Mon, 20 May 2024
Your Visitor Number :-   7052302
SuhisaverSuhisaver Suhisaver

ਇਹ ਅਮਿਤ ਆਜ਼ਾਦ ਕੌਣ ਐਂ ਭਾਈ ? - ਸੁਖਦਰਸ਼ਨ ਸਿੰਘ ਨੱਤ

Posted on:- 31-01-2020

ਭਲਾਂ ਆਹ ਅਮਿਤ ਆਜ਼ਾਦ ਕੌਣ ਹੈ, ਜਿਸ ਨੂੰ  ਸੀਏਏ ਤੇ ਐਨਆਰਸੀ ਦੇ ਪੱਖ ਵਿੱਚ ਬੋਲਣ ਲਈ ਮਹਾਨ ਇਨਕਲਾਬੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਪੋਤਾ ਐਲਾਨ ਕੇ ਬੀਜੇਪੀ ਲਖਨਊ ਤੋਂ ਜਲੰਧਰ ਲੈ ਕੇ ਆਈ ਹੈ !  
 
ਇਸ ਵਿਅਕਤੀ ਦੀ ਹਕੀਕਤ ਜਾਨਣ ਲਈ ਜਦੋਂ ਮੈਂ ਇਤਿਹਾਸ ਦੀ ਸਰਸਰੀ ਫੋਲਾ ਫਾਲੀ ਕੀਤੀ, ਤਾਂ ਸਾਹਮਣੇ ਆਇਆ ਕਿ ਸ਼ਹੀਦ ਚੰਦਰ ਸ਼ੇਖਰ ਅਪਣੇ ਮਾਂ ਬਾਪ ਦੀ ਪੰਜਵੀਂ ਸੰਤਾਨ ਸਨ, ਪਰ ਉਨ੍ਹਾਂ ਦੇ ਪਹਿਲੇ ਤਿੰਨ ਬੱਚੇ ਜਨਮ ਤੋਂ ਜਲਦੀ ਬਾਦ ਮਰ ਗਏ ਸਨ ਅਤੇ ਚੰਦਰ ਸ਼ੇਖਰ ਤੋਂ ਵੱਡੇ ਉਨ੍ਹਾਂ ਦੇ ਇਕੋ ਭਰਾ ਜਿਉਂਦੇ ਸਨ, ਜਿਸ ਦਾ ਨਾਂ ਸੁਖਦੇਵ ਸੀ। ਸੁਖਦੇਵ ਦੀ ਮੌਤ ਵੀ ਚੰਦਰ ਸ਼ੇਖਰ ਦੀ ਸ਼ਹਾਦਤ (27 ਫਰਵਰੀ 1931) ਤੋਂ  ਪਹਿਲਾਂ ਹੋ ਗਈ ਸੀ। ਉਸ ਦਾ ਕੋਈ ਬਾਲ ਬੱਚਾ ਜਾਂ ਵਾਰਿਸ ਨਹੀਂ ਸੀ। ਇਸੇ ਲਈ ਚੰਦਰ ਸ਼ੇਖਰ ਦੇ ਮਾਤਾ-ਪਿਤਾ ਜਗਰਾਣੀ ਦੇ ਵੀ ਤੇ ਸੀਤਾ ਰਾਮ ਤਿਵਾੜੀ ਨੇ ਬਿਨਾਂ ਕਿਸੇ ਸਹਾਰੇ ਤੋਂ ਬੜੀ ਗਰੀਬੀ ਤੇ ਥੁੜ ਵਿਚ ਸਾਲਾਂ ਬੱਧੀ ਇਕੱਲਿਆਂ ਹੀ ਜੀਵਨ ਗੁਜ਼ਾਰਿਆ ਸੀ। ਖਾਸ ਕਰ ਜਦੋਂ ਉਨ੍ਹਾਂ ਦੇ ਪਿਤਾ ਜੀ ਵੀ ਚਲਾਣਾ ਕਰ ਗਏ, ਤਾਂ ਬਜ਼ੁਰਗ ਮਾਤਾ ਦੀ ਹਾਲਤ ਬਹੁਤ ਹੀ ਮਾੜੀ ਸੀ।

ਉਹ ਜੰਗਲ ਵਿਚੋਂ ਬਾਲਣ ਲਈ ਲਕੜੀ ਕੱਟ ਕੇ ਵੇਚਦੀ ਅਤੇ ਕੁਝ ਬਾਜਰੇ ਜਾਂ ਜਵਾਰ ਦਾ ਆਟਾ ਖਰੀਦ ਕੇ ਉਸੇ ਨੂੰ ਪਾਣੀ ਵਿੱਚ ਘੋਲ ਤੇ ਪਕਾ ਕੇ ਅਪਣਾ ਪੇਟ ਭਰਦੀ ਸੀ ਤੇ ਕਈ ਵਾਰ ਇਹ ਵੀ ਨਹੀਂ। ਇਹ ਤਾਂ ਭਲਾ ਹੋਵੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਗਿਰਦ ਅਤੇ ਉੱਘੇ ਇਨਕਲਾਬੀ ਸਦਾਸ਼ਿਵ ਮਲਕਾਪੁਰਕਰ ਦਾ - ਜੋ ਭਾਵੇਂ ਖੁਦ ਵੀ ਅਨੇਕਾਂ ਕਸ਼ਟ ਝੱਲਣ ਅਤੇ ਇਨਕਲਾਬੀ ਐਕਸ਼ਨਾਂ ਬਦਲੇ ਹੋਈ ਉਮਰ ਕੈਦ ਦੀ ਸਜ਼ਾ ਦੇ 14 - 15 ਸਾਲ - ਕੁਝ ਕਾਲੇ ਪਾਣੀ ਤੇ ਕੁਝ ਹੋਰ ਜੇਲ੍ਹਾਂ ਵਿੱਚ ਕੱਟਣ ਤੋਂ ਬਾਅਦ ਰਿਹਾਅ ਹੋਏ ਸਨ, ਪਰ ਤਦ ਵੀ ਉਹ ਅਪਣੇ ਸ਼ਹੀਦ ਸਾਥੀ ਦੀ ਬੇਸਹਾਰਾ ਮਾਤਾ ਨੂੰ ਨਹੀਂ ਭੁੱਲੇ ! ਜੇਲ੍ਹੋਂ ਬਾਹਰ ਆਉਣ ਦੇ ਜਲਦੀ ਬਾਦ ਉਹ ਮਾਤਾ ਨੂੰ ਮਿਲਣ ਗਏ ਅਤੇ ਉਥੇ ਉਨ੍ਹਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਅਪਣੇ ਨਾਲ ਅਪਣੇ ਕੋਲ ਝਾਂਸੀ ਲੈ ਆਏ । ਕੈਦ ਕੱਟਣ ਦੇ ਦੌਰਾਨ ਉਨ੍ਹਾਂ ਦੀ ਆਪਣੀ ਮਾਂ ਦੀ ਮੌਤ ਹੋ ਗਈ ਸੀ, ਇਸ ਲਈ ਆਪਣੇ ਸ਼ਹੀਦ ਸਾਥੀ ਦੀ ਮਾਤਾ ਨੂੰ ਹੀ ਅਪਣੀ ਮਾਂ ਮੰਨ ਕੇ ਸਦਾਸ਼ਿਵ ਨੇ ਮਾਤਾ ਦੀ ਐਨੇ ਪਿਆਰ ਨਾਲ ਸੇਵਾ ਸੰਭਾਲ ਕੀਤੀ ਕਿ ਮਾਤਾ ਜਗਰਾਣੀ ਦੇਵੀ ਅਕਸਰ ਲੋਕਾਂ ਨੂੰ ਇਹ ਕਹਿੰਦੀ ਸੀ ਕਿ 'ਅਪਣੇ ਪੁੱਤ ਦੇ ਸ਼ਹੀਦ ਹੋਣ ਦਾ ਮੇਰੇ ਦਿਲ ਵਿਚ ਜੋ ਸੱਲ ਹੈ, ਭਾਵੇਂ ਉਹ ਤਾਂ ਮੈਂ ਨਹੀਂ ਭੁੱਲ ਸਕਦੀ ਪਰ ਸੋਚਦੀ ਹਾਂ ਕਿ ਜੇ ਚੰਦੂ ਜਿਉਂਦਾ ਵੀ ਹੁੰਦਾ, ਤਾਂ ਵੀ ਸ਼ਾਇਦ ਉਹ ਮੇਰੀ ਸਦਾਸ਼ਿਵ ਵਰਗੀ ਸੇਵਾ ਨਾ ਕਰ ਸਕਦਾ !' ਮਾਤਾ ਦੀ ਮੌਤ ਵੀ 22 ਮਾਰਚ 1951 ਦੇ ਦਿਨ ਸਾਥੀ ਮਲਕਾਪੁਰਕਰ ਦੇ ਹੱਥਾਂ ਵਿਚ ਝਾਂਸੀ ਵਿਖੇ ਹੀ ਹੋਈ ਅਤੇ ਉਥੇ ਹੀ ਬੜਾਗਾਂਵ ਗੇਟ ਨੇੜੇ ਉਨ੍ਹਾਂ ਦੀ ਸਮਾਧੀ ਬਣੀ ਹੋਈ ਹੈ ।   
                                       
ਇਹ ਸਾਰਾ ਵਿਰਤਾਂਤ ਪੜ੍ਹ ਕੇ ਤੁਸੀਂ ਵੀ ਜ਼ਰੂਰ ਸੋਚੋਗੇ ਕਿ ਜੇਕਰ ਕਰ ਉਦੋਂ ਆਜ਼ਾਦ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਵਿਚੋਂ ਮਾਤਾ ਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਮੌਜੂਦ ਨਹੀਂ ਸੀ, ਤਾਂ ਹੁਣ  ਬੀਜੇਪੀ ਦੀ ਜਲੰਧਰ ਪ੍ਰੈਸ ਕਾਨਫਰੰਸ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੀ ਹਿਮਾਇਤ ਕਰਨ ਲਈ ਅਤੇ ਇਹ ਕਹਿਣ ਲਈ ਕਿ ਜੇਕਰ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ, ਤਾਂ 'ਇਹ ਲੋਕ' ਦਿੱਲੀ ਨੂੰ ਦੂਜਾ ਕਸ਼ਮੀਰ ਬਣਾ ਦੇਣਗੇ - ਅਚਾਨਕ ਇਹ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਪੋਤਰਾ ਕਿਥੋਂ ਟਪਕ ਪਿਆ ?!!   

           
ਖ਼ਬਰ ਪੜ੍ਹਨ ਸਾਰ ਇਹੀ ਸੁਆਲ ਤੁਰੰਤ ਮੇਰੇ ਮਨ ਵਿੱਚ ਵੀ ਉਠਿਆ ਸੀ , ਇਸੇ ਲਈ ਸ਼ਹੀਦ ਆਜ਼ਾਦ ਦੇ ਇਸ ਸੰਘੀ-ਭਾਜਪਾਈ ਪੋਤਰੇ ਦੀ ਜਨਮ ਪੱਤਰੀ ਲੱਭਣ ਲਈ ਮੈਨੂੰ ਖਾਸੀ ਮੱਥਾ ਪੱਚੀ ਕਰਨੀ ਪਈ । ਪਰ ਉਸ ਦਾ ਜੋ ਪਿਛੋਕੜ ਮੈਨੂੰ ਲੱਭਾ ਉਸ ਮੁਤਾਬਿਕ ਉਸ ਦਾ ਸ਼ਹੀਦ ਆਜ਼ਾਦ ਦੀ ਵਿਰਾਸਤ ਦਾ ਇਹ ਦਾਹਵਾ ਕਾਫੀ ਸ਼ੱਕੀ ਹੈ। ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨਾਲ ਸਬੰਧਤ ਛਪੀ ਹੋਈ ਅਤੇ ਨੈੱਟ ਉਤੇ ਮੌਜੂਦ ਸਾਰੀ ਸਮਗਰੀ ਵਿੱਚ ਕਿਧਰੇ ਵੀ 'ਅਮਿਤ ਆਜ਼ਾਦ' ਨਾਂ ਦੇ ਇਸ ਮਹਾਂਪੁਰਸ਼ ਜਾਂ ਇਸ ਦੇ ਵਡੇਰਿਆਂ ਦਾ ਕਿਧਰੇ ਵੀ ਕੋਈ ਹਵਾਲਾ ਨਹੀਂ ਲੱਭਦਾ, ਪਰ ਜਦੋਂ ਮਨ ਵਿਚਲੀ ਖੁੱਤ-ਖੁੱਤੀ ਕਾਰਨ ਮੈਂ ਸਰਚ ਵਿੱਚ ਹੋਰ ਡੂੰਘਾ ਉਤਰਦਾ ਗਿਆ। ਆਖਰ ਮੈਨੂੰ ਜੋ ਕੁਝ ਲੱਭਾ, ਉਸ ਦੀ ਵੀ ਕੋਈ ਪ੍ਰਮਾਣਿਕਤਾ ਤਾਂ ਨਹੀਂ ਹੈ - ਤਦ ਵੀ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ।  
          
ਹਿੰਦੀ ਅਖਬਾਰ ਰੋਜ਼ਾਨਾ 'ਅਮਰ ਉਜਾਲਾ' ਨੇ ਆਪਣੇ 13 ਅਗਸਤ 2019 ਦੇ ਅੰਕ ਵਿੱਚ "ਚੰਦਰ ਸ਼ੇਖਰ ਆਜ਼ਾਦ ਕੇ ਵੰਸ਼ਜ ਕਰ ਰਹੇ ਹੈਂ ਯੇ ਕਾਮ" ਸਿਰਲੇਖ ਹੇਠ ਇਕ ਵਿਸ਼ੇਸ਼ ਸਟੋਰੀ ਛਪੀ ਸੀ, ਜਿਸ ਵਿੱਚ ਦਸਿਆ ਗਿਆ ਹੈ ਕਿ ਚੰਦਰ ਸ਼ੇਖਰ ਆਜ਼ਾਦ ਦਾ ਕੋਈ ਇਕ ਚਚੇਰਾ ਭਰਾ ਸੀ ਮਹਾਂਵੀਰ ਤਿਵਾੜੀ, ਉਸ ਦਾ ਪੁੱਤਰ ਹੈ ਸੁਜੀਤ ਤਿਵਾੜੀ ਅਤੇ ਅੱਗੋਂ ਉਸ ਦਾ ਪੁੱਤਰ ਹੈ ਇਹ ਅਮਿਤ ਤਿਵਾੜੀ ਉਰਫ ਅਮਿਤ ਆਜ਼ਾਦ ! ਲਖਨਊ ਵਿਚ ਇੰਨਾਂ ਦੀ ਬਿਜਲੀ ਦੇ ਸਾਮਾਨ ਤੇ ਮੋਟਰਾਂ ਬਾਈਂਡ ਕਰਨ ਦੀ ਦੁਕਾਨ ਹੈ। ਬਾਪ ਸੁਜੀਤ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਤੇ 'ਸ਼ਹੀਦ ਭਗਤ ਸਿੰਘ ਬ੍ਰਿਗੇਡ' ਚਲਾਉਂਦਾ ਹੈ ਅਤੇ ਪੁੱਤ ਅਮਿਤ ਨੇ 'ਹਿਸਟੋਰੀਕਲ ਰੀਸਰਚ ਐਸੋਸੀਏਸ਼ਨ' ਨਾਂ ਦਾ ਇਕ ਸੰਗਠਨ। ਪਰ ਜਿਥੇ ਬਾਪ ਦੇ ਹਵਾਈ ਦਾਅਵੇ ਲਾਹੌਰ ਤੇ ਕਸ਼ਮੀਰ ਵਿੱਚ ਤਿਰੰਗਾ ਲਹਿਰਾਉਣ ਦੇ ਹਨ, ਉਥੇ ਪੁੱਤ ਕਹਿੰਦਾ ਹੈ ਕਿ ਮੈਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰਚਾਰ ਕਰਦਾ ਹਾਂ ।  29 ਮਾਰਚ 2018 ਨੂੰ ਇਕ ਸਥਾਨਕ ਚੈਨਲ ਨਾਲ ਗੱਲਬਾਤ ਵਿਚ ਇਸ ਸੁਆਲ ਦੇ ਜਵਾਬ ਵਿੱਚ ਕਿ - ਕੀ ਤੁਸੀਂ ਰਾਜਨੀਤੀ ਵਿੱਚ ਉਤਰੋਗੇਂ ? ਕਿਸੇ ਪਾਰਟੀ ਵਿਚ ਸ਼ਾਮਿਲ ਹੋਵੋਗੇ? - ਅਮਿਤ ਆਜ਼ਾਦ ਕਹਿ ਰਿਹਾ ਹੈ ਕਿ 'ਮੈਂ ਕਿਸੀ ਪਾਰਟੀ ਮੇਂ ਸ਼ਾਮਿਲ ਨਹੀਂ ਹੂੰਗਾ । ਕਮ ਸੇ ਕਮ ਇਸ ਜਨਮ ਮੇਂ ਤੋ ਮੈਂ ਰਾਜਨੀਤੀ ਮੇਂ ਨਹੀਂ ਆਨਾ ਚਾਹਤਾ !' ਸ਼ਾਇਦ ਜਨਵਰੀ 2020 ਵਿੱਚ ਹੀ ਇਸ ਦਾ ਅਗਲਾ ਜਨਮ ਵੀ ਹੋ ਗਿਆ ਹੈ ਅਤੇ 'ਡੁੱਬਦੇ ਨੂੰ ਤਿੱਖੇ ਦਾ ਸਹਾਰਾ' ਵਾਲੀ ਅਖਾਣ ਵਾਂਗ ਆਮ ਜਨਤਾ ਦੇ ਵਿਆਪਕ ਵਿਰੋਧ ਦਾ ਸਾਹਮਣਾ ਕਰ ਰਹੀ ਬੀਜੇਪੀ ਨੂੰ ਵੀ ਦੇਸ਼ਭਗਤਾਂ ਦੇ ਅਜਿਹੇ ਸ਼ੱਕੀ ਕਿਸਮ ਦੇ ਵਾਰਿਸਾਂ ਦਾ ਆਸਰਾ ਵੀ ਤੱਕਣਾ ਪੈ ਗਿਆ ਹੈ।    
         
ਸੋ ਦੋਸਤੋ ਤੁਹਾਨੂੰ ਇਹ ਬੋਰੀਅਤ ਭਰੀ ਲੰਬੀ ਕਹਾਣੀ ਸੁਣਾਉਣ ਦਾ ਮੰਤਵ ਸਿਰਫ਼ ਇਹ ਦੱਸਣਾ ਹੈ ਕਿ ਇਸ ਅਮਿਤ ਆਜ਼ਾਦ ਦੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨਾਲ ਬੱਸ ਉਹੋ ਜਿਹੀ ਹੀ ਰਿਸ਼ਤੇਦਾਰੀ ਹੈ, ਜਿਹੋ ਜਿਹਾ ਸੁਆਲ ਸਾਡੀ ਮਾਂ ਬੋਲੀ ਦੀ ਇਸ ਕਹਾਵਤ ਪੁੱਛਿਆ ਗਿਆ ਹੈ ਕਿ 'ਭਲਾਂ ਗਾਂ ਦਾ ਕੱਟਾ ਕੀ ਲੱਗਦੈ !'   
    

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ