Wed, 24 April 2024
Your Visitor Number :-   6996835
SuhisaverSuhisaver Suhisaver

ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਨੂੰ ਯਾਦ ਕਰਦਿਆਂ –ਬੂਟਾ ਸਿੰਘ

Posted on:- 05-09-2020

ਨਿਧੜਕ ਪੱਤਰਕਾਰ, ਸਮਾਜਿਕ ਕਾਰਕੁੰਨ, ਲੋਕਪੱਖੀ ਚਿੰਤਕ ਦੀ ਸ਼ਹਾਦਤ ਨੂੰ ਤਿੰਨ ਸਾਲ ਹੋ ਗਏ ਹਨ। ਤਿੰਨ ਸਾਲ ਪਹਿਲਾਂ 5 ਸਤੰਬਰ 2017 ਗੌਰੀ ਲੰਕੇਸ਼ ਨੂੰ ਹਿੰਦੂਤਵ ਫਾਸ਼ੀਵਾਦੀਆਂ ਦੇ ਗੁਪਤ ਦਹਿਸ਼ਤੀ ਗਰੋਹ ਨੇ ਉਹਨਾਂ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਸ ਤੋ ਪਹਿਲਾਂ ਤਰਕਸ਼ੀਲ ਆਗੂ ਅਤੇ ਮੈਡੀਕਲ ਡਾਕਟਰ ਨਰਿੰਦਰ ਡਭੋਲਕਰ, ਅਗਾਂਹਵਧੂ ਚਿੰਤਕ ਅਤੇ ਲੋਕ ਆਗੂ ਕਾ. ਗੋਵਿੰਦ ਪਾਨਸਰੇ, ਉੱਘੇ ਸਿੱਖਿਆ ਵਿਗਿਆਨੀ ਡਾ. ਐੱਮ.ਐੱਮ.ਕਲਬੁਰਗੀ ਨੂੰ ਵੀ ਹਿੰਦੂਤਵ ਫਾਸ਼ੀਵਾਦੀਆਂ ਵੱਲੋਂ ਇਸੇ ਤਰ੍ਹਾਂ ਕਤਲ ਕੀਤਾ ਗਿਆ। ਸਾਰੇ ਕਤਲਾਂ ਦੀ ਸੂਤਰਧਾਰ ਵੀ ਇੱਕੋ ਤਾਕਤ ਸੀ ਅਤੇ ਸਾਰੇ ਕਤਲਾਂ ਦਾ ਇਕੋਇਕ ਮਕਸਦ ਲੋਕਪੱਖੀ ਬੁੱਧੀਜੀਵੀਆਂ ਦੀਆਂ ਬੇਖ਼ੌਫ਼ ਆਵਾਜ਼ਾਂ ਨੂੰ ਹਮੇਸ਼ਾ ਲਈ ਬੰਦ ਕਰਨਾ ਸੀ।
ਸਰਸਰੀ ਜਾਂਚ ਦੌਰਾਨ ਹੀ ਸਾਹਮਣੇ ਆ ਗਿਆ ਕਿ ਇਹ ਸਾਰੇ ਕਤਲ "ਸਨਾਤਨ ਸੰਸਥਾ" ਨਾਲ ਸੰਬੰਧਤ ਕਾਤਲ ਗਰੋਹ ਨੇ ਕੀਤੇ ਹਨ। ਯਾਦ ਰਹੇ ਕਿ 2007 ਵਿਚ ਵਾਸੀ਼, ਥਾਨੇ ਅਤੇ ਪਨਵੇਲ ਵਿਚ ਹੋਏ ਚਾਰ ਬੰਬ ਧਮਾਕਿਆਂ ਅਤੇ 2009 ਵਿਚ ਗੋਆ ਵਿਚ ਹੋਏ ਬੰਬ ਧਮਾਕਿਆਂ ਵਿਚ ਵੀ ਸਨਾਤਨ ਸੰਸਥਾ ਨਾਲ ਸੰਬੰਧਤ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। (ਇਸ ਦੇ ਵਿਸਤਾਰਤ ਤੱਥਾਂ ਲਈ ਐੱਸ ਐਮ ਮੁਸ਼ਰਿਫ਼ ਦੀ ਚਰਚਿਤ ਕਿਤਾਬ "ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ" ਪੜ੍ਹੀ ਜਾ ਸਕਦੀ ਹੈ)। ਹਾਲਾਂਕਿ ਜਾਂਚ ਨੂੰ ਇਸ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਸਨਾਤਨ ਸੰਸਥਾ ਅਤੇ ਇਸੇ ਤਰ੍ਹਾਂ ਦੇ ਹੋਰ ਦਹਿਸ਼ਤੀ ਗਰੁੱਪਾਂ ਦਾ ਸੰਬੰਧ ਆਰਐੱਸਐੱਸ ਨਾਲ ਹੈ ਅਤੇ ਇਹ ਸਾਰੇ ਭੋਂਸਲਾ ਮਿਲਟਰੀ ਸਕੂਲ ਦੇ ਸਿਖਲਾਈਸ਼ੁਦਾ ਦਹਿਸ਼ਤਗਰਦ ਹਨ।

ਆਰ.ਐੱਸ.ਐੱਸ. ਅਤੇ ਇਸ ਦੇ ਖੁੱਲ੍ਹੇ, ਗੁਪਤ ਭਗਵੇਂ ਲਸ਼ਕਰ ਬੁੱਧੀਜੀਵੀਆਂ ਨੂੰ ਆਪਣੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਵਿਚ ਇਕ ਮੁੱਖ ਅੜਿੱਕਾ ਸਮਝਦੇ ਹਨ। ਤਰਕਪੂਰਨ ਦਲੀਲਾਂ ਤੋਂ ਭੈਭੀਤ ਹੋਣਾ ਕੁਲ ਆਲਮ ਦੇ ਫਾਸ਼ੀਵਾਦੀਆਂ ਦੀ ਮੂਲ ਫ਼ਿਤਰਤ ਹੈ। ਉਹ ਰੌਸ਼ਨਖਿ਼ਆਲ ਦਿਮਾਗਾਂ ਨੂੰ ਸਰੀਰਕ ਤੌਰ ‘ਤੇ ਖ਼ਤਮ ਕਰਕੇ ਆਪਣਾ ਰਾਹ ਪੱਧਰਾ ਕਰਨ ਦੇ ਮੱਤ ਵਿਚ ਯਕੀਨ ਰੱਖਦੇ ਹਨ। ਇਸੇ ਮਕਸਦ ਲਈ ਇਕ ਦਰਜਨ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਭੀਮਾ-ਕੋਰੇਗਾਓਂ ਦਾ ਮਨਘੜਤ ਸਾਜ਼ਿਸ਼ ਕੇਸ ਘੜਕੇ ਸਾਡੇ ਮੁਲਕ ਦੇ ਸਿਰਮੌਰ ਬੁੱਧੀਜੀਵੀਆਂ ਅਤੇ ਜਮਹੂਰੀ ਸ਼ਖਸੀਅਤਾਂ ਨੂੰ ਗਿ੍ਰਫ਼ਤਾਰ ਕਰਕੇ ਦੋ ਸਾਲ ਤੋਂ ਜੇਲ੍ਹਾਂ ਵਿਚ ਡੱਕਿਆ ਹੋਇਆ। ਪ੍ਰੋਫੈਸਰ ਸਾਈਬਾਬਾ ਸਮੇਤ ਪੰਜ ਲੋਕਪੱਖੀ ਬੁੱਧੀਜੀਵੀ ਅਤੇ ਕਾਰਕੁੰਨ 2017 ਤੋਂ ਗੜ੍ਹਚਿਰੌਲੀ ਦੇ ਝੂਠੇ ਸਾਜ਼ਿਸ਼ ਕੇਸ ਤਹਿਤ ਜੇਲ੍ਹ ਵਿਚ ਨਹੱਕੀ ਸਜ਼ਾ ਦੇ ਕੇ ਸਾੜੇ ਜਾ ਰਹੇ ਹਨ। ਇਹ ਯਾਦ ਰੱਖਣਾ ਹੋਵੇਗਾ ਕਿ ਮਹਾਂਰਾਸ਼ਟਰ-ਕਰਨਾਟਕਾ ਦੇ ਜਿਸ ਖੇਤਰ ਵਿਚ ਉਪਰੋਕਤ ਚਾਰ ਬੁੱਧੀਜੀਵੀਆਂ ਦੇ ਕਤਲ ਹੋਏ, ਉਹ ਸਨਾਤਨੀ ਬ੍ਰਾਹਮਣਵਾਦ ਦਾ ਰਵਾਇਤੀ ਗੜ੍ਹ ਹੈ ਅਤੇ ਬ੍ਰਾਹਮਣਵਾਦ ਭਾਰਤੀ ਫਾਸ਼ੀਵਾਦ ਦਾ ਮੂਲ ਹੈ।

ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਪ੍ਰੋਫੈਸਰ ਵਰਵਰਾ ਰਾਓ ਸਮੇਤ ਇਹਨਾਂ ਬੁੱਧੀਜੀਵੀਆਂ ਨਾਲ ਸੰਬੰਧਤ ਝੂਠੇ ਸਾਜ਼ਿਸ਼ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਦੇ ਹੱਥ ਦੇ ਦਿੱਤੀ ਗਈ ਯਾਨੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਪਣੇ ਹੱਥ ਵਿਚ ਲੈ ਲਈ ਤਾਂ ਜੁ ਕਿਤੇ ਮਹਾਂਰਾਸ਼ਟਰ ਸਰਕਾਰ ਦੇਸ਼-ਬਦੇਸ਼ ਵਿਚ ਬਣ ਰਹੇ ਲੋਕ ਦਬਾਓ ਹੇਠ ਆ ਕੇ ਭੀਮਾ-ਕੋਰੇਗਾਓਂ ਕੇਸ ਵਿਚ ਇਹਨਾਂ ਨੂੰ ਜ਼ਮਾਨਤ ਦੇਣ ਬਾਰੇ ਨਾ ਸੋਚ ਸਕੇ। ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਸਾੜਨ ਲਈ ਗ੍ਰਹਿ ਮੰਤਰਾਲੇ ਦੇ ਇਸ਼ਾਰੇ ‘ਤੇ ਵਿਸ਼ੇਸ਼ ਜਾਂਚ ਏਜੰਸੀਆਂ ਸਮੇਤ ਪੂਰੀ ਆਰਐੱਸਐੱਸ-ਭਾਜਪਾ ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

ਇਸੇ ਤਰ੍ਹਾਂ ਕਤਲ ਕੀਤੇ ਗਏ ਉਪਰੋਕਤ ਚਾਰ ਬੁੱਧੀਜੀਵੀਆਂ ਦੇ ਕਤਲਾਂ ਦੀ ਜਾਂਚ ਨੂੰ ਦਬਾਉਣ ਲਈ ਇਸ ਤੋਂ ਉਲਟ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਜੋ ਸਾਰਾ ਕੇਸ ਸਿਰਫ਼ ਕਥਿਤ ਕਾਤਲਾਂ ਦੇ ਇਰਦ-ਗਿਰਦ ਹੀ ਘੁੰਮਦਾ ਰਹੇ ਅਤੇ ਅਸਲ ਸਾਜ਼ਿਸ਼ਘਾੜਿਆਂ, ਆਰ.ਐੱਸ.ਐੱਸ. ਅਤੇ ਇਸ ਨਾਲ ਜੁੜੇ ਭਗਵੇਂ ਸਰਗਨਿਆਂ ਦੀ ਸ਼ਨਾਖ਼ਤ ਨੰਗੀ ਨਾ ਹੋਵੇ ਜੋ ਕਿ ਅਸਲ ਕਾਤਲ ਹਨ।

ਗੌਰੀ ਲੰਕੇਸ਼ ਦੀ ਸ਼ਹਾਦਤ ਸਾਡੇ ਤੋਂ ਉਮੀਦ ਕਰਦੀ ਹੈ ਕਿ ਸਮੂਹ ਅਗਾਂਹਵਧੂ-ਜਮਹੂਰੀ-ਇਨਸਾਫ਼ਪਸੰਦ ਤਾਕਤਾਂ ਨੂੰ ਇਹਨਾਂ ਕਤਲਾਂ ਪਿੱਛੇ ਕੰਮ ਕਰਦੀ ਅਸਲ ਤਾਕਤ, ਹਿੰਦੂਤਵ ਫਾਸ਼ੀਵਾਦ ਵਿਰੁੱਧ ਬੇਕਿਰਕ ਸੰਘਰਸ਼ ਲਈ ਹੁਣ ਕਮਰਕੱਸੇ ਕਰ ਲੈਣ। ਪੰਜ ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਨਹੀਂ ਰੱਖਿਆ ਗਿਆ, ਇਹ ਦਰਅਸਲ ਹਿੰਦੂਤਵ ਫਾਸ਼ੀਵਾਦ ਦੀ ਮੂਲ ਵਿਚਾਰਧਾਰਾ ਬ੍ਰਾਹਮਣਵਾਦ ਨੂੰ ਸੱਤਾ ਰਾਹੀਂ ਸਰੇਆਮ ਮੁੜ ਸਥਾਪਤ ਕਰਨ ਦਾ ਐਲਾਨ ਹੈ ਜੋ ਮੋਹਨ ਭਾਗਵਤ, ਮਹੰਤ ਅਦਿੱਤਿਆਨਾਥ ਅਤੇ ਨਰਿੰਦਰ ਮੋਦੀ ਦੇ ਭਾਸ਼ਣਾਂ ਅਤੇ ਬਿਆਨਾਂ ਸਮੇਤ ਸਾਫ਼ ਸੁਣਿਆ ਜਾ ਸਕਦਾ ਹੈ। ਭਵਿੱਖ ਵਿਚ ਤੇਜ਼ੀ ਨਾਲ ਤਿੱਖੇ ਅਤੇ ਵਿਆਪਕ ਹੋਣ ਜਾ ਰਹੇ ਇਸ ਹਮਲੇ ਵਿਰੁੱਧ ਆਰ-ਪਾਰ ਦੀ ਲੜਾਈ ਲਈ ਤਿਆਰ ਹੋਣ ਦਾ ਦਿ੍ਰੜ ਸੰਕਲਪ ਲੈਣਾ ਹੀ ਸ਼ਹੀਦ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ