Sun, 14 April 2024
Your Visitor Number :-   6972254
SuhisaverSuhisaver Suhisaver

ਫ਼ਰਜ਼ਾਂ ’ਤੇ ਪਹਿਰਾ ਦੇ ਕੇ ਹੀ ਅਸੀਂ ਦੇਸ਼ ਨੂੰ ਮਜ਼ਬੂਤ ਬਣਾ ਸਕਦੇ ਹਾਂ - ਵਰਗਿਸ ਸਲਾਮਤ

Posted on:- 06-10-2015

suhisaver

ਅਤਿ-ਆਧੁਨਿਕ ਦੌਰ ‘ਚੋਂ ਗੁਜ਼ਰਦਿਆਂ ਆਦਮੀ ਦੀ ਜ਼ਿੰਦਗੀ ਅਤੇ ਸੋਚ ਵੀ ਸ਼ਾਇਦ ਮੋਦੀ ਸਾਹਿਬ ਦੀ ਬੁਲਟ ਟ੍ਰੇਨ ਦੇ ਖਾਬ ਵਾਂਗ ਹੀ ਦੌੜ ਰਹੀ ਹੈ ਜਾਂ ਫਿਰ 85 ਮਿੰਟ ਦਾ ਭਾਸ਼ਣ ਕਰਕੇ ਸੋਚੀ ਸਮਝੀ ਰਿਕਾਰਡ ਤੋੜਨ ਵਾਲੀ ਸਪੀਚ ਅਤੇ ਦੂਜਿਆਂ ਨਾਲੋਂ ਹਟ ਕੇ ਗ਼ੱਲ ਕਰਨ ਵਾਲੀ ਮੈਂ ਦੀ ਨਿਤੀ ‘ਤੇ ਚਲ ਰਹੀ ਹੈ।ਸਾਡੇ ਆਲੇ-ਦੁਆਲੇ ‘ਚ ਵਾਪਰ ਰਹੀਆਂ ਅਣਹੋਣੀਆਂ, ਅਣਦੇਖੀਆਂ ਅਤੇ ਅਣਕਿਆਸੀਆਂ ਘਟਨਾਵਾਂ ਦੀਆਂ ਖਬਰਾਂ ਸ਼ੋਸ਼ਲ, ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ‘ਤੇ ਬੁਲਟ ਸਪੀਡ ਨਾਲ ਦੌੜਦੀਆਂ ਨਜ਼ਰ ਆਉਂਦੀਆਂ ਖਬਰਾਂ, ਆਮ , ਖਾਸ ,ਚੇਤਨ , ਅਚੇਤਨ , ਗ਼ਰੀਬ , ਅਮੀਰ ਅਤੇ ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਨੂੰ ਬੇਚੈਨ , ਵਿਚਲਿਤ ਅਤੇ ਦੁੱਖੀ ਕਰ ਰਹੀਆਂ ਹਨ ਅਤੇ ਨਾਲ ਹੀ ਅਸੁਰੱਖਿਆ ਦਾ ਨਾਗ ਰੂਪੀ ਪ੍ਰਸ਼ਨ-ਚਿਨ੍ਹ ਸਾਡੇ ਸਾਮ੍ਹਣੇ ਫਿਨ ਖਲਾਰੀ ਖੜਾ ਹੋ ਜਾਂਦਾ ਹੈ।

ਰੋਜ਼ਮਰਾ ਜ਼ਿੰਦਗੀ ‘ਚ ਹੀ ਆਦਮੀ ਆਪਣੇ ਅਧਿਕਾਰਾਂ ਅਤੇ ਫਰਜਾਂ ਦੀ ਪਾਲਣਾ ਅਤੇ ਅਵਹੇਲਣਾ ਕਰਦਾ ਆ ਰਿਹਾ ਹੈ।ਜਦੋਂ ਜਦੋਂ ਵੀ ਵਿਅਕਤੀ ਨੇ ਚੇਤਨ ਪੱਧਰ ‘ਤੇ ਆਪਣੇ ਅਧਿਕਾਰ ਅਤੇ ਫਰਜਾਂ ਦੀ ਪਾਲਣਾ ਕੀਤੀ ਹੈ, ਵੱਡੀ ਤੋ ਵੱਡੀ ਦੁਰਘਟਨਾ ਟਲੀ ਵੀ ਹੈ ਅਤੇ ਉਸ ‘ਤੇ ਫਤਿਹ ਵੀ ਪਾਈ ਹੈ ਅਤੇ ਜਦੋਂ ਜਦੋਂ ਫਰਜ਼ ਦੀ ਅਵਹੇਲਣਾ ਕੀਤੀ ਹੈ, ਨਾ ਪੂਰਾ ਹੋਣ ਵਾਲੇ ਨੁਕਸਾਨ ਦਾ ਗੁਨਹਗਾਰ ਹੋਇਆ ਹੈ।

ਦੀਨਾਨਗਰ ਸਾਕੇ ਨੇ ਅਵੇਸਲੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਨੂੰ ਹਲੂਣਿਆ ਅਤੇ ਸਾਰੇ ਭਾਰਤ ਨੂੰ ਮੋਢਿਓਂ ਹਿਲਾ ਕੇ ਜਗਾਇਆ ਕਿ 15 ਅਗਸਤ ਵੀ ਮੋਢਿਆਂ ‘ਤੇ ਆਈ ਹੈ।ਨਾਲ ਹੀ ਯਾਦ ਕਰਵਾ ਦਿੱਤੇ ਉਹ ਸਾਰੇ ਜ਼ਖਮ ਜੋ ਸਾਡੇ ਪਿੰਡੇ ‘ਤੇ ਪਹਿਲਾਂ ਵੀ ਇਸ ਨਾ ਮੁਕਵੀਂ ਪਰਾਕਸੀ ਵਾਰ ਨੇ ਲਾਏ ਹੋਏ ਹਨ। ਸੰਸਦ ‘ਤੇ ਹਮਲਾ , 26/11 ਦਾ ਮਾਇਆ ਨਗਰੀ ਮੁੰਬਈ ‘ਤੇ ਹਮਲਾ , ਜੰਮੂ ਦੇ ਮੰਦਿਰਾਂ ‘ਤੇ ਹਮਲਾ , ਸ੍ਰੀਨਗਰ ਚਰਾਰੇ ਸ਼ਰੀਫ ‘ਤੇ ਹਮਲਾ , ਕੰਧਾਰ ਜਹਾਜ ਅਗਵਾ ਕਾਂਡ ਅਤੇ ਹੁਣ ਦੀਨਾਨਗਰ ਅਤੇ ਉੱਧਮਪੁਰ ਅੱਤਵਾਦੀ ਹਮਲੇ । ਸਾਡੇ ਬਾਰਡਰਾਂ ਦੀ ਨੀਤੀ ਅਤੇ ਬਦਨਿਯਤੀ ਦੇ ਸਾਹਮਣੇ ਸੁਰੱਖਿਆ ਦਾ ਇਕ ਵੱਡਾ ਪ੍ਰਸ਼ਨ ਖੜਾ ਹੀ ਨਹੀਂ ਕਰਦਾ , ਬਲਕਿ ਪ੍ਰਸ਼ਨਾਂ ਦੇ ਢੇਰ ਲਗਾਉਂਦਾ ਹੈ। ਸਾਡੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ , ਸੁਰੱਖਿਆ ‘ਚ ਲੱਗੇ ਬਲ ਦਲ , ਪ੍ਰਸ਼ਾਸਨ ਦੀ ਢਿੱਲ , ਸਰਕਾਰ ਦੀ ਢਿੱਲ , ਧਾਰਮਿਕ ਕਟੜਵਾਦ , ਸਿਆਸਤ ‘ਚ ਨਿਘਾਰ , ਭ੍ਰਿਸ਼ਟਾਚਾਰ ,ਫਿਰਕਾਪ੍ਰਸਤੀ , ਕਿਸਾਨ ਅਤੇ ਕਿਰਸਾਨੀ ਦਾ ਮੰਦੜਾ ਹਾਲ ਸਾਨੂੰ ਕੌਮੀ ਅਤੇ ਨਿੱਜੀ ਫਰਜ਼ ਨਿਭਾਉਣ ‘ਚ ਆਏ ਨਿਘਾਰਾਂ ਨੂੰ ਸਮਝ ਕੇ ਘੋਖਣ ਦੀ ਲੋੜ ਹੈ।

ਪਾਕਿਸਤਾਨ ਨੇ ਕਦੇ ਚੰਗੇ ਗੁਆਂਢੀ ਹੋਣ ਦੀ ਕੋਈ ਉਦਾਹਰਣ ਅਜੇ ਤੱਕ ਪੇਸ਼ ਨਹੀਂ ਕੀਤੀ, ਉਹ ਆਪ ਤਾਂ ਅਸਥਿਰਤਾ ਦਾ ਸ਼ਿਕਾਰ ਹੈ ਹੀ ਤੇ ਸ਼ਾਇਦ ਉਸਦਾ ਲੁਕਵਾਂ ਏਜੰਡਾ ਵੀ ਭਾਰਤ ਅਤੇ ਬਾਕੀ ਦੇਸ਼ਾਂ ‘ਚ ਅਸਥਿਰਤਾ ਫੈਲਾਉਣਾ ਹੈ। ਸੈਂਕੜੇ ਵਾਰਤਾਵਾਂ ਦੇ ਬਾਅਦ ਵੀ ਸਾਡੇ ਇਸ ਸ਼ਰੀਕ ਨੇ ਇਕ ਹੀ ਸਾਲ ‘ਚ ਲਗਭਗ 300 ਵਾਰੀ ਜੰਗਬੰਦੀ ਦੀ ਉਲੰਘਣਾ ਦਾ ਰਿਕਾਰਡ ਬਣਾਇਆ ਹੋਇਆ ਹੈ ਅਤੇ ਹੁਣ ਵੀ ਆਪਣੇ ਹੀ ਰਿਕਾਰਡ ਤੋੜਨ ‘ਚ ਲੱਗਾ ਹੋਇਆ ਹੈ। ਅਤੇ ਆਪਣੇ ਹੀ ਦੇਸ਼ ਦੇ ਭੇਜੇ ਘੁਸਪੈਠੀਆਂ ਨੂੰ ਨਾ ਪਛਾਨਣਾ ਉਸਦੀ ਪੁਰਾਣੀ ਆਦਤ ਹੈ।ਇਥੋਂ ਤੱਕ ਕਿ ਕਾਰਗਿਲ ਤੋਂ ਬਾਅਦ ਕੇਰਨ ਯੁੱਧ ਛੇੜਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤਾਜ਼ਾ ਘੁਸਪੈਠ ਉਸਦੀ ਅਰਾਜ਼ਕਤਾ ਫੈਲਾਉਣ ਦੀ ਨਿਯਤ ਨੂੰ ਉਜਾਗਰ ਕਰਦੀ ਹੈ।ਜ਼ਾਹਿਰ ਹੈ ਉਸਦੀ ਇਹ ਨਿਯਤ ਰਹਿੰਦੀ ਹੈ ਪਰ ਸਾਡੇ ਸੁਰੱਖਿਆ ਬਲਾਂ ਦੀ ਨੀਤੀ ਅਤੇ ਨਿਯਤ ‘ਤੇ ਸਵਾਲ ਖੜੇ ਕਰਦੀ ਹੈ।

ਪਿਛਲੇ ਤਿੰਨ ਸਾਲਾਂ ‘ਚ ਲਗਭਗ 200 ਜਵਾਨ ਸਰਹੱਦ ‘ਤੇ ਸ਼ਹੀਦ ਹੋ ਚੁੱਕੇ ਹਨ। ਫਿਰ ਹੁਣ ਤਾਜ਼ਾ ਹਮਲਿਆਂ ‘ਚ ਗਿਣਤੀ ਕਾਫੀ ਵਧੀ ਹੈ। ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਵਾਲੇ ਚੀਨ ਨੇ ਵੀ ਹਮੇਸ਼ਾ ਸਾਡੀ ਪ੍ਰਭੂਸਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੰਚਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਥੋੜਾ ਸਮਾਂ ਪਹਿਲਾਂ ਚੀਨ ਨੇ 117 ਕਿ: ਮੀਟਰ ਮਾਰਗ ਨੂੰ ਖੋਲਿਆ ਹੈ, ਮਾਹਿਰਾ ਦਾ ਕਹਿਣਾ ਹੈ ਕਿ ਭਾਰਤ ਦਾ ਲਗਭਗ 6000 ਏਕੜ ਖੇਤਰ ਨੱਪ ਕੇ ਬੈਠਾ ਹੈ।ਅਜਿਹੀਆਂ ਬਾਹਰੀ ਤਾਕਤਾਂ ਨੇ ਹਮੇਸ਼ਾ ਭਾਰਤ ਦੀ ਕੌਮੀ ਏਕਤਾ ਨੂੰ ਤੋੜਨ ਦੀ ਹੀ ਕੋਸ਼ਿਸ਼ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਸਾਡੇ ਦੇਸ਼ ‘ਚ ਮੁਗਲ , ਫਰਾਂਸੀਸੀ, ਪੁਰਤਗਾਲੀ ਅਤੇ ਅੰਗਰੇਜ਼ਾਂ ਨੇ ਸਾਡੇ ਆਪਣੇ ਅਤੇ ਆਪਸੀ ਪਾੜਿਆਂ ਕਾਰਨ ਰਾਜ ਕੀਤਾ। ਉਥੇ ਅੱਜ ਵੀ ਸਾਡੇ ਜਾਤੀ ਮਜ੍ਹਬਾਂ ਤੋਂ ਹੀ ਸਾਡੀ ਅਸੁਰੱਖਿਆ ਹਨ।

ਜੇ ਅੰਦਰੂਨੀ ਸੁਰੱਖਿਆ ‘ਤੇ ਗੌਰ ਕਰੀਏ ਤਾਂ ਜ਼ਮੀਨੀ ਹਕੀਕਤ ਦੇ ਨਾਲ ਨਜ਼ਰ ਮਿਲਾਉਂਦਿਆਂ ਸਾਡੀਆਂ ਜ਼ਿੰਮੇਵਾਰ ਕੁਰਸੀਆਂ ਦੇ ਸਿਰ ਜ਼ਰੂਰ ਝੁੱਕਣੇ ਚਾਹੀਦੇ ਹਨ।ਕਿਉਂਕੀ ਅਸੀ ਆਪਸ ਵਿਚ ਵੀ ਉਲਝੇ , ਬਿਖਰੇ ਅਤੇ ਖਿੰਡੇ ਨਜ਼ਰ ਆਉਂਦੇ ਹਾਂ।ਭਾਵੇਂ ਅਸਂ ਦਾਅਵੇ ਅਨੇਕਤਾ ‘ਚ ਏਕਤਾ ਦੇ ਕਰਦੇ ਹਾਂ।ਪਰ ਜਦੋਂ ਗੰਦੀ ਸਿਆਸਤ , ਧਾਰਮਿਕ ਕੱਟੜਤਾ ਦਾ ਜਨੂਨ , ਫਾਸੀਵਾਦ ਦੀਆਂ ਚਾਲਾਂ ਅਤੇ ਮੈਂ ਹੀ ਮੈਂ ਹਾਂ ਜਿਹੇ ਅੰਦਰੂਨੀ ਅਜੰਡੇ ਨੂੰ ਪੂਰਾ ਕਰਨ ਵਾਸਤੇ ਅਸੀ ਹਰ ਹੀਲੇ ਲਾ ਦਿੰਦੇ ਹਾਂ ਤਾਂ ਘੱਟ ਗਿਣਤੀ ਵਰਗ , ਘੱਟ ਸਾਧਨਾਂ ਵਾਲੇ ਲੋਕ ਅਤੇ ਭੁੱਖਮਰੀ ‘ਚ ਬਿਨਾਂ ਸਾਧਨਾ ਵਾਲੇ ਲੋਕ ਹਰ ਜਗ੍ਹਾ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ।ਅਸੁਰੱਖਿਆ ਦੇ ਮਾਮਲੇ ‘ਚ ਆਮ ਆਦਮੀ ਅਤੇ ਉਸਦਾ ਹਰ ਵਰਗ ਸ਼ੁਰੂ ਤੋਂ ਹੀ ਹਾਸ਼ੀਏ ‘ਤੇ ਰਿਹਾ ਹੈ। ਪਾਕਿ ਵੰਡ ਵੇਲੇ ਲਗਭਗ 10 ਲੱਖ ਲੋਕ ਮਾਰੇ ਗਏ , 40 ਲੱਖ ਲੋਕ ਜ਼ਖਮੀ ਅਤੇ 25 ਕਰੋੜ ਲੋਕ ਘਰੋਂ ਬੇ-ਘਰ ਹੋਏ ਸਨ।ਇਹੋ ਆਲਮ ਬੰਗਾਲ ਵੰਡ ਦਾ ਸੀ।ਇਹ ਵੀ ਸੱਚ ਹੀ ਹੋਵੇਗਾ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ 68 ਸਾਲਾਂ ‘ਚ ਵੰਡ ਦੇ ਆਂਕੜਿਆਂ ਤੋਂ ਵੱਧ ਹੀ ਲੋਕ ਜਾਤਵਾਦ ,ਫਿਰਕਾਵਾਦ ,ਨਸਲਵਾਦ ਅਤੇ ਇਲਾਕਾਵਾਦ ਆਦਿ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਰੋਜ਼ ਸ਼ਿਕਾਰ ਹੋ ਰਹੇ ਹਨ।

ਰੋਜ਼ਮਰਾ ਦੀ ਜ਼ਿੰਦਗੀ ‘ਚ ਸਾਡੇ ਸਮਾਜ ਅਤੇ ਇਸ ਕਾਇਨਾਤ ਦਾ ਸਭ ਤੋਂ ਅਹਿਮ ਹਿੱਸਾ ਔਰਤ ਹੀ ਸਦੀਆਂ ਤੋਂ ਹਾਸ਼ੀਏ ‘ਤੇ ਬੈਠੀ ਰੋ-ਕੁਰਲਾ ਰਹੀ ਹੈ।ਜਿੱਥੇ ਗੁੰਡਾ ਸਮਾਜ ਉਸਨੂੰ ਹਰ ਰੂਪ ‘ਚ ਰੋਲ ਰੋਲ ਕੇ ਬੇਪੱਤ ਕਰ ਰਿਹਾ ਹੈ, ਉੱਥੇ ਜ਼ਿੰਮੇਵਾਰ ਸਮਾਜ ਅਤੇ ਜ਼ਿੰਮੇਵਾਰ ਕੁਰਸੀਆਂ ਹੱਥ ਮਲਦੀਆਂ ਨਜ਼ਰ ਆ ਰਹੀਆਂ ਹਨ।ਹੁਣੇ ਹੁਣੇ ਪੰਜਾਬ ‘ਚ ਲੁਧਿਆਣਾ , ਅੰਮ੍ਰਿਤਸਰ ਅਤੇ ਪਠਾਨਕੋਟ ਅਤੇ ਦਿੱਲੀ ‘ਚ ਵਾਪਰੀਆਂ ਘਿਨਾਉਣੀਆਂ ਘਟਨਾਵਾਂ ਸਾਡੇ ਸਿਰਾਂ ਨੂੰ ਝੁਕਾਉਂਦੀਆਂ ਅਤੇ ਦਿਲਾਂ ਨੂੰ ਝਿੰਜੋੜ ਤਾਂ ਜਾਦੀਆਂ ਨੇ ਪਰ ਸਿਸਟਮ ਦੀ ਬੇਵਸੀ ਨੂੰ ਕੀ ਕਰੀਏ……ਅਫਸਰ ਵੀ ਹੱਥ ਮਲਦੇ ਨਜ਼ਰ ਆਉਂਦੇ ਨੇ ।ਪਿਛਲੇ ਚਾਰ ਸਾਲਾਂ ‘ਚ ਲਗਭਗ 5000 ਕੇਸ ਔਰਤਾਂ ਨੂੰ ਬੇਪੱਤ ਕਰਨ ਦੇ ਹੀ ਸਾਮ੍ਹਣੇ ਆਏ ਹਨ।ਸਮੂਹਿਕ ਬਲਾਤਕਾਰਾਂ ਦਾ ਤਸ਼ਦਦ ਧੀਆਂ ਵਾਲਿਆਂ ਨੂੰ ਸੌਣ ਨਹੀਂ ਦਿੰਦਾ। ਗੰਦੇ ਸਮਾਜ ਦੀਆਂ ਮਾਰੀਆਂ ਹੁਣ ਆਪਣਿਆਂ ਤੋਂ ਵੀ ਅਸੁਰੱਖਿਅਤ ਹਨ। ਕੰਮਕਾਜੀ ਔਰਤ , ਪੜਨ ਲਿਖਣ ਜਾਂਦੀਆਂ ਲੜਕੀਆਂ ਅਤੇ ਘਰਾਂ ਅਤੇ ਕਾਰਖਾਨੀਆਂ ਕੰਮ ਕਰਦੀਆਂ ਲੜਕੀਆਂ, ਔਰਤਾਂ ਅਤੇ ਬਾਲੜੀਆਂ ਰੋਜ਼ ਗੰਦੀਆਂ ਨਜ਼ਰਾਂ ਅਤੇ ਗੰਦੀਆਂ ਟਿਪਣੀਆਂ ਦੇ ਦਰਿਆ ਪਾਰ ਕਰਕੇ ਮੁਸ਼ਕਿਲ ਨਾਲ ਘਰਾਂ ਤੱਕ ਪਹੁੰਚ ਦੀਆਂ ਹਨ ਤੇ ਮਾਪਿਆਂ ਦੇ ਸਾਹਾਂ .ਚ ਸਾਹ ਆਉਂਦਾ ਹੈ। ਕੀ ਪਾਵਰ, ਪੈਸਾ ਅਤੇ ਪਸ਼ੂ ਪੁਣਾਂ ਇਕ ਦੂਜੇ ਦੇ ਪੂਰਕ ਹਨ? ਕਹਿੰਦੇ ਨੇ ਮਾਨਵ ਦੀ ਪੂਸ਼ ਭਾਵੇਂ ਲੁਪਤ ਹੋ ਗਈ ਹੈ ਪਰ ਉਸਦਾ ਪਸ਼ੂਪੁਣਾਂ ਉਸਦੇ ਸੁਭਾਅ, ਹਰਕਤਾਂ ਅਤੇ ਜਿਉਣ ਸ਼ੈਲੀ ‘ਚ ਰੜਕ ਰਿਹਾ ਹੈ।ਭਾਵੇਂ ਫਾਂਸੀ ਦੀ ਸਜਾ ਖਤਮ ਕਰਨ ਦੀਆਂ ਸ਼ਿਫਾਰਸ਼ਾ ਜ਼ੋਰਾਂ ‘ਤੇ ਹਨ , ਪਰ ਬਾਲੜੀਆਂ ਦੇ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਹੀ ਚਾਹੀਦੀ ਹੈ।

ਸਾਡੀਆਂ ਸੜਕਾਂ ‘ਤੇ ਮੌਤ ਦਾ ਤਾਂਡਵ ਰੋਜ਼ ਸਾਡੀਆਂ ਅਖਬਾਰਾਂ ਨੂੰ ਸੁਰਖ ਕਰਦਾ ਹੈ। ਇਕ ਮਿੰਟ ‘ਚ ਇਕ ਸੜਕ ਦੁਰਘਟਨਾ ਦੀ ਰੇਸ਼ੋ ਅਤੇ ਇਕ ਮਹੀਨਾ ਭਾਵ 30 ਦਿਨਾਂ ‘ਚ 32 ਮੌਤਾਂ ਦੀ ਖਬਰ ਜਿਥੇ ਸਾਡੇ ਰੌਂਗਟੇ ਖੜੇ ਕਰਦੀ ਹੈ, ੳੱਥੇ ਸੁਹਿਰਦ ਆਦਮੀ ਨੂੰ ਸੜਕ ‘ਤੇ ਪੈਰ ਧਰਨ ਤੋਂ ਵੀ ਡਰ ਲਗਦਾ ਹੈ, ਪਰ ਬੇਵਸੀ ‘ਚ ਇਸ ਸਿਸਟਮ ‘ਚ ਆਣਾ ਜਾਣਾ ਪੈ ਰਿਹਾ ਹੈ।ਲੋਕਾਂ ਅਤੇ ਪ੍ਰਸਾਸ਼ਨ ਅੱਗੇ ਵੱਡਾ ਸਵਾਲ ਹੈ ਕਿ ਅਸੀ ਲੋਕ ਚੰਡੀਗੜ ਅਤੇ ਹੋਰ ਸਿਸਟਮ ਪਸੰਦ ਸ਼ਹਿਰ ਜਾਂ ਬਾਹਰਲੇ ਦੇਸ਼ਾਂ ‘ਚ ਜਾ ਕੇ ਪੂਰੇ ਨਿਯਮਾਂ ਦੀ ਪਾਲਣਾ ਕਰਦੇ ਹਾਂ, ਕਿਉਂਕਿ ੳੱਥੇ ਕਾਨੂੰਨ ਵਿਵਸਥਾ ਜਿਊਂਦੀ ਹੈ, ਪ੍ਰਸਾਸ਼ਨ ਸਾਹ-ਸਤ ਹੈ। ਸ਼ਾਇਦ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਇਸਨੂੰ ਆਮਦਨ ਦੇ ਨਜ਼ਰੀਏ ਨਾਲ ਦੇਖਦਾ ਹੈ, ਸਰਕਾਰੀ ਖਜ਼ਾਨੇ ਨੂੰ ਭਰਨ ਲਈ ਪ੍ਰਸਾਸ਼ਨ ਨੂੰ ਟਾਰਗਟ ਦਿੱਤਾ ਜਾਂਦਾ ਹੈ।ਸਰਕਾਰੀ ਖਜ਼ਾਨੇ ਦੇ ਨਾ ਹੇਠ ਜਦੋਂ ਆਪਣਾ ਖਜ਼ਾਨਾ ਜ਼ਿਆਦਾ ਭਰਿਆ ਜਾਂਦਾ ਹੈ।18 ਸਾਲ ਤੱਕ ਡਰਾਈਵਿੰਗ ਲਾਈਸੈਂਸ ਨਹੀਂ ਬਣਦਾ ,ਪਰ ਸਭ ਤੋਂ ਵੱਧ ਇਸ ਉਮਰ ਤੋਂ ਘੱਟ ਵਾਲੇ ਵਾਹਨ ਚਲਾਉਂਦੇ ਨਜ਼ਰ ਆਉਂਦੇ ਹਨ। ਪ੍ਰਸਾਸ਼ਨ ਰੋਕੂ ਤੇ ਲੋਕ ਰੁਕਣਗੇ ਵਰਨਾ ਲੋਕਾਂ ਦਾ ਸੁਭਾਅ ਹੀ ਕਾਨੂੰਨ ਤੋੜਵਾਂ ਬਣ ਚੁੱਕਾ ਹੈ।ਲੋਕਾਂ ਨੂੰ ਸੜਕ ਨਿਯਮਾਂ ਬਾਰੇ ਹੋਰ ਦਸਣ ਦੀ ਲੋੜ ਹੈ ਅਤੇ ਸਰਕਾਰ ਅਤੇ ਪ੍ਰਸਾਸ਼ਨ ਲਾਅ ਐਂਡ ਆਰਡਰ ਦਾ ਲੜ ਫੜੇ ।ਸਿਰਫ ਚਲਾਨ ਕੱਟ ਕੇ ,ਪਰੇਸ਼ਾਨ ਕਰਕੇ ਨੋਟ ਫੜਨ ਦੀ ਨਿਤੀ ਹੀ ਨਾ ਰੱਖੀ ਜਾਵੇ।

ਸੀਨੀਅਰ ਸੀਟੀਜਨ ਜੋ ਦੇਸ਼ ਦਾ ਵੱਡਮੁਲਾ ਸਰਮਾਇਆ ਹਨ, ਹੁਣੇ ਹੁਣੇ ਉਹਨਾਂ ਦੇ ਆਦਰ ‘ਚ ਅਸੀ ਸੀਨੀਅਰ ਸੀਟੀਜਨ ਦਿਵਸ ਮਨਾਇਆ ਹੈ।ਪਰ ਸਮਾਜ ਦਾ ਇਹ ਆਦਰਨੀਯ ਵਰਗ ਜਿਥੇ ਪਰਿਵਾਰਕ ਅਤੇ ਮਾਨਸਿਕ ਪਰੇਸ਼ਾਨੀਆਂ ‘ਚੋ ਲ਼ੰਘ ਰਿਹਾ ਹੈ।ਉੱਥੇ ਸਮਾਜਿਕ ਅਸੁਰੱਖਿਆ ਵੀ ਨਾਮਾਤਰ ਰਹਿ ਗਈ ਹੈ।ਸਵਾਰਥਵਾਦ ,ਭੌਤਿਕਵਾਦ ਅਤੇ ਗਲੈਮਰ ਵਰਲਡ ਨੇ ਸਾਡੇ ਸਮਾਜ , ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ।ਰੋਜ਼ਮਰਾ ਜ਼ਿੰਦਗੀ ‘ਚ ਬਜ਼ੁਰਗਾਂ ਨਾਲ ਵਾਪਰ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਹਨ। ਲੁੱਟਾਂ-ਖੋਹਾਂ , ਕਤਲੋਗ਼ਾਰਤ ਅਤੇ ਠੱਗੀ-ਠੋਰੀ ਦੀਆਂ ਵਾਰਦਾਤਾਂ ਬਜ਼ੁਰਗਾਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ।ਜਨਤਕ ਸਥਾਨਾਂ ਅਤੇ ਦਫਤਰਾਂ ਆਦਿ ‘ਚ ਇਹ ਵੱਡਾ ਵਰਗ ਮਜ਼ਾਕ ਬਣਾਏ ਜਾਂਦੇ ਹਨ।

ਭਾਰਤ ਵਿਚ ਅਸੁਰੱਖਿਆ ਦੀ ਲੜੀ ਬਹੁਤ ਲੰਮੀ ਹੈ।ਕਿਸਾਨ ਅਤੇ ਕਿਸਾਨੀ ਹਾਸ਼ੀਏ ‘ਤੇ ਵਿਲਕ ਰਹੀ ਹੈ।ਵੋਟਾਂ ਦੀ ਰਾਜਨੀਤੀ ‘ਚ ਅੱਖਲਾਕ ਵਰਗੇ ਅਤੇ ਸਟੇਨ ਗਰਾਮ ਮਿਸ਼ਨਰੀਆਂ ਵਰਗੇ ਲੋਕ ਰੋਜ਼ ਸਿਸਟਮ ਦੀ ਬਲੀ ਚੜ ਰਹੇ ਹਨ।ਘੱਟ ਗਿਣਤੀ ਵਰਗ ਆਰ ਵੀ ਪਾਰ ਵੀ ਸਹਿਮ ਦਾ ਜੀਵਨ ਬਤੀਤ ਕਰ ਰਿਹਾ ਹੈ।ਬਾਲੜੀਆਂ ਅਤੇ ਬੱਚੇ ਸ਼ਰੇਆਮ ਉਠਾ ਲਏ ਜਾਂਦੇ,ਬਲੀਆਂ ਚੜਾਏ ਜਾਂਦੇ ਜਾਂ ਅੰਗ ਕੱਟ ਕੇ ਮੰਗਣ ਲਈ ਲਾ ਦਿੱਤੇ ਜਾਂਦੇ।ਬੇਰੋਜ਼ਗਾਰੀ, ਗ਼ਰੀਬੀ, ਭੁੱਖਮਰੀ ਅਤੇ ਬੀਮਾਰੀਆਂ ਦੀ ਅਸੁਰੱਖਿਆ ਸਥਾਈ ਬਣਦੀ ਜਾ ਰਹੀ ਹੈ।ਕੁਝ ਭ੍ਰਿਸਟ , ਖੁਦਗ਼ਰਜ਼ , ਸਵਾਰਥੀ ਅਤੇ ਮੌਕਾਪ੍ਰਸਤ ਲੋਕਾਂ, ਨੇਤਾਵਾਂ ,ਅਫਸਰਾਂ ਅਤੇ ਕਰਮਚਾਰੀਆਂ ਕਾਰਨ 125 ਕਰੋੜ ਲੋਕ ਅਸੁਰੱਖਿਆ ਦਾ ਜੀਵਨ ਬਿਤਾ ਰਹੇ ਹਨ।ਸਾਫ ਨਿਯਤ ਅਤੇ ਦੇਸ਼ ਭਾਵਨਾ ਨਾਲ ਫਰਜ਼ਾਂ ‘ਤੇ ਪਹਿਰਾ ਦੇਣ ਦੀ ਲੋੜ ਹੈ।

ਸੰਪਰਕ: +91 98782 61522

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ