Fri, 19 July 2024
Your Visitor Number :-   7196111
SuhisaverSuhisaver Suhisaver

ਆਓ ਯੁੱਗ ਪੁਰਸ਼ਾਂ ਨੂੰ ਦੱਸੀਏ ਕਿ ਹੁਣ ਅਸੀ ਉਹ ਨਹੀਂ ਰਹੇ -ਗੁਰਚਰਨ ਸਿੰਘ ਪੱਖੋਕਲਾਂ

Posted on:- 22-04-2016

suhisaver

ਵਕਤ ਇਨਸਾਨ ਨੂੰ ਕਿੰਨਾਂ ਕੁ ਬਦਲ ਦਿੰਦਾ ਹੈ, ਇਹ ਉਸਦੇ ਕੰਮਾਂ ਤੋਂ ਪਤਾ ਚਲਦਾ ਹੈ ਬੋਲਣ ਦੱਸਣ ਨਾਲ ਕੋਈ ਵਧੀਆਂ ਘਟੀਆ ਨਹੀਂ ਬਣ ਜਾਂਦਾ। ਇੱਥੇ ਅਮਲਾਂ ਤੇ ਹੁੰਦੇ ਨੇ ਨਬੇੜੇ ਬਾਤ ਜਾਂ ਜਾਤ ਕਿਸੇ ਪੁੱਛਣੀ ਨਹੀਂ। ਯੁੱਗ ਪੁਰਸ਼ਾਂ ਦੀਆਂ ਰੱਖੀਆਂ ਮਜਬੂਤ ਨੀਹਾਂ ਵਾਲੀਆਂ ਕੰਧਾਂ ਦੀਆਂ ਜੜਾਂ ਰਾਜਸੱਤਾ ਕਿਵੇਂ  ਖੋਖਲਾ ਕਰ ਦਿੰਦੀ ਹੈ ਪਤਾ ਹੀ ਨਹੀਂ ਚਲਦਾ। ਪਿਛਲੇ ਦਿਨੀਂ 1947 ਦੇ ਫਸਾਦਾਂ ਤੇ ਇੱਕ ਵੱਡ ਅਕਾਰੀ ਪੁਸਤਕ ਪੜਦਿਆਂ ਅਤੇ ਆਮ ਜ਼ਿੰਦਗੀ ਵਿੱਚ ਬਜ਼ੁਰਗਾਂ ਤੋਂ ਦਰਦ ਭਰੀਆਂ ਕਹਾਣੀਆਂ ਸੁਣਦਿਆਂ ਗੁਰੂਆਂ ਪੀਰਾਂ ਫਕੀਰਾਂ ਦੀ ਵਰੋਸਾਈ ਸਿੱਖ ਕੌਮ ਦਾ ਅਸਲੀ ਨਹੀਂ ਪਰ ਇੱਕ ਰਾਜਨੀਤਕਾਂ ਦੁਆਰਾ ਤਿਆਰ ਨਕਲੀ ਧੜੇ ਦੀ ਪੈਦਾਇਸ਼ ਕਿਸ ਤਰ੍ਹਾਂ ਆਪਣੇ ਮੂਲ ਖਾਸੇ ਨਾਲੋਂ ਟੁੱਟਕੇ ਲੁਟੇਰੀ, ਧਾੜਵੀ, ਇੱਜ਼ਤਾਂ ਲੁੱਟਣ ਵਾਲੀ ਅਤੇ ਜਰਾਇਮ ਪੇਸ਼ਾ ਬਣਦੀ ਦਿਖਾਈ ਦਿੰਦੀ ਹੈ ਅਤਿ ਹੈਰਾਨੀ ਜਨਕ ਹੈ।

ਅਸਲ ਵਿੱਚ ਇਹ ਗੁਰੂਆਂ ਦੇ ਰਸਤੇ ਉੱਪਰ ਤੁਰਨ ਵਾਲਿਆਂ ਦੀ ਹਾਰ ਅਤੇ ਜਾਲਮ ਰਾਜਸੱਤਾ ਦੁਆਰਾ ਖੜੀ ਕੀਤੀ ਗਈ ਨਕਲੀ ਫੌਜ ਦੇ ਕਾਰਨ ਹੁੰਦਾ ਹੈ। ਲੋਕ ਹਿੱਤਾਂ ਦੇ ਅਲੰਬਰਦਾਰ ਅਸਲੀ ਲੋਕ ਤਾਂ ਕਦੇ ਵੀ ਆਪਣੇ ਰਹਿਬਰਾਂ ਦੇ ਉਪਦੇਸਾਂ ਤੋਂ ਮੁਨਕਰ ਨਹੀਂ ਹੁੰਦੇ ਪਰ ਰਾਜਸੱਤਾ ਦੁਆਰਾ ਤਿਆਰ ਕੀਤੇ ਨਕਲੀ ਭੇਖੀ ਦੁਸ਼ਟ ਲੋਕ ਗੁਰੂਆਂ ਦੇ ਦਿੱਤੇ ਬਾਣੇ ਪਹਿਨਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।

ਪਿਛਲੇ ਦਿਨੀ ਇੱਕ 90 ਸਾਲਾਂ ਬਜ਼ੁਰਗ ਸਿੱਖ ਔਰਤ ਦੇ ਭੋਗ ਤੇ ਜਾਣ ਦਾ ਮੌਕਾ ਮਿਲਿਆ ਜੋ 1947 ਵਿੱਚ ਕਿਸੇ ਮੁਸਲਮਾਨ ਪਰਿਵਾਰ ਦੀ ਧੀ ਸੀ ਅਤੇ ਗੁਰੂਆਂ ਦੀ ਸੋਚ ਤੋਂ ਵਿਹੂਣੇ ਲੋਕਾਂ ਜਬਰੀ ਆਪਣੇ ਘਰ ਪਤਨੀ ਬਣਾਕਿ ਰੱਖ ਲਈ ਸੀ। ਉਸਦੀ ਅੰਤਿਮ ਅਰਦਾਸ ਤੇ ਮੇਰੇ ਮਨ ਵਿੱਚ ਉਸਦੀ ਇਤਿਹਾਸ ਵਿੱਚ ਲਹੂ ਭਿੱਜੀ ਕੁਰਬਾਨੀ ਅਤੇ ਤਿਆਗ ਦੀ ਵਿਸਾਲ ਸੂਰਤ ਦਿਖਾਈ ਦੇ ਰਹੀ ਸੀ ਅਤੇ ਉਸ ਵਰਗੀਆਂ ਹਜ਼ਾਰਾਂ ਧੀਆਂ ਭੈਣਾਂ ਮਾਵਾਂ ਦੀਆਂ ਰੂਹਾਂ ਦਿਖਾਈ ਦੇ ਰਹੀਆਂ ਸਨ ਜਿਹਨਾਂ ਉਸ ਮਾੜੇ ਵਕਤ ਇਹ ਹੋਣੀ ਝੱਲੀ ਸੀ। ਇਸਦੇ ਪੇਟ ਵਿੱਚੋਂ ਪੈਦਾ ਹੋਇਆ ਪੰਜ ਪੁੱਤਰਾਂ ਅਤੇ ਪੰਦਰਾਂ ਕੁ ਪੋਤੀ ਪੋਤਰਿਆਂ ਦਾ ਵਿਸਾਲ ਸਿੱਖ ਕੁਨਬਾ ਉਸਦੀ ਦਰਦ ਭਰੀ ਜ਼ਿੰਦਗੀ ਵਿੱਚੋਂ ਪੈਦਾ ਹੋਣਾਂ ਕੁਦਰਤ ਦੇ ਵਚਿੱਤਰ ਵਰਤਾਰੇ ਦੀ ਕਹਾਣੀ ਕਹਿ ਰਿਹਾ ਸੀ। 1947 ਦੀ ਅਜ਼ਾਦੀ ਕੋਈ 102 ਫਾਂਸੀਆਂ ਜਾਂ ਹਜ਼ਾਰਾਂ ਕਤਲਾਂ ਦੀ ਬਦੌਲਤ ਹੀ ਨਹੀਂ ਮਿਲੀ ਸੀ ਬਲਕਿ ਇਸ ਅਜ਼ਾਦੀ ਦਾ ਪਹਿਲਾ ਦਿਨ ਦੇਖਣ ਤੋਂ ਪਹਿਲਾਂ ਹੀ ਦੰਗੇ ਫਸਾਦ ਸ਼ੁਰੂ ਹੋ ਗਏ ਸਨ ਜੋ ਮਹੀਨਾਂ ਭਰ ਬਾਅਦ ਤੱਕ ਚਲਦੇ ਰਹੇ ਅਤੇ ਜਿਸ ਵਿੱਚ ਖਾਸ ਕਰ ਪੰਜਾਬੀਆਂ ਨੇ ਅੱਠ ਲੱਖ ਦੇ ਕਰੀਬ ਜਾਨਾਂ ਦੀ ਬਲੀ ਦਿੱਤੀ ਸੀ। ਇਸ ਬਲੀ ਦੇ ਵਿੱਚ ਚਾਰ ਲੱਖ ਮੁਸਲਮਾਨ ਅਤੇ ਚਾਰ ਲੱਖ ਹਿੰਦੂ ਸਿੱਖ ਸ਼ਾਮਲ ਸਨ। ਇਸ ਅਜ਼ਾਦੀ ਦਾ ਫਾਇਦਾ ਤਾਂ ਰਾਜਨੀਤਕਾਂ ਅਤੇ ਲੁਟੇਰਿਆਂ ਡਾਕੂਆਂ ਗੁੰਡਿਆਂ ਨੇ ਉਠਾਇਆ ਪਰ ਸ਼ਰੀਫ ਆਮ ਲੋਕ ਉਸਦਾ ਸੰਤਾਪ ਅੱਜ ਤੱਕ ਹੰਢਾ ਰਹੇ ਹਨ।
                                     
ਦੁਨੀਆਂ ਦੀ ਸਭ ਤੋਂ ਨਵੀਂ ਕੌਮ ਸਿੱਖ ਕੌਮ ਜੋ ਨਿਤਾਣੇ ਦਾ ਤਾਣ ਨਿਉਟੇ ਦੀ ਉਟ ਨਿਮਾਣੇ ਦਾ ਮਾਣ ਬਣਦੀ ਹੈ ਨੇ ਆਪਣੇ ਇਸ ਗੁਰ ਉਪਦੇਸ ਨੂੰ ਪਿੱਠ ਦਿਖਾਕੇ ਰਾਜਨੀਤਕਾਂ ਦੀ ਜ਼ਹਿਰ ਭਰੀ ਚਾਲ ਵਿੱਚ ਸ਼ਾਮਲ ਹੋਕੇ ਜੋ ਗੁੱਲ ਖਿਡਾਏ ਸਨ ਉਹ ਅੱਜ ਵੀ ਸਾਨੂੰ ਸ਼ਰਮਸਾਰ ਕਰਦੇ ਹਨ। ਇਹੋ ਜਿਹੇ ਕਹਿਰ ਦੇ ਸਮਿਆਂ ਵਿੱਚ ਗੁਰੂ ਕਾਲ ਅਤੇ ਉਸਤੋਂ ਬਾਅਦ ਲੰਬਾ ਸਮਾਂ ਸਿੱਖ ਕੌਮ ਅਤੇ ਖਾਲਸਾ ਫੌਜ ਨੇ ਨਿਮਾਣਿਆਂ ਨਿਤਾਣਿਆਂ ਨਿਉਟਿਆਂ ਅਤੇ ਗਊ ਗਰੀਬ ਦੀ ਰੱਖਿਆ ਕਰਨ ਲਈ ਲਾਮਿਸਾਲ ਕੁਰਬਾਨੀਆਂ ਕਰਕੇ ਇਤਿਹਾਸ ਰਚਿਆ ਸੀ ਪਰ ਜਿਉਂ ਹੀ ਇਸ ਕੌਮ ਦੇ ਆਗੂ ਰਾਜਨੀਤਕ ਲੋਕ ਜੋ ਗੋਰੇ ਅਤੇ ਕਾਲੇ ਅੰਗਰੇਜ਼ਾਂ ਦੇ ਏਜੰਟ ਬਣੇ ਅਤੇ ਉਹਨਾਂ ਇਸ ਕੌਮ ਵਿੱਚੋਂ ਹੀ ਇਸਦੇ ਬਰਾਬਰ ਇੱਕ ਗੁਰੂਆਂ ਦੀ ਸੋਚ ਤੋਂ ਵਿਹੂਣੀ ਨਕਲੀ ਕੌਮ ਤਿਆਰ ਕਰ ਲਈ ਸੀ ਜਿਸਨੇ 1947 ਵਿੱਚ ਧੀਆਂ ਭੈਣਾਂ ਦੀ ਰੱਖਿਆ ਕਰਨ ਦੀ ਥਾਂ ਇੱਜ਼ਤਾਂ ਲੁਟੀਆਂ ਸਨ ਅਤੇ ਗੁਰੂਆਂ ਦਾ ਨਾਂ ਬਦਨਾਮ ਕੀਤਾ ਸੀ ਅਤੇ ਅੱਜ ਤੱਕ ਵੀ ਉਹਨਾਂ ਬੇਇਖਲਾਕੇ ਲੋਕਾਂ ਦੇ ਵਾਰਿਸ ਆਗੂ ਬਣੇ ਬੈਠੇ ਹਨ ਸਰਕਾਰਾਂ ਅਤੇ ਰਾਜਨੀਤਕਾਂ ਦੀ ਸਹਿ ਤੇ।

ਇਹੋ ਜਿਹੇ ਲੋਕ ਅੱਜ ਵੀ ਜ਼ਹਿਰਾਂ ਭਰੀ ਨਫਰਤ ਦੀ ਖੇਤੀ ਲਗਾਤਰ ਕਰਦੇ ਹੋਏ ਨਵੇਂ ਬੀਆਂ ਨੂੰ ਬੀਜਦੇ ਰਹਿੰਦੇ ਹਨ ਪਰ ਧੰਨ ਹਨ ਉਹ ਕੁੱਝ ਲੋਕ ਜੋ ਗੁਰੂਆਂ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰਦੇ ਰਹਿੰਦੇ ਹਨ। ਇਹੋ ਜਿਹੇ ਉੱਚ ਕਿਰਦਾਰ ਦੇ ਲੋਕਾਂ ਨੇ 1947 ਦੇ ਕਹਿਰ ਭਰੇ ਸਮੇਂ ਵੀ ਇਨਸਾਨੀਅਤ ਲਈ ਗੁਰੂਆਂ ਦੀ ਸੋਚ ਦਾ ਦੀਵਾ ਜਗਦਾ ਰੱਖਿਆ ਸੀ। ਬੇਇਖਲਾਕੇ ਲੋਕਾਂ ਦੇ ਵਾਰਿਸਾਂ ਨੇ ਅੱਸੀਵਿਆਂ ਦੇ ਦੌਰ ਤੱਕ ਪਹੁੰਚਦਿਆਂ ਪੰਜਾਬ ਅਤੇ ਪੰਜਾਬੀਆਂ ਲਈਆਂ ਜੂਝਣ ਵਾਲੇ ਸਿੱਖ ਯੋਧਿਆਂ ਨੂੰ ਬਦਨਾਮ ਕਰਨ ਲਈ ਸਿੱਖ ਘਰਾਂ ਵਿੱਚ ਜੰਮੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ । ਅਜੀਤ ਸਿੰਘ ਪੂਹਲਾ ਅਤੇ ਅਨੇਕਾਂ ਪੁਲਸੀਆਂ ਕੈਟ ਕਿਸਮ ਦੇ ਲੋਕਾਂ ਨੇ ਹਿੰਦੂ ਸਿੱਖ ਅਤੇ ਇੱਥੋਂ ਤੱਕ ਕਿ ਪੁਲੀਸ ਵਾਲੇ ਸਿੱਖ ਪਰਿਵਾਰਾਂ ਦੀਆਂ ਇੱਜਤਾਂ ਰੋਲਣ ਦਾ ਕੰਮ ਵੀ ਖੂਬ ਧੜੱਲੇ ਨਾਲ ਕੀਤਾ ਸੀ। ਇਸ ਤਰ੍ਹਾਂ ਦੇ ਕਾਰੇ ਕਰਨ ਵਾਲੇ ਏਜੰਸੀਆਂ ਦੇ ਬੰਦੇ ਵੀ ਸਿੱਖ ਘਰਾਂ ਦੇ ਜੰਮੇ ਜਾਏ ਸਨ। ਇਹੋ ਜਿਹੇ ਲੋਕਾਂ ਵਿੱਚ ਅਨੇਕਾਂ ਮਾੜੇ ਲੋਕ ਅੱਜ ਵੀ ਰਾਜਗੱਦੀਆਂ ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਸਿੱਖ ਕੌਮ ਦੇ ਰਹਿਬਰ ਵੀ ਬਣੇ ਹੋਏ ਹਨ।
                         
ਵਰਤਮਾਨ ਸਮੇਂ ਸਿੱਖ ਕੌਮ ਜੋ ਹਿੰਦੁਸਤਾਨ ਦੀ ਸ਼ਾਨ ਹੋਣੀ ਚਾਹੀਦੀ ਸੀ ਕਿਸ ਤਰ੍ਹਾਂ ਹੱਥ ਅੱਡਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਰਤੀ ਲੋਕਾਂ ਦਾ ਗੁਰੂਆਂ ਦਾ ਵਰੋਸਾਇਆ ਪੰਜਾਬ ਘਸਿਆਰਾ ਬਣਾਇਆ ਜਾ ਰਿਹਾ ਹੈ। ਆਪਣੇ ਵਿੱਚੋਂ ਇਮਾਨਦਾਰ ਅਗਵਾਈ ਪੈਦਾ ਕਰਨ ਤੋਂ ਨਿਪੁੰਸਕ ਕੀਤਾ ਜਾ ਰਿਹਾ ਹੈ, ਦੂਸਰਿਆਂ ਸੂਬਿਆਂ ਦੇ ਆਗੂ ਇਸਦੀ ਅਗਵਾਈ ਹੱਥਾ ਵਿੱਚ ਲੈਣ ਜਾ ਰਹੇ ਹਨ, ਪੰਜਾਬੀਆਂ ਲਈ ਡੁੱਬ ਮਰਨ ਵਾਲੀ ਗੱਲ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵਾਲੇ ਨਾਹਰੇ ਵਾਲੀ ਕੌਮ ਨੂੰ ਦਿੱਲੀ ਯੂਪੀ ਅਤੇ ਬਿਹਾਰੀ ਲੋਕ ਕਾਬਜ਼ ਹੋਣ ਦੇ ਦਮ ਭਰ ਰਹੇ ਹਨ ਕੀ ਅਸੀਂ ਸੱਚਮੁੱਚ ਹੀ ਗੁਰੂਆਂ ਦੀ ਸੋਚ ਨੂੰ ਬੇਦਾਵਾ ਲਿਖ ਦਿੱਤਾ ਹੈ? ਕੀ ਪੰਜਾਬੀ ਪੰਜਾਬ ਵਿੱਚੋਂ ਹੀ ਨਵੀਂ ਅਗਵਾਈ ਪੈਦਾ ਕਰਨ ਦੇ ਯੋਗ ਨਹੀਂ ਰਹੇ? ਕੀ ਅਸੀ ਸਾਡੇ ਰਾਹੋਂ ਭਟਕੇ ਅਤੇ ਵਿਗੜੇ ਆਗੂਆਂ ਨੂੰ ਸਬਕ ਸਿਖਾਉਣ ਤੋਂ ਵੀ ਅਸਮਰਥ ਕਰ ਦਿੱਤੇ ਗਏ ਹਾਂ? ਜੇ ਇਸ ਤਰ੍ਹਾਂ ਸੱਚ ਮੁੱਚ ਹੀ ਹੋਣ ਜਾ ਰਿਹਾ ਹੈ ਤਦ ਸਾਨੂੰ ਆਪਣੇ ਗੁਰੂਆਂ ਫਕੀਰਾਂ ਨੂੰ ਕਹਿ ਹੀ ਦੇਣਾਂ ਚਾਹੀਦਾ ਹੈ ਕਿ ਹੁਣ ਅਸੀਂ ਉਹ ਨਹੀਂ ਰਹੇ ਅਸੀਂ ਸੱਚਮੁੱਚ ਹੀ ਬਦਲ ਗਏ ਹਾਂ ?

ਸੰਪਰਕ: +91 94177 27245  

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ