Tue, 28 May 2024
Your Visitor Number :-   7069485
SuhisaverSuhisaver Suhisaver

ਦਿੱਲੀ ਵਿਧਾਨ ਸਭਾ ਚੋਣਾਂ, ਕੌਣ ਕਿੰਨੇ ਪਾਣੀ 'ਚ ! - ਹਰਜਿੰਦਰ ਸਿੰਘ ਗੁਲਪੁਰ

Posted on:- 15-01-2015

suhisaver

ਲੰਬੀ ਉਡੀਕ ਤੋਂ ਬਾਅਦ ਮੁਖ ਚੋਣ ਕਮਿਸ਼ਨਰ ਬੀ ਐਸ ਸੰਪਤ ਨੇ 7 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੀ ਮਿਤੀ ਦਾ ਐਲਾਨ ਹੁੰਦੇ ਸਾਰ ਰਾਜ ਅੰਦਰ ਚੋਣ ਜਾਬਤਾ ਲਾਗੂ ਹੋ ਗਿਆ ਹੈ।ਇਸ ਵਾਰ 1.3ਕਰੋੜ ਮਤਦਾਤਾ 11,000ਬੂਥਾਂ ਤੇ ਜਾਕੇ ਮਤਦਾਨ ਕਰਨਗੇ। ਚੋਣ ਅਮਲ ਵਿਚ ਪਹਿਲੀ ਵਾਰ ਹਿੱਸਾ ਲੈਣ ਵਾਲੇ ਨੌਜਵਾਨਾਂ ਦੀ ਗਿਣਤੀ 172450ਹੈ ।ਵੋਟ ਪ੍ਰਤੀਸ਼ਤਤਾ ਨੂੰ ਧਿਆਨ ਵਿਚ ਰਖਦਿਆਂ ਚੋਣ ਆਯੋਗ ਵਲੋਂ ਤਸਵੀਰ ਵਾਲੀਆਂ ਵੋਟ ਪਰਚੀਆਂ ਘਰੋ ਘਰੀਂ ਪਹੁੰਚਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।ਦਿੱਲੀ ਦੇਸ਼ ਦੀ ਰਾਜਧਾਨੀ ਹੈ ਜਿਸ ਨੂੰ ਦੇਸ਼ ਦਾ ਦਿਲ ਵੀ ਕਿਹਾ ਜਾਂਦਾ ਹੈ। ਇਥੋਂ ਦੇ ਵਾਸੀਆਂ ਵਲੋਂ ਲਿਆ ਕੋਈ ਵੀ ਮਹਤਵ ਪੂਰਨ ਫੈਸਲਾ ਦੇਸ਼ਵਾਸਿਆਂ ਦੀ ਮਾਨਸਿਕਤਾ ਤੇ ਅਸਰ ਅੰਦਾਜ ਜ਼ਰੂਰ ਹੁੰਦਾ ਹੈ ।ਇਸ ਲਈ ਇਹ ਚੋਣਾਂ ਬੇ ਹੱਦ ਦਿਲਚਸਪ ਹੋਣਗੀਆਂ। ਦਸ ਫਰਵਰੀ ਨੂੰ ਚੋਣ ਨਤੀਜੇ ਨਿਕਲਣ ਤੱਕ ਪੂਰੇ ਦੇਸ਼ ਦੇ ਲੋਕਾਂ ਦੀਆਂ ਨਜਰਾਂ ਦਿੱਲੀ ਤੇ ਟਿਕੀਆਂ ਰਹਿਣਗੀਆਂ।ਹੁਣ ਤੱਕ ਕੇਂਦਰ ਸਮੇਤ ਜਿੰਨੇ ਵੀ ਰਾਜਾਂ  ਵਿਚ ਚੋਣਾਂ ਹੋਈਆਂ ਹਨ ਭਾਜਪਾ ਦਾ ਹਥ ਉਪਰ ਰਿਹਾ ਹੈ ਭਾਵੇਂ ਇਸ ਦਾ ਹੋਰ ਬਹੁਤ ਸਾਰੇ ਕਾਰਨਾਂ ਤੋਂ ਇਲਾਵਾ ਮੁਖ ਕਾਰਨ ਫਿਰਕੂ ਗੋਲਬੰਦੀ ਆਖਿਆ ਜਾ ਸਕਦਾ ਹੈ।ਇਸ ਤਰਾਂ ਦਾ ਫਿਰਕੂ ਅਮਲ ਦੇਸ਼ ਦੀ ਰਾਜਧਾਨੀ ਵਿਚ ਦੁਹਰਾਇਆ ਜਾਣਾ ਜੇਕਰ ਅਸੰਭਵ ਨਹੀਂ ਹੈ ਤਾਂ ਮੁਸ਼ਕਿਲ ਜਰੂਰ ਹੈ।

ਵੋਟਰਾਂ ਦੀ ਜ਼ਿਆਦਾ ਤਦਾਦ ਪੜੀ ਲਿਖੀ ਹੋਣ ਕਾਰਨ ਅਤੇ ਦੇਸੀ ਮੀਡੀਆ ਤੋਂ ਇਲਾਵਾ ਵਿਦੇਸ਼ੀ ਮੀਡਿਆ ਦੀ ਹਾਜਰੀ ਸਦਕਾ ਅਜਿਹੀ ਫਿਰਕੂ ਕਵਾਇਦ ਸਬੰਧਿਤ ਧਿਰ ਨੂੰ ਉਲਟੀ ਵੀ ਪੈ ਸਕਦੀ ਹੈ। ਇਹਨਾਂ ਚੋਣਾਂ ਸਬੰਧੀ ਭਾਵੇ ਅਜੇ ਕਿਸੇ ਤਰਾਂ ਦਾ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਨਿਰਪਖ ਰਹਿ ਕੇ ਕੁਝ ਅੰਦਾਜੇ ਜਰੂਰ ਲਗਾਏ ਜਾ ਸਕਦੇ ਹਨ।ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿਚ ਕਰੋ ਜਾ ਮਰੋ ਦੀ ਭਾਵਨਾ ਤਹਿਤ ਸ਼ਿਰਕਤ ਕਰਨਗੀਆਂ। ਭਾਵੇਂ ਕਾਂਗਰਸ ਪਾਰਟੀ ਵੀ ਕੋਈ ਕਸਰ ਨਹੀਂ ਛੱਡੇਗੀ ਪਰ ਉਸ ਦੀ ਢਿੱਲੀ ਅਤੇ ਉਦਾਸੀਨ ਕਾਰਗੁਜਾਰੀ ਦਾ ਪਰਛਾਵਾਂ ਪੂਰੇ ਚੋਣ ਅਮਲ ਦੌਰਾਨ ਉਸ ਦੇ ਨਾਲ ਨਾਲ ਰਹੇਗਾ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਜਿਸ ਦੀ ਕੇਂਦਰ ਵਿਚ ਸਿਧੇ ਅਤੇ ਦਿੱਲੀ ਅੰਦਰ ਅਸਿਧੇ ਰੂਪ ਵਿਚ ਸਰਕਾਰ ਹੈ।

ਸਰਕਾਰੀ ਮਸ਼ੀਨਰੀ ਤੋਂ ਇਲਾਵਾ ਇਹ ਪਾਰਟੀ ਹਰ ਪ੍ਰਕਾਰ ਦੇ ਸਾਧਨਾਂ ਨਾਲ ਲੈਸ ਹੈ। ਪੂਰਾ ਕਾਰਪੋਰੇਟ ਜਗਤ ਅਤੇ ਮੀਡੀਆ ਦਾ ਵੱਡਾ ਹਿੱਸਾ ਇਸ ਪਾਰਟੀ ਦੀ ਪਿਠ ਤੇ ਖੜਾ ਹੈ।ਭਾਜਪਾ ਦੀ ਹੁਣ ਤੱਕ ਦੀ ਕਾਰਗੁਜਾਰੀ ਦੇ ਉਲਟ ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਸ ਦੀ ਕਾਰਗੁਜਾਰੀ ਚੰਗੀ ਨਹੀਂ ਰਹਿੰਦੀ ਤਾਂ ਇਸ ਪਾਰਟੀ ਲਈ ਬਹੁਤ ਨਮੋਸ਼ੀ ਵਾਲੀ ਸਥਿਤੀ ਹੋਵੇਗੀ। ਜਥਾ ਸਥਿਤੀ ਬਣਾਏ ਰਖਣ ਲਈ ਇਹ ਪਾਰਟੀ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਹਰ ਪ੍ਰਕਾਰ ਦੇ ਹੀਲੇ  ਵਸੀਲੇ ਚੋਣਾਂ ਵਿਚ ਝੋਕਣ ਤੋਂ ਗੁਰੇਜ ਨਹੀਂ ਕਰੇਗੀ ।ਜਿਹਨਾਂ ਰਾਜਨ ਅੰਦਰ ਭਾਜਪਾ ਜਾ ਉਸ ਦੇ ਸਹਿਯੋਗੀਆਂ ਦੀਆਂ ਸਰਕਾਰਾਂ ਹਨ ਉਥੋਂ ਦੀ ਸਰਕਾਰੀ ਮਸ਼ੀਨਰੀ ਦਾ ਦੁਰ ਉਪਯੋਗ ਕਰਨ ਤੋਂ ਭਾਜਪਾ ਪਰਹੇਜ ਨਹੀਂ ਕਰੇਗੀ ।ਪੰਜਾਬ ਦੀ ਸਥਿਤੀ ਦੇ ਮੱਦੇ ਨਜਰ ਇਸ ਪਾਰਟੀ ਦਾ ਮੌਕਾਪ੍ਰਸਤੀ ਵਾਲਾ ਖਾਸਾ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ ਕਿ ਕੁਝ ਕਾਰਨਾਂ ਵੱਸ ਅਕਾਲੀਆਂ ਨੂੰ ਜਿਚ ਕਰਨ ਦੇ ਰਾਹ ਤੁਰੀ ਇਸ ਪਾਰਟੀ ਨੇ ਯੂ ਟਰਨ  ਲੈਂਦਿਆਂ ਜਿਥੇ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਣ ਵਾਲੀ ਅਮ੍ਰਿਤਸਰ ਰੈਲੀ ਨੂੰ ਚੋਣਾਂ ਤੱਕ ਮੁਲਤਵੀ ਕਰ ਦਿੱਤਾ ਉਥੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਲੈ ਦੇ ਦਾ ਮਾਮਲਾ ਵੀ ਸੁਲਝਾ ਲਿਆ ਹੈ।ਫਿਰ ਵੀ ਸਭ ਕੁਝ ਕੋਲ ਹੁੰਦਿਆਂ ਸੁੰਦਿਆਂ ਇਹ ਪਾਰਟੀ ਅੰਦਰ ਖਾਤੇ ਪੂਰੀ ਤਰਾਂ ਡਰੀ ਕਿਓੰ ਹੋਈ ਹੈ?ਜਵਾਬ ਸਪਸ਼ਟ ਹੈ ਕਿ "ਆਪ"ਦਾ ਭੂਤ ਇਸ ਦੇ ਸਿਰ ਚੜ ਕੇ ਬੋਲ ਰਿਹਾ ਹੈ।

10ਜਨਵਰੀ ਦੀ ਦਿੱਲੀ ਰੈਲੀ ਦੌਰਾਨ ਭਾਸ਼ਣ ਕਰਦੇ ਵਕਤ ਮੋਦੀ ਨੂੰ "ਆਪ"ਦਾ ਭੂਤ ਰਹਿ ਰਹਿ ਕੇ ਸਤਾਉਂਦਾ ਰਿਹਾ ।ਆਮ ਆਦਮੀ ਪਾਰਟੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਦਰਲੇ ਡਰ ਪ੍ਰਤੀ ਦੇਸ਼ ਦੇ ਪ੍ਰਮੁਖ ਪਤਰਕਾਰਾਂ ਵਲੋਂ ਬੇ ਬਾਕੀ ਨਾਲ ਤਿਖੀਆਂ ਟਿਪਣੀਆਂ ਕੀਤੀਆਂ ਗਈਆਂ ਹਨ। ਅਸਲ ਵਿਚ ਮੋਦੀ ਦੇ ਗੁਬਾਰੇ ਦੀ ਹਵਾ ਸਰਕ ਚੁੱਕੀ ਹੈ। ਅਛੇ ਦਿਨਾ ਦੀ ਉਡੀਕ ਸ਼ੈਤਾਨ ਦੀ ਆਂਤ ਵਾਂਗ ਵਧਦੀ ਜਾ ਰਹੀ ਹੈ।ਮਹਿੰਗਾਈ ,ਬੇਰੁਜਗਾਰੀ, ਕੁਰਪਸ਼ਨ ਆਦਿ ਸਮਸਿਆਵਾਂ ਦਾ ਹੱਲ ਤਾਂ ਇੱਕ ਪਾਸੇ ਮੋਦੀ ਸਰਕਾਰ ਵਲੋਂ ਕਿਸਾਨ ਮਜਦੂਰ ਜਮਾਤ ਖਿਲਾਫ਼ ਲਏ ਜਾ ਰਹੇ ਧੜਾ ਧੜ ਫੈਸਲਿਆਂ ਨਾਲ ਆਮ ਲੋਕਾਂ ਦਾ ਮੋਦੀ ਵਾਰੇ ਬਣਿਆ ਮਨੋ ਭਰਮ ਕਾਫੀ ਹੱਦ ਤੱਕ ਤਿੜਕ ਗਿਆ ਹੈ। ਬਿਨਾਂ ਨਾਮ ਲਿਆਂ "ਆਪ"ਕਾਰਕੁਨਾਂ ਨੂੰ ਨਕਸਲੀ ਕਹਿ ਕੇ ਜੰਗਲ ਵਿਚ ਜਾਣ ਵਰਗੇ ਤਾਹਨੇ ਮਾਰਨੇ ਮੋਦੀ ਹਤਾਸ਼ਾ ਦੀ ਮੂੰਹ ਬੋਲਦੀ ਤਸਵੀਰ ਹਨ।ਚੋਣ ਨਤੀਜੇ ਜੋ ਮਰਜੀ ਆਉਣ ਪਰ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਭਾਜਪਾ ਦੇ ਮਨੋਬਲ ਦਾ ਗਰਾਫ਼ ਗਿਰ ਰਿਹਾ ਹੈ।

ਜਿਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ ਇਹ ਪਾਰਟੀ ਬੇ ਹੱਦ ਸੀਮਤ ਸਾਧਨਾਂ ਅਤੇ ਅਨੇਕਾਂ ਪਛਾੜਾਂ ਦੇ ਬਾਵਯੂਦ ਉਤਸ਼ਾਹ ਨਾਲ ਲਬਾ ਲਬ ਭਰੀ ਪਈ ਹੈ। ਇਸ ਦੇ ਜਨਮ ਤੋਂ ਲੈ ਕੇ ਹੁਣ ਤੱਕ ਜਿੰਨਾ ਵਿਰੋਧ ਇਸ ਦਾ ਕਾਂਗਰਸ , ਭਾਜਪਾ ਸਮੇਤ ਕਈ ਹੋਰ ਪਾਰਟੀਆਂ,ਕਾਰਪੋਰੇਟ ਜਗਤ ਅਤੇ ਮੇਨ ਸਟਰੀਮ ਮੀਡੀਆ ਨੇ ਕੀਤਾ,ਜੇ ਕਰ ਇਸ ਦੀ ਜਗਾ ਕੋਈ ਹੋਰ ਪਾਰਟੀ ਹੁੰਦੀ ਤਾਂ ਉਸ ਦਾ ਹੁਣ ਤੱਕ ਕੋਈ ਨਾਮ ਲੇਵਾ ਵੀ ਨਹੀਂ ਹੋਣਾ ਸੀ। ਲੋਕ ਸਭਾ ਖਤਮ ਹੋਣ ਤੋਂ ਤੁਰੰਤ ਬਾਅਦ "ਆਪ" ਦੀ ਕੇਂਦਰੀ ਲੀਡਰ ਸ਼ਿਪ ਨੇ ਆਪਣਾ ਸਾਰਾ ਧਿਆਨ ਦਿੱਲੀ ਵਿਧਾਨ ਸਭਾ ਦੀਆਂ ਸੰਭਾਵੀ ਚੋਣਾਂ ਤੇ ਕੇਂਦਰਤ ਕਰ ਦਿੱਤਾ। ਭਾਵੇਂ ਕੁਝ ਰਾਜਸੀ ਖਾਹਸ਼ਾਂ ਪਾਲਣ ਵਾਲੇ ਆਗੂ,ਅਰਵਿੰਦ ਕੇਜਰੀਵਾਲ ਦਾ ਸਾਥ ਛੱਡ ਗਏ ਪਰ ਫੇਰ ਵੀ ਪਾਰਟੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਓਂ ਕਿ ਉਸ ਕੋਲ ਸਮਰਪਿਤ ਅਤੇ ਨਿਸ਼ਠਾਵਾਨ ਆਗੂਆਂ ਦੀ ਵਡੀ ਅਤੇ ਮਜਬੂਤ ਟੀਮ ਅਜੇ ਵੀ ਹੈ। ਦਿੱਲੀ ਡਾਇਲਾਗ ਪ੍ਰੋਗਰਾਮ ਦੇ ਅਧੀਨ ਜਿਸ ਤਰਾਂ ਕੇਜਰੀਵਾਲ ਦੀ ਟੀਮ ਨੇ ਵਖ ਵਖ ਮੁੱਦਿਆਂ ਤੇ ਯੋਜਨਾਬੰਦ ਪ੍ਰੋਗਰਾਮ ਆਯੋਜਿਤ ਕਰ ਕੇ "ਆਪ"ਸਬੰਧੀ ਖੜੇ ਕੀਤੇ ਭਰਮ ਭੁਲੇਖਿਆਂ ਨੂੰ ਸਫਲਤਾ ਪੂਰਬਕ ਦੂਰ ਕਰਨ ਦਾ ਯਤਨ ਕੀਤਾ,ਉਸ ਨਾਲ ਇਸ ਦੀ ਸਾਖ ਬਹਾਲ ਹੋਣ ਵਿਚ ਕਾਫੀ ਮਦਦ ਮਿਲੀ ਦਿਖਾਈ ਦਿੰਦੀ ਹੈ। ਇਸ ਦੇ ਆਗੂਆਂ ਦੇ ਉਤਸ਼ਾਹ ਦਾ ਅੰਦਾਜਾ ਇਸ ਗੱਲੋਂ ਲਗਾਇਆ ਜਾ ਸਕਦਾ ਹੈਂ ਕਿ ਦਸ ਜਨਵਰੀ ਦੀ ਰੈਲੀ ਨੂੰ ਸ੍ਰੀ ਮੋਦੀ ਵਲੋਂ ਸੰਬੋਧਨ ਕਰਨ ਦੇ ਤੁਰੰਤ ਬਾਅਦ "ਆਪ"ਦੇ ਸਰਕਰਦਾ ਆਗੂ ਯੋਗੇੰਦਰ ਯਾਦਵ ਨੇ ਕਿਹਾ ਸੀ ਕਿ ਮੋਦੀ ਦੇ ਭਾਸ਼ਣ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਇਹ ਲੋਕ ਆਮ ਆਦਮੀ ਪਾਰਟੀ ਤੋਂ ਕਿੰਨੇ ਭੈ ਭੀਤ ਹਨ। ਜਦੋਂ ਕੁਝ ਪਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਦਿੱਲੀ ਦੇ ਵੋਟਰ ਪਹਿਲਾਂ ਹੀ ਸਰਕਾਰ ਛੱਡ ਕੇ ਭੱਜ ਗਿਆਂ ਨੂੰ ਫੇਰ ਤੋਂ ਵੋਟ ਕਿਓਂ ਪਾਉਣਗੇ? ਯਾਦਵ ਦਾ ਸਹਿਜ ਜਵਾਬ ਸੀ ਕਿ ਇਸ ਗਲਤੀ ਦੀ ਸਜਾ ਅਸੀਂ ਭੁਗਤ ਚੁੱਕੇ ਹਾਂ, ਕਿਸੇ ਗੁਨਾਹ ਦੀ ਸਜਾ ਦੋ ਵਾਰ ਨਹੀਂ ਦਿੱਤੀ ਜਾਂਦੀ।ਜਿਸ ਤਰਾਂ ਇਸ ਪਾਰਟੀ ਦੇ ਜਿੱਤੇ ,ਹਾਰੇ ਅਤੇ ਹਰ ਪਧਰ ਦੇ ਕਾਰਜਕਰਤਾਵਾਂ ਨੇ ਲੋਕ ਭਲਾਈ ਕੰਮਾਂ ਵਿਚ ਦਿਲਚਸਪੀ ਦਿਖਾਈ ਉਹ ਆਪਣੀ ਮਿਸਾਲ ਆਪ ਹੈ। ਕੁਝ ਵੀ ਹੋਵੇ "ਆਪ"ਦੇ ਵਿਰੋਧੀ ਲਖ ਯਤਨ ਕਰਨ ਦੇ ਬਾਵਯੂਦ ਵੀ ਇਸ ਦੇ ਇਮਾਨਦਾਰਾਨਾ ਅਕਸ ਨੂੰ ਵਿਗਾੜਨ ਵਿਚ ਸਫਲ ਨਹੀਂ ਹੋ ਸਕੇ।ਲੰਘੀਆਂ ਲੋਕ ਸਭਾਈ ਚੋਣਾਂਦੌਰਾਨ ਦਿੱਲੀ ਅੰਦਰ "ਆਪ"ਦੀ ਵਧੀ ਵੋਟ ਪ੍ਰਤੀਸ਼ਤਤਾ  ਵੀ ਭਾਜਪਾ ਦੀ ਪਰੇਸ਼ਾਨੀ ਦਾ ਸਬੱਬ ਹੋ ਸਕਦੀ ਹੈ।

49ਦਿਨਾਂ ਦੀ ਸਰਕਾਰ ਦੌਰਾਨ ਇਸ ਪਾਰਟੀ ਨੇ ਸਾਬਤ ਕਰ ਦਿੱਤਾ ਸੀ ਕਿ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ।ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਅਜਿਹੀ ਪਾਰਟੀ ਹੈ ਜਿਸ ਦੀ ਆਹਲਾ ਲੀਡਰ ਸ਼ਿਪ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਦਿਆਂ ਜਨਤਕ ਮੁਆਫੀ ਮੰਗਣ ਦੀ ਜੁਅਰਤ ਕੀਤੀ ਹੈ।ਇਹ ਵੀ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪਾਰਟੀ ਨੇ ਚੋਣਾਂ ਦੀ ਤਰੀਖ ਦਾ ਐਲਾਨ ਹੋਣ ਤੋਂ ਵੀ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੋਵੇ। ਇਹ ਕੁਝ ਇੱਕ ਪਖ ਹਨ ਜੋ ਇਸ ਦੇ ਅਕਸ ਨੂੰ ਦੂਜੀਆਂ ਪਾਰਟੀਆਂ ਨਾਲੋਂ ਨਿਖੇੜਨ ਵਿਚ ਸਹਾਈ ਹੋ ਸਕਦੇ ਹਨ।ਇੰਨੇ ਕੁਝ ਦੇ ਬਾਵਯੂਦ ਇਸ ਪਾਰਟੀ ਨੂੰ ਸਾਧਨਾਂ ਦੀ ਘਾਟ ਚੋਣਾਂ ਦੌਰਾਨ ਰੜਕਦੀ ਰਹੇਗੀ ।

ਸੱਤ ਫਰਵਰੀ ਨੂੰ ਹੋਣ ਜਾ ਰਹੀ ਇਸ ਚੋਣ ਜੰਗ ਵਿਚ ਤੀਜੀ ਧਿਰ ਵਜੋਂ ਹਿੱਸਾ ਲੈਣ ਵਾਲੀ ਹੋਵੇਗੀ ਕਾਂਗਰਸ ਪਾਰਟੀ। ਉਹ ਪਾਰਟੀ ਜਿਸ ਨੇ ਦੇਸ਼ ਅਤੇ ਦਿੱਲੀ ਉੱਤੇ ਲੰਬਾ ਸਮਾਂ ਰਾਜ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ  ਵਖ ਵਖ ਸਰੋਤਾਂ ਤੋਂ ਮਿਲ ਰਹੀ ਜਾਣਕਾਰੀ ਤੋਂ ਲਗਦਾ ਹੈ ਕਿ ਇਹ ਪਾਰਟੀ ਦਿੱਲੀ ਵਾਸੀਆਂ ਦਰਮਿਆਨ ਆਪਣਾ ਬਝਵਾਂ ਪ੍ਰਭਾਵ ਛਡਣ ਵਿਚ ਬਹੁਤੀ ਸਫਲ ਨਹੀਂ ਹੋ ਸਕੀ। ਇਸ ਦਾ ਇੱਕ ਕਾਰਨ ਹੈ ਸ੍ਰੀ ਮਤੀ ਸੋਨੀਆ ਗਾਂਧੀ ਦੀ ਸਿਹਤ ਦਾ ਠੀਕ ਨਾ ਹੋਣਾ। ਦੇਸ਼ ਪਧਰ ਤੇ ਅਨੁਸਾਸ਼ਤ ਮੰਨੀ ਜਾਣ ਵਾਲੀ ਕਾਂਗਰਸ ਪਾਰਟੀ ਅੰਦਰ ਅਨੁਸਾਸ਼ਨ ਹੀਣਤਾ ਦੀਆਂ ਝਲਕਾਂ ਅਕਸਰ ਹੀ ਦੇਖਣ ਨੂੰ ਮਿਲ ਰਹੀਆਂ ਹਨ। ਪਾਰਟੀ ਉੱਤੇ ਆਹਲਾ ਕਮਾਨ ਦੀ ਪਕੜ ਢਿੱਲੀ ਚੱਲ ਰਹੀ ਹੈ,ਜਿਸ ਦਾ ਅਸਰ ਦਿੱਲੀ ਦੀਆਂ ਚੋਣਾਂ ਉੱਤੇ ਪੈਣਾ  ਸੁਭਾਵਿਕ ਹੈ। ਸ਼ੀਲਾ ਦੀਕਸ਼ਤ ਅਤੇ ਉਸ ਦਾ ਲੜਕਾ ਸੰਦੀਪ ਦੀਕਸ਼ਤ ਜਦੋਂ ਤੋਂ ਸਤਾ ਤੋਂ ਬਾਹਰ ਹੋਏ ਹਨ, ਇੱਕ ਤਰਾਂ ਨਾਲ ਸਿਆਸਤ ਚੋ ਅਲਗ ਥਲਗ ਹੋ ਕੇ ਰਹਿ ਗਏ ਹਨ। ਇਸ ਸਮੇਂ ਪ੍ਰਦੇਸ਼ ਪ੍ਰਧਾਨ ਅਰਵਿੰਦਰ ਲਵਲੀ ਤੋਂ ਬਿਨਾਂ ਕੋਈ ਆਗੂ ਸਰਗਰਮ ਨਜਰ ਨਹੀਂ ਆਉਂਦਾ। ਫਿਰ ਵੀ ਕਾਂਗਰਸ ਸਰਕਾਰ ਪੂਰੀ ਸ਼ਿਦਤ ਨਾਲ ਚੋਣ ਮੈਦਾਨ ਵਿਚ ਉਤਰਨ ਦਾ ਦਾਅਵਾ ਕਰ ਰਹੀ ਹੈ ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਉਪ ਆਗੂ ਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਚੋਣਾਂ ਵਿਚ ਪ੍ਰਚਾਰ ਕਰਨ ਦੇ ਐਲਾਨ ਨੂੰ ਬਦ ਹਵਾਸ ਹੋਈ ਕਾਂਗਰਸ ਪਾਰਟੀ ਅੰਦਰ ਨਵੀਂ ਰੂਹ ਫੂਕਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦਿਆਂ ਕਾਂਗਰਸ ਪਾਰਟੀ ਵਲੋਂ 24ਉਮੀਦਵਾਰਾਂ ਦੀ ਪਲੇਠੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਪਿਛਲੀ ਵਾਰ ਚੋਣ ਲੜੇ 12ਆਗੂ ਵੀ ਸ਼ਾਮਲ ਹਨ।ਇਹਨਾਂ ਚੋਣਾਂ ਨੂੰ ਲੈ ਕੇ ਵਖ ਵਖ ਏਜੰਸੀਆਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਪ੍ਰਤੀ ਦਾਅਵਿਆਂ ਦੀ ਰੌਸ਼ਨੀ ਵਿਚ ਜਿਥੇ ਮੁਖ ਮੁਕਾਬਲਾ "ਆਪ"ਅਤੇ ਬੀ ਜੇ ਪੀ ਦਰਮਿਆਨ ਦੱਸਿਆ ਆ ਰਿਹਾ ਹੈ ਉਥੇ ਜਿਆਦਾਤਰ ਸਰਵੇਖਣਾਂ ਵਿਚ ਮੁਖ ਮੰਤਰੀ ਵਜੋਂ ਲੋਕਾਂ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਨੂੰ ਹੀ ਦੱਸਿਆ ਜਾ ਰਿਹਾ ਹੈ।

                             ਸੰਪਰਕ: 0061 469 976214

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ