Tue, 25 June 2024
Your Visitor Number :-   7137880
SuhisaverSuhisaver Suhisaver

ਘਰ ਦੀ ਕੱਢੀ ਸ਼ਰਾਬ ਅਤੇ ਜੱਜ ਦਾ ਫ਼ੈਸਲਾ - ਗੁਰਚਰਨ ਸਿੰਘ ਪੱਖੋਕਲਾਂ

Posted on:- 28-11-2015

suhisaver

ਵਰਤਮਾਨ ਕਾਨੂੰਨੀ ਇਨਸਾਫ ਪ੍ਰਬੰਧ ਦਾ ਖੋਖਲਾਪਣ ਅਤੇ ਮਨੁੱਖੀ ਜ਼ਮੀਰ ਵਿੱਚੋਂ ਹੋਏ ਫੈਸਲਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਵਰਤਮਾਨ ਭ੍ਰਿਸ਼ਟ ਸਿਸਟਮ ਨੇ ਕਾਨੂੰਨ ਦੇ ਜਾਲ ਨਾਲ ਇਨਸਾਨੀ ਸੋਚ ਮਨਫੀ ਕਰਕੇ ਕਾਨੂੰਨ ਦੇ ਨਾਂ ’ਤੇ ਗੈਰ ਕਾਨੂੰਨੀ ਇਨਸਾਫ ਪ੍ਰਬੰਧ ਖੜਾ ਕਰ ਦਿੱਤਾ ਹੈ। ਵਰਤਮਾਨ ਸਮੇਂ ਕੋਈ ਵੀ ਜੱਜ ਵੱਡੇ ਫੈਸਲੇ ਇਨਸਾਫ ਨਾਲ ਨਹੀਂ ਸਰਕਾਰੀ ਹੁਕਮਾਂ ਨਾਲ ਲੈਂਦੇ ਹਨ, ਜਿਹਨਾਂ ਪਿੱਛੇ ਵੱਡੇ ਵੱਡੇ ਠੱਗ , ਚੋਰ , ਬੇਈਮਾਨ, ਲੁਟੇਰਿਆਂ ਦੇ ਹਿੱਤ ਛੁਪੇ ਹੁੰਦੇ ਹਨ। ਦਿਮਾਗ ਧੋਣ ਵਾਲੀ ਵਿੱਦਿਆ ਵਿੱਚ ਪੜੇ ਹੋਏ ਬਹੁਗਿਣਤੀ ਲੋਕ ਕਾਨੂੰਨ ਕਾਨੂੰਨ ਦੀ ਰੱਟ ਲਾਈ ਰੱਖਦੇ ਹਨ । ਅਸਲ ਵਿੱਚ ਜਦੋਂ ਤੋਂ ਕਾਨੂੰਨ ਨੂੰ ਖੁਦਾਈ ਇਨਸਾਫ ਪ੍ਰਬੰਧ ਨਾਲੋਂ ਤੋੜਕੇ ਦੁਨਿਆਵੀ ਲੋੜਾਂ ਅਨੁਸਾਰ ਵਰਤਿਆ ਗਿਆ ਤਦ ਹੀ ਬਗਾਵਤਾਂ ਅਤੇ ਬੇਇਨਸਾਫੀਆਂ ਦੇ ਦੌਰ ਸ਼ੁਰੂ ਹੋਏ। ਜਦ ਵੀ ਦੁਨੀਆਂ ਤੇ ਸੱਚ ਬੋਲਣ ਦੇ ਪੈਰੋਕਾਰਾਂ ਨੂੰ ਸੱਚ ਧਰਮ ਤੋਂ ਮੁਨੱਕਰ ਹੋਕੇ ਦੁਨਿਆਵੀ ਲੋੜਾਂ ਅਨੁਸਾਰ ਝੂਠੇ ਕਾਨੂੰਨ ਦੀ ਭੇਂਟ ਚੜਾਇਆ ਗਿਆ ਤਦ ਹੀ ਉਹਨਾਂ ਵਿੱਚੋਂ ਇਨਕਲਾਬਾਂ ਦੀ ਨੀਂਹ ਰੱਖੀ ਗਈ ਹੈ। ਆਓ ਇੱਕ ਛੋਟੇ ਜਿਹੇ ਫੈਸਲੇ ਵਿੱਚੋਂ ਹੀ ਇਸਦਾ ਇੱਕ ਪਹਿਲੂ ਦਿਖਾਵਾਂ।
     
 ਪੱਚੀ ਤੀਹ ਕੁ ਸਾਲ ਪਹਿਲਾਂ ਦੀ ਸੱਚੀ ਗੱਲ ਹੈ ਜੋ ਮੈਨੂੰ ਕਿਸੇ ਨਜ਼ਦੀਕੀ ਨੇ ਦੱਸੀ ਸੀ ਜਿਸ ਵਿੱਚ ਥੋੜੀ ਤਬਦੀਲੀ ਕਰਦਿਆਂ ਲਿਖਾਂਗਾ। ਪੁਲੀਸ ਨੇ ਇੱਕ ਘਰ ਦੀ ਸ਼ਰਾਬ ਕੱਢ ਕੇ ਪੀਣ ਵਾਲਾ ਫੜ ਲਿਆ ਜਿਸ ਕੋਲ ਸਿਰਫ ਇੱਕ ਬੋਤਲ ਹੀ ਸੀ। ਪੁਲੀਸ ਨੇ ਉਸ ਉੱਪਰ ਕੇਸ ਪਾ ਦਿੱਤਾ ਅਤੇ ਜੱਜ ਦੇ ਚਲਾਣ ਪੇਸ਼ ਕਰ ਦਿੱਤਾ। ਗਵਾਹੀਆਂ ਅਤੇ ਪੁਲੀਸ ਕੇਸ  ਠੋਸ ਸੀ ਅਤੇ ਉਹ ਵਿਅਕਤੀ ਦੋਸ਼ੀ ਸਿੱਧ ਹੋ ਰਿਹਾ ਸੀ। ਸ਼ਰਾਬ ਦੀ ਬੋਤਲ ਹਰ ਵਾਰ ਸੀਲ ਕੀਤੀ ਹੋਈ ਜੱਜ ਦੇ ਅੱਗੇ ਮੇਜ਼ ਤੇ ਰੱਖ ਦਿੱਤੀ ਜਾਇਆ ਕਰੇ। ਵਧੀਆ ਬਣੀ ਸ਼ਰਾਬ ਬੋਤਲ ਵਿੱਚ ਪਈ ਵੀ ਬਹੁਤ ਹੀ ਸਾਫ ਪਾਕਿ ਪਵਿਤਰਤਾ ਵਾਂਗ ਆਪਣਾ ਝਲਕਾਰਾ ਮਾਰਦੀ ਹੈ।

ਜੱਜ ਖੁਦ ਸ਼ਰਾਬ ਪੀਣ ਦਾ ਸ਼ੌਕੀਨ ਸੀ। ਦੋਸ਼ੀ ਨੇ ਕਿਹਾ ਕਿ ਪਹਿਲਾਂ ਮੇਰੀ ਬੋਤਲ ਖੋਲਕੇ ਪੀਕੇ ਦੱਸੋ ਕਿ ਇਹ ਸੱਚ ਮੁੱਚ ਹੀ ਸ਼ਰਾਬ ਹੈ। ਜੱਜ ਨੇ ਉਸਨੂੰ ਖੋਲਣ ਦਾ ਹੁਕਮ ਦੇਕੇ ਖੁਦ ਹੀ ਚੈਕ ਕਰਨ ਦਾ ਫੈਸਲਾ ਕੀਤਾ ਅਤੇ ਫੈਸਲਾ ਅਗਲੀ ਤਾਰੀਖ ਤੇ ਪਾ ਦਿੱਤਾ। ਅਗਲੀ ਤਾਰੀਖ ਤੇ ਜੱਜ ਨੇ ਦੋਸ਼ੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਪਤ ਤੌਰ ਤੇ ਪੁੱਛਿਆ ਕਿ ਇਹ ਸ਼ਰਾਬ ਤੂੰ ਖੁਦ ਬਣਾਈ ਹੈ। ਦੋਸ਼ੀ ਨੇ ਇਕਬਾਲ ਕਰ ਲਿਆ। ਜੱਜ ਨੇ ਫਿਰ ਉਸਨੂੰ ਕਿਹਾ ਕਿ ਤੂੰ ਦੁਬਾਰਾ ਵੀ ਏਨੀ ਵਧੀਆ ਸ਼ਰਾਬ ਬਣਾ ਸਕਦਾ ਹੈ ਉਸ ਕਿਹਾ ਜੀ ਹਾਂ। ਜੱਜ ਨੇ ਉਸਦੇ ਕੰਨ ਵਿੱਚ ਫੂਕ ਮਾਰੀ ਕਿ ਮੈਨੂੰ ਬਣਾਕੇ ਦੇਕੇ ਜਾਇਆ ਕਰੀਂ ਮੈਂ ਤੈਨੂੰ ਬਰੀ ਕਰਦਾ ਹਾਂ ਅਤੇ ਉਸਨੂੰ ਬਰੀ ਕਰਨ ਦਾ ਫੈਸਲਾ ਸੁਣਾ ਦਿੱਤਾ। ਦੋਸਤੋ ਜੱਜ ਨੇ ਨਿੱਜੀ ਤੌਰ ਤੇ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੈਂ ਬਹੁਤ ਕਿਸਮ ਦੀਆਂ ਸ਼ਰਾਬਾਂ ਪੀਕੇ ਦੇਖੀਆਂ ਹਨ ਪਰ ਤੇਰੀ ਸ਼ਰਾਬ ਲਾਜਵਾਬ ਹੁੰਦੀ ਹੈ ਤੇਰੇ ਵਰਗੇ ਬੰਦੇ ਨੂੰ ਤਾਂ ਸਨਮਾਨ ਦੇਣਾ ਬਣਦਾ ਜੋ ਸ਼ੁੱਧ ਸ਼ਰਾਬ ਬਣਾਉਣ ਦੀ ਕਲਾ ਜਾਣਦਾ ਹੈ। ਸੁਣਿਆ ਉਸ ਸ਼ਰਾਬ ਬਨਾਉਣ ਵਾਲੇ ਅਤੇ ਜੱਜ ਦੀ ਲੰਬਾਂ ਸਮਾਂ ਦੋਸਤੀ ਰਹੀ ।
                              
ਸੋ ਅਸਲ ਵਿੱਚ ਦੋਸਤੋ ਕਾਨੂੰਨ ਅਤੇ ਜ਼ਮੀਰ ਵਿੱਚ ਇਹੋ ਫਰਕ ਹੈ। ਕਾਨੂੰਨ ਕਿਸੇ ਨੂੰ ਫਾਂਸੀ ਚੜਾ ਦਿੰਦਾ ਹੈ ਜਦੋਂਕਿ ਜੱਜ ਦੀ ਜਮੀਰ ਕਹਿੰਦੀ ਹੈ ਕਿ ਇਸ ਨੂੰ ਬਹਾਦਰੀ ਦਾ ਪੁਰਸਕਾਰ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਵੀ ਇਹੋ ਹੋ ਰਿਹਾ ਹੈ। ਜਿਹੜੇ ਲੋਕ ਜੇਲ੍ਹਾਂ ਵਿੱਚ ਹੋਣੇ ਚਾਹੀਦੇ ਹਨ ਉਹ ਰਾਜਗੱਦੀਆਂ ਤੇ ਬੈਠੇ ਹਨ, ਜਿਹਨਾਂ ਨੂੰ ਅਣਖਾਂ ਅਤੇ ਇੱਜ਼ਤਾਂ ਦੀ ਖਾਤਰ ਸ਼ੇਰ ਦਿਲ ਹੋਕੇ ਸਮਾਜ ਨੂੰ ਸਾਫ ਰੱਖਣ ਲਈ ਕੁਰਬਾਨੀਆਂ ਕਰਨ ਵਰਗੀ ਜੰਗ ਲੜੀ ਹੈ ਉਹ ਕਾਨੂੰਨ ਦੇ ਨਾਂ ਤੇ ਜੇਲ੍ਹਾਂ ਵਿੱਚ ਤੁੰਨੇ ਹੋਏ ਹਨ। ਜੇਲ੍ਹਾਂ ਵਿੱਚ ਜਾਕੇ ਦੇਖੋ ਜਾਂ ਜੇਲ੍ਹਾਂ ਵਿੱਚ ਰਹਿਕੇ ਆਏ ਲੋਕਾਂ ਨੂੰ ਪੁੱਛ ਕੇ ਦੇਖਿਉ ਤੂੰ ਕੀ ਗਲਤ ਕੀਤਾ ਅਤੇ ਕਿਉਂ ਕੀਤਾ ਤੁਹਾਡੀ ਜ਼ਮੀਰ 90 ਪ੍ਰਤੀਸ਼ਤ ਮੁਜ਼ਰਮਾਂ ਨੂੰ ਬਰੀ ਕਰ ਦੇਵੇਗੀ।

ਇਸ ਤਰ੍ਹਾਂ ਹੀ ਜੇ ਤੁਹਾਡੀ ਜਮੀਰ ਨੇ ਫੈਸਲੇ ਦੇਣੇ ਹੋਣ ਤਦ  ਸਮਾਜ ਦੇ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਕੰਮ ਦੇਖਕੇ 90 ਪ੍ਰਤੀਸ਼ਤ ਨੂੰ ਜੇਲ੍ਹਾਂ ਵਿੱਚ ਭੇਜਣ ਦਾ ਫੈਸਲਾ ਦੇਵੇਗੀ। ਪੁਰਾਤਨ ਸਮਿਆਂ ਦੇ ਵਿੱਚ ਬਾਦਸ਼ਾਹ ਜਾਂ ਰਾਜਿਆਂ ਦੇ ਹੱਥ ਹੀ ਇਨਸਾਫ ਹੁੰਦਾ ਸੀ ਅਤੇ ਬਹੁਤੀ ਵਾਰ ਇਨਸਾਫ ਹੀ ਕੀਤਾ ਜਾਂਦਾ ਸੀ ਪਰ ਜਦ ਤੋਂ ਧਰਮ ਨਾਂ ਦੇ ਸੰਵਿਧਾਨ ਦੇ ਨਾਂ ਦਾ ਕਾਨੂੰਨ ਬਣਾਕਿ ਫੈਸਲੇ ਦਿੱਤੇ ਜਾਣ ਲੱਗੇ ਤਦ ਤੋਂ ਹੀ ਇਨਸਾਫ ਪ੍ਰਬੰਧ ਬਦਲ ਗਿਆ ਹੋਏ ਇਸ ਵਾਸਤੇ ਹੀ ਗੁਰੂ ਨਾਨਕ ਨੂੰ ਕਹਿਣਾ ਪਿਆ ਸੀ ਕਿ ਕਾਜੀ ਰਿਸਵਤਾਂ ਵੱਢੀਆਂ ਲੈਕੇ ਹੱਕ ਦਾਰ ਦਾ ਹੱਕ ਮਾਰੀ ਜਾ ਰਹੇ ਹਨ।

ਇਸ ਤਰ੍ਹਾਂ ਹੀ ਗੁਰੂ ਅਰਜਨ ਦੇਵ ਵੇਲੇ ਹੋਇਆ ਜਦ ਜਹਾਂਗੀਰ ਨੇ ਕਿਹਾ ਸੀ ਕਿ ਫਕੀਰ ਦਾ ਖੂਨ ਧਰਤੀ ਤੇ ਡੁੱਲਣਾ ਬਹੁਤ ਮਾੜੀ ਗੱਲ ਹੈ ਪਰ ਇਨਸਾਫ ਦੇ ਨਾਂ ਤੇ ਬਣੇ ਝੂਠੇ ਕਾਜੀਆਂ ਜੱਜਾਂ ਨੇ ਇਸਦਾ ਹੱਲ ਕੱਢਿਆ ਸੀ ਕਿ ਤੱਤੀ ਤਵੀ ਤੇ ਬਿਠਾਕਿ ਸਜਾ ਦਿਉ ਜਿਸ ਨਾਲ ਖੂਨ ਧਰਤੀ ਤੇ ਨਹੀਂ ਡੁੱਲੇਗਾ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਜ਼ਾ ਦੇਣ ਵੇਲੇ ਵੀ ਨਵਾਬ ਮਾਲੇਰਕੋਟਲੇ ਨੇ ਜ਼ਮੀਰ ਵਿੱਚੋਂ ਫੈਸਲਾ ਹਾਅਦੇ ਨਾਅਰੇ ਵਿੱਚੋਂ ਦਿੱਤਾ ਸੀ ਪਰ ਨਵਾਬ ਸਰਹੰਦ ਅਤੇ ਉਸਦੇ ਕਾਜੀਆਂ ਨੇ ਫੈਸਲਾ ਦੁਨਿਆਵੀ ਹੰਕਾਰ ਵਿੱਚੋਂ ਕੀਤਾ ਸੀ ਜੋ ਇੱਕ ਇਨਕਲਾਬ ਦਾ ਮੁੱਢ ਬੰਨ ਗਿਆ ਸੀ।

ਵਰਤਮਾਨ ਸੰਵਿਧਾਨਕ ਕਾਨੂੰਨ ਵਿਚੋਂ ਉਸਦੀ ਪਰਤੀਕ ਇਨਸਾਫ ਦੀ ਦੇਵੀ ਦੇ ਤਾਂ ਹੋਰ ਵੀ ਅੱਖਾਂ ਕੰਨ ਅਤੇ ਨੱਕ ਤੇ ਪੱਟੀ ਬੰਨੀ ਹੋਈ ਹੈ ਜਿਸਨੂੰ ਆਪਣੀ ਤੱਕੜੀ ਵਿੱਚ ਕਿਸ ਨੇ ਕਿੰਨਾਂ ਝੂਠ ਧਰ ਦਿੱਤਾ ਹੈ ਅਤੇ ਪਲੜਾ ਝੂਠ ਵਾਲਾ ਭਾਰੀ ਹੋ ਗਿਆ ਹੈ ਦੂਸਰੇ ਪਾਸੇ ਸੱਚ ਤਾਂ ਕੱਖੋਂ ਹੌਲਾ ਹੋਇਆ ਉੱਪਰ ਅਸਮਾਨ ਵੱਲ ਨੂੰ ਉੱਠ ਜਾਂਦਾ ਹੈ। ਇਹੋ ਹੈ ਵਰਤਮਾਨ ਲੁਟੇਰਿਆਂ ਦਾ ਇਨਸਾਫ ਪ੍ਰਬੰਧ ਜਿਸ ਵਿੱਚ ਮਾਸੂਮ ਲੋਕਾਂ ਦਾ ਸੱਚ ਕੁਰਲਾਉਂਦਾ ਮੌਤ ਅਤੇ ਜੇਲ੍ਹਾਂ ਵਿੱਚ ਚਲਾ ਜਾਂਦਾ ਹੈ। ਦੁਨੀਆਂ ਦੇ ਸਿਆਣੇ ਅਖਵਾਉਂਦੇ ਜੱਜ ਅਤੇ ਵਕੀਲ ਇਸਦੇ ਗਵਾਹ ਹਨ ਭਾਵੇਂ ਪੁੱਛ ਲਿਉ ਜਾਕੇ ਜਾਂ ਆਪਣੀ ਜ਼ਮੀਰ ਨੂੰ ਪੁੱਛ ਲਿਉ ਕਦੇ ਜੇ ਵਿਹਲ ਹੋਈ ।

ਸੰਪਰਕ: +91 94177 27245

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ