Sun, 14 July 2024
Your Visitor Number :-   7186827
SuhisaverSuhisaver Suhisaver

ਗੋਲੀਬੰਦੀ ਉਲੰਘਣ ਪ੍ਰਤੀ ਠੋਸ ਰਣਨੀਤੀ ਅਪਣਾਵੇ ਭਾਰਤ - ਗੁਰਤੇਜ ਸਿੰਘ

Posted on:- 11-07-2016

suhisaver

ਪਿਛਲੇ ਸਮੇਂ ਪਾਕਿਸਤਾਨੀ ਰੇਂਜਰਾਂ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਦੀਆਂ ਤੇਰਾਂ ਚੌਕੀਆਂ ਉੱਪਰ ਗੋਲੀਬਾਰੀ ਕੀਤੀ।ਇਸ ਕਾਰਨ ਗਸ਼ਤ ਕਰ ਰਹੇ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ।ਜਵਾਬੀ ਕਾਰਵਾਈ ਦੌਰਾਨ ਚਾਰ ਪਾਕਿਸਤਾਨੀ ਰੇਂਜਰ ਵੀ ਮਾਰੇ ਗਏ ਸਨ।ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ ਹਰ ਰੋਜ਼ ਇਸਦੀ ਉਲੰਘਣਾ ਕਰਕੇ ਗੋਲੀਬਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਉੱਥੋਂ ਦੇ ਹੁਕਮਰਾਨਾਂ ਦੇ ਨਾਪਾਕ ਮਨਸੂਬਿਆਂ ਦੀ ਝਲਕ ਪੈਦੀ ਹੈ।

ਭਾਰਤ ਦਾ ਪਾਕਿਸਤਾਨ ਨਾਲ 26 ਨਵੰਬਰ 2003 ਨੂੰ ਗੋਲੀਬੰਦੀ ਲਈ ਸਮਝੌਤਾ ਹੋਇਆ ਸੀ ਜਿਸਨੂੰ ਪਾਕਿਸਤਾਨੀ ਹਕੂਮਤ ਨੇ ਪ੍ਰਵਾਨ ਕਰ ਲਿਆ ਸੀ ਜੋ ਇੱਕ ਇਤਿਹਾਸਿਕ ਕਦਮ ਸੀ।ਬਾਅਦ ‘ਚ ਪਤਾ ਨਹੀਂ ਕਿਹੜੀ ਹਵਾ ਵਗ ਗਈ ਕਿ ਪਾਕਿਸਤਾਨੀ ਫੌਜ ਨੇ ਇਸਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਜੋ ਹੁਣ ਤੱਕ ਬਦਦਸਤੂਰ ਜਾਰੀ ਹੈ।

ਸੰਨ 2015 ਵਿੱਚ ਗੋਲੀਬੰਦੀ ਉਲੰਘਣ ਦੀਆਂ 245 ਘਟਨਾਵਾਂ ਹੋਈਆਂ ਜਿਸ ‘ਚ 169 ਲੋਕ, 39 ਸੁਰੱਖਿਆ ਕਰਮਚਾਰੀ ਮਾਰੇ ਗਏ।ਜਦਕਿ 2014 ਵਿੱਚ ਗੋਲੀਬੰਦੀ ਦੀਆਂ 550 ਘਟਨਾਵਾਂ ਸਾਹਮਣੇ ਆਈਆਂ ਅਤੇ ਸਰਹੱਦ ਨੇੜੇ ਵਸੇ 32 ਹਜਾਰ ਲੋਕਾਂ ਨੂੰ ਘਰਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ।2013 ਵਿੱਚ 347 ਅਤੇ 2012 ਵਿੱਚ 114 ਗੋਲੀਬੰਦੀ ਦੀਆਂ ਘਟਨਾਵਾਂ ਹੋਈਆਂ।ਪਿਛਲੇ ਚਾਰ ਸਾਲਾਂ ਦੌਰਾਨ ਇਨ੍ਹਾਂ ਘਟਨਾਵਾਂ ‘ਚ 9 ਫੀਸਦੀ ਇਜ਼ਾਫਾ ਹੋਇਆ ਹੈ।

ਇਸ ਵਰਤਾਰੇ ਕਾਰਨ ਨੁਕਸਾਨ ਦੋਨੋ ਪਾਸੇ ਹੀ ਹੁੰਦਾ ਹੈ ਪਰ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਹੀਂ ਰਿਹਾ ਜਿਸਦਾ ਖਾਮਿਆਜ਼ਾ ਆਵਾਮ ਨੂੰ ਭੁਗਤਣਾ ਪੈਦਾ ਹੈ ਜਾਂ ਇਹ ਕਹਿ ਲਉ ਕਿ ਚੰਦ ਲੋਕ ਇਹ ਚਾਹੁੰਦੇ ਹੀ ਨਹੀਂ ਹਨ ਕਿ ਭਾਰਤ ਨਾਲ ਲੱਗਦੀ ਸਰਹੱਦ ‘ਤੇ ਸ਼ਾਂਤੀ ਬਹਾਲ ਹੋਵੇ।ਦਰਅਸਲ ਪਾਕਿਸਤਾਨ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਹਨ ਜੋ ਆਪਣੇ ਤਰੀਕੇ ਨਾਲ ਉੱਥੋਂ ਦਾ ਪ੍ਰਬੰਧ ਸਾਂਭਣ ਲਈ ਜੱਦੋਜਹਿਦ ਕਰ ਰਹੀਆਂ ਹਨ ਜਿਸ ਕਾਰਨ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲਈ ਹਰ ਕਾਰੇ ਨੂੰ ਅੰਜਾਮ ਦੇਣ ਲਈ ਤਤਪਰ ਰਹਿੰਦੀਆ ਹਨ।ਕੱਟੜਪੰਥੀ ਲੋਕਾਂ ਨੂੰ ਧਰਮ ਦੇ ਨਾਂਅ ‘ਤੇ ਗੁੰਮਰਾਹ ਕਰਦੇ ਹਨ ਤੇ ਫਿਰ ਉਨ੍ਹਾਂ ਨੂੰ ਦਹਿਸ਼ਤਗਰਦੀ ਦੇ ਰਸਤੇ ‘ਤੇ ਤੋਰਿਆ ਜਾਂਦਾ ਹੈ।ਇਸ ਕਾਰਜ ਲਈ ਹਾਫਿਜ਼ ਸਈਦ ਦਾ ਨਾਂਅ ਮੂਹਰਲੀ ਕਤਾਰ ‘ਚ ਆਉਦਾ ਹੈ।

ਤਿੰਨ ਜੰਗਾਂ ਹਾਰਨ ਤੋਂ ਵੀ ਪਾਕਿਸਤਾਨ ਨੇ ਆਪਣਾ ਅੜੀਅਲ ਵਤੀਰਾ ਨਹੀਂ ਛੱਡਿਆ।ਅਸਲ ‘ਚ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਵੰਡ ਵੇਲੇ ਤੋਂ ਹੀ ਤਣਾਅਪੂਰਣ ਹਨ ਜਿਸਦੀ ਵਜ੍ਹਾ ਕਸ਼ਮੀਰ ਹੈ।ਪੰਡਿਤ ਨਹਿਰੂ ਵੱਲੋਂ 1949 ਵਿੱਚ ਸੰਯੁਕਤ ਰਾਸਟਰ ਦੇ ਸਨਮੁੱਖ ਇਹ ਮੁੱਦਾ ਉਠਾਇਆ ਸੀ ਜਿਸ ਕਾਰਨ ਸੰਯੁਕਤ ਰਾਸਟਰ ਦੇ ਦਬਾਅ ਕਾਰਨ ਜੰਗਬੰਦੀ ਸੰਧੀ ਉੱਪਰ ਹਸਤਾਖਰ ਦੋਵਾਂ ਮੁਲਕਾਂ ਨੇ ਕੀਤੇ ਸਨ ਪਰ ਉਸਤੋਂ ਬਾਅਦ ਵੀ ਸਰਹੱਦ ‘ਤੇ ਜੋ ਕੁਝ ਹੋਇਆ ਉਹ ਦੁਨੀਆਂ ਸਾਹਮਣੇ ਹੈ।ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸੁਖਾਵੇਂ ਹੋਣ ਇਸ ਲਈ ਭਾਰਤ ਵੱਲੋਂ ਕੋਸ਼ਿਸ਼ਾਂ ਕੀਤੀਆਂ ਜੋ ਨਿਰਾਸ਼ਾਪੂਰਨ ਹੀ ਰਹੀਆਂ ਹਨ।ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਸੰਨ 1999 ਵਿੱਚ ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਆਪ ਵੀ ਬੱਸ ਰਾਹੀ ਪਾਕਿਸਤਾਨ ਦੀ ਯਾਤਰਾ ਕੀਤੀ ਤੇ ਅਮਨ ਦਾ ਸੰਦੇਸ਼ ਲੈਕੇ ਗਏ ਸਨ।ਅਫਸੋਸ ਇਸਦਾ ਜਵਾਬ ਪਾਕਿਸਤਾਨ ਨੇ ਕਾਰਗਿਲ ਖੇਤਰ ‘ਚ ਫੌਜੀ ਘੁਸਪੈਠ ਕਰਕੇ ਦਿੱਤਾ ਅਤੇ ਇੱਕ ਹੋਰ ਖੂਨੀ ਜੰਗ ਹੋਈ।ਇਹ ਸਭ ਕੁਝ ਪਾਕਿਸਤਾਨ ਦੇ ਸਾਬਕਾ ਰਾਸਟਰਪਤੀ ਪ੍ਰਵੇਜ਼ ਮੁੱਸ਼ਰਫ ਦੇ ਇਸ਼ਾਰਿਆਂ ‘ਤੇ ਪਾਕਿਸਤਾਨੀ ਫੌਜ ਅਤੇ ਜੇਹਾਦੀਆਂ ਨੇ ਕੀਤਾ ਸੀ।

ਇਸ ਤੋਂ ਬਾਅਦ ਵੀ ਭਾਰਤ ਨੇ ਦਰਿਆਦਿਲੀ ਦਿਖਾਈ ਅਤੇ ਪ੍ਰਵੇਜ਼ ਮੁੱਸ਼ਰਫ ਨੂੰ ਸ਼ਾਂਤੀ ਵਾਰਤਾ ਦਾ ਸੱਦਾ ਦਿੱਤਾ।ਇਹ ਵਾਰਤਾ ਬਗੈਰ ਸਿੱਟਾਪੂਰਨ ਖਤਮ ਹੋਈ ਕਿਉਂਕਿ ਮੁੱਸ਼ਰਫ ਇਸਦਾ ਹਾਮੀ ਨਹੀਂ ਸੀ ਤੇ ਨਾ ਹੀ ਉੱਥੋਂ ਦੀਆਂ ਕੱਟੜਪੰਥੀਆਂ ਤਾਕਤਾਂ ਉਸਨੂੰ ਅਜਿਹਾ ਕਰਨ ਦੀ ਇਜਾਜਤ ਦਿੰਦੀਆਂ ਸਨ।ਦੇਸ਼ ਧ੍ਰੋਹ ਕੇਸ ਦਾ ਸਾਹਮਣਾ ਕਰ ਰਿਹਾ ਮੁੱਸ਼ਰਫ ਅੱਜ ਵੀ ਭਾਰਤ ਖਿਲਾਫ ਜ਼ਹਿਰ ਉੱਗਲਦਾ ਹੈ।ਇੱਕ ਪਾਕਿਸਤਾਨੀ ਨਿਊਜ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਉਸਨੇ ਮੰਨਿਆ ਕਿ ਸੰਨ 1999 ਦੀ ਕਾਰਗਿਲ ਜੰਗ ਪਾਕਿਸਤਾਨ ਨਾਲੋਂ ਬੰਗਲਾਦੇਸ਼ ਅਲੱਗ ਕਰਨ ਦਾ ਭਾਰਤ ਨੂੰ ਜਵਾਬ ਸੀ ਕਿਉਂਕਿ ਬੰਗਲਾਦੇਸ਼ ਬਣਾਉਣ ‘ਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ।

ਪਾਕਿਸਤਾਨੀ ਸੈਨਾ ਦੇ ਰੂਪ ਦਹਿਸ਼ਤਗਰਦਾਂ ਦੀਆਂ ਅਣਮਨੁੱਖੀ ਕਰਤੂਤਾਂ ਦਾ ਕੱਚਾ ਚਿੱਠਾ ਬੜਾ ਲੰਬਾ ਹੈ ਜਿਸਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ।ਕਾਰਗਿਲ ਯੁੱਧ ਦੌਰਾਨ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ ਸਾਥੀ ਜਵਾਨਾਂ ਨੂੰ ਪਾਕਿਸਤਾਨੀ ਫੌਜ ਨੇ ਅਣਮਨੁੱਖੀ ਤਸੀਹੇ ਦੇ ਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਸੀ।ਸੰਨ 1971 ਦੀ ਭਾਰਤ-ਪਾਕ ਜੰਗ ਦੌਰਾਨ ਵੀ ਅਜਿਹੀਆਂ ਘਟਨਾਵਾਂ ਨੂੰ ਪਾਕਿ ਸੈਨਾ ਨੇ ਅੰਜਾਮ ਦਿੱਤਾ ਸੀ।ਅੱਠ ਜਨਵਰੀ 2013 ਨੂੰ ਪਾਕਿ ਫੌਜ ਨੇ ਗੋਲੀਬਦੀ ਦੀ ਉਲੰਘਣਾ ਕਰਕੇ 13 ਰਾਜ ਰਾਈਫਲ ਰੈਜੀਮੈਂਟ ਦੇ ਦੋ ਸੈਨਿਕਾਂ ਲਾਂਸ ਨਾਇਕ ਸੁਧਾਕਰ ਸਿੰਘ ਅਤੇ ਹੇਮਰਾਜ ਦੀ ਅਣਮਨੁੱਖੀ ਢੰਗ ਨਾਲ ਹੱਤਿਆ ਕੀਤੀ ਸੀ।ਲਾਂਸ ਨਾਇਕ ਹੇਮਰਾਜ ਦਾ ਸਿਰ ਕਲਮ ਕਰਕੇ ਪਾਕਿਸਤਾਨੀ ਫੌਜ ਆਪਣੇ ਨਾਲ ਲੈ ਗਈ ਸੀ ਜੋ ਬੇਹੱਦ ਇੱਕ ਸ਼ਰਮਨਾਕ ਕਾਰਾ ਹੈ।ਹੇਮਰਾਜ ਦਾ ਸਿਰ ਕਲਮ ਕਰਨ ਵਾਲੇ ਨੂੰ ਪਾਕਿ ‘ਚ ਪੰਜ ਲੱਖ ਰੁਪਏ ਦੇਣ ਦੀਆਂ ਖਬਰਾਂ ਸੁਰਖੀਆਂ ਬਣੀਆਂ ਸਨ।ਇਸ ਮੰਦਭਾਗੀ ਘਟਨਾ ਨੇ ਪੂਰੇ ਦੇਸ ਨੂੰ ਝੰਜੋੜ ਕੇ ਰੱਖ ਦਿੱਤਾ ਸੀ।14 ਜਨਵਰੀ 2013 ਨੂੰ ਉਸ ਵੇਲੇ ਦੇ ਫੌਜ ਮੁਖੀ ਬਿਕਰਮ ਸਿੰਘ ਨੇ ਪਾਕਿ ਸੈਨਾ ਦੇ ਉੱਚ ਅਧਿਕਾਰੀਆਂ ਨਾਲ ਫਲੈਗ ਮੀਟਿੰਗ ਕੀਤੀ ਸੀ ਜਿਸ ‘ਚ ਉਨ੍ਹਾਂ ਕਿਹਾ ਕਿ ਸ਼ਹੀਦ ਹੇਮਰਾਜ ਦਾ ਸਿਰ ਵਾਪਿਸ ਕੀਤਾ ਜਾਵੇ ਤੇ ਗੋਲੀਬੰਦੀ ਦੀ ਉਲੰਘਣਾ ਨਾ ਹੋਵੇ ਪਰ ਪਾਕਿ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਇਹ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਸਾਬਕਾ ਫੌਜ ਮੁਖੀ ਬਿਕਰਮ ਸਿੰਘ ਨੇ ਪਾਕਿਸਤਾਨ ਨੂੰ ਤਾੜਨਾ ਕਰਦੇ ਕਿਹਾ ਸੀ ਕਿ ਉਹ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਆਵੇ ਨਹੀਂ ਤਾਂ ਫਿਰ ਸਮਾ ਅਤੇ ਸਥਾਨ ਅਸੀ ਦੱਸਾਗੇਂ।ਸਖਤ ਰੁਖ ਅਪਣਾਉਣ ਦੀ ਜਗ੍ਹਾ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦਾ ਬਿਆਨ ਸੀ ਕਿ ਫੌਜ ਮੁਖੀ ਨੂੰ ਅਜਿਹੇ ਭੜਕਾਊ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਤੋਂ ਬਾਅਦ ਸਿਆਸਤਦਾਨਾਂ ਨੇ ਸ਼ਹੀਦ ਹੇਮਰਾਜ ਦੇ ਕੱਟੇ ਸਿਰ ਦੀ ਵਾਪਸੀ ਲਈ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਦੀ ਥਾਂ ਉਨ੍ਹਾਂ ਦੇ ਜ਼ਖਮਾਂ ‘ਤੇ ਨਮਕ ਛਿੜਕਿਆ ਜੋ ਸਭ ਦੇ ਸਾਹਮਣੇ ਹੈ।

ਇਹ ਤਾਂ ਜੱਗ ਜਾਹਿਰ ਹੈ ਕਿ ਪਾਕਿਸਤਾਨ ਦੀ ਸਰਜ਼ਮੀਨ ਅੱਤਵਾਦ ਦੀ ਪੈਦਾਇਸ਼ ਲਈ ਖਾਸ ਜਗ੍ਹਾ ਹੈ।ਉੱਥੋਂ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਅਤੇ ਹੋਰ ਅੱਤਵਾਦੀ ਸੰਗਠਨ ਭਾਰਤ ‘ਚ ਘੁਸਪੈਠ ਕਰਕੇ ਦਹਿਸ਼ਤ ਦਾ ਸਬੱਬ ਪੈਦਾ ਕਰਨ ਦੀ ਤਾਕ ‘ਚ ਰਹਿੰਦੇ ਹਨ।ਅੱਤਵਾਦੀਆਂ ਦੀ ਘੁਸਪੈਠ ਅਤੇ ਨਸ਼ਿਆਂ ਦੀ ਸਮਗਲਿੰਗ ਲਈ ਫਿਰ ਗੋਲੀਬੰਦੀ ਦਾ ਉਲੰਘਣ ਕਰਕੇ ਸਾਡੇ ਸੁਰੱਖਿਆ ਦਸਤਿਆਂ ਨੂੰ ਭਰਮਾਉਣ ਦਾ ਯਤਨ ਕੀਤਾ ਜਾਂਦਾ ਹੈ।ਘੁਸਪੈਠ ਦੇ ਜਰੀਏ ਦੇਸ਼ ਨੂੰ ਦਹਿਲਾਉਣ ਦੀ ਖਾਤਿਰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।ਬੀਤੀ ਦੋ ਜਨਵਰੀ 2015 ਨੂੰ ਅੱਤਵਾਦੀ ਕਿਸ਼ਤੀ ਰਾਹੀ ਦੇਸ ‘ਚ ਦਾਖਿਲ ਹੋਏ ਸਨ ਅਤੇ 26/11 ਦੀ ਤਰਜ਼ ‘ਤੇ 26/1 ਹਮਲੇ ਦੀ ਤਾਕ ‘ਚ ਸਨ।ਸੁਰੱਖਿਆ ਦਸਤਿਆਂ ਦੀ ਮੁਸ਼ਤੈਦੀ ਨੇ ਉਨ੍ਹਾਂ ਦੇ ਇਸ ਗੰਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਸੀ।ਸੁਰੱਖਿਆਂ ਮਾਹਿਰਾਂ ਅਨੁਸਾਰ ਇਸ ਵਾਰ ਵੀ ਅੱਤਵਾਦੀਆਂ ਨੂੰ ਦਿਸ਼ਾ ਨਿਰਦੇਸ਼ ਕਰਾਚੀ ਤੋਂ ਮਿਲ ਰਹੇ ਸਨ।

ਇਹ ਸਭ ਕੁਝ ਉੱਥੋਂ ਦੀ ਸਰਕਾਰ ,ਫੌਜੀ ਸ਼ਾਸ਼ਕਾਂ ਦੀ ਨਿਗਰਾਨੀ ਹੇਠ ਹੋ ਰਿਹਾ ਹੈ।ਉਹ ਚਾਹੁੰਦੇ ਹੀ ਨਹੀਂ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਅਮਨ ਸ਼ਾਂਤੀ ਹੋਵੇ ਤੇ ਗੋਲੀਬੰਦੀ ਸਦਾ ਕਾਇਮ ਰਹੇ,ਬਲਕਿ ਗੋਲੀਬੰਦੀ ਦੀ ਖਾਮੋਸ਼ੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ।ਅੱਤਵਾਦ ਮਹਾਂਸ਼ਕਤੀਵਾਦ ਦਾ ਪਰਿਰੂਪ ਹੈ ਜਿਸ ਕਾਰਨ ਮਹਾਂਸ਼ਕਤੀ ਬਣਨ ਦੀ ਹੋੜ ਨੇ ਅੱਤਵਾਦ ਨੂੰ ਜਨਮ ਦਿੱਤਾ ਹੈ।ਖੁਦਗਰਜੀ ਅਤੇ ਸਵਾਰਥੀ ਹਿਤਾਂ ਨੇ ਵੀ ਸੰਸਾਰ ਨੂੰ ਜੰਗਾਂ ‘ਚ ਉਲਝਾਇਆ ਹੈ।ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਜੋ ਪਾਕਿਸਤਾਨ ਦੀ ਪਿੱਠ ‘ਤੇ ਖੜਾ ਹੈ ਅਤੇ ਦਹਿਸ਼ਤਗਰਦੀ ਦੀ ਉਪਜ ‘ਚ ਉਸਦਾ ਗੂੜ੍ਹਾ ਹੱਥ ਹੈ, ਉਹ ਵੀ ਨਹੀਂ ਚਾਹੁੰਦਾ ਭਾਰਤ ਅਤੇ ਪਾਕਿ ਦੇ ਸਬੰਧ ਸੁਧਰਨ ਕਿਉਂਕਿ ਉਸਦੇ ਹਥਿਆਰਾਂ ਦੀ ਮੰਡੀ ਦੇ ਸਭ ਤੋਂ ਵੱਡੇ ਗ੍ਰਾਹਕ ਇਹ ਦੇਸ਼ ਹਨ।ਇਸ ਲਈ ਉਸਦੀ ਦੋਗਲੀ ਨੀਤੀ ਅਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਹੈਂਕੜ ਨੇ ਸਰਹੱਦ ‘ਤੇ ਤਣਾਅ ਉਪਜਾਇਆ ਹੈ।

ਇਸ ਮਸਲੇ ‘ਤੇ ਦੋਵੇ ਦੇਸ਼ ਸਿਰਫ ਬਿਆਨਬਾਜ਼ੀ ਨਾ ਕਰਨ ਸਗੋਂ ਆਪਣੇ ਦੇਸ਼ ਅੰਦਰ ਪਹਿਲਾਂ ਤਾਂ ਕੱਟੜਪੰਥੀਆਂ ਤਾਕਤਾਂ ਨੂੰ ਨੱਥ ਪਾਉਣ ਜੋ ਸ਼ਾਂਤੀ ਨੂੰ ਘੁਣ ਵਾਂਗ ਖਾ ਰਹੀਆਂ ਹਨ।ਜਦ ਤੱਕ ਅੱਤਵਾਦ ਅਤੇ ਇਸਦੇ ਸਰਗਨਿਆਂ ਨੂੰ ਨਹੀਂ ਕੁਚਲਿਆ ਜਾਂਦਾ ਤਦ ਤੱਕ ਸਰਹੱਦ ‘ਤੇ ਤਣਾਅ ਨੂੰ ਖਤਮ ਨਹੀਂ ਕੀਤਾ ਜਾ ਸਕਦਾ।ਇਸ ਲਈ ਠੋਸ ਰਣਨੀਤੀ ਉਲੀਕੀ ਜਾਣੀ ਚਾਹੀਦੀ ਹੈ।ਭਾਰਤ ਨੂੰ ਇਸ ਖਾਤਰ ਸਖਤ ਰੁਖ ਅਪਣਾਉਣ ਦੀ ਲੋੜ ਹੈ।ਆਖਿਰ ਕਦੋਂ ਤੱਕ ਫੋਕੀ ਸ਼ਾਂਤੀ ਦੇ ਨਾਂਅ ‘ਤੇ ਦੇਸ ਦੇ ਬਹਾਦਰ ਜਵਾਨ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਦੇ ਰਹਿਣਗੇ।ਸਰਹੱਦ ‘ਤੇ ਚੌਕਸੀ ਵਧਾਉਣ ਲਈ ਸੁਰੱਖਿਆ ਦਸਤਿਆਂ ਨੂੰ ਚੁਸਤ ਦਰੁਸਤ ਕੀਤਾ ਜਾਵੇ।ਜਵਾਨਾਂ ਨੂੰ ਆਧੁਨਿਕ ਅਤੇ ਚੰਗੀ ਗੁਣਵੱਤਾ ਵਾਲੇ ਹਥਿਆਰਾਂ ਨਾਲ ਲੈਸ ਕੀਤਾ ਜਾਵੇ।ਪਾਕਿ ਸ਼ਾਸ਼ਕਾਂ ਨੂੰ ਆਪਣੀ ਹੈਂਕੜ ਛੱਡਣੀ ਚਾਹੀਦੀ ਹੈ ਤੇ ਇਸਦੇ ਸ਼ਿਕਾਰ ਲੋਕਾਂ ਨੂੰ ਨਾ ਬਣਾਇਆ ਜਾਵੇ।ਭਵਿੱਖ ‘ਚ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਠੋਸ ਰਣਨੀਤੀ ਦੇ ਨਾਲ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ‘ਤੇ ਵੀ ਗੌਰ ਕਰਨ ਦੀ ਲੋੜ ਹੈ।

(ਲੇਖਕ ਮੈਡੀਕਲ ਦੇ ਵਿਦਿਆਰਥੀ ਹਨ)

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ