Fri, 23 February 2024
Your Visitor Number :-   6866277
SuhisaverSuhisaver Suhisaver

ਮੋਦੀ ਦੀ ਮੁਸਲਿਮ ਲੀਡਰਾਂ ਨਾਲ ਗੱਲਬਾਤ ਇੱਕ ਮਾਇਆਜ਼ਾਲ - ਰਾਮ ਪੁਨਿਆਨੀ

Posted on:- 22-07-2015

suhisaver

ਅਨੁਵਾਦ: ਰਣਜੀਤ ਲਹਿਰਾ

ਕਰੀਬ ਇੱਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨੇ ਵੱਖ ਵੱਖ ਮੁਸਲਿਮ ਸਮੂਹਾਂ ਦੇ ਲੱਗਭੱਗ 30 ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਭਾਵੇਂ ਇਸ ਮੁਹਿੰਮ ਦੀ ਵਿਸਥਾਰਤ ਜਾਣਕਾਰੀ ਉਪਲਬਧ ਨਹੀਂ ਹੈ ਫਿਰ ਵੀ ਕਿਹਾ ਜਾਂਦਾ ਹੈ ਕਿ ਮੋਦੀ ਨੇ ਇਹਨਾਂ ਨੇਤਾਵਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਹਮੇਸ਼ਾਂ ਹਾਜ਼ਰ ਹਨ। ‘‘ਤੁਸੀ ਅੱਧੀ ਰਾਤ ਨੂੰ ਵੀ ਮੇਰਾ ਦਰਵਾਜ਼ਾ ਖੜਕਾ ਸਕਦੇ ਹੋ’’ ਉਸਨੇ ਕਿਹਾ। ਜਿਹੜੇ ਮੁਸਲਿਮ ਆਗੂ ਮੋਦੀ ਨੂੰ ਮਿਲੇ ਸਨ ਉਨ੍ਹਾਂ ਵਿੱਚੋਂ ਕਈ ਆਰ.ਐਸ. ਐਸ. ਦੇ ਨੇੜੇ ਹਨ ਅਤੇ ਸੰਘ ਵੱਲੋਂ ਸਥਾਪਤ ਕੀਤੇ ‘ਭਾਰਤੀ ਮੁਸਲਿਮ ਸੰਘ ਨਾਲ ਜੁੜੇ ਹੋਏ ਹਨ। ਇਸ ਮੀਟਿੰਗ ਦਾ ਖ਼ੂਬ ਪ੍ਰਚਾਰ ਹੋਇਆ, ਪਰ ਇਹ ਮੋਦੀ ਦੀ ਘੱਟ ਗਿਣਤੀ ਭਾਈਚਾਰੇ ਨਾਲ ਪਹਿਲੀ ਮਿਲਣੀ ਨਹੀਂ ਸੀ ।

ਸਵਾਲ ਇਹ ਹੈ ਕਿ ਇਹ ਚਰਚਾ ਸਿਰਫ਼ ਇੱਕ ਦਿਖਾਵਾ ਸੀ ਜਾਂ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਸੁਲਝਾਉਣ ਦਾ ਇੱਕ ਸੰਜੀਦਾ ਕਦਮ ਸੀ? ਕੀ ਮੋਦੀ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਲਿਆ ਜਾ ਸਕਦਾ ਹੈ? ਕੀ ਉਹ ਸੱਚੀਓ ਦੇਸ਼ ਦੇ ਸੱਭ ਤੋਂ ਵੱਡੇ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਚਿੰਤਤ ਹੈ? ਕੀ ਉਹ ਦੇਸ਼ ਦੇ ਅਨੇਕਤਾਵਾਦੀ ਸਭਿਆਚਾਰ ਦੀ ਰਖਵਾਲੀ ਕਰਨਾ ਚਾਹੁੰਦਾ ਹੈ? ਮੁਸਲਿਮ ਭਾਈਚਾਰੇ ਵਿੱਚ ਵੀ ਕਈ ਅਜਿਹੇ ਆਗੂ ਹਨ ਜਿਹੜੇ ਮੁਰਝਾਏ ਚਿਹਰਿਆਂ ਨੂੰ ਭੁਲਾਕੇ ਇੱਕ ਨਵੀਂ ਸ਼ੁਰੂਆਤ, ਇੱਕ ਨਵਾਂ ਸੰਵਾਦ ਰਚਾਉਣਾ ਚਾਹੁੰਦੇ ਹਨ? ਕੀ ਇਹ ਸੰਭਵ ਹੈ?

ਮੋਦੀ ਆਰ.ਐਸ.ਐਸ. ਦੇ ਰੁਝਾਣ ਦਾ ਪ੍ਰਤੀਕ ਹੈ ਜਿਸ ਨੂੰ ਡੈਪੂਟੇਸ਼ਨ ’ਤੇ ਭਾਜਪਾ ਵਿੱਚ ਭੇਜਿਆ ਗਿਆ ਹੈ। ਉਸ ਦੀ ਵਿਚਾਰਧਾਰਾ ਕੀ ਹੈ, ਉਹ ਕਈ ਵਾਰ ਸਪੱਸ਼ਟ ਕਰ ਚੁੱਕਿਆ ਹੈ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸਨੇ ਕਿਹਾ ਸੀ ਕਿ ਉਹ ਜਨਮ ਤੋਂ ਹਿੰਦੂ ਹੈ ਅਤੇ ਰਾਸ਼ਟਰਵਾਦੀ ਹੈ। ਇਸ ਲਈ ਹਿੰਦੂ ਰਾਸ਼ਟਰਵਾਦੀ ਹੈ। ਉਹ ਸਮੇਂ ਸਮੇਂ ਆਰ.ਐਸ.ਐਸ. ਦੇ ਮੁਖੀ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ ਹੈ। ਕਹਿਣ ਦੀ ਲੋੜ ਨਹੀਂ ਕਿ ਦੋਵਾਂ ਦੇ ਦਰਮਿਆਨ ਕੁਝ ਮਾਮੂਲੀ ਮੱਤਭੇਦਾਂ ਦੇ ਬਾਵਜੂਦ ਸੰਘ ਹੀ ਭਾਜਪਾ ਦੀਆਂ ਨੀਤੀਆਂ ਦਾ ਅੰਤਿਮ ਕਰਤਾ ਧਰਤਾ ਹੈ। ਬਤੌਰ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨੇ ਆਪਣੀ ਸਿਆਸਤ ਦਾ ਖ਼ਾਸਾ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਸੀ। ਉਸ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਨੂੰ ਹਿੰਦੂ ਰਾਸ਼ਟਰ ਦੀ ਪ੍ਰਯੋਗਸ਼ਾਲਾ ਕਿਹਾ ਜਾਂਦਾ ਸੀ। ਉਸ ਨੇ ਗੁਜਰਾਤ ਕਤਲੇਆਮ ਨੂੰ ਜਾਇਜ਼ ਠਹਿਰਾਉਣ ਲਈ ਨਿਊਟਨ ਦੇ ਗਤੀ ਦੇ ਤੀਜੇ ਸਿਧਾਂਤ ‘ਕ੍ਰਿਆ ਪ੍ਰਤੀਕ੍ਰਿਆ’ ਦਾ ਹਵਾਲਾ ਦਿੱਤਾ ਸੀ। ਦੰਗਿਆਂ ਤੋਂ ਬਾਅਦ ਪੀੜਤਾਂ ਲਈ ਬਣਾਏ ਰਾਹਤ ਕੈਪਾਂ ਨੂੰ ਬਹੁਤ ਛੇਤੀ ਬੰਦ ਕਰ ਦਿੱਤਾ ਸੀ। ਮੋਦੀ ਨੇ ਉਨ੍ਹਾਂ ਨੂੰ ‘ਬੱਚੇ ਜੰਮਣ ਵਾਲੀਆਂ ਫ਼ੈਕਟਰੀਆਂ’ ਕਿਹਾ ਸੀ।


    ਦੰਗਿਆਂ ਦੇ ਸਿੱਟੇ ਵਜੋਂ ਗੁਜਰਾਤੀ ਸਮਾਜ ਦਾ ਜਿਹੜਾ ਧਰੁਵੀਕਰਨ ਫ਼ਿਰਕੂ ਆਧਾਰ ’ਤੇ ਹੋਇਆ, ਉਸ ਦੀ ਮੱਦਦ ਨਾਲ ਮੋਦੀ ਨੇ ਲਗਾਤਾਰ ਤਿੰਨ ਵਾਰ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਦੰਗਿਆਂ ਦੇ ਜ਼ਖ਼ਮ ਭਰਨ ਅਤੇ ਦੋਹਾਂ ਭਾਈਚਾਰਿਆਂ ਵਿਚਕਾਰ ਸਦਭਾਵਨਾ ਪੈਦਾ ਕਰਨ ਦੀ ਇਸ ਸਮੇਂ ਦਰਮਿਆਨ ਕੋਈ ਕੋਸ਼ਿਸ਼ ਨਾ ਕੀਤੀ ਗਈ। ਘੱਟ ਗਿਣਤੀ ਦੇ ਲੋਕ ਆਪਣੇ ਮੁਹੱਲਿਆਂ ਵਿੱਚ ਸਿਮਟਦੇ ਗਏ। ਅਹਿਮਦਾਬਾਦ ਦਾ ਮੁਸਲਿਮ ਬਹੁਲ ਜੁਹਾਪੁਰਾ ਇਲਾਕਾ, ਮੋਦੀ ਦੀ ਫੁੱਟ-ਪਾਊ ਸਿਆਸਤ ਦਾ ਪ੍ਰਤੀਕ ਹੈ। ਜਿਨ੍ਹਾਂ ਲੋਕਾਂ ਨੇ ਨਿਰਦੋਸ਼ਾਂ ਦਾ ਖ਼ੂਨ ਵਹਾਇਆ ਸੀ ਉਨ੍ਹਾਂ ਨੂੰ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ। ਮਾਇਆ ਕੋਡਨਾਨੀ ਨੂੰ ਮੰਤਰੀ ਦਾ ਅਹੁਦਾ ਮਿਲਿਆ। ਉਸ ਦੌਰ ਵਿੱਚ ਝੂਠੇ ਮੁਕਾਬਲੇ ਆਮ ਸਨ ਅਤੇ ਇਹਨਾਂ ਨੂੰ ਅੰਜ਼ਾਮ ਦੇਣ ਵਾਲੇ, ਸੱਤਾ ਦੇ ਗਲਿਆਰਿਆਂ ਵਿੱਚ ਸਨਮਾਨ ਦੀ ਨਜ਼ਰ ਨਾਲ ਵੇਖੇ ਜਾਂਦੇ ਸਨ। ਹੌਲੀ ਹੌਲੀ ਮੋਦੀ ਨੇ ਆਪਣੀ ਭਾਸ਼ਾ ਅਤੇ ਆਪਣੇ ਸ਼ਬਦਾਂ ਨੂੰ ‘‘ਸਵੀਕਾਰਤ’’ ਰੂਪ ਦੇਣਾ ਸ਼ੁਰੂ ਕਰ ਦਿੱਤਾ। ਉਹ ਹਿੰਦੂਤਵ ਦੇ ਜਿਸ ਅੱਤਵਾਦੀ ਅਧਿਆਏ ਦੇ ਨੇਤਾ ਸਨ, ਉਸ ਨੂੰ ‘ਮੋਦੀਤਵ’ ਕਿਹਾ ਜਾਣ ਲੱਗਿਆ।


    ਸੰਨ 2014 ਦੀਆਂ ਚੋਣਾਂ ਦੌਰਾਨ ਇੱਕ ਪਾਸੇ ਤਾਂ ਉਹ ਵਿਕਾਸ ਦੀਆਂ ਗੱਲਾਂ ਕਰਦਾ ਰਿਹਾ ਤੇ ਦੂਜੇ ਪਾਸੇ ਬੜੀ ਚੁਤਰਾਈ ਨਾਲ ਫ਼ਿਰਕੂ ਸੰਦੇਸ਼ ਵੀ ਦਿੰਦਾ ਰਿਹਾ। ਉਸ ਨੇ ਗਊ ਦੇ ਮੀਟ ਦੇ ਨਿਰਯਾਤ ਦੀ ਨਿੰਦਾ ਕੀਤੀ ਅਤੇ ਉਸ ਨੂੰ ਗੁਲਾਬੀ ਕ੍ਰਾਂਤੀ ਕਿਹਾ। ਇਸ ਦਾ ਉਦੇਸ਼ ਮੁਸਲਿਮ ਘੱਟ-ਗਿਣਤੀ ਨੂੰ ਗਾਂ ਦੇ ਮੀਟ ਨਾਲ ਜੋੜਨਾ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਆਸਾਮ ਦੀ ਸਰਕਾਰ, ਬੰਗਲਾ ਦੇਸੀ ਘੁਸਪੈਠੀਆਂ ਨੂੰ ਵਸਾਉਣ ਲਈ ਉੱਥੇ ਪਾਏ ਜਾਣ ਵਾਲੇ ਇੱਕ-ਸਿੰਗੇ ਗੈਂਡਿਆਂ ਨੂੰ ਮਾਰ ਰਹੀ ਹੈ। ਇਹ ਬੰਗਲਾ ਦੇਸੀ ਮੁਸਲਮਾਨਾਂ ’ਤੇ ਹਮਲਾ ਸੀ। ਉਸਨੇ ਇਹ ਵੀ ਕਿਹਾ ਕਿ ਬੰਗਲਾ ਦੇਸੀ ਮੁਸਲਮਾਨਾਂ ਨੂੰ 16 ਮਈ ਨੂੰ-ਜਿਸ ਦਿਨ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇਗਾ-ਆਪਣਾ ਬੋਰੀਆ-ਬਿਸਤਰਾ ਬੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਫ਼ਿਰਕਾਪ੍ਰਸਤੀ ਫੈਲਾਉਣ ਦਾ ਖ਼ੁੱਲ੍ਹਮ ਖ਼ੁੱਲ੍ਹਾ ਯਤਨ ਸੀ। ਭਾਜਪਾ ਦੇ ਬੁਲਾਰੇ ਕਹਿੰਦੇ ਰਹੇ ਕਿ ਬੰਗਲਾ ਦੇਸੀ ਹਿੰਦੂ ਸ਼ਰਨਾਰਥੀ ਹਨ ਅਤੇ ਮੁਸਲਮਾਨ ਘੁਸਪੈਂਠੀਏ। ਸੰਨ 2014 ਦਾ ਚੋਣ ਪ੍ਰਚਾਰ ਮੋਦੀ ਦੀ ਅਗਵਾਈ ਵਿੱਚ ਚਲਾਇਆ ਗਿਆ ਸੀ। ਉਸ ਦੇ ਚੇਲੇ ਅਮਿਤਸ਼ਾਹ ਨੇ ਮੁਜ਼ੱਫਰਪੁਰ ਦੇ ‘ਬਦਲੇ’ ਦੀ ਗੱਲ ਕੀਤੀ ਤਾਂ ਗਿਰੀਰਾਜ ਸਿੰਘ ਬੋਲਿਆ ਕਿ ਜਿਹੜੇ ਮੋਦੀ ਦੇ ਵਿਰੋਧੀ ਹਨ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।


ਆਰ.ਐਸ.ਐਸ. ਨੇ ਪਿਛਲੀਆਂ (2014) ਦੀਆਂ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਤਾਂ ਕਿ ਪ੍ਰਚਾਰਕ ਮੋਦੀ ਪ੍ਰਧਾਨ ਮੰਤਰੀ ਬਣ ਸਕੇ। ਸੱਤਾ ਵਿੱਚ ਆਉਣ ਤੋਂ ਬਾਅਦ ਖ਼ੁੱਲ੍ਹੇ ਅਤੇ ਲੁਕਵੇਂ ਰੂਪ ਵਿੱਚ ਅਜਿਹੇ ਕਈ ਸੰਦੇਸ਼ ਦਿੱਤੇ ਗਏ, ਜਿਨ੍ਹਾਂ ਨਾਲ ਫੁੱਟ ਪਾਊ ਰਾਸ਼ਟਰਵਾਦ ਨਾਲ ਉਸਦੀ ਪ੍ਰਤੀਬੱਧਤਾ ਜ਼ਾਹਿਰ ਹੁੰਦੀ ਸੀ। ਆਰ.ਐਸ.ਐਸ. ਨਾਲ ਸਬੰਧਿਤ ਵੱਖ ਵੱਖ ਸੰਗਠਨ ਜਿਹੜੇ ਵੱਖੋ-ਵੱਖਰੋ ਢੰਗਾਂ ਅਤੇ ਰਸਤਿਆਂ ਰਾਹੀਂ ਸੰਘ ਦੇ ਨਿਸ਼ਾਨੇ ਨੂੰ ਹਾਸਿਲ ਕਰਨ ਲਈ ਕੰਮ ਕਰਦੇ ਹਨ, ਹਮਲਾਵਰ ਹੋਣ ਲੱਗੇ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਤੇਜ਼ੀ ਆਈ। ਚਰਚ ਅਤੇ ਮਸਜਿਦਾਂ ਉੱਪਰ ਹਮਲੇ ਵੱਧਣ ਲੱਗੇ। ਸੱਜੇ ਪੱਖੀ ਤਾਕਤਾਂ ਨੂੰ ਇਹ ਲੱਗਣ ਲੱਗਾ ਕਿ ਹੁਣ ਦੇਸ਼ ਵਿੱਚ ਉਨ੍ਹਾਂ ਦੀ ਸਰਕਾਰ ਹੈ, ਇਸ ਲਈ ਉਹ ਜੋ ਚਾਹੇ ਕਰਨ ਉਨ੍ਹਾਂ ਦਾ ਕੁੱਝ ਨਹੀਂ ਵਿਗੜ ਸਕਦਾ। ਮੋਦੀ ਦੇ ਸ਼ਾਸ਼ਨ ਕਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਮੋਦੀ ਦੇ ਨੱਕ ਹੇਠ ਚਰਚਾਂ ’ਤੇ ਹਮਲੇ ਹੋਏ ਤੇ ਉਹ ਚੁੱਪ ਰਿਹਾ। ਉਸ ਦਾ ਮੋਨ ਉਦੋਂ ਟੁੱਟਿਆ ਜਦੋਂ ਅਮਰੀਕੀ ਰਾਸ਼ਟਰਪਤੀ ਬਾਰਾਕ ਉਬਾਮਾਂ ਨੇ ਉਸ ਨੂੰ ਧਾਰਮਿਕ ਆਜ਼ਾਦੀ ਅਤੇ ਸ਼ਹਿਣਸ਼ੀਲਤਾ ਦੀ ਅਹਿਮੀਅਤ ਦੀ ਯਾਦ ਕਰਵਾਈ। ਹਾਲ ਹੀ (2015) ਵਿੱਚ ਦਿੱਲੀ ਨੇੜੇ ਅਟਾਲੀ ਵਿੱਚ ਵੱਡੀ ਪੱਧਰ ’ਤੇ ਹਿੰਸਾ ਹੋਈ ਜਿੱਥੇ ਇੱਕ ਅੱਧ-ਬਣੀ ਮਸਜਿਦ ਨੂੰ ਢਾਹ ਦਿੱਤਾ ਗਿਆ ਅਤੇ ਸੈਂਕੜੇ ਮੁਸਲਮਾਨਾਂ ਨੂੰ ਪੁਲਿਸ ਥਾਣੇ ਵਿੱਚ ਸ਼ਰਨ ਲੈਣੀ ਪਈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਵਿੱਚ ਥਾਂ ਥਾਂ ’ਤੇ ਹੋ ਰਹੀਆਂ ਹਨ ਅਤੇ ਇਹਨਾਂ ਨਾਲ ਫ਼ਿਰਕੂ ਧਰੁਵੀਕਰਨ ਮਜ਼ਬੂਤ ਹੋ ਰਿਹਾ ਹੈ। ਗ਼ੈਰ ਹਿੰਦੂਆਂ ’ਤੇ ਹਰਾਮਜ਼ਾਦੇ ਦਾ ਲੇਬਲ ਲਾਉਣ ਵਾਲੀ ਮੰਤਰੀ ‘ਸਾਹਿਬਾਂ’ ਆਪਣੇ ਆਹੁਦੇ ’ਤੇ ਬਣੀ ਹੋਈ ਹੈ ਅਤੇ ਨਿਹਾਇਤ ਘਟੀਆ ਨਸਲੀ ਟਿਪਣੀ ਕਰਨ ਵਾਲੇ ਵੀ ਸੱਤਾ ਦੇ ਗਲਿਆਰਿਆਂ ’ਚ ਬਣੇ ਹੋਏ ਹਨ। ਹਿੰਦੂਤਵ ਦੇ ਪ੍ਰਤੀਕ ਸਾਵਰਕਰ ਅਤੇ ਗੌਡਸੇ ਦੀ ਮਹਿਮਾਂ ਗਾਈ ਜਾ ਰਹੀ ਹੈ ਅਤੇ ਅਨੇਕਤਾਵਾਦੀ ਨਹਿਰੂ ਨੂੰ ਜਾਂ ਤਾਂ ਭੰਡਿਆ ਜਾ ਰਿਹਾ ਹੈ ਜਾਂ ਉਸਦੀ ਮਹੱਤਤਾ ਨੂੰ ਘਟਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗਾਂਧੀ ਨੂੰ ‘ਸਫ਼ਾਈ ਕਰਮਚਾਰੀ’ ਬਣਾ ਦਿੱਤਾ ਗਿਆ ਹੈ ਅਤੇ ਹਿੰਦੂ-ਮੁਸਲਿਮ ਏਕਤਾ ਦੇ ਉਨ੍ਹਾਂ ਦੇ ਸਿਧਾਂਤ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਅਦਾਰਿਆਂ ਵਿੱਚ ਅਜਿਹੇ ਲੋਕਾਂ ਨੂੰ ਚੁਣ ਚੁਣ ਕੇ ਅਹੁਦੇ ਬਖ਼ਸ਼ੇ ਜਾ ਰਹੇ ਹਨ ਜਿਹੜੇ ਪੁਰਾਣਿਕਤਾ ਅਤੇ ਇਤਿਹਾਸ ਵਿੱਚ ਕੋਈ ਫ਼ਰਕ ਨਹੀਂ ਕਰਦੇ ਅਤੇ ਜਾਤੀ ਪ੍ਰਥਾ ਨੂੰ ਠੀਕ ਠਹਿਰਾਉਂਦੇ ਹਨ। ਇਹਨਾਂ ਵਿੱਚ ਭਾਰਤੀ ਖੋਜ ਪ੍ਰੀਸ਼ਦ ਦੇ ਨਵੇਂ ਪ੍ਰਧਾਨ ਪ੍ਰੋਫੈਸਰ ਸ਼ੁਦਰਸ਼ਨ ਰਾਓ ਸ਼ਾਮਿਲ ਹਨ। ਆਰ.ਐਸ.ਐਸ. ਨਾਲ ਜੁੜੀਆਂ ਸੰਸਥਾਵਾਂ ਸਰਕਾਰ ਨੂੰ ਇਹ ਦੱਸ ਰਹੀਆਂ ਹਨ ਕਿ ਸਿੱਖਿਆ ਨੀਤੀ ਕੀ ਹੋਣੀ ਚਾਹੀਦੀ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਕੀ ਪੜ੍ਹਾਉਣਾ ਚਾਹੀਦਾ ਹੈ। ਹਿੰਦੂ ਸੱਭਿਆਚਾਰ ਨੂੰ ਕੌਮੀ ਸੱਭਿਆਚਾਰ ਦਾ ਦਰਜਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।


ਮੁਸਲਿਮ ਭਾਈਚਾਰੇ ਦੀਆਂ ਹਕੀਕੀ ਲੋੜਾਂ ਕੀ ਹਨ? ਉਹ ਪ੍ਰਧਾਨ ਮੰਤਰੀ ਨੂੰ ਅਸਲ ਵਿੱਚ ਕੀ ਕਹਿਣ? ਉਨ੍ਹਾਂ ਨੂੰ ਸਭ ਤੋਂ ਪਹਿਲਾਂ ਅਜਿਹੀਆਂ ਨੀਤੀਆਂ ਦੀ ਲੋੜ ਹੈ ਜਿਸ ਨਾਲ ਉਨ੍ਹਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ। ਪਿਛਲੇ ਤਿੰਨ ਦਹਾਕਿਆਂ ਵਿੱਚ ਹੋਈ ਵਿਆਪਕ ਅਤੇ ਕਰੂਰ ਹਿੰਸਾ ਨੇ ਇਸ ਭਾਈਚਾਰੇ ’ਤੇ ਡੂੰਘਾ ਮਨੋਵਿਗਿਆਨਕ ਪ੍ਰਭਾਵ ਪਾਇਆ ਹੈ। ਹਿੰਸਾ ਤੋਂ ਇਲਾਵਾ ਮੁਸਲਿਮ ਭਾਈਚਾਰੇ ਖ਼ਿਲਾਫ਼ ਨਫ਼ਰਤ ਦਾ ਮਾਹੌਲ ਸਿਰਜਿਆ ਗਿਆ ਹੈ ਅਤੇ ਸਮੂਹਿਕ ਸਮਾਜਿਕ ਸੋਚ ਨੂੰ ਇਸ ਤਰ੍ਹਾਂ ਤੋੜਿਆ ਮਰੋੜਿਆ ਗਿਆ ਹੈ ਜਿਸ ਨਾਲ ਭੰਨ-ਤੋੜ ਦੀ ਵਿਚਾਰਧਾਰਾ ਨੂੰ ਤਾਕਤ ਮਿਲੇ ਅਤੇ ਮੁਸਲਮਾਨਾਂ ’ਤੇ ਨਿਸ਼ਾਨਾ ਸਾਧਿਆ ਜਾ ਸਕੇ। ਇਹ ਕੁਝ ਕਰਨ ਤੋਂ ਬਾਅਦ ਪੀੜਤ ਭਾਈਚਾਰੇ ਨੂੰ ਹੀ ਹਿੰਸਾ ਦਾ ਸਰੋਤ ਤੇ ਕਾਰਨ ਦੱਸਿਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਖ਼ਿਲਾਫ਼ ਤਰ੍ਹਾਂ ਤਰ੍ਹਾਂ ਦਾ ਘਟੀਆ ਪ੍ਰਚਾਰ ਕੀਤਾ ਗਿਆ। ਇਸ ਦੇ ਲਈ ਸ਼ੋਸ਼ਲ ਮੀਡੀਏ ਦੀ ਜੰਮ ਕੇ ਵਰਤੋਂ ਕੀਤੀ ਗਈ। ਜਦੋਂ ਤੱਕ ਮੁਸਲਮਾਨਾਂ ਖ਼ਿਲਾਫ਼ ਸਮਾਜ ਵਿੱਚ ਵਿਆਪਕ ਪੈਮਾਨੇ ’ਤੇ ਫ਼ੈਲੀਆਂ ਗ਼ਲਤ ਧਾਰਨਾਵਾਂ ਦੂਰ ਨਹੀਂ ਕੀਤੀਆਂ ਜਾਣਗੀਆਂ ਉਦੋਂ ਤੱਕ ਫ਼ਿਰਕੂ ਹਿੰਸਾ ’ਤੇ ਰੋਕ ਲਾਉਣੀ ਸੰਭਵ ਨਹੀਂ ਹੋਵੇਗੀ।

ਇਸ ਪ੍ਰਕਾਰ ਪੂਰੇ ਪ੍ਰਬੰਧ ਦਾ ਢਾਂਚਾਗਤ ਹਿੰਦੂਤਵੀਕਰਨ ਕੀਤਾ ਜਾ ਰਿਹਾ ਹੈ ਅਤੇ ਅਨੇਕਤਾਵਾਦ ਜੋ ਭਾਰਤ ਦੇ ਕੌਮੀ ਮੁਕਤੀ ਲਹਿਰ ਦਾ ਕੇਂਦਰੀ ਤੱਤ ਸੀ ਦੀ ਕੀਮਤ ’ਤੇ ਸਾਵਰਕਰ-ਗੋਲਵਰਕਰ ਦੀ ਵਿਚਾਰਧਾਰਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

ਮੁਸਲਮਾਨਾਂ ਲਈ ਦੂਜਾ ਅਹਿਮ ਮੁੱਦਾ ਆਰਥਿਕ ਪੱਖ ਤੋਂ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦੇਣਾ ਹੈ। ਹਾਲਾਤ ਇੱਥੋਂ ਤੱਕ ਵਿਗੜ ਗਏ ਹਨ ਕਿ ਇੱਕ ਮੁਸਲਮਾਨ ਜੀਸ਼ਾਨ ਅਲੀ ਖਾਨ ਨੂੰ ਖੁੱਲ੍ਹਮ-ਖੁੱਲ੍ਹਾ ਕਹਿ ਦਿੱਤਾ ਗਿਆ ਕਿ ਉਸ ਦੇ ਧਰਮ ਕਾਰਨ ਉਸਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ ਅਤੇ ਇੱਕ ਮੁਸਲਿਮ ਲੜਕੀ ਮਿਸ਼ਾਬ ਕਾਦਰੀ ਨੂੰ ਉਸਦਾ ਘਰ ਖ਼ਾਲੀ ਕਰਨ ਲਈ ਕਹਿ ਦਿੱਤਾ ਗਿਆ ਕਿਉਕਿ ਉਹ ਇੱਕ ਧਰਮ ਵਿਸ਼ੇਸ਼ ਵਿੱਚ ਆਸਥਾ ਰੱਖਦੀ ਸੀ। ‘ਸੱਭ ਦਾ ਸਾਥ, ਸੱਭ ਦਾ ਵਿਕਾਸ’ ਇੱਕ ਨਾਹਰਾ ਬਣ ਕੇ ਰਹਿ ਗਿਆ ਹੈ ਅਤੇ ਜਿਵੇਂ ਮੋਦੀ ਦੇ ਸਿਪਾਹਸਲਾਰ ਅਮਿਤਸ਼ਾਹ ਨੇ ਕਿਸੇ ਹੋਰ ਸੰਦਰਭ ਵਿੱਚ ਕਿਹਾ ਸੀ, ਉਹ ਸਿਰਫ਼ ਇੱਕ ਜੁਮਲਾ ਸੀ। ਕਿਸੇ ਵੀ ਵੰਨ ਸਵੰਨਤਾ ਵਾਲੇ ਸਮਾਜ ਵਿੱਚ ਪਛੜ ਗਏ ਜਾਂ ਵਾਂਝੇ ਰਹਿ ਗਏ ਭਾਈਚਾਰਿਆਂ ਦੀ ਬਿਹਤਰੀ ਲਈ ਹਾਂ ਪੱਖੀ ਕਦਮ ਉਠਾਉਣਾ ਸਮਾਜ ਅਤੇ ਰਾਜ ਦੀ ਜ਼ਿੰਮੇਵਾਰੀ ਹੈ। ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਉਸਨੇ ਮੁਸਲਿਮ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਪੈਸਾ ਵਾਪਸ ਕਰ ਦਿੱਤਾ ਸੀ। ਸੱਚਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੀ ਤਾਂ ਹੁਣ ਕੋਈ ਚਰਚਾ ਹੀ ਨਹੀਂ ਕਰਦਾ। ਜ਼ਾਹਿਰ ਹੈ ਕਿ ਸੱਭ ਦਾ ਵਿਕਾਸ ਹੁਣ ਇਸ ਸਰਕਾਰ ਦੇ ਟੀਚਿਆਂ ਵਿੱਚ ਸ਼ਾਮਿਲ ਨਹੀਂ ਹੈ।

ਮੁਸਲਮਾਨਾਂ ਦਾ ਇੱਕ ਤਬਕਾ ਇਹ ਤਰਕ ਦੇ ਰਿਹਾ ਹੈ ਕਿ ਮੋਦੀ ਦਾ ‘ਹਿਰਦਾ’ ਪਰਿਵਰਤਨ ਹੋ ਗਿਆ ਹੈ ਅਤੇ ਹੁਣ ਉਹ ਆਪਣੀ ਪਾਰਟੀ ਦੇ ਫ਼ਿਰਕੂ ਤੱਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸਨੇ ਆਰ.ਐਸ.ਐਸ. ਦੀ ਗੱਲ ਸੁਣਨੀ ਘਟਾ ਦਿੱਤੀ ਹੈ। ਇਹ ਭਰਮ ਜ਼ਾਲ ਜਾਣ-ਬੁੱਝ ਕੇ ਫੈਲਾਇਆ ਜਾ ਰਿਹਾ ਹੈ ਅਤੇ ਇਸ ਨੂੰ ਫੈਲਾਉਣ ਵਿੱਚ ਜ਼ਫਰ ਸੁਰੇਸਵਾਲਾ ਅਤੇ ਐਸ. ਐਮ. ਮੁਸ਼ੱਰਿਫ ਜਿਹੇ ਲੋਕ ਸ਼ਾਮਿਲ ਹਨ। ਅਜਿਹਾ ਕੋਈ ਦਿਨ ਨਹੀਂ ਬੀਤਦਾ ਜਿਸ ਦਿਨ ਸੰਘ ਪਰਿਵਾਰ ਦਾ ਕੋਈ ਨਾ ਕੋਈ ਲੀਡਰ ਰਾਮ ਮੰਦਰ ਦੇ ਨਿਰਮਾਣ ਦੀ ਮੰਗ ਜਾਂ ਧਾਰਮਿਕ ਘੱਟ ਗਿਣਤੀਆਂ ਦੀ ਬੇਪਤੀ ਨਾ ਕਰੇ। ਇਹ ਸੱਭ ਕੁਝ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਘਰ ਵਾਪਸੀ ਅਤੇ ਲਵ ਜਹਾਦ ਦੇ ਨਾਂ ’ਤੇ ਵੀ ਫ਼ਿਰਕਾਪ੍ਰਸਤੀ ਦੀ ਅੱਗ ਨੂੰ ਸੁਲਘਦੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ‘ਹਿਰਦੇ ਪਰਿਵਰਤਨ’ ਦੀ ਗੱਲ ਕਰ ਰਹੇ ਹਨ, ਉਹ ਇਹ ਨਹੀਂ ਜਾਣਦੇ ਕਿ ਆਰ.ਐਸ.ਐਸ. ਦੇ ਚੰਡੇ ਸਵੈਮ ਸੇਵਕ ਦੇ ਪ੍ਰਚਾਰਕ ਵਿਚਾਰਧਾਰਾ ਦੀ ਦਿ੍ਰਸ਼ਟੀ ਤੋਂ ਕਿੰਨੇ ਕੱਟੜ ਹੁੰਦੇ ਹਨ। ਅਟਲ ਬਿਹਾਰੀ ਵਾਜਪਾਈ ਵਰਗੇ ਵਿਅਕਤੀ ਨੇ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਹਾ ਸੀ ਕਿ ਉਹ ਆਰ.ਐਸ.ਐਸ.ਦਾ ਸਵੈਮ ਸੇਵਕ ਪਹਿਲਾਂ ਹੈ ਅਤੇ ਪ੍ਰਧਾਨ ਮੰਤਰੀ ਬਾਅਦ ’ਚ।

ਕੁੱਝ ਆਰ.ਐਸ.ਐਸ. ਪੱਖੀ ਮੁਸਲਿਮ ਆਗੂ ਮੋਦੀ ਨਾਲ ਜਾਣਾ ਚਾਹੁੰਦੇ ਹਨ। ਮੋਦੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਲਈ ਉਹ ਅੱਧੀ ਰਾਤ ਨੂੰ ਹਾਜ਼ਰ ਹੋਣਗੇ। ਇਹਨਾਂ ਸੱਜਣਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਹਿਸਾਨ ਜਾਫ਼ਰੀ ਨਾਲ ਕੀ ਬੀਤੀ ਸੀ। ਉਹ ਮੋਦੀ ਤੋਂ ਭੀਖ ਮੰਗਦਾ ਰਿਹਾ ਪਰ ਮੋਦੀ ਸ਼ਾਇਦ ਬਹਿਰਾ ਹੋ ਗਿਆ ਸੀ। ਜਾਫ਼ਰੀ ਨੂੰ ਨਿਰਦਈ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੋਦੀ ਜਿੱਥੇ ਸੀ ਜਾਫ਼ਰੀ ਉੱਥੋਂ ਥੋੜੀ ਦੂਰੀ ’ਤੇ ਸੀ, ਉਸ ਵਕਤ ਅੱਧੀ ਰਾਤ ਵੀ ਨਹੀਂ ਸੀ ਹੋਈ।

ਸਮਾਜ ਦੇ ਹੋਰਨਾਂ ਸੋਸ਼ਿਤ ਵਰਗਾਂ ਵਾਂਗ ਮੁਸਲਿਮ ਸਮਾਜ ਨੂੰ ਵੀ ਚਾਹੀਦਾ ਹੈ ਕਿਉਹ ਜਾਗਣ, ਆਤਮ-ਚਿੰਤਨ ਕਰਨ ਅਤੇ ਅਨੇਕਤਾਵਾਦੀ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਸੰਘਰਸ਼ ਕਰਨ। ਮੁਸਲਿਮ ਭਾਈਚਾਰੇ ਨੂੰ ਜਮਹੂਰੀ ਢੰਗ ਨਾਲ ਸੰਘਰਸ਼ ਚਲਾਉਣੇ ਹੋਣਗੇ ਤਾਂ ਕਿ ਭਾਈਚਾਰੇ ਦੇ ਸ਼ਹਿਰੀ ਹੱਕ ਸੁਰੱਖਿਅਤ ਰਹਿ ਸਕਣ। ਬੁਨਿਆਦੀ ਹੱਕਾਂ ਦੀ ਉਲੰਘਣਾ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਮੁਸਲਮਾਨਾਂ ਲਈ ਵਿਛਾਏ ਜਾ ਰਹੇ ਜ਼ਾਲ ਵਿੱਚ ਉਹਨਾਂ ਨੂੰ ਨਹੀਂ ਫਸਣਾ ਚਾਹੀਦਾ। ਖੋਖਲੇ ਸ਼ਬਦਾਂ ਦੀ ਥਾਂ ਉਨ੍ਹਾਂ ਨੂੰ ਸਬੰਧਿਤ ਵਿਅਕਤੀਆਂ ਦੀ ਕਰਨੀ ਤੇ ਵਿਚਾਰਧਾਰਾ ’ਤੇ ਧਿਆਨ ਦੇਣਾ ਚਾਹੀਦਾ ਹੈ।

(ਲੇਖਕ ਪ੍ਰਸਿੱਧ ਗਾਂਧੀਵਾਦੀ ਚਿੰਤਕ ਅਤੇ ਸ਼ੋਸ਼ਲ ਵਰਕਰ ਹੈ)

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ