Mon, 15 July 2024
Your Visitor Number :-   7187250
SuhisaverSuhisaver Suhisaver

ਸਭ ਤੋਂ ਵੱਡੇ ਬੀਫ ਨਿਰਯਾਤਕ ਦਾ ਸ਼ਾਕਾਹਾਰ - ਕ੍ਰਿਸ਼ਣਕਾਂਤ

Posted on:- 08-10-2015

suhisaver

ਅਨੁਵਾਦ: ਮਨਦੀਪ
ਈ-ਮੇਲ: [email protected]


ਦਾਦਰੀ ਹੱਤਿਆ ਕਾਂਢ

ਨੋਟ: 28 ਸਤੰਬਰ ਦੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਦੇ ਪਿੰਡ ਬਿਸਾੜਾ ’ਚ ਫਿਰਕੂ ਭੀੜ ਵੱਲੋਂ 50 ਸਾਲਾ ਮੁਹੰਮਦ ਅਖਲਾਕ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦੇਣ ਤੇ ਉਸਦੇ ਬੇਟੇ ਦਾਨਿਸ਼ ਨੂੰ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਜ਼ਖ਼ਮੀ ਕਰਨ ਦੀ ਦਰਦਨਾਕ ਘਟਨਾ ਨੇ ਪੂਰੇ ਦੇਸ਼ ਦੇ ਸੰਵੇਦਨਸ਼ੀਲ ਲੋਕਾਂ ਦੀ ਸੰਵੇਦਨਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਿਆਸਤ ਤੇ ਫਿਰਕੂ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਇਸ ਕਤਲ ਦਾ ਕਾਰਨ ਮੁਹੰਮਦ ਦੇ ਘਰ ਗਊ ਮਾਸ ਪੱਕਣ ਦੀ ਅਫਵਾਹ ਬਣਿਆ। ਇਹ ਕਤਲ ਦੇਸ਼ ਦੀ ਸੱਤਾ ਤੇ ਬਿਰਾਜਮਾਨ ਹਿੰਦੂਤਵੀ ਸਰਕਾਰ ਦੀ ਫਿਰਕੂ ਤਾਨਸ਼ਾਹੀ ਵੱਲੋਂ ਇਕ ਘੱਟ ਗਿਣਤੀ ਦੇ ਵਿਅਕਤੀ ਦਾ ਕਤਲ ਹੈ।

ਇਸ ਕਤਲ ਦੇ 11 ਦੋਸ਼ੀਆਂ ’ਚੋਂ ਇਕ ਭਾਜਪਾ ਦੇ ਸਥਾਨਕ ਆਗੂ ਦਾ ਲੜਕਾ ਹੈ। ਇਸ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਰਾਜਤਸੱਤਾ, ਉਸਦੇ ਸਿਆਸੀ ਵਿੰਗ ਆਰਐਸਐਸ ਸਮੇਤ ਹੋਰ ਫਿਰਕੂ ਦਲ ਤੇ ਫਿਰਕੂ ਅਧਾਰ ਤੇ ਭੜਕਾਈ ਗਈ ਭੀੜ ਸ਼ੁਮਾਰ ਹੈ।

ਇਹ ਮੁਹੰਮਦ ਅਖਲਕ ਦੀ ਹੀ ਨਹੀਂ ਸਗੋਂ ਦੇਸ਼ ਦੀ ਸੱਤਾ ਦੇ ਸਿਆਸੀ ਇਖਲਾਕ ਦੀ ਵੀ ਮੌਤ ਹੈ। ਇਕ ਜਾਨਵਰ ਜਿਸਦੀ ਵਰਤੋਂ ਭਾਰਤੀ ਸੰਸਕ੍ਰਿਤੀ ਵਿਚ ਘਰੇਲੂ ਤੇ ਖੇਤੀ ਦੇ ਕੰਮਾਂ ਤੋਂ ਲੈ ਕੇ ਮਾਸ, ਦੁੱਧ ਦੇਣ, ਲਹੂ ਤੇ ਹੱਡੀਆਂ ਤੋਂ ਤਿਆਰ ਕੀਤੇ ਵੱਖ ਵੱਖ ਪਦਾਰਥਾਂ ਲਈ ਹੁੰਦੀ ਹੈ, ਜਿਸਦੀ ਗਵਾਹੀ ਖੁਦ ਹਿੰਦੂ ਧਰਮ ਦੇ ਪੁਰਾਤਨ ਧਾਰਮਿਕ ਗ੍ਰੰਥ ਭਰਦੇ ਹਨ, ਜਿਸਦੀ ਬਲੀ ਖੁਦ ਹਿੰਦੂ ਬ੍ਰਹਮਣਾਂ ਵੱਲੋਂ ਦੇਣ ਦੇ ਵੇਰਵੇ ਦਰਜ ਹਨ, ਦੇ ਮਾਰੇ ਜਾਣ ਦੀ ਕੇਵਲ ਅਫਵਾਹ ਕਾਰਨ ਹੀ ਇਕ ਨਿਰਦੋਸ਼ ਵਿਅਕਤੀ ਦੀ ਜਾਨ ਲੈ ਲੈਣੀ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਦੇ ਤੁੱਲ ਹੈ। ਇਹ ਕਤਲ ਆਧੁਨਿਕ ਮਨੁੱਖੀ ਸੱਭਿਅਤਾ ਅਤੇ ਦੇਸ਼ ਦੇ ਹਾਕਮਾਂ ਦੇ ‘ਡਿਜੀਟਲ ਭਾਰਤ’ ਦੇ ਮੂੰਹ ਤੇ ਵੱਜੀ ਚਪੇੜ ਹੈ। ਇਹ ਮੌਜੂਦਾ ਭਾਰਤੀ ਰਾਜਸੱਤਾ ਦੇ ਦੋਗਲੇਪਣ ਦਾ ਪ੍ਰਗਟਾਵਾ ਹੈ ਕਿ ਜਿੱਥੇ ਇਕ ਪਾਸੇ ਉਹ ਦੇਸੀ ਬਦੇਸ਼ੀ ਕਾਰਪੋਰੇਟ ਪੱਖੀ ਨਵੀਆਂ ਆਰਥਿਕ ਨੀਤੀਆਂ ਦੇ ਏਜੰਡੇ ਨੂੰ ਲੈ ਕੇ ਚੱਲਦੇ ਹੋਏ ਕਾਰਪੋਰੇਟ ਸੈਕਟਰ ਅਤੇ ਹੋਰ ਵੱਡੇ ਵਪਾਰਕ ਘਰਾਣਿਆਂ ਵੱਲੋਂ ਗਾਂ ਦੇ ਮਾਸ ਦੇ ਕਾਰੋਬਾਰ ਨੂੰ ਕਾਨੂੰਨਨ ਮਾਨਤਾ ਦੇ ਰਹੇ ਹਨ, ਉਸਦੇ ਸਰੀਰ ਦੇ ਹੋਰ ਅੰਗਾਂ ਦੀ ਲੈਦਰ, ਟਾਇਰ, ਖੇਡਾਂ ਦਾ ਸਮਾਨ, ਸੰਗੀਤ ਦਾ ਸਾਜੋ ਸਮਾਨ, ਬੈਲਟਾਂ ਆਦਿ ਬਣਾਏ ਜਾ ਰਹੇ ਹਨ ਅਤੇ ਇਸ ਕਾਰੋਬਾਰ ਨੂੰ ਮੁਨਾਫੇ ਹਾਸਲ ਕਰਨ ਤੇ ਮੋਟੇ ਚੋਣ ਫੰਡ ਲੈਣ ਲਈ ਖੁੱਲ੍ਹ ਦਿੱਤੀ ਜਾ ਰਹੀ ਉੱਥੇ ਦੂਜੇ ਪਾਸੇ ਹਿੰਦੂਤਵੀ ਪਿਛਾਖੜੀ ਤਾਕਤਾਂ ਨੂੰ ਸ਼ਹਿ ਦੇ ਕੇ ਮੱਧਯੁੱਗੀ ਵਿਚਾਰਧਾਰਾ ਨੂੰ ਫੈਲਾਅ ਕੇ ਲੋਕਾਂ ਵਿਚ ਫਿਰਕੂ ਜ਼ਹਿਰ ਫੈਲਾਈ ਜਾ ਰਹੀ ਹੈ। ਇਹ ਦੋਗਲਾ ਕਿਰਦਾਰ ਪੂੰਜੀਵਾਦੀ ਸਿਆਸਤ ਅਤੇ ਧਾਰਮਿਕ ਫਿਰਕਾਪ੍ਰਸਤੀ ਦੇ ਗੂੜੇ ਰਿਸ਼ਤੇ ਦਾ ਪ੍ਰਤੀਕ ਹੈ।

ਇਸ ਕਰਦਨਾਕ ਕਤਲ ਕਾਂਢ ਤੋਂ ਬਾਅਦ ਦੇਸ਼ ਦੇ ਘੱਟ ਗਿਣਤੀ ਅਤੇ ਸੰਵੇਦਨਸ਼ੀਲ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਣ ਲਈ ਇਕ ਤੋਂ ਬਾਅਦ ਇਕ ਸਿਆਸੀ ਨੇਤਾਵਾਂ ਅਤੇ ਹਿੰਦੂਤਵੀ ਫਿਰਕਾਪ੍ਰਸਤਾਂ ਨੇ ਜ਼ਹਿਰਲੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ। ਸਾਧਵੀਂ ਪ੍ਰਾਚੀ ਨੇ ਦਾਦਰੀ ਕਾਂਢ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਜੋ ਗਾਂ ਦਾ ਮਾਸ ਖਾਂਧੇ ਹਨ ਉਹ ਇਸੇ ਲਾਇਕ ਹਨ। ਬੀਜੇਪੀ ਦੇ ਐਮ ਪੀ ਸ਼ਾਕਸ਼ੀ ਮਹਾਰਾਜ ਨੇ ਕਿਹਾ ਕਿ “ਜੇਕਰ ਕੋਈ ਸਾਡੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਚੁੱਪ ਨਹੀਂ ਰਹਾਂਗੇ। ਅਸੀਂ ਮਰਨ ਮਾਰਨ ਲਈ ਤਿਆਰ ਹਾਂ।” ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਕਵੀ ਨੇ ਗਾਂ ਦਾ ਮਾਸ ਖਾਣ ਵਾਲ਼ਿਆਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਸੀ। ਇਨ੍ਹਾਂ ਬਿਆਨਾਂ ਤੋਂ ਭਾਰਤ ਨੂੰ ਹਿੰਦੂਤਵੀ ਲੀਹਾਂ ਤੇ ਢਾਲਣ ਦੇ ਮਨਸ਼ੇ ਸਪੱਸ਼ਟ ਹੋ ਜਾਂਦੇ ਹਨ।

ਪ੍ਰੰਤੂ ਤਸਵੀਰ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਦੇਸ਼ ਤੇ ਦੁਨੀਆਂ ਭਰ ਵਿਚ ਅਗਾਂਹਵਧੂ ਬੁੱਧੀਜੀਵੀ, ਲੇਖਕ, ਵਿਦਿਆਰਥੀ ਆਦਿ ਇਸ ਬਰਬਰ ਹੱਤਿਆ ਕਾਂਢ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਕਈ ਵੱਡੀਆਂ ਹਸਤੀਆਂ ਨੇ ਇਸਦੀ ਸਖਤ ਨਿੰਦਾ ਕੀਤੀ ਹੈ। ਕਈਆਂ ਨੇ ਆਪਣੇ ਮਾਣ ਸਨਮਾਣ ਵਾਪਸ ਕੀਤੇ ਹਨ। ਕੇਰਲਾ ਦੇ ਵਿਦਿਆਰਥੀਆਂ ਨੇ ਕੈਂਪਸ ਅੰਦਰ ਗਊ ਮਾਸ ਵੰਡ ਕੇ ਤੇ ਸਮੂਹਿਕ ਤੌਰ ਤੇ ਗਊ ਮਾਸ ਖਾ ਕੇ ਖਾਣ ਪੀਣ ਦੀ ਅਜਾਦੀ ਦਾ ਪ੍ਰਗਟਾਵਾ ਕੀਤਾ ਅਤੇ ਦਾਦਰੀ ਕਾਂਢ ਦੀ ਨਿੰਦਾ ਕੀਤੀ। ਇਸ ਤੋਂ ਬਿਨਾਂ ਪ੍ਰਸਿੱਧ ਲੇਖਕਾ ਸ਼ੋਭਾ ਡੇ, ਸਾਬਕਾ ਚੀਫ ਜਸਟਿਸ ਮਾਰਕੰਡੇ ਕਟਜੂ, ਪ੍ਰਸਿੱਧ ਲੇਖਕਾ ਨਯਨਤਾਰਾ ਸਹਿਗਲ ਨੇ ਹਿੰਦੂਵਾਦੀ ਫਿਰਕਾਪ੍ਰਸਤਾਂ ਖਿਲਾਫ ਆਪਣੇ ਸਖਤ ਬਿਆਨ ਦਿੱਤੇ ਅਤੇ ਨਯਨਤਾਰਾ ਸਹਿਗਲ ਨੇ ਤਾਂ ਇਸ ਘਟਨਾ ਦੇ ਰੋਸ ਵਜੋਂ ਆਪਣਾ ਸਾਹਿਤ ਅਕਾਦਮੀ ਪੁਰਸ਼ਕਾਰ ਵੀ ਵਾਪਸ ਕਰਨ ਦੀ ਦਲੇਰੀ ਵਿਖਾਈ ਹੈ।

ਗਊ ਰੱਖਿਆ ਦੇ ਨਾਮ ਤੇ ਸਰਕਾਰ ਨੇ ਗੁੰਡੇ ਭਰਤੀ ਕੀਤੇ ਹੋਏ ਹਨ ਜੋ ਅਕਸਰ ਆਮ ਲੋਕਾਂ ਨਾਲ ਹਿੰਸਕ ਟਕਰਾਅ ਪੈਦਾ ਕਰਦਿਆਂ ਉਨ੍ਹਾਂ ਅੰਦਰ ਦਹਿਸ਼ਤ ਪੈਦਾ ਕਰਦੇ ਰਹਿੰਦੇ ਹਨ। ਅਸਲ ਵਿਚ ਇਹ ਸਰਕਾਰ ਲਈ ਸੇਫਟੀ ਵਾਲਵ ਦਾ ਕੰਮ ਕਰਦੇ ਹਨ। ਇਹ ਗੁੰਡਾ ਗ੍ਰੋਹ ਫਿਰਕੂ ਤਣਾਅ ਪੈਦਾ ਕਰਕੇ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦਾ ਕੰਮ ਕਰਦੇ ਹਨ। ਗਊ ਰੱਖਿਆ ਦੇ ਨਾਮ ਹੇਠ ਸਰਕਾਰ ਅਤੇ ਗਊ ਰੱਖਿਅਕ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ ਤੋਂ ਫਾਰਗ ਹੋ ਜਾਂਦੇ ਹਨ। ਪਿਛਲੇ ਦਿਨੀਂ ਪੰਜਾਬ ਅੰਦਰ ਅਵਾਰਾ ਪਸ਼ੂਆਂ ਨੇ ਫਸਲਾਂ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ। ਪੰਜਾਬ ਦੇ ਕਿਸਾਨ ਅਕਸਰ ਅਵਾਰਾ ਪਸ਼ੂ ਫੜਕੇ ਬੁੱਚੜਖਾਨੇ ਲਿਜਾਣ ਵਾਲੇ ਵਪਾਰੀਆਂ ਹਵਾਲੇ ਕਰ ਦਿੰਦੇ ਸਨ ਪਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਤੇ ਇਨ੍ਹਾਂ ਵਪਾਰੀਆਂ ਨੂੰ ਗਊ ਰੱਖਿਆ ਦਲਾਂ ਵਲੋਂ ਬੁਰੀ ਤਰ੍ਹਾਂ ਬੰਨ ਕੇ ਕੁਟਣ ਦੀਆਂ ਘਟਨਾਵਾਂ ਨੇ ਇਨ੍ਹਾਂ ਵਪਾਰੀਆਂ ਦੇ ਮਨਾਂ ਅੰਦਰ ਵੀ ਸਹਿਮ ਪੈਦਾ ਕਰ ਦਿੱਤਾ ਅਤੇ ਹੁਣ ਅਵਾਰਾ ਗਾਵਾਂ ਨੂੰ ਬੁੱਚੜਖਾਨੇ ਲਿਜਾਣ ਦੀ ਕੋਈ ਜੁਅਰਤ ਨਹੀਂ ਕਰਦਾ। ਗਊ ਰੱਖਿਆ ਦਲਾਂ ਵਲੋਂ ਵਪਾਰੀਆਂ ਦੀ ਕੁੱਟਮਾਰ ਦੀ ਵੀਡੀਓ ਸ਼ਰੇਆਮ ਸ਼ੋਸ਼ਲ ਸਾਇਟਾਂ ਤੇ ਪਾ ਕੇ ਗਾਵਾਂ ਨੂੰ ਮਾਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਈ ਥਾਵੀਂ ਹਥਿਆਰਬੰਦ ਗ੍ਰੋਹ ਵੱਲੋਂ ਇਹ ਕੁੱਟਮਾਰ ਪੁਲਿਸ ਦੀ ਹਾਜਰੀ ਵਿਚ ਕੀਤੀ ਗਈ ਹੈ। ਜਗਰਾਵਾਂ ਇਲਾਕੇ ਦੀ ਇਕ ਘਟਨਾ ਹੈਰਾਨ ਕਰਨ ਵਾਲੀ ਹੈ। ਜਗਰਾਵਾਂ ਦੇ ਇਕ ਪਿੰਡ ਦੇ ਇਕ ਕਿਸਾਨ ਵੱਲੋਂ ਅਵਾਰਾ ਗਾਵਾਂ ਦੁਆਰਾ ਆਵਦੀ ਫਸਲ ਦਾ ਨੁਕਸਾਨ ਕਾਰਨ ਗਾਂ ਦੇ ਮਾਰੀ ਗਈ ਸੋਟੀ ਦਾ ਨਤੀਜਾ ਉਸ ਉਪਰ ਫਿਰਕਾਪ੍ਰਸਤਾਂ ਦੇ ਦਬਾਅ ਕਾਰਨ ਜਗਰਾਓਂ ਥਾਣੇ ਵਿਚ ਧਾਰਾ 295 ਅ ਤਹਿਤ ਪਰਚਾ ਦਰਜ ਕੀਤਾ ਗਿਆ।

ਦੇਸ਼ ਅੰਦਰ ਵੱਧ ਰਿਹਾ ਫਿਰਕੂ ਤਣਾਅ ਤੇ ਫਿਰਕੂ ਘਟਨਾਵਾਂ ਦੇਸ਼ ਦੇ ਆਮ ਲੋਕਾਂ ਲਈ ਬਹੁਤ ਵੱਡੇ ਖਤਰਿਆਂ ਦਾ ਸੰਕੇਤ ਹਨ। ਇਸ ਫਿਰਕੂ ਬਰਬਰਤਾ ਖਿਲਾਫ ਇਕਜੁਟਤਾ ਦੀ ਵੱਡੀ ਲੋੜ ਹੈ। ਅਗਾਂਹਵਧੂ ਸ਼ਕਤੀਆਂ ਤੇ ਵਿਅਕਤੀਆਂ ਨੂੰ ਇਸ ਫਾਸੀਵਾਦੀ ਬਰਬਰਤਾ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ। (ਅਨੁਵਾਦਕ)

***

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬੀਫ ਨਿਰਯਾਤਕ ਹੈ। ਦੂਜੇ ਨੰਬਰ ਉੱਤੇ ਬਰਾਜੀਲ, ਤੀਸਰੇ ਉੱਤੇ ਆਸਟ੍ਰੇਲੀਆ ਹੈ। ਇਕੱਲਾ ਭਾਰਤ ਦੁਨੀਆ ਭਰ ਦਾ 23 ਫ਼ੀਸਦ ਬੀਫ ਨਿਰਯਾਤ ਕਰਦਾ ਹੈ। ਇੱਕ ਸਾਲ ਵਿੱਚ ਇਹ ਨਿਰਯਾਤ 20.8 ਫ਼ੀਸਦ ਵਧਿਆ ਹੈ। ਭਾਰਤ, ਬਰਾਜੀਲ, ਆਸਟ੍ਰੇਲੀਆ ਅਤੇ ਅਮਰੀਕਾ ਦੁਆਰਾ 2015 ਵਿੱਚ ਇੱਕ ਮਿਲਿਅਨ ਮੈਟ੍ਰਿਕ ਟਨ ਯਾਨੀ ਇੱਕ ਅਰਬ ਕਿੱਲੋ ਬੀਫ ਨਿਰਯਾਤ ਕਰਨ ਦੀ ਯੋਜਨਾ ਹੈ। ਇਕੱਲੇ ਭਾਰਤ ਅਤੇ ਬਰਾਜੀਲ ਦੁਨੀਆ ਦੇ ਕੁੱਲ ਬੀਫ ਨਿਰਯਾਤ ਦਾ 43 ਫ਼ੀਸਦੀ ਸਪਲਾਈ ਕਰਨਗੇ। ਪੋਰਕ ਅਤੇ ਪੋਲਟਰੀ ਦੇ ਬਾਅਦ ਬੀਫ ਤੀਸਰੇ ਨੰਬਰ ਦਾ ਮਾਸਾਹਾਰ ਹੈ, ਜਿਸਦੀ ਦੁਨੀਆ ਭਰ ਵਿੱਚ ਮੰਗ ਹੈ। ਭਾਰਤ ਨੇ ਪਿਛਲੇ ਸਾਲ 2082 ਹਜ਼ਾਰ ਮੈਟ੍ਰਿਕ ਟਨ ਬੀਫ ਦਾ ਨਿਰਯਾਤ ਕੀਤਾ। ਭਾਰਤ ਦੀਆਂ ਛੇ ਪ੍ਰਮੁੱਖ ਗੋਸ਼ਤ ਨਿਰਯਾਤ ਕਰਨ ਵਾਲੀ ਕੰਪਨੀਆਂ ਵਿੱਚੋਂ ਚਾਰ ਦੇ ਪ੍ਰਮੁੱਖ ਹਿੰਦੂ ਹਨ। ਕੇਂਦਰ ਵਿੱਚ ਹਿੰਦੂਵਾਦੀ ਸਰਕਾਰ ਹੈ, ਜਿਸਦਾ ਸੰਗਠਨ ਆਰਐਸਐਸ ਗਊ ਹੱਤਿਆ ਦੇ ਖਿਲਾਫ ਤਲਵਾਰਾਂ ਖਿੱਚੀ ਖੜਾ ਰਹਿੰਦਾ ਹੈ। ਜਦੋਂ ਇੱਕ ਵਿਅਕਤੀ ਨੂੰ ਘਰੋਂ ਖਿੱਚ ਕੇ ਇਸ ਲਈ ਮਾਰ ਦਿੱਤਾ ਜਾਂਦਾ ਹੈ ਕਿ ਉਸਦੇ ਗਊ ਮਾਸ ਖਾਣ ਦੀ ਅਫਵਾਹ ਉੱਡੀ ਸੀ, ਜਦੋਂ ਰਾਂਚੀ ਨੂੰ ਇਸ ਲਈ ਦੰਗਿਆਂ ਦੀ ਅੱਗ ਸਾੜ ਰਹੀ ਹੈ ਕਿ ਕਿਸੇ ਧਰਮ ਸਥਾਨ ਦੇ ਸਾਹਮਣੇ ਮਾਸ ਦਾ ਟੁਕੜਾ ਮਿਲਿਆ ਸੀ, ਤੁਹਾਨੂੰ ਇਸ ਸ਼ਾਕਾਹਾਰੀ ਨਾਹਰੇ ਵਾਲੀ ਜੰਨਤ ਦੀ ਹਕੀਕਤ ਪਤਾ ਹੋਣੀ ਚਾਹੀਦੀ ਹੈ।

ਦ ਹਿੰਦੂ ਅਖਬਾਰ ਲਿਖਦਾ ਹੈ ਕਿ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਰਿਪੋਰਟ ਮੁਤਾਬਕ, ਭਾਰਤ ਦੁਨੀਆ ਦਾ ਸਭ ਤੋਂ ਵੱਧ ਬੀਫ ਨਿਰਯਾਤਕ ਦੇਸ਼ ਹੈ। ਹਾਲਾਂਕਿ, ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਯੂਐਸ ਸਰਕਾਰ ਬੀਫ ਵਿੱਚ ਮੱਝ ਦਾ ਮਾਸ ਵੀ ਸ਼ਾਮਿਲ ਕਰਦੀ ਹੈ। ਯਾਨੀ ਬੀਫ ਮਤਲਬ ਗਾਂ, ਬੈਲ ਅਤੇ ਮੱਝ ਦਾ ਮਾਸ। ਇਸ ਆਂਕੜੇ ਮੁਤਾਬਕ, ਭਾਰਤ ਨੇ 2015 ਵਿੱਤੀ ਸਾਲ ਵਿੱਚ 2.4 ਮਿਲਿਅਨ ਟਨ ਬੀਫ ਨਿਰਯਾਤ ਕੀਤਾ, ਜਦੋਂ ਕਿ ਬਰਾਜੀਲ ਨੇ 2 ਮਿਲਿਅਨ ਟਨ ਅਤੇ ਆਸਟ੍ਰੇਲੀਆ ਨੇ 1.5 ਮਿਲਿਅਨ ਟਨ। ਇਹ ਤਿੰਨੇ ਦੇਸ਼ ਮਿਲਕੇ ਦੁਨੀਆ ਦਾ 58.7 ਫ਼ੀਸਦ ਬੀਫ ਸਪਲਾਈ ਕਰਦੇ ਹਨ।

ਆਈਬੀਐਨ 7 ਦੇ ਮੁਤਾਬਕ, ਬੀਤੇ ਚਾਰ ਸਾਲਾਂ ਵਿੱਚ ਭਾਰਤ ਵਿੱਚ ਬੀਫ ਯਾਨੀ ਗਊ ਵੰਸ਼ ਅਤੇ ਮੱਝ ਦੇ ਮੀਟ ਦੀ ਖਪਤ ਵਿੱਚ ਕਰੀਬ 10 ਫ਼ੀਸਦੀ ਦਾ ਵਾਧਾ ਹੋਇਆ ਹੈ। 2011 ਵਿੱਚ ਬੀਫ ਦੀ ਖਪਤ 20.4 ਲੱਖ ਟਨ ਸੀ, ਜੋ 2014 ਵਿੱਚ ਵੱਧਕੇ 22.5 ਲੱਖ ਟਨ ਹੋ ਗਈ ਹੈ। ਭਾਰਤ ਨੇ ਪਿਛਲੇ ਸਾਲ 19.5 ਲੱਖ ਟਨ ਬੀਫ ਦਾ ਨਿਰਯਾਤ ਕੀਤਾ। ਮਾਰਚ 2015 ਦੇ ਅੰਕੜਿਆਂ ਦੇ ਹਿਸਾਬ ਤੋਂ, ਪਿਛਲੇ ਛੇ ਮਹੀਨੇ ਵਿੱਚ ਬੀਫ ਨਿਰਯਾਤ ਵਿੱਚ 15.58 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

2006 ਵਿੱਚ ਕਰਵਾਏ ਗਏ ਇੱਕ ਸਰਵੇ ਮੁਤਾਬਕ, ਭਾਰਤ ਦੀ 60 ਫ਼ੀਸਦੀ ਆਬਾਦੀ ਮਾਸਾਹਾਰੀ ਹੈ। The Hindu’s analysis of data from the 2011-12 National Sample Survey ਮੁਤਾਬਕ, ਚਾਰ ਫ਼ੀਸਦ ਪੇਂਡੂ ਅਤੇ ਪੰਜ ਫ਼ੀਸਦ ਸ਼ਹਿਰੀ ਭਾਰਤੀ ਬੀਫ ਖਾਂਦੇ ਹਨ।    ਮਹਾਰਾਸ਼ਟਰ , ਉਡੀਸਾ , ਹਰਿਆਣਾ, ਤਮਿਲਨਾਡੁ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਪਾਂਡੁਚੇਰੀ, ਮੱਧ ਪ੍ਰਦੇਸ਼, ਕਰਨਾਟਕਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਗੁਜਰਾਤ, ਦਿੱਲੀ ਅਤੇ ਬਿਹਾਰ ਵਿੱਚ ਗਾਊ-ਹੱਤਿਆ ਉੱਤੇ ਰੋਕ ਹੈ। 8 ਰਾਜਾਂ ਵਿੱਚ ਅੰਸ਼ਿਕ ਰੋਕ ਹੈ, ਇਹ ਰਾਜ ਹਨ- ਬਿਹਾਰ, ਝਾਰਖੰਡ, ਉਡੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਮਿਲਨਾਡੁ, ਕਰਨਾਟਕਾ, ਗੋਆ ਅਤੇ ਚਾਰ ਕੇਂਦਰ ਸ਼ਾਸਿਤ ਰਾਜਾਂ, ਦਮਨ ਅਤੇ ਦੀਵ, ਦਾਦਰ ਅਤੇ ਨਾਗਰ ਹਵੇਲੀ, ਪਾਂਡੁਚੇਰੀ, ਅੰਡੇਮਾਨ ਅਤੇ ਨਿਕੋਬਾਰ। ਦਸ ਰਾਜਾਂ ਕੇਰਲ, ਪੱਛਮ ਬੰਗਾਲ, ਅਸਮ, ਅਰੁਣਾਂਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ ਅਤੇ ਇੱਕ ਕੇਂਦਰ ਸ਼ਾਸਿਤ ਰਾਜ ਲਕਸ਼ਦੀਪ ਵਿੱਚ ਗਊ-ਹੱਤਿਆ ਉੱਤੇ ਕੋਈ ਰੋਕ ਨਹੀਂ ਹੈ।

ਅਸਮ ਅਤੇ ਪੱਛਮ ਬੰਗਾਲ ਵਿੱਚ 14 ਸਾਲ ਤੋਂ ਜਿਆਦਾ ਉਮਰ ਦੀ ਗਾਂ, ਬੈਲ ਅਤੇ ਮੱਝ ਨੂੰ ਮਾਰਕੇ ਉਨ੍ਹਾਂ ਦਾ ਮਾਸ ਖਾਣ ਦੀ ਇਜਾਜਤ ਹੈ ਲੇਕਿਨ ਉਸਦੇ ਲਈ ਫਿਟ ਫਾਰ ਸਲਾਟਰ ਦਾ ਸਰਟਿਫਿਕੇਟ ਲੈਣਾ ਜਰੂਰੀ ਹੈ। ਨਰੇਂਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਨਣ ਲਈ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਮਾਸ ਨਿਰਯਾਤ ਉੱਤੇ ਬਹੁਤ ਚਿੰਤਤ ਸਨ। ਆਪਣੀ ਇੱਕ ਚੁਨਾਵੀ ਸਭਾ ਵਿੱਚ ਉਨ੍ਹਾਂ ਨੇ ਕਿਹਾ ਸੀ , ‘ . . . ਅਤੇ ਇਸ ਲਈ ਦਿੱਲੀ ਵਿੱਚ ਚਲਦੀ ਹੋਈ ਸਰਕਾਰ ਦਾ ਸੁਫ਼ੳਮਪ;ਨਾ ਹੈ ਕਿ ਅਸੀ ਹਿੰਦੁਸਤਾਨ ਵਿੱਚ ਪਿੰਕ ਰੈਵੋਲਿਊਸ਼ਨ ਕਰਾਂਗੇ ਅਤੇ ਪੂਰੇ ਸੰਸਾਰ ਵਿੱਚ ਮਾਸ-ਮਟਨ ਦਾ ਐਕਸਪੋਰਟ ਦਾ ਬਿਜਨੈਸ ਕਰਾਂਗੇ ਅਤੇ ਖੁਦ ਇਸ ਸਾਲ ਭਾਰਤ ਸਰਕਾਰ ਨੇ ਘੋਸ਼ਿਤ ਕੀਤਾ ਹੈ, ਪੂਰੇ ਸੰਸਾਰ ਵਿੱਚ ਬੀਫ ਐਕਸਪੋਰਟ ਵਿੱਚ ਹਿੰਦੁਸਤਾਨ ਨੰਬਰ ਵੰਨ ਹੈ। ਕਿਨ੍ਹਾਂ ਚੀਜਾਂ ਤੇ ਗੌਰਵ ਕੀਤਾ ਜਾ ਰਿਹਾ ਹੈ ਭਰਾਵੋ ਅਤੇ ਭੈਣੋਂ ਤੁਹਾਡਾ ਕਲੇਜਾ ਰੋ ਰਿਹਾ ਜਾਂ ਨਹੀਂ ਮੈਨੂੰ ਨਹੀ ਪਤਾ, ਪਰ ਮੇਰਾ ਕਲੇਜਾ ਚੀਖ-ਚੀਖ ਕੇ ਪੁਕਾਰ ਰਿਹਾ ਹੈ।’ਦਾਦਰੀ ਵਿੱਚ ਗਊ ਮਾਸ ਖਾਣ ਦੀ ਅਫਵਾਹ ਉੱਤੇ ਤਮਾਮ ਲੋਕਾਂ ਦੀ ਭੀੜ ਨੇ ਅਖਲਾਕ ਦੇ ਘਰ ਵਿੱਚ ਵੜਕੇ ਉਸਦੀ ਹੱਤਿਆ ਕਰ ਦਿੱਤੀ।

ਮੰਦਿਰ ਮਸਜਿਦ ਦੇ ਸਾਹਮਣੇ ਮਾਸ ਦੇ ਟੁਕੜੇ ਮਿਲਣ ਉੱਤੇ ਰਾਂਚੀ ਨੂੰ ਦੰਗਿਆਂ ਦੀ ਅੱਗ ਵਿੱਚ ਭੈੜੀ ਥਾਵੇਂ ਸੁੱਟਿਆ ਗਿਆ। ਦਿੱਲੀ ਚੋਣਾਂ ਦੇ ਕਰੀਬ ਇੱਥੇ ਵੀ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਸਨ। ਤਾਂ ਕੀ ਪਿੰਕ ਰੈਵੋਲਿਉਸ਼ਨ ਉੱਤੇ ਪ੍ਰਧਾਨ ਮੰਤਰੀ ਦਾ ਦਿਲ ਇਸ ਲਈ ਰੋ ਰਿਹਾ ਸੀ ਕਿ ਗਊ ਮਾਸ ਅਤੇ ਗਊ ਹੱਤਿਆ ਉੱਤੇ ਤਣਾਅ ਫੈਲੇ? ਮਾਸ ਨਿਰਯਾਤ ਤਾਂ ਉਹ ਲਗਾਤਾਰ ਵਧਾ ਰਹੇ ਹਨ, ਤਾਂ ਦੇਸ਼ ਵਿੱਚ ਬੀਫ ਖਾਣ ਵਾਲਿਆਂ ਉੱਤੇ ਇਸ ਕਦਰ ਬਵਾਲ ਕਿਉਂ ਹੋ ਰਿਹਾ ਹੈ? ਮਹਾਂਰਾਸ਼ਟਰ ਵਿੱਚ ਜੈਨ ਪੁਰਵ ਦੌਰਾਨ ਸ਼ਿਵ ਸੈਨਾ ਦੀ ਨਿਖੇਧੀ ਅਤੇ ਜੰਮੂ ਕਸ਼ਮੀਰ ਹਾਈਕੋਰਟ ਦੁਆਰਾ ਰੋਕ ਲਗਾਉਣ ਉੱਤੇ ਭਾਜਪਾ ਵਿਧਾਇਕ ਦੁਆਰਾ ਬੀਫ ਪਾਰਟੀ ਦੇਣ ਦੀ ਘੋਸ਼ਣਾ ਵੀ ਧਿਆਨ ਵਿੱਚ ਰੱਖੋ। ਫਿਰ ਇਸਦਾ ਮਕਸਦ ਸਾਫ਼ ਹੁੰਦਾ ਹੈ ਕਿ ਮਾਸਾਹਾਰ ਅਤੇ ਸ਼ਾਕਾਹਾਰ ਉੱਤੇ ਲੋਕਾਂ ਨੂੰ ਇੱਕਦੂਜੇ ਨਾਲ ਲੜਾਉਣਾ ਹੀ ਪ੍ਰਮੁੱਖ ਉਦੇਸ਼ ਹੈ। ਵਰਨਾ ਸਰਕਾਰ ਸਭ ਤੋਂ ਪਹਿਲਾਂ ਮਾਸ ਨਿਰਯਾਤ ਰੋਕਦੀ, ਜਿਸਨੇ ਬਾਸਮਤੀ ਚਾਵਲ ਦੇ ਨਿਰਯਾਤ ਨੂੰ ਪਿੱਛੇ ਛੱਡ ਦਿੱਤਾ।

ਜਿਸ ਦੇਸ਼ ਦੀ ਸਰਕਾਰ ਦੁਨੀਆ ਭਰ ਨੂੰ ਸਭ ਤੋਂ ਜ਼ਿਆਦਾ ਬੀਫ ਖਿਲਾ ਰਹੀ ਹੈ, ਉੱਥੇ ਇੱਕ ਆਦਮੀ ਬਾਰੇ ਅਫਵਾਹ ਫੈਲਾਈ ਜਾਂਦੀ ਹੈ ਕਿ ਉਹ ਬੀਫ ਖਾਂਦਾ ਹੈ ਅਤੇ ਉਸਨੂੰ ਘਰ ਤੋਂ ਖਿੱਚਕੇ ਕੁੱਟਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲੇ ਉਸ ਪਾਰਟੀ ਅਤੇ ਸੰਗਠਨ ਦੇ ਸਮਰਥਕ ਹਨ, ਜਿਸਦੀ ਕੇਂਦਰ ਵਿੱਚ ਸਰਕਾਰ ਹੈ ਅਤੇ ਉਹ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਬੀਫ ਨਿਰਯਾਤ ਕਰ ਰਹੀ ਹੈ। ਭਾਜਪਾ ਲਈ ਗਾਂ ਰਾਮ ਮੰਦਿਰ ਦੀ ਕੈਟੇਗਰੀ ਦਾ ਇੱਕ ਮੁੱਦਾ ਹੈ, ਜਿਸਨੂੰ ਉਹ ਰਿਝਾਉਣਾ ਚਾਹੁੰਦੀ ਹੈ। ਉਸਨੇ ਮੰਦਿਰ ਨਹੀਂ ਬਣਾਉਣਾ ਸੀ, ਲੋਕਾਂ ਨੂੰ ਲੜਾਉਣਾ ਸੀ ਤਾਂ ਹੀ 25 ਸਾਲਾਂ ਤੱਕ ਲੜਾਇਆ। ਜਦੋਂ ਉਹ ਮੁੱਦਾ ਓਨਾ ਉਕਸਾਉਣ ਵਾਲਾ ਨਹੀਂ ਰਿਹਾ ਤਾਂ ਹੁਣ ਗਾਂ ਮੁੱਦਾ ਹੈ। ਭਾਜਪਾ ਬੀਫ ਨਿਰਯਾਤ ਦਾ ਕੀਰਤੀਮਾਨ ਵੀ ਬਣਾਏਗੀ ਅਤੇ ਦੇਸ਼ਵਾਸੀਆਂ ਨੂੰ ਲੜਾਏਗੀ ਵੀ। ਮੂਰਖ ਅਸੀਂ ਅਤੇ ਤੁਸੀਂ ਹੋ।

ਹੁਣ ਤੁਸੀ ਤੈਅ ਕਰੋ ਕਿ ਤੁਸੀ ਕੀ ਚਾਹੁੰਦੇ ਹੋ ਅਤੇ ਤੁਹਾਡੀ ਸਰਕਾਰ ਕੀ ਚਾਹੁੰਦੀ ਹੈ? ਦੋਨਾਂ ਦੇ ਚਾਹਣ ਤੋਂ ਵੱਖ ਇਹ ਵੀ ਧਿਆਨ ਵਿੱਚ ਰੱਖੋ ਕਿ ਕਿਸੇ ਦੀ ਖਾਣ ਪੀਣ ਦੀ ਆਦਤ ਜਾਂ ਪਸੰਦ ਉੱਤੇ ਲਗਾਮ ਲਗਾਉਣ ਵਾਲੇ ਤੁਸੀ ਕੌਣ ਹੁੰਦੇ ਹੋ? ਇਸ ਉੱਤੇ ਵੀ ਸੋਚੋ ਕਿ ਇੱਕ ਆਦਮੀ ਦੀ ਜਾਨ ਦੀ ਕੀਮਤ ਜ਼ਿਆਦਾ ਹੈ ਜਾਂ ਇੱਕ ਜਾਨਵਰ ਦੀ। ਜਾਨਵਰ ਲਈ ਜਾਨ ਲੈਣ ਉੱਤੇ ਉਤਾਰੂ ਲੋਕ ਜਾਨਵਰ ਤੋਂ ਕਿੰਨੇ ਘੱਟ ਨੇ?

Comments

Sushil Raheja

ਬਿਹਾਰ ਦੀਆਂ ਵੋਟਾਂ ਲੰਘ ਜਾਣ ਦਿਉ..ਨਤੀਸ਼ ਕੁਮਾਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲਾ ਹੈ । ਮੁਹੰਮਦ ਅਖਲਾਕ ਕੁਝ ਦਿਨਾਂ ਬਾਦ ਭੁੱਲ ਜਾਵੇਗਾ...

Kamlesh kumar prjapati

Saram karo modiyo ensanit bhi bhul gai

Baee Avtar

ih sbh vot rajniti hai.....bndian da ithe koi mull nhin

Parm Parm

ਤੁਹਾਨੂੰ ਉਦੋਂ ਸਮਝਾਗੇ ਗਉ ਮਾਤਾ ਦੇ ਰਾਖੇ ਜਦੋਂ ਸੜਕਾਂ ਤੇ ਘੁੰਮਣ ਵਾਲੀਆਂ ਗਾਂਵਾਂ ਤੇ ਸਾਂਢਾਂ ਨੂੰ ਤੁਸੀਂ ਅਪਣੇ ਘਰਾਂ ਅੰਦਰ ਰੱਖੋਗੇ

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ