Tue, 30 November 2021
Your Visitor Number :-   5336551
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ

Posted on:- 17-10-2015

suhisaver

16 ਸਤੰਬਰ ਨੂੰ ਮੀਡੀਆ ਦੀ ਇਕ ਖ਼ਬਰ ਸੀ: ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਜੰਗਲਾਂ ਵਿਚ ਦੋ ਮਾਓਵਾਦੀ ਮੁਕਾਬਲੇ ’ਚ ਹਲਾਕ। ਮਾਰੀ ਗਈ ਨੌਜਵਾਨ ਲੜਕੀ ਸ਼ਰੂਤੀ ਨੇ ਐੱਮ.ਟੈੱਕ. ਦੀ ਡਿਗਰੀ ਕੀਤੀ ਹੋਈ ਸੀ ਅਤੇ ਨੌਜਵਾਨ ਵਿਦਿਆਸਾਗਰ ਰੈੱਡੀ ਉਰਫ਼ ਸਾਗਰ ਵੀ ਖ਼ੂਬ ਪੜ੍ਹਿਆ-ਲਿਖਿਆ ਸੀ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲੇ ਇਸ ਮੁਲਕ ਵਿਚ ਪੁਲਿਸ ਮੁਕਾਬਲਿਆਂ ਵਿਚ ਕਤਲ ਆਮ ਵਰਤਾਰਾ ਹੈ। ਅਜੇ ਇਸੇ ਸਾਲ ਅਪ੍ਰੈੱਲ ਦੇ ਪਹਿਲੇ ਹਫ਼ਤੇ ਤੇਲੰਗਾਨਾ ਪੁਲਿਸ ਨੇ ਪੰਜ ਮੁਸਲਿਮ ਕੈਦੀਆਂ ਨੂੰ ਅਤੇ ਆਂਧਰਾ ਪੁਲਿਸ ਨੇ ਚੰਦਨ ਮਾਫ਼ੀਆ ਲਈ ਕੰਮ ਕਰਦੇ 20 ਮਜ਼ਦੂਰਾਂ ਨੂੰ ਇਸੇ ਤਰ੍ਹਾਂ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਸੀ। ਹੁਣ 19 ਸਤੰਬਰ ਨੂੰ ਉੜੀਸਾ ਪੁਲਿਸ ਨੇ ਮਲਕਾਨਗਿਰੀ ਜ਼ਿਲ੍ਹੇ ਵਿਚ ਤਿੰਨ ਮਾਓਵਾਦੀਆਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਹੈ।

2013 ਤਕ ਦੇ ਚਾਰ ਸਾਲਾਂ ਵਿਚ 555 ਫਰਜ਼ੀ ਮੁਕਾਬਲਿਆਂ ਦੀਆਂ ਸ਼ਿਕਾਇਤਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦਰਜ ਹੋਈਆਂ। ਜਿਸ ਰਾਜ ਪ੍ਰਬੰਧ ਵਿਚ ਬੇਮਿਸਾਲ ਬੇਰਹਿਮੀ ਦਿਖਾਉਣ ਵਾਲੇ ਜਲਾਦਾਂ ਨੂੰ ‘ਐਨਕਾਊਂਟਰ ਸਪੈਸ਼ਲਿਸਟ’ ਦਾ ਖ਼ਿਤਾਬ, ਸਰਕਾਰੇ-ਦਰਬਾਰੇ ਖ਼ਾਸ ਇਨਾਮ-ਸਨਮਾਨ ਅਤੇ ਅਦਾਲਤਾਂ ਵਿਚ ਕਾਨੂੰਨੀ ਕਾਰਵਾਈ ਤੋਂ ਮੁਕੰਮਲ ਸੁਰੱਖਿਆ ਹਾਸਲ ਹੋਵੇ ਅਤੇ ਜਿਥੇ ਅਵਾਮ ਪ੍ਰਤੀ ਜਵਾਬਦੇਹ ਹੋਣ ਦੀ ਥਾਂ ਸਮਾਜੀ ਬੇਚੈਨੀ ਨੂੰ ਇਸ ਤਰ੍ਹਾਂ ਦੇ ਕਤਲਾਂ ਰਾਹੀਂ ਦਬਾਉਣਾ ਹੁਕਮਰਾਨ ਜਮਾਤ ਦੀ ਬਾਕਾਇਦਾ ਨੀਤੀ ਹੋਵੇ ਅਤੇ ਇਸ ਨੀਤੀ ਤਹਿਤ ‘ਮੁਕਾਬਲੇ’ ਪੁਲਿਸ ਅਧਿਕਾਰੀਆਂ ਲਈ ਇਕ ਸਭ ਤੋਂ ਲਾਹੇਵੰਦਾ ਕਾਰੋਬਾਰ ਬਣ ਜਾਣ ਉਥੇ ਫਰਜ਼ੀ ਮੁਕਾਬਲਿਆਂ ਦੇ ਸਿਲਸਿਲੇ ਦਾ ਆਮ ਵਰਤਾਰਾ ਬਣ ਜਾਣਾ ਸੁਭਾਵਿਕ ਹੈ।


ਮਾਓਵਾਦੀ ਰਸੂਖ਼ ਵਾਲੇ 10 ਸੂਬੇ ਹੋਣ, ਜੰਮੂ-ਕਸ਼ਮੀਰ ਹੋਵੇ ਜਾਂ ਉਤਰ-ਪੂਰਬੀ ਰਿਆਸਤਾਂ ਵਿਚ ‘ਮੁਕਾਬਲੇ’ ਹੋਣ, ਮੀਡੀਆ ਇਸ ਨੂੰ ਮਹਿਜ਼ ਇਕ ਖ਼ਬਰ ਦੇ ਤੌਰ ’ਤੇ ਲੈਂਦਾ ਹੈ ਅਤੇ ਇਸ ‘ਸਟੋਰੀ’ ਦੇ ਮੀਡੀਆ ਮੰਡੀ ਦੇ ਲਿਹਾਜ਼ ਨਾਲ ਲਾਹੇਵੰਦ ਨਾ ਹੋਣ ਕਾਰਨ ਪੁਲਿਸ ਦੇ ਪ੍ਰੈੱਸ ਨੋਟ ਵਿਚ ਪੇਸ਼ ਕਹਾਣੀ ਹੀ ਖ਼ਬਰ ਹੁੰਦੀ ਹੈ ਅਤੇ ਖ਼ਬਰ ਭੇਜਣ ਤੇ ਛਾਪਣ ਵਾਲੇ ਛਾਣਬੀਣ ਕਰਨ ਦੇ ਯੱਭ ਵਿਚ ਨਹੀਂ ਪੈਂਦੇ। ਫ਼ਿਕਰਮੰਦੀ ਤਾਂ ਇਹ ਹੈ ਕਿ ਸਬੰਧਤ ਲਹਿਰਾਂ, ਮਨੁੱਖੀ/ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਮਾਰੇ ਗਿਆਂ ਦੇ ਪਰਿਵਾਰਾਂ ਨੂੰ ਛੱਡਕੇ ਬਾਕੀ ਮੁਲਕ ਦੀ ‘ਸਮੂਹਿਕ ਆਤਮਾ’ ਲਈ ਹਕੂਮਤੀ ਦਹਿਸ਼ਤਗਰਦੀ ਕੋਈ ਮਸਲਾ ਹੀ ਨਹੀਂ ਹੈ।

ਇਸ ‘ਮੁਕਾਬਲੇ’ ਵਿਚ ਮਾਓਵਾਦੀਆਂ ਦਾ ਸਫ਼ਾਇਆ ਕਰਨ ਦੇ ਖ਼ਾਸ ਉਦੇਸ਼ ਨਾਲ ਬਣਾਈ ਖ਼ਾਸ ਪੁਲਿਸ, ਗਰੇਅ ਹਾਊਂਡਜ਼, ਵਲੋਂ ਇਸ ਗ਼ੈਰਅਦਾਲਤੀ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਜੋ ਵਹਿਸ਼ੀ ਢੰਗ ਅਖ਼ਤਿਆਰ ਕੀਤੇ ਗਏ ਉਹ ਹੋਰ ਵੀ ਖ਼ਤਰਨਾਕ ਰੁਝਾਨ ਨੂੰ ਦਰਸਾਉਦੇ ਹਨ। ਦੋਵਾਂ ਨੂੰ ਮਾਰਨ ਤੋਂ ਪਹਿਲਾਂ ਘੋਰ ਵਹਿਸ਼ੀ ਤਸੀਹੇ ਦਿੱਤੇ ਗਏ, ਉਨ੍ਹਾਂ ਦੇ ਥਾਂ-ਥਾਂ ਤੋਂ ਵੱਢੇ-ਟੁੱਕੇ ਜਿਸਮ ਇਸ ਦੇ ਗਵਾਹ ਸਨ। ਕੁੜੀ ਨੂੰ ਮਾਰਨ ਤੋਂ ਪਹਿਲਾਂ ਸਮੂਹਕ ਜਬਰ-ਜਨਾਹ ਕੀਤਾ ਗਿਆ ਅਤੇ ਫਿਰ ਉਸਦੇ ਜਨਣ ਅੰਗ ਤੇਜ਼ਾਬ ਪਾਕੇ ਲੂਹ ਦਿੱਤੇ ਗਏ। ਇਹ ਗ਼ੌਰਤਲਬ ਹੈ ਕਿ ਮੁਲਕ, ਖ਼ਾਸ ਕਰਕੇ ਦਿੱਲੀ ਦੇ ਲੋਕ ਜੋ ਰਾਜਧਾਨੀ ਵਿਚ ਨਿਰਭੈ ਕਾਂਡ ਤੋਂ ਬਾਦ ਸੜਕਾਂ ’ਤੇ ਆ ਨਿਕਲੇ ਸਨ ਉਨ੍ਹਾਂ ਲਈ ਨਾ ਤਾਂ ‘ਮੁਕਾਬਲਿਆਂ’ ਵਿਚ ਨੌਜਵਾਨ ਮੁੰਡੇ-ਕੁੜੀਆਂ ਦੇ ਕਤਲ ਕੋਈ ਮਸਲਾ ਹੈ ਅਤੇ ਨਾ ਹੀ ਇਕ ਕੁੜੀ ਨਾਲ ਪੁਲਿਸ ਹਿਰਾਸਤ ਵਿਚ ਕੀਤੀ ਇਹ ਦਰਿੰਦਗੀ ਕੋਈ ਸਰੋਕਾਰ। ਕਿਉਕਿ ਇਸ ਨੂੰ ਅੰਜਾਮ ਦੇਣ ਵਾਲੇ ‘ਅਮਨ-ਕਾਨੂੰਨ’ ਦੇ ਰਖਵਾਲੇ ਹਨ।

ਇਹ ਖ਼ਾਸ ‘ਮੁਕਾਬਲੇ’ ਇਕ ਖ਼ਾਸ ਉਦੇਸ਼ ਨਾਲ ਬਣਾਏ ਜਾ ਰਹੇ ਹਨ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਤੋਂ ਬਾਦ ਅਵਾਮ ਦਾ ‘ਵਿਕਾਸ’ ਦਾ ਭਰਮ ਟੁੱਟ ਚੁੱਕਾ ਹੈ। ਨੌਜਵਾਨਾਂ ਵਿਚ ਰਾਜ ਪ੍ਰਬੰਧ ਪ੍ਰਤੀ ਬੇਚੈਨੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਰਿਪੋਰਟਾਂ ਅਨੁਸਾਰ ਪਿਛਲੇ ਦਿਨੀਂ ਤੇਲੰਗਾਨਾ ਅੰਦਰ ਦੋ ਮਹੀਨਿਆਂ ਵਿਚ 36 ਆਹਲਾ ਤਾਲੀਮਯਾਫ਼ਤਾ ਨੌਜਵਾਨ ਆਪਣਾ ਨਿੱਜ ਤਿਆਗਕੇ ਮਾਓਵਾਦੀ ਲਹਿਰ ਵਿਚ ਰੂਪੋਸ਼ ਹੋ ਗਏ। ਭਾਵੇਂ ਤੇਲੰਗਾਨਾ-ਆਂਧਰਾ ਵਿਚ ਮਾਓਵਾਦੀ ਲਹਿਰ ਇਕ ਦਹਾਕਾ ਪਹਿਲਾਂ ਬੇਰਹਿਮੀ ਨਾਲ ਕੁਚਲ ਦਿੱਤੀ ਗਈ ਸੀ ਪਰ ਨੰਗੀ ਬੇਇਨਸਾਫ਼ੀ ਤੇ ਲੁੱਟਮਾਰ ’ਤੇ ਉੱਸਰੇ ਇਸ ਪ੍ਰਬੰਧ ਕੋਲ ਅਵਾਮ ਦੇ ਮਸਲਿਆਂ ਦਾ ਕੋਈ ਹੱਲ ਨਾ ਹੋਣ ਕਾਰਨ ਅਵਾਮ ਅੰਦਰ ਇਸ ਲਹਿਰ ਪ੍ਰਤੀ ਡੂੰਘੀ ਹਮਦਰਦੀ ਪਈ ਹੈ। ਇਸ ਹਮਦਰਦੀ ਦੇ ਕਦੇ ਵੀ ਮੁੜ ਵੱਡਾ ਸਿਆਸੀ ਵਿਸਫੋਟ ਬਣ ਜਾਣ ਦਾ ਖ਼ੌਫ਼ ਹੁਕਮਰਾਨਾਂ ਦੀ ਨੀਂਦ ਉਡਾ ਰਿਹਾ ਹੈ ਅਤੇ ਹਕੂਮਤੀ ਦਹਿਸ਼ਤ ਨੂੰ ਬਰਕਰਾਰ ਰੱਖਣ ਦੀ ਲੋੜ ਵਿੱਚੋਂ ਹੀ ਬਾਕਾਇਦਾ ਰਾਜਕੀ ਨੀਤੀ ਤਹਿਤ ਇਹ ਕਤਲ ਕਰਵਾਏ ਜਾ ਰਹੇ ਹਨ। ਇਸ ਮੁਕਾਬਲੇ ਪਿੱਛੋਂ ਤੇਲੰਗਾਨਾ ਦੇ ਡੀ.ਜੀ.ਪੀ. ਵੱਲੋਂ ਦਿੱਤਾ ਬਿਆਨ ਇਸਦੀ ਤਸਦੀਕ ਕਰਦਾ ਹੈ ਜਿਸਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਮਾਓਵਾਦੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ