਂ ਨੂੰ ਆਪਣੀਆਂ ਵਿਸ਼ਵ ਪਧਰੀ ਨੀਤੀਆਂ ਤੇ ਪੁਨਰ ਵਿਚਾਰ ਕਰਨੀ ਚਾਹੀਦੀ ਹੈ ਉਥੇ  ਭਾਰਤ ਸਰਕਾਰ ਨੂੰ ਮੁਸਲਿਮ ਭਾਈਚਾਰੇ ਦੀਆਂ ਸਮਸਿਆਵਾਂ ਸ਼ਾਲੀਨਤਾ ਨਾਲ ਸੁਲਝਾਉਣ ਲਈ ਹਰ ਤਰਾਂ ਦੀ ਚੋਣ ਦੌਰਾਨ ਫਿਰਕੂ ਪੱਤਾ ਵਰਤਣ ਤੋਂ ਗੁਰੇਜ ਕਰਦਿਆਂ ਠੋਸ,ਧਰਮ ਨਿਰਪਖ ਅਤੇ ਸੰਤੁਲਿਤ ਨੀਤੀਆਂ ਅਪਣਾਉਣ ਵਲ ਅਗਸਰ ਹੋਣਾ ਚਾਹੀਦਾ ਹੈ।ਆਮ ਲੋਕਾਂ ਸਮੇਤ ਵਿਸ਼ਵ ਪਧਰੀ ਹਾਲਤਾਂ ਨਾਲ ਸੋਸ਼ਿਲ ਮੀਡਿਆ ਰਸਤੇ ਜੁੜੇ ਮਿਤਰ ਚਿੰਤਕਾਂ ਦਾ ਇਹ ਵਿਚਾਰ ਸੌ ਹਥ ਰੱਸੇ ਨੂੰ ਸਿਰੇ ਤੇ ਗੰਢ ਮਾਰ ਦਿੰਦਾ ਹੈ ਕਿ ਸਾਰੇ ਪੁਆੜੇ ਦੀ ਜੜ ਅਰਥਚਾਰੇ ਵਿਚ ਪਈ ਹੈ ਜਿਸ ਨੂੰ ਹਰਾ ਭਰਾ ਰਖਣ ਲਈ ਧਰਮ ਨਾਲੋਂ ਕਾਰਗਰ ਹੋਰ ਕੋਈ ਸਾਧਨ ਨਹੀਂ ਹੈ।

ਸੰਪਰਕ: 0061 469 976214

Comments

raj rani

gud

gagn

vdiaa

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ