Fri, 23 February 2024
Your Visitor Number :-   6866205
SuhisaverSuhisaver Suhisaver

ਲਾਤੀਨੀ ਅਮਰੀਕੀ ਮਹਾਂਦੀਪ - ਸਪੇਨੀ ਤੇ ਅਮਰੀਕੀ ਸਾਮਰਾਜੀਆਂ ਦੀ ਲੁੱਟ-ਖਸੁੱਟ ਦਾ ਸਾਂਝਾ ਸ਼ਿਕਾਰ-ਮਨਦੀਪ

Posted on:- 09-01-2018

ਪੂਰੇ ਲਾਤੀਨੀ ਅਮਰੀਕੀ ਮਹਾਂਦੀਪ ਦਾ ਪਿਛਲੇ ਲੱਗਭੱਗ ਪੰਜ ਸੌ ਸਾਲ ਦਾ ਇਤਿਹਾਸ ਸਾਮਰਾਜੀ ਲੁੱਟ-ਖਸੁੱਟ ਦਾ ਇਤਿਹਾਸ ਰਿਹਾ ਹੈ। ਵਿਦੇਸ਼ੀ ਸਾਮਰਾਜੀ ਸਰਮਾਏ ਤੋਂ ਇਲਾਵਾ ਦਲਾਲ ਦੇਸੀ ਸਰਮਾਏਦਾਰਾਂ ਦੀ ਭਾਈਵਾਲੀ ਇਸ ਲੁੱਟ-ਖਸੁੱਟ ਦੇ ਭਿਅੰਕਰ ਕਾਂਡ ਦਾ ਅਹਿਮ ਹਿੱਸਾ ਰਹੀ ਹੈ। ਇਸ ਸਾਮਰਾਜੀ ਲੁੱਟ-ਖਸੁੱਟ ਦੀ ਭਿਆਨਕਤਾ ਦਾ ਇੱਕ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਅੰਦਰ ਜੋ ਭਿਅੰਕਰਤਾ ਬਰਤਾਨਵੀ ਸਾਮਰਾਜੀ ਸਰਮਾਏ ਨੇ ਦੋ ਸੌ ਸਾਲ ਅੰਦਰ ਪੈਦਾ ਕੀਤੀ ਸੀ ਤੇ ਜਿਸਦੇ ਦਿੱਤੇ ਜਖਮਾਂ ਦੇ ਦਾਗ ਅੱਜ ਵੀ ਭਾਰਤੀ ਸਮਾਜ ਦੇ ਪਿੰਡੇ ਉੱਪਰ ਦੇਖੇ ਜਾ ਸਕਦੇ ਹਨ, ਸਾਮਰਾਜੀ ਲੁੱਟ-ਖਸੁੱਟ ਦਾ ਉਹੀ ਕਾਂਡ ਲਾਤੀਨੀ ਅਮਰੀਕੀ ਮਹਾਂਦੀਪ ਨੇ ਆਪਣੇ ਪਿੰਡੇ ਉੱਪਰ ਪੰਜ ਸੌ ਸਾਲ ਭਾਵ ਭਾਰਤ ਨਾਲੋਂ ਢਾਈ ਗੁਣਾ ਜਿਆਦਾ ਝੱਲਿਆ ਹੈ। ਜਿੱਥੇ ਭਾਰਤ ਬਰਤਾਨਵੀਂ ਸਾਮਰਾਜ ਦੇ ਜੂਲੇ ਹੇਠ ਪਿੱਸਣ ਲਈ ਸਰਾਪਿਆ ਰਿਹਾ ਉੱਥੇ ਸਪੇਨੀ ਅਤੇ ਪੁਰਤਗਾਲੀ ਸਾਮਰਾਜੀ ਸਰਮਾਏ ਨੇ ਲਾਤੀਨੀ ਅਮਰੀਕੀ ਮਹਾਂਦੀਪ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ।

ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਭਾਰਤ ਵਾਂਗ ਲਾਤੀਨੀ ਅਮਰੀਕੀ ਮਹਾਂਦੀਪ ਦੇ ਦੇਸ਼ ਵੀ ਇੱਕ-ਇੱਕ ਕਰਕੇ ਯੂਰਪੀ ਸਾਮਰਾਜ ਦੇ ਜੂਲੇ ਤੋਂ ਮੁਕਤ ਹੋਣੇ ਸ਼ੁਰੂ ਹੋ ਗਏ ਸਨ। ਅਜਾਦੀ ਸੰਗਰਾਮ ਦੇ ਇਸ ਦੌਰ 'ਚ ਇਤਿਹਸਕ ਘਟਨਾਵਾਂ ਤੇ ਲਹਿਰਾਂ ਦੇ ਬੁਨਿਆਦੀ ਵਖਰੇਵੇਂ ਦੇ ਬਾਵਜੂਦ ਇਸ ਮਹਾਂਦੀਪ ਅਤੇ ਭਾਰਤ ਦੀ ਰਾਜਨੀਤਿਕ ਇਤਿਹਾਸਿਕ ਤਬਦੀਲੀ 'ਚ ਜੋ ਸਾਂਝਾ ਸੀ, ਉਹ ਸੀ ਦਲਾਲ ਸਰਮਾਏਦਾਰਾ ਜਮਾਤ ਦਾ ਹੋਂਦ 'ਚ ਆਉਣਾ ਅਤੇ ਉਸਦੀ ਮਿਲੀਭੁਗਤ ਨਾਲ ਰਵਾਇਤੀ ਸਾਮਰਾਜੀ ਤਾਕਤਾਂ ਦੇ ਜੂਲੇ ਤੋਂ ਅਖੌਤੀ ਅਜਾਦੀ ਉਪਰੰਤ ਅਮਰੀਕੀ ਸਾਮਰਾਜੀ ਸਰਮਾਏ ਦੁਆਰਾ ਆਪਣੇ ਪੈਰ ਪਸਾਰਨਾ।

ਲਾਤੀਨੀ ਅਮਰੀਕੀ ਮਹਾਂਦੀਪ ਨੇ ਆਪਣੇ ਵਿਹੜੇ ਪੰਜ ਸਦੀਆਂ ਤੋਂ ਵੱਧ ਸਾਮਰਾਜੀ ਲੁੱਟ-ਖਸੁੱਟ ਦਾ ਤਾਂਡਵ ਦੇਖਿਆ ਹੈ। ਪੰਜ ਸਦੀਆਂ ਪਹਿਲਾਂ ਜਦੋਂ ਕੋਲੰਬਸ ਨੇ ਇਸ ਮਹਾਂਦੀਪ ਦੀ ਭਾਲ ਕੀਤੀ ਉਦੋਂ ਉਸਦਾ ਮਕਸਦ ਸੰਸਾਰ ਭੂਗੋਲ ਵਿਗਿਆਨ ਦੇ ਨਕਸ਼ੇ ਨੂੰ ਧਰਤੀ ਦੇ ਰੰਗ-ਬਰੰਗੇ ਟੋਟਿਆਂ ਨਾਲ ਸ਼ਿੰਗਾਰਨਾ ਨਹੀਂ ਸੀ। ਉਸਦੇ ਇਸ ਖੋਜ ਕਾਰਜ ਦੀ ਘਾਲਣਾ ਸਾਮਰਾਜੀ ਸਰਮਾਏ ਦੇ ਪਸਾਰੇ 'ਚ ਨਿਹਿਤ ਸੀ। ਦੂਰ-ਦੁਰਾਡੇ ਧਰਤੀ ਦੇ ਚੌਂਪਾਸੀ ਖਿਲਰੇ ਪਏ ਅਥਾਹ ਖਜਾਨਿਆਂ ਨੂੰ ਹੜੱਪਣ ਦੀ ਹਵਸ ਨੇ ਉਸਦੀਆਂ ਅੰਤਹੀਣ ਸਮੁੰਦਰੀ ਯਾਤਰਾਵਾਂ ਦਾ ਮੁੱਢ ਬੰਨ੍ਹਿਆ। ਪੌਰਾਣਿਕ ਕਥਾ-ਕਹਾਣੀਆਂ, ਜਿਨ੍ਹਾਂ ਵਿਚ ਅਜਨਬੀ ਧਰਤ ਤੇ ਸੋਨੇ, ਚਾਂਦੀ ਤੇ ਹੀਰੇ-ਜਵਾਹਰਾਤਾਂ ਦੇ ਖਜਾਨਿਆਂ ਦੀਆਂ ਦੰਤ-ਕਥਾਵਾਂ ਦੇ ਕਿੱਸੇ ਸ਼ਾਮਲ ਸਨ ਉਹਨਾਂ ਮਿੱਥਕ ਗ੍ਰੰਥਾਂ ਦੀ ਸਨਕ ਨੇ ਕੋਲੰਬਸ ਵਰਗੇ ਵਪਾਰੀਆਂ ਲਈ ਨਵੇਂ ਭੂ-ਭਾਗਾਂ ਦੀ ਖੋਜ ਦਾ ਸਫਰ ਕਰਨ ਦੀ ਪ੍ਰੇਰਨਾ ਪੈਦਾ ਕੀਤੀ। ਕੋਲੰਬਸ ਤੇ ਉਸਦੇ ਸਹਾਇਕ, ਸਾਮਰਾਜੀਆਂ ਦੇ ਪਹਿਲੇ ਅਜਿਹੇ ਵਫਾਦਾਰ ਸੂਹੀਏ ਸਨ ਜੋ ਵਿਸ਼ਾਲ ਸਮੁੰਦਰਾਂ ਤੋਂ ਪਾਰ ਧਰਤੀ ਦੇ ਖਜਾਨਿਆਂ ਨੂੰ ਸੁੰਘਣ ਦੀ ਸਮਰੱਥਾ ਰੱਖਦੇ ਸਨ। ਇਹਨਾਂ ਖ਼ਜ਼ਾਨਿਆਂ ਦੀ ਪੈੜ ਦੱਬਦੇ ਹੋਏ ਉਹਨਾਂ ਹਜਾਰਾਂ ਮੀਲ ਲੰਮੇ-ਚੌੜੇ ਸਮੁੰਦਰ ਨੂੰ ਖੰਗਾਲ ਸੁੱਟਿਆ। ਹਨੇਰੀਆਂ ਸਮੁੰਦਰੀ ਰਾਤਾਂ ਤੇ ਤੁਫਾਨਾਂ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਆਪਣੇ ਜਹਾਜ ਅਣਜਾਣ ਪਾਣੀਆਂ ਵੱਲ ਨੂੰ ਠੇਲ੍ਹ ਦਿੱਤੇ। ਇਹ ਦੁਨੀਆਂ ਨੂੰ ਪਿੰਡ ਬਣਾਉਣ ਦੀ ਮੱਧਕਾਲਿਕ ਯਾਤਰਾ ਦਾ ਪਹਿਲਾ ਕਦਮ ਸੀ। ਆਪਣੇ ਭੂਗੋਲਿਕ ਗੁਣਾਂ, ਪ੍ਰਕਿਰਤਿਕ ਸੁੰਦਰਤਾ, ਕੁਦਰਤੀ ਕੱਚੇ ਮਾਲ ਖਜਾਨਿਆਂ, ਸਾਫ ਹਵਾ ਤੇ ਪਾਣੀ, ਪਸ਼ੂ-ਪੰਛੀਆਂ ਤੇ ਹਰੇ-ਭਰੇ ਰੁੱਖਾਂ ਨਾਲ ਲਹਿਲਹਾਉਂਦੇ ਅਜਨਬੀ ਧਰਤੀ ਦੇ ਇਸ ਟੋਟੇ ਨੂੰ ਇਸਦੀ ਸੁੰਦਰਤਾ ਤੇ ਸਾਪੰਨਤਾ ਦਾ ਹਰਜਾਨਾ ਭੁਗਤਨਾ ਪਿਆ। ਸਾਮਰਾਜੀਆਂ ਦਾ ਸੂਹੀਆ ਕੋਲੰਬਸ ਇਸ ਨਵੀਂ-ਨਿਵੇਲੀ ਧਰਤੀ ਨੂੰ 'ਖੋਜਣ' ਪਿੱਛੋਂ ਆਪਣੇ ਰਹਿਬਰਾਂ ਨੂੰ ਇਸ ਖਜਾਨੇ ਦੇ ਮਿਲਣ ਦਾ ਇਕ ਰੁੱਕਾ ਘੱਲਦਾ ਹੈ। ਸਪੇਨੀ ਸਾਮਰਾਜੀ ਇਸਦੇ ਦਰਸ਼ਨਾਂ ਲਈ ਆਪਣੇ ਨਾਲ ਸਮੁੰਦਰੀ ਲੁਟੇਰਿਆਂ ਤੇ ਸੈਨਿਕਾਂ ਦੀ ਪੂਰੀ ਬਰਾਤ ਲੈ ਕੇ ਇਸ ਮਹਾਂਦੀਪ ਦੇ ਬੂਹੇ ਤੇ ਆ ਢੁੱਕਦੇ ਹਨ। ਇਸ ਦੀਆਂ ਬੰਦਰਗਾਹਾਂ ਉੱਤੇ ਪਨਾਹਾਂ ਲੈਂਦੇ ਹਨ। ਇਲਾਕਿਆਂ ਤੇ ਮਾਲ-ਖਜਾਨਿਆਂ ਦਾ ਜਾਇਜਾ ਲੈਂਦਿਆਂ ਇਸਨੂੰ ਉਧਾਲਣ ਦੀਆਂ ਵਿਊਂਤਾਂ ਘੜਦੇ ਹਨ। ਆਪੂੰ-ਉਸਾਰੀਆਂ ਨਵੀਆਂ ਬੰਦਰਗਾਹਾਂ ਦੇ ਕਿਨਾਰੇ ਖਾਲੀ ਵਿਸ਼ਾਲ ਸਮੁੰਦਰੀ ਬੇੜੇ ਭੁੱਖੇ ਸ਼ੈਤਾਨਾਂ ਵਾਂਗ ਮੂੰਹ ਅੱਡੀ ਆ ਖੜੇ ਹੋਏ। ਸਪੇਨੀ ਸਾਮਰਾਜੀ ਡਾਕੂਆਂ ਦੀ ਹਥਿਆਰਬੰਦ ਧਾੜ ਨੇ ਮੂਲਨਿਵਾਸੀਆਂ ਦਾ ਕਤਲੇਆਮ ਕਰਦਿਆਂ ਪਹਿਲੀ ਸੱਟੇ ਹੀ ਸੋਨਾ, ਚਾਂਦੀ ਤੇ ਹੀਰੇ ਆਪਣੇ ਕਬਜੇ ਹੇਠ ਕਰਨੇ ਸ਼ੁਰੂ ਕਰ ਦਿੱਤੇ। ਸੋਨੇ-ਜਵਾਹਰਾਤ ਦੇ ਅਸਲੀ ਮਾਲਕ  ਲਾਤੀਨੀ ਅਮਰੀਕੀ ਮਹਾਂਦੀਪ ਦੇ ਮੂਲਨਿਵਾਸੀਆਂ ਨੂੰ ਸੋਨੇ ਦੇ ਬਦਲੇ ਭਿਆਨਕ ਮੌਤ ਮਿਲੀ। ਇਹਨਾਂ ਧਾੜਵੀਆਂ ਦੇ ਜਹਾਜ਼ਾਂ ਦੇ ਲੰਗਾਰ, ਸੈਨਿਕਾਂ ਦੇ ਲੋਹ-ਟੋਪ ਅਤੇ ਉਹਨਾਂ ਦੀਆਂ ਤਲਵਾਰਾਂ ਦੇ ਮੁੱਠਿਆਂ ਉੱਤੇ ਈਸਾਈ ਧਰਮ ਚਿੰਨ੍ਹ ਸਲੀਬ ਦੇ ਨਿਸ਼ਾਨ ਉੱਕਰੇ ਹੋਏ ਸਨ। ਇਹ ਮਾਤਰ ਚਿੰਨ੍ਹ ਹੀ ਨਹੀਂ ਸੀ ਬਲਕਿ ਸਪੇਨੀ ਸਾਮਰਾਜ ਦਾ ਅਸਲ ਹਥਿਆਰ ਸੀ। ਉਹਨਾਂ ਨੇ ਧਰਮ ਅਤੇ ਤਲਵਾਰ ਦੇ ਜੋਰ ਤੇ ਲਾਤੀਨੀ ਅਮਰੀਕੀ ਮਹਾਂਦੀਪ ਦੇ ਲਗਭੱਗ ਹਰ ਮੁਲਕ ਅੰਦਰ ਆਪਣੇ ਸਾਮਰਾਜ ਦਾ ਝੰਡਾ ਝੁਲਾਇਆ। ਇਹ ਲੁਟੇਰੇ ਸਮੁੰਦਰੀ ਲੁਟੇਰਿਆਂ ਵਾਂਗ ਨਹੀਂ ਸਨ ਜੋ ਹਮਲਾ ਕਰਦੇ, ਲੁੱਟ ਦਾ ਮਾਲ ਸੰਭਾਲਦੇ ਤੇੇ ਹੋਰ ਸ਼ਿਕਾਰ ਦੀ ਭਾਲ 'ਚ ਅੱਗੇ ਨਿਕਲ ਜਾਂਦੇ। ਇਨ੍ਹਾਂ ਸਾਮਰਾਜੀ ਲੁਟੇਰਿਆਂ ਨੇ ਸਿੱਧੀ ਲੁੱੱਟ-ਮਾਰ ਕਰਨ ਦੀਆਂ ਆਪਣੀਆਂ ਗੈਰ-ਵਿਊਂਤਬੱਧ ਵਾਰਦਾਤਾਂ ਦੀ ਪੜਚੋਲ ਕੀਤੀ। ਉਨ੍ਹਾਂ ਨੇ ਸ਼ਿਕਾਰ ਦੇਖਦਿਆਂ ਹੀ ਉੱਟ ਪੈਣ ਦੀ ਨੀਤੀ ਤਿਆਗਦਿਆਂ ਸ਼ਿਕਾਰ ਪਾਲਣੇ ਸ਼ੁਰੂ ਕਰ ਦਿੱਤੇ। ਸਪੇਨੀ ਸਾਮਰਾਜੀਆਂ ਨੇ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਬਾਕੀ ਦੇ ਮੁਲਕਾਂ ਦੇ ਸਮੁੰਦਰੀ ਰਸਤੇ ਲੱਭੇ ਅਤੇ ਉਥੇ ਆਪਣੇ ਡੇਰੇ ਪਾਉਣੇ ਸ਼ੁਰੂ ਕੀਤੇ। ਮੂਲਨਿਵਾਸੀਆਂ ਨਾਲ ਕਈ ਦਹਾਕੇ ਖੂਨੀ ਲੜਾਈਆਂ ਲੜਦਿਆਂ ਸਾਮਰਾਜੀਆਂ ਨੇ ਤਲਵਾਰ, ਧਰਮ ਤੇ ਛਲ-ਕਪਟ ਦੀ ਨੀਤੀ ਨਾਲ ਲਾਤੀਨੀ ਅਮਰੀਕੀ ਮਹਾਂਦੀਪ ਨੂੰ ਆਪਣੇ ਵੱਸ ਵਿਚ ਕਰ ਲਿਆ।

ਉਹਨਾਂ ਨੇ ਇਥੋਂ ਦੇ ਕੱਚੇ ਕੁਦਰਤੀ ਮਾਲ ਖਜਾਨਿਆਂ ਉੱਤੇ ਲਗਾਤਾਰ ਬਾਜ ਅੱਖ ਰੱਖੀ। ਯੂਰਪੀ ਉਦਯੋਗਾਂ ਲਈ ਕੱਚੇ ਮਾਲ ਨੂੰ ਢੋਣ ਲਈ ਕੱਚੇ ਮਾਲ ਦੀਆਂ ਖਾਣਾਂ ਤੋਂ ਬੰਦਰਗਾਹਾਂ ਤੱਕ ਰੇਲਵੇ ਲਾਈਨਾਂ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਕਾਸ ਦੀ ਇਹ ਯੋਜਨਾ ਮੂਲਨਿਵਾਸੀਆਂ ਦੀ ਸਹਾਇਤਾ ਅਤੇ ਦੇਸ਼ ਦੇ ਵਿਕਾਸ ਲਈ ਨਹੀਂ ਸੀ। ਸਪੇਨੀ ਸਾਮਰਾਜੀਆਂ ਦੇ ਦੌਰ ਦੀਆਂ ਵਿਛਾਈਆਂ ਰੇਲਵੇ ਲਾਈਨਾਂ ਦਾ ਨਕਸ਼ਾ ਅੱਜ ਵੀ ਇਹ ਦਰਸਾਉਂਦਾ ਹੈ ਕਿ ਵਿਕਾਸ ਦੀ ਇਹ ਯੋਜਨਾ ਸਾਮਰਾਜੀ ਹਿੱਤਾਂ ਲਈ ਬਣਾਈ ਗਈ ਸੀ। ਇਸੇ ਤਰ੍ਹਾਂ ਰੁਜ਼ਗਾਰ, ਮਾਸ ਦੇ ਕੇਂਦਰ, ਪਸ਼ੂ-ਪਾਲਨ, ਖੇਤੀ ਮਸ਼ੀਨਰੀ ਤੇ ਰਸਾਇਣਿਕ ਖਾਦਾਂ, ਕੱਪੜਾ ਉਦਯੋਗ ਆਦਿ ਦੀ ਉਸਾਰੀ ਰਾਸ਼ਟਰੀ ਉਦਯੋਗਾਂ ਦਾ ਵਿਕਾਸ ਤੇ ਰਾਸ਼ਟਰੀ ਨਿਰਭਰਤਾ ਲਈ ਨਹੀਂ ਬਲਕਿ ਇਹ ਉਨ੍ਹਾਂ ਦੇ ਸਾਮਰਾਜੀ ਹਿੱਤਾਂ ਦੇ ਮਾਤਹਿਤ ਸੀ।

ਸੱਚਮੁੱਚ ਪੌਰਾਣਿਕ ਮਿੱਥਕ ਕਥਾਵਾਂ ਸੱਚ ਸਾਬਤ ਹੋਈਆਂ। ਇਹ ਨਵੀਆਂ ਬਸਤੀਆਂ ਸਪੇਨੀ ਸਾਮਰਾਜੀਆਂ ਲਈ ਸੋਨੇ, ਚਾਂਦੀ, ਤਾਂਬੇ, ਲੋਹੇ, ਸਟੀਲ, ਕੋਲੇ, ਮਾਸ, ਕੱਚੇ ਤੇਲ ਆਦਿ ਦੇ ਬੇਅੰਤ ਖਜਾਨੇ ਸਨ। ਸਾਮਰਾਜੀਆਂ ਨੂੰ ਇੱਥੇ ਉਸਤੋਂ ਕਿਤੇ ਵੱਧ ਹਾਸਲ ਹੋਇਆ ਜਿਸਦਾ ਜਿਕਰ ਮਿੱਥਕ ਕਥਾਵਾਂ ਵਿਚ ਸੀ। ਇਹਨਾਂ ਕਥਾਵਾਂ ਵਿਚ ਇਹ ਦਰਜ ਨਹੀਂ ਸੀ ਕਿ ਧਰਤੀ ਹੇਠ ਦੱਬੇ ਖਜ਼ਾਨੇ ਨੂੰ ਬਾਹਰ ਕੱਢਣ ਲਈ ਮੁਫਤ ਅਤੇ ਸਸਤੇ  'ਫਰਿਸ਼ਤੇ' (ਮਜਦੂਰ) ਵੀ 'ਦੇਵਤਿਆਂ' ਦੀ ਸਹਾਇਤਾ ਕਰਨਗੇ।  ਸਪੇਨੀ ਤੇ ਪੁਰਤਗੀਜ ਸਾਮਰਾਜ ਨੇ ਲਾਤੀਨੀ ਅਮਰੀਕੀ ਮੁਲਕਾਂ 'ਚ ਇਕ ਤੋਂ ਬਾਅਦ ਇਕ ਆਪਣੀਆਂ ਬਸਤੀਆਂ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋਨਾ-ਚਾਂਦੀ ਤੋਂ ਇਲਾਵਾ ਖੇਤੀ ਦਾ ਉਜਾੜਾ, ਲੱਕੜ ਤੇ ਖਾਣਾ ਲਈ ਜੰਗਲਾਂ ਦੀ ਤਬਾਹੀ, ਕੁਦਰਤੀ ਸਰੋਤਾਂ ਲਈ ਖਾਣਾ ਦੀ ਖੁਦਾਈ, ਕੋਕਾ (ਨਸ਼ੀਲਾ ਪਦਾਰਥ) ਤੇ ਤਬਾਕੂ, ਮਾਸ, ਰਬੜ, ਤਾਂਬਾ, ਚਾਹ ਤੇ ਕੌਫੀ, ਕਪਾਹ,  ਸਫੈਦ ਸੋਨੇ (ਲੂਣ ਅਤੇ ਖੰਡ) ਦਾ ਵਪਾਰ ਆਦਿ ਸਭ ਕੁਝ ਲੁੱਟ ਕੇ ਜਹਾਜਾਂ 'ਚ ਲੱਦਕੇ ਸਪੇਨ ਭੇਜਿਆ ਗਿਆ। ਲੁੱਟ ਦੇ ਇਸ ਮਾਲ ਦੀ ਪੈਦਾਵਰ ਲਈ ਲਾਤੀਨੀ ਮੂਲਨਿਵਾਸੀਆਂ ਨੂੰ ਉਹਨਾਂ ਦੇ ਪਸ਼ੂਆਂ ਸਮੇਤ ਮੁਫਤ ਕਿਰਤ ਲਈ ਇਸਤੇਮਾਲ ਕੀਤਾ ਗਿਆ। ਉਹਨਾਂ ਆਪਣੇ ਸਾਮਰਾਜੀ ਪਸਾਰਵਾਦੀ ਵਪਾਰਕ ਹਿੱਤਾਂ ਲਈ ਅਨੇਕਾਂ ਕੌਮਪ੍ਰਸਤਾਂ ਅਤੇ ਦੇਸ਼ ਦੇ ਆਮ ਲੋਕਾਂ ਦੇ ਖੂਨ ਦੀ ਰੱਝ ਕੇ ਹੋਲੀ ਖੇਡੀ। ਸਾਮਰਾਜ ਨੇ ਲਾਤੀਨੀ ਅਮਰੀਕਾ ਨੂੰ ਉਹ ਸਭ ਕੁਝ ਦਿੱਤਾ ਜੋ ਕੁਝ ਵਿਸ਼ਵ ਦੇ ਬਾਕੀ ਸਾਮਰਾਜੀਆਂ ਨੇ ਆਪਣੇ ਅਧੀਨ ਬਸਤੀਆਂ ਨੂੰ ਦਿੱਤਾ- ਗਰੀਬੀ, ਭੁੱਖ, ਕਾਲ, ਬਿਮਾਰੀਆਂ, ਉਜਾੜਾ ਆਦਿ। ਮੱਧਕਾਲੀਨ ਲਾਤੀਨੀ ਅਮਰੀਕਾ ਮਨੁੱਖੀ ਇਤਿਹਾਸ 'ਚ ਅਸਲ ਅਰਥਾਂ 'ਚ 'ਨਰਕ ਦਾ ਦੁਆਰ' ਸੀ। ਉਹਨਾਂ ਨੇ ਆਰਥਿਕਤਾ ਦੇ ਪੁਰਾਣੇ ਜਗੀਰੂ ਸਮੀਕਰਨਾਂ ਨੂੰ ਸਰਮਾਏਦਾਰਾ ਤੌਰ-ਤਰੀਕਿਆਂ ਅਧੀਨ ਤੇਜੀ ਨਾਲ ਬਦਲਣਾ ਸ਼ੁਰੂ ਕੀਤਾ। ਇਸ ਸਾਮਰਾਜੀ ਸਰਮਾਏ ਨੇ ਲਾਤੀਨੀ ਅਮਰੀਕੀ ਕਿਰਤ ਸ਼ਕਤੀ ਨੂੰ ਅੰਤਰਰਾਸ਼ਟਰੀ ਮੰਡੀ ਦੀਆਂ ਜਰੂਰਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਸਥਾਨਿਕ ਪੱਧਰ ਤੇ ਉਹਨਾਂ ਦੀ ਕਿਰਤ ਵੰਡ ਦੇ ਨਿਯਮ ਤੈਅ ਕੀਤੇ। ਲਾਤੀਨੀ ਅਮਰੀਕਾ 'ਚ ਇਸ ਲੁੱਟ ਖਿਲਾਫ ਉੱਠੇ ਸੈਂਕੜੇ ਵਿਦਰੋਹਾਂ ਨੂੰ ਖੂਨ 'ਚ ਡੁਬੋ ਦਿੱਤਾ ਗਿਆ। ਇਸ ਤਰ੍ਹਾਂ ਸਪੇਨੀ ਸਾਮਰਾਜ ਦੇ ਤਾਜ ਦੀ ਚਮਕ ਤੇ ਖੁਸ਼ਹਾਲੀ ਲਾਤੀਨੀ ਮਹਾਂਦੀਪ ਦੀ ਬਰਬਾਦੀ ਤੋਂ ਪੈਦਾ ਹੋਈ।

ਸਪੇਨੀ ਸਾਮਰਾਜ ਤੋਂ ਮੁਕਤੀ ਦੇ ਦੌਰ ਤੋਂ ਫੌਰੀ ਬਾਅਦ ਲਾਤੀਨੀ ਮਹਾਂਦੀਪ ਇੱਕ ਹੋਰ ਦੀਰਘ ਰੋਗ ਲਈ ਸਰਾਪਿਆ ਗਿਆ। ਇਸ ਮਹਾਂਦੀਪ 'ਚ ਗੁਲਾਮੀ ਦਾ ਦੂਜਾ ਅਤੇ ਆਧੁਨਿਕ ਦੌਰ ਅਮਰੀਕੀ ਸਾਮਰਾਜ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਲੁੱਟ ਦਾ ਇਹ ਦੌਰ ਸਪੇਨੀ ਸਾਮਰਾਜੀਆਂ ਵਾਂਗ ਸਮੁੰਦਰੀ ਡਾਕੂਆਂ, ਸੈਨਾ ਤੇ ਰਵਾਇਤੀ ਜੰਗਾਂ-ਯੁੱਧਾਂ ਦੀ ਬਜਾਏ ਆਧੁਨਿਕ ਹਥਿਆਰਾਂ ਨਾਲ ਲੈਸ ਬੇਥਾਹ ਸੈਨਾ ਦੇ ਸਹਿਮ ਅਤੇ ਉਸਤੋਂ ਵੀ ਵੱਧਕੇ ਲੋਕਤੰਤਰਕ ਮਖੌਟੇ ਵਾਲੀਆਂ ਸੰਵਿਧਾਨਕ ਪੁਸਤਕਾਂ ਰਾਹੀ ਸ਼ੁਰੂ ਕੀਤਾ ਗਿਆ। ਜੋ 'ਪਵਿੱਤਰ ਪੁਸਤਕ' ਅੱਗੇ ਨਹੀਂ ਸੀ ਝੁੱਕਦਾ ਉਸਨੂੰ ਬਾਦੂੰਕ ਦੀ ਨੋਕ ਨਾਲ ਸਮਝਾ ਦਿੱਤਾ ਜਾਂਦਾ। ਹੁਣ ਸਥਾਨਿਕ ਸਰਕਾਰਾਂ (ਕੱਠਪੁੱਤਲੀ), ਬਹੁਰਾਸ਼ਟਰੀ ਕੰਪਨੀਆਂ (ਯੁਨਾਈਟਿਡ ਫਰੂਟ, ਸਟੈਂਡਰਡ ਆਇਲ, ਫੋਰਡ ਫਾਊਂਡੇਸ਼ਨ ਆਦਿ) ਭੂ ਅਤੇ ਬਾਗਾਨ ਮਾਲਕਾਂ (ਜਗੀਰਦਾਰਾਂ) ਦੁਆਰਾ ਮਿਲਕੇ ਦੇਸ਼ਾਂ ਦੀ ਵਾਂਗਡੋਰ ਸੰਭਾਲੀ ਜਾਂਦੀ ਸੀ। ਲਾਤੀਨੀ ਮਹਾਂਦੀਪ 'ਚ ਪੂੰਜੀਵਾਦ, ਦਲਾਲ ਸਰਮਾਏਦਾਰਾ ਜਮਾਤ ਦੀ ਮੱਦਦ ਨਾਲ ਉਦਾਰਵਾਦੀ ਨੀਤੀਆਂ ਦਾ ਮਸੌਦਾ ਲੈ ਕੇ ਦਾਖਲ ਹੋਇਆ। ਉਸਨੇ ਇਸ ਮਹਾਂਦੀਪ ਦੇ ਪੂਰੇ ਖਿੱਤੇ ਦੀ ਮੁੜ ਨਵੇਂ ਸਿਰਿਓਂ (ਸਿਆਸੀ ਅਤੇ ਆਰਥਿਕ ਤੌਰ ਤੇ) ਵੰਡ ਕੀਤੀ ਅਤੇ ਆਪਣੀਆਂ ਕੱਠਪੁੱਤਲੀ ਸਰਕਾਰਾਂ ਦੇ ਹੱਥ ਉਦਾਰਵਾਦੀ ਆਰਥਿਕ ਨੀਤੀਆਂ ਦਾ ਮਸੌਦਾ ਸੌਂਪਕੇ ਇਸਨੂੰ ਲਾਗੂ ਕਰਨ ਦੇ ਹੁਕਮ ਦਿੱਤੇ। ਖੇਤਰੀ ਆਰਥਿਕਤਾ ਲਈ ਲਾਹੇਵੰਦ ਹੋਣ ਦੇ ਤਰਕ ਹੇਠ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਗਿਆ। ਉਦਯੋਗਿਕ ਖੇਤਰ 'ਚ ਕ੍ਰਾਂਤੀਕਾਰੀ ਸੁਧਾਰ ਕਰਨ ਦੇ ਬਹਾਨੇ ਹੇਠ ਮੈਕਸੀਕੋ, ਅਰਜਨਟੀਨਾ, ਚਿੱਲੀ, ਉਰੂਗੁਵੇ, ਬਰਾਜ਼ੀਲ, ਕੋਲੰਬੀਆਂ ਆਦਿ ਦੇਸ਼ਾਂ ਨੂੰ ਸਾਮਰਾਜੀ ਵਿੱਤੀ ਪੂੰਜੀ ਨਿਵੇਸ਼ ਦੀਆਂ ਪ੍ਰਯੋਗਸ਼ਲਾਵਾਂ ਬਣਾਇਆ ਗਿਆ। ਲਾਤੀਨੀ ਹਾਕਮਾਂ ਦੇ ਵੱਡੇ ਹਿੱਸੇ ਨੇ ਪਰੰਪਰਾਗਤ ਆਰਥਿਕ ਨੀਤੀਆਂ ਨੂੰ ਭੰਡਦੇ ਹੋਏ ਸਾਮਰਾਜੀ ਵਿੱਤੀ ਪੂੰਜੀ ਨਿਵੇਸ਼ ਦੇ ਖੂਬ ਸੋਹਲੇ ਗਾਏ। ਉਹਨਾਂ ਨੇ ਇਕ ਦੂਜੇ ਤੋਂ ਵੱਧਕੇ ਆਪਣੇ ਮੁਲਕ 'ਚ ਵਿਦੇਸ਼ੀ ਵਿੱਤੀ ਪੂੰਜੀ ਦੇ ਦਰਵਾਜੇ ਖੋਲ੍ਹਣੇ ਸ਼ੁਰੂ ਕਰ ਦਿੱਤੇ।

ਇਸਦੇ ਨਾਲ-ਨਾਲ ਉਹਨਾਂ ਨੇ ਸਾਮਰਾਜੀ ਪੂੰਜੀ ਦੀ ਸੇਵਾ 'ਚ ਪੇਟੈਂਟ ਕਾਨੂੰਨਾਂ 'ਚ ਸੋਧਾਂ, ਟੈਕਸ ਛੋਟਾਂ, ਕਿਰਤ ਕਾਨੂੰਨਾਂ 'ਚ ਸੁਧਾਰ ਆਦਿ ਕਦਮ ਚੁੱਕੇ। ਸਪੇਨੀ ਸਾਮਰਾਜੀ ਲੁੱਟ ਖਿਲਾਫ ਲੜਨ ਵਾਲੇ ਨਾਇਕਾਂ ਦੀ ਅਹੂਤੀ ਦੇ ਕੇ ਲਾਤੀਨੀ ਮਹਾਂਦੀਪ ਦੇ ਜਗੀਰਦਾਰ ਘਰਾਣੇ ਨਵੇਂ ਅਜਾਦ ਮੁਲਕਾਂ ਦੀਆਂ ਹਾਕਮ ਜਮਾਤਾਂ 'ਚ ਤਬਦੀਲ ਹੋ ਚੁੱਕੇ ਸਨ। ਸੰਸਦਵਾਦ ਲਤੀਨੀ ਅਮਰੀਕਾ ਦੀ ਸਰਮਾਏਦਾਰ ਜਮਾਤ ਅਤੇ ਅਮਰੀਕੀ ਸਾਮਰਾਜ ਲਈ ਲੋਕਤੰਤਰਿਕ ਤੇ ਨਿਆਂਇਕ ਲੁੱਟ-ਖਸੁੱਟ ਦਾ ਨਵਾਂ ਅਧਿਆਇ ਬਣਕੇ ਸਾਹਮਣੇ ਆਇਆ। ਭਾਵੇਂ ਨਵ ਅਜਾਦ ਲਾਤੀਨੀ ਮੁਲਕਾਂ 'ਚ ਕਈ ਸੁਧਾਰ (ਚੋਣਵੇਂ ਉਦਯੋਗਾਂ ਦਾ ਰਾਸ਼ਟਰੀਕਰਨ, ਭੂਮੀ ਸੁਧਾਰ ਆਦਿ) ਕੀਤੇ ਗਏ ਪਰੰਤੂ ਕੁੱੱਲ ਰੂਪ 'ਚ ਵੱਡੀਆਂ ਜੋਤਾਂ ਦੀ ਨਿੱਜੀ ਮਾਲਕੀ, ਕਾਰਪੋਰੇਟ ਲੁੱਟ-ਖਸੁੱਟ ਤੇ ਪੂੰਜੀਵਾਦੀ ਆਰਥਿਕ ਮਾਡਲ ਨੂੰ ਹੀ ਅੱਗੇ ਵਧਾਇਆ ਗਿਆ। ਜਿਸਦੇ ਫਲਸਰੂਪ ਵੈੱਲਫੇਅਰ ਸਟੇਟ ਦਾ ਅਖੌਤੀ ਮਖੌਟਾ ਹੌਲੀ-ਹੌਲੀ ਲਹਿਣਾ ਸ਼ੁਰੂ ਹੋ ਗਿਆ ਅਤੇ ਪੂੰਜੀਵਾਦ ਆਪਣੇ ਅਸਲੀ ਰੂਪ ਭਾਵ ਫਾਸ਼ੀਵਾਦੀ ਰੂਪ 'ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਚਿੱਲੀ ਦਾ ਪਿਨੋਚੇ ਮਾਡਲ ਇਸਦੀ ਸਭ ਤੋਂ ਵੱਡੀ ਮਿਸਾਲ ਹੈ।

ਸਪੇਨੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਹੋਏ ਲਾਤੀਨੀ ਮਹਾਂਦੀਪੀ ਮੁਲਕ ਬੁਰਜੂਆ ਜਮਹੂਰੀਅਤ ਦੇ ਲਬਾਦੇ ਹੇਠ ਸਾਮਰਾਜੀ ਪੂੰਜੀਵਾਦੀ ਮਾਡਲ ਨੂੰ ਤੇਜੀ ਨਾਲ ਲਾਗੂ ਕਰਨ ਲੱਗੇ। ਉਹਨਾਂ ਨੇ ਉਤਪਾਦਨ ਦੀਆਂ ਜਗੀਰੂ ਵਿਧੀਆਂ ਦਾ ਭੋਗ ਪਾ ਕੇ ਇਸਨੂੰ ਪੂੰਜੀਵਾਦੀ ਲੀਹਾਂ ਤੇ ਲਿਆਦਾਂ। ਖੇਤੀ ਖੇਤਰ ਅੰਦਰ ਛੋਟੇ ਅਤੇ ਸੀਮਾਂਤ ਕਿਸਾਨਾਂ (ਜੋਤਾਂ) ਦਾ ਖਾਤਮਾ ਕਰਕੇ ਵੱਡੇ ਨਿੱਜੀ ਫਾਰਮ (ਬਹੁਰਾਸ਼ਟਰੀ ਕੰਪਨੀਆਂ ਅਤੇ ਸਰਮਾਏਦਾਰ ਮਾਲਕੀ ਤਹਿਤ) ਸਥਾਪਿਤ ਕੀਤੇ ਗਏ। ਘਰੇਲੂ ਸਨਅਤ ਦੀ ਸਾਮਰਾਜੀ ਪੂੰਜੀ ਦੁਆਰਾ ਸੰਘੀ ਘੁੱਟੀ ਗਈ। ਸਰਵਿਸ ਅਤੇ ਸੇਵਾਵਾਂ ਦੇ ਖੇਤਰ ਵਿਚ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ। ਇਸੇ ਦੌਰਾਨ ਹੀ ਸਾਮਰਾਜੀ ਰੂਸ ਤੇ ਚੀਨ ਨੇ ਅਮਰੀਕੀ ਸਾਮਰਾਜੀ ਵਿਰੋਧੀ ਸੁਰ ਦਾ ਲਾਹਾ ਲੈਂਦਿਆਂ ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਦੇ ਸੰਸਦੀ ਖੱਬੇਪੱਖੀਆਂ ਨਾਲ ਹੱਥ ਮਿਲਾਕੇ ਆਪਣੇ ਸਾਮਰਾਜੀ ਹਿੱਤਾਂ ਦੀ ਪੂਰਤੀ ਕੀਤੀ।  ਪੂੰਜੀਵਾਦੀ ਨੀਤੀਆਂ ਜਰੀਏ ਜਿੰਨੀ ਤੇਜੀ ਨਾਲ ਇਸ ਪੂਰੇ ਮਹਾਂਦੀਪ ਅੰਦਰ ਸਾਮਰਾਜੀ-ਸਰਮਾਏਦਾਰੀ ਪੱਖੀ ਪੂੰਜੀਵਾਦੀ ਮਾਡਲ ਆਪਣੇ ਪੈਰ ਪਸਾਰ ਰਿਹਾ ਸੀ ਉਨ੍ਹੀ ਹੀ ਤੇਜੀ ਨਾਲ ਇਸ ਮਹਾਂਦੀਪ 'ਚ ਥਾਂ-ਥਾਂ ਤੇ ਇਨਕਲਾਬੀ ਅਤੇ ਕਮਿਊਨਿਸਟ ਲਹਿਰਾਂ ਦਾ ਉਥਾਨ ਹੋਣਾ ਸ਼ੁਰੂ ਹੋਇਆ। ਭਾਵੇਂ ਇਸ ਲਈ ਬਾਹਰਮੁੱਖੀ ਸੰਸਾਰ ਹਾਲਤਾਂ ਵੀ ਸਹਾਈ ਸਨ। (ਖਾਸਕਰ ਰੂਸ ਦੇ ਇਨਕਲਾਬ ਦਾ ਪ੍ਰਭਾਵ)। ਲਾਤੀਨੀ ਅਮਰੀਕਾਂ ਦੀ ਇਹ ਬੈੱੱਲਟ ਆਪਣੇ ਸਪੇਨੀ ਸਾਮਰਾਜੀ ਵਿਰੋਧੀ ਲੋਕ ਨਾਇਕਾਂ ਤੇ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਕਾਰਲ ਮਾਰਕਸ ਦੀ ਵਿਚਾਰਧਾਰਾ ਅਤੇ ਯੂਰਪੀ ਕ੍ਰਾਂਤੀਆਂ ਤੋਂ ਲੰਮਾ ਸਮਾਂ ਅਛੂਤੀ ਹੀ ਰਹੀ। ਇਸ ਬੈੱਲਟ 'ਚ ਮਾਰਕਸਵਾਦੀ ਲੀਹਾਂ ਤੇ ਉਸਰੇ ਵਿਚਾਰਧਾਰਕ ਸਿਆਸੀ ਸੰਘਰਸ਼ ਦਾ ਦੌਰ ਖਾਸ ਤੌਰ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ 'ਚ ਵੇਖਣ ਨੂੰ ਮਿਲਦਾ ਹੈ। ਇਸ ਖਿੱਤੇ ਦੇ ਮਾਰਕਸਵਾਦੀ ਨਾਇਕਾਂ ਨੂੰ ਸਟਾਲਿਨ ਦੇ ਫਾਸ਼ੀਵਾਦ ਵਿਰੁੱਧ ਸੰਘਰਸ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ।

ਇਹਨਾਂ ਲਈ ਮਾਰਕਸਵਾਦ ਅਤੇ ਖਾਸ ਤੌਰ ਤੇ ਲੈਨਿਨਵਾਦ ਅਤੇ ਉਸਦੇ ਸੋਵੀਅਤ ਯੂਨੀਅਨ ਅੰਦਰ ਸਮਾਜਵਾਦੀ ਵਿਚਾਰਧਾਰਾ ਤੇ ਮਾਡਲ ਨੂੰ ਸਮਝਣ ਲਈ ਸਟਾਲਿਨ ਹੀ ਮੁੱਖ ਜਰੀਆ ਬਣਿਆ। ਇਸ ਦੌਰ ਅੰਦਰ ਲਾਤੀਨੀ ਮਹਾਂਦੀਪ ਦੇ ਅਨੇਕਾਂ ਮੁਲਕਾਂ 'ਚ ਸਮਾਜਵਾਦੀ ਵਿਚਾਰਧਾਰਾ ਦਾ ਪਸਾਰਾ ਹੋਇਆ। ਉਸ ਸਮੇਂ ਲਾਤੀਨੀ ਅਮਰੀਕਾ ਵਿਚ ਕਈ ਨੌਜਵਾਨ (ਫੀਦਲ ਕਾਸਤਰੋ, ਹੂਗੋ ਚਾਵੇਜ, ਚੇ ਗੁਵਾਰਾ ਅਦਿ) ਮਾਰਕਸੀ ਵਿਚਾਰਧਾਰਾ ਦੀ ਸੇਧ ਅਤੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਸਹਾਇਤਾ ਪ੍ਰਾਪਤ ਕਰਕੇ ਲਾਤੀਨੀ ਲੋਕਾਂ ਦੇ ਨਾਇਕ ਬਣਕੇ ਸਾਹਮਣੇ ਆਏ। ਭਾਵੇਂ ਲਾਤੀਨੀ ਅਮਰੀਕੀ ਕਮਿਊਨਿਸਟ ਲਹਿਰ ਤੇ ਉਸਦੀ ਵਿਚਾਰਧਾਰਾ ਦੇ ਅਨੇਕਾਂ ਅਪਵਾਦ ਹਨ (ਇਹ ਅਪਵਾਦ ਇਸ ਲੇਖ ਦਾ ਵਿਸ਼ਾ ਨਹੀਂ) ਪਰ ਇਸ ਮਹਾਂਦੀਪ ਵਿਚ ਸਮਾਜਵਾਦ ਪੱਖੀ ਲਹਿਰ/ਖੱਬੇਪੱਖੀ ਲਹਿਰ ਦਾ ਲੰਮਾ-ਚੌੜਾ ਤੇ ਮਹੱਤਵਪੂਰਨ ਰੋਲ ਰਿਹਾ ਹੈ। ਇਸਨੇ ਕਈ ਦਹਾਕਿਆਂ ਤੱਕ ਸਾਮਰਾਜੀ ਲੁੱਟ-ਖਸੁੱਟ ਖਿਲਾਫ ਲਹੂ-ਹੂਲਵਾਂ ਸੰਘਰਸ਼ ਲੜਿਆ ਹੈ। ਇਸਨੇ ਕੁਝ ਸੌ ਸਾਲ ਪਹਿਲਾਂ ਜਾਂਗਲੀ ਸੱੱਭਿਅਤਾ ਦੇ ਲੋਕਾਂ ਨੂੰ ਸਮਾਜ ਦੀ ਸਭ ਤੋਂ ਉੱਨਤ ਤੇ ਅਗਾਂਹਵਧੂ ਵਿਚਾਰਧਾਰਾਂ ਨਾਲ ਰੂਬਰੂ ਕਰਵਾਇਆ। ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀ ਨਿਹਚਾ ਦਾ ਸਬੂਤ ਹਨ। ਇਸ ਮਹਾਂਦੀਪ ਦੀ ਕਮਿਊਨਿਸਟ ਤੇ ਸਮਾਜਵਾਦ ਪੱਖੀ ਲਹਿਰ ਨੇ ਕਈ ਦਹਾਕਿਆਂ ਤੱਕ ਖੂਨੀ ਤੇ ਲੁਟੇਰੇ ਸਾਮਰਾਜ ਦਾ ਟਾਕਰਾ ਕੀਤਾ ਹੈ। 60ਵਿਆਂ ਤੋਂ 70ਵਿਆਂ ਤੱਕ ਦਾ ਦੌਰ ਇਸਦੀਆਂ ਕੁਰਬਾਨੀਆਂ ਦਾ ਸ਼ਾਨਾਮੱਤਾ ਦੌਰ ਰਿਹਾ ਹੈ। ਭਾਵੇਂ ਬਾਅਦ 'ਚ ਇਸ ਲਹਿਰ ਦਾ ਵੱਡਾ ਹਿੱਸਾ ਸੰਸਦਵਾਦ ਦੀ ਗਾਰ ਵਿਚ ਧਸ ਗਿਆ ਪ੍ਰੰਤੂ ਕੁਝ ਪਰਤਾਂ 'ਚ ਵਿਦਰੋਹ ਦਾ ਲਾਵਾ ਕਦੇ ਠੰਡਾ ਨਹੀਂ ਪਿਆ।

ਸਾਮਰਾਜ ਖਿਲਾਫ ਸੰਘਰਸ਼ਾਂ ਦੀ ਲੜੀ ਵਿਚੋਂ ਕਿਊਬਾ ਦਾ ਇਨਕਲਾਬ (1959) ਪ੍ਰਮੁੱਖ ਹੈ। ਇਸਨੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਮੱਦਦ ਨਾਲ (ਇਨਕਲਾਬ ਦੇ ਸ਼ੁਰੂਆਤੀ ਸਾਲਾਂ 'ਚ ਖਾਸ ਕਰਕੇ) ਬਾਕੀ ਲਾਤੀਨੀ ਮੁਲਕਾਂ ਵਿਚ ਇਨਕਲਾਬੀ ਲਹਿਰ ਦੇ ਉਥਾਨ 'ਚ ਮਹੱਤਵਪੂਰਨ ਰੋਲ ਅਦਾ ਕੀਤਾ। 1973 'ਚ ਚਿੱਲੀ ਅੰਦਰ ਐਲ ਸਲਵਾਦੋਰ ਦੀ ਅਗਵਾਈ ਵਿਚ ਅਮਰੀਕੀ ਪਿੱਠੂ ਅਗਸਤ ਪਿਨੋਚੇ ਖਿਲਾਫ ਕੀਤੀ ਜੱਦੋਜਹਿਦ ਨੇ ਲਾਤੀਨੀ ਅਮਰੀਕਾ ਅੰਦਰ ਸਾਮਰਾਜੀ ਅਤੇ ਸਮਾਜਵਾਦੀ ਤਾਕਤਾਂ ਵਿਚਕਾਰ ਸੰਘਰਸ਼ ਨੂੰ ਸਿਖਰ ਤੇ ਪਹੁੰਚਾ ਦਿੱਤਾ। ਅਮਰੀਕੀ ਸਾਮਰਾਜ ਨੇ ਨਵਉਦਾਰਵਾਦ ਦੇ ਏਜੰਡੇ ਨੂੰ ਐਲਾਨੀਆ ਤੌਰ ਤੇ ਲਾਗੂ ਕਰਨ ਲਈ 'ਸ਼ਿਕਾਗੋ ਸਕੂਲ਼ ਆਫ ਅਕਨਾਮਿਕਸ' ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪੂਰੀ ਟੀਮ (ਸ਼ਿਕਾਗੋ ਬੁਆਏਜ) ਅਗਸਤ ਪਿਨੋਚੇ ਦੀ ਪਿੱਠ 'ਤੇ ਲਿਆ ਖੜੀ ਕੀਤੀ। ਉਸ ਸਮੇਂ ਚਿੱਲੀ, ਸਾਮਰਾਜ ਅਤੇ ਸਮਾਜਵਾਦੀ ਸ਼ਕਤੀਆਂ ਲਈ ਆਰ-ਪਾਰ ਦੀ ਲੜਾਈ ਦਾ ਕੇਂਦਰ ਬਣਿਆ ਹੋਇਆ ਸੀ। ਇੱਥੋਂ ਹੀ ਬਾਕੀ ਲਾਤੀਨੀ ਮੁਲਕਾਂ ਦੀ ਹੋਣੀ ਤੈਅ ਹੋਣੀ ਸੀ। ਪੂਰੇ ਮਹਾਂਦੀਪ ਅੱਗੇ ਚੋਣ ਦਾ ਸਵਾਲ ਸੀ : ਪੂੰਜੀਵਾਦੀ ਨਵਉਦਾਰਵਾਦ ਜਾਂ ਸਮਾਜਵਾਦੀ ਆਰਥਿਕ ਮਾਡਲ। ਲੋਕਾਂ ਨੇ ਵੋਟਾਂ ਰਾਹੀਂ ਐਲ ਸਲਵਾਦੋਰ ਦੀ 'ਸਮਾਜਵਾਦੀ'/ਖੱਬੇਪੱਖੀ ਸਰਕਾਰ ਦੀ ਚੋਣ ਕੀਤੀ। ਐਲ ਸਲਵਾਦੋਰ ਦੀ ਅਗਵਾਈ ਵਾਲੀ ਸਰਕਾਰ ਨੇ ਅਨੇਕਾਂ ਇਨਕਲਾਬੀ ਸੁਧਾਰ ਵੀ ਕੀਤੇ। ਪਰੰਤੂ ਜਲਦੀ ਹੀ ਐਲ ਸਲਵਾਦੋਰ ਸਮੇਤ ਹਜ਼ਾਰਾਂ ਕਮਿਊਨਿਸਟਾਂ, ਕਲਾਕਾਰਾਂ, ਬੁੱਧੀਜੀਵੀਆਂ, ਕਾਰਕੁੰਨਾਂ ਦਾ ਕਤਲੇਆਮ ਕਰਕੇ ਚਿੱਲੀ ਦੀ ਇਨਕਲਾਬੀ/ਖੱਬੇਪੱਖੀ ਲਹਿਰ ਨੂੰ ਖੂਨ 'ਚ ਡੁਬੋ ਦਿੱਤਾ ਗਿਆ। ਪਿਨੋਚੇ ਨੇ ਸ਼ਿਕਾਗੋ ਬੁਆਏਜ ਦੀ ਮੱਦਦ ਨਾਲ ਪੁਰਾਣੇ ਸਮਾਜਵਾਦ ਪੱਖੀ ਸੁਧਾਰਾਂ ਨੂੰ ਬਦਲਕੇ ਚਿੱਲੀ ਅੰਦਰ ਖੁੱੱਲ੍ਹੇਆਮ ਪੂੰਜੀਵਾਦੀ ਨਵਉਦਾਰਵਾਦੀ ਆਰਥਿਕ ਮਾਡਲ ਲਾਗੂ ਕੀਤਾ। ਚਿੱਲੀ ਦੇ ਲੋਕਾਂ ਨੇ ਬਾਅਦ 'ਚ ਕਈ ਦਹਾਕਿਆਂ ਤੱਕ ਇਸ ਮਾਡਲ ਦੀਆਂ ਮਾਰੂ ਨੀਤੀਆਂ ਦਾ ਸੰਤਾਪ ਭੋਗਿਆ। ਮੌਜੂਦਾ ਸਮੇਂ 'ਚ ਜਦੋਂ ਪੂੰਜੀਵਾਦੀ ਪ੍ਰਬੰਧ ਦਾ ਸੰਕਟ, ਖਾਸ ਤੌਰ ਤੇ 2008 ਦੇ ਵਿਸ਼ਵ ਆਰਥਿਕ ਸੰਕਟ ਤੋਂ ਬਾਅਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਤਾਂ ਇਕ ਵਾਰ ਫਿਰ ਚਿੱਲੀ ਦਾ ਪਿਨੋਚੇ ਮਾਡਲ ਜਾਂ ਪੂੰਜੀਵਾਦੀ ਨਵਉਦਾਰਵਾਦੀ ਮਾਡਲ (ਜਿਸਨੂੰ ਲਾਤੀਨੀ ਲੋਕ ਪਿਨੋਚੇ ਮਾਡਲ ਦੇ ਤੌਰ ਦੇਖਦੇ ਹਨ) ਲਾਤੀਨੀ ਅਮਰੀਕੀ ਮੁਲਕਾਂ ਅੰਦਰ ਸਖਤੀ ਨਾਲ ਦੁਹਰਾਉਣ ਦੀ ਮਸ਼ਕ ਤੇਜ ਕੀਤੀ ਜਾ ਰਹੀ ਹੈ। ਲਾਤੀਨੀ ਮਹਾਂਦੀਪ 'ਚ ਨਵਉਦਾਰਵਾਦ ਦਾ ਫਾਸ਼ੀ ਰੰਗ ਮੁੜ ਉਘੜ ਰਿਹਾ ਹੈ। ਖੱਬਿਆਂ ਦੀ ਦਹਾਕਿਆਂ ਤੱਕ ਰਹੀ ਸਰਦਾਰੀ ਤੋਂ ਬਾਅਦ ਸੱਜੇਪੱਖੀ ਤਾਕਤਾਂ ਲਾਤੀਨੀ ਅਮਰੀਕਾ 'ਚ ਇਕ ਵਾਰ ਫਿਰ ਤੇਜੀ ਨਾਲ ਆਪਣੇ ਪੈਰ ਪਸਾਰ ਰਹੀਆਂ ਹਨ। ਪਿਛਲੇ ਚਾਰ ਸਾਲਾਂ ਦੇ ਅਰਸੇ ਦੌਰਾਨ ਅਰਜਨਟੀਨਾ, ਚਿੱਲੀ, ਕੋਲੰਬੀਆ ਤੇ ਬਰਾਜ਼ੀਲ ਵਿਚ ਸੱਜਪਿਛਾਖੜੀ ਫਾਸ਼ੀ ਤਾਕਤਾਂ ਦਾ ਸੱਤਾ ਤੇ ਕਾਬਜ ਹੋਣਾ ਅਤੇ ਇਹਨਾਂ ਮੁਲਕਾਂ ਅੰਦਰ ਤੇਜੀ ਅਤੇ ਸਖਤੀ ਨਾਲ ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੀਆਂ ਮਸ਼ਕਾਂ ਲਾਤੀਨੀ ਦੁਨੀਆਂ ਦੇ ਆਰਥਿਕ-ਸਿਆਸੀ ਮੰਚ ਤੇ ਇਕ ਵੱਡੀ ਤੇ ਇਤਿਹਾਸਕ ਹਲਚਲ ਹੈ। ਪਿਨੋਚੇ ਦੇ ਸਹਾਇਕ 'ਸ਼ਿਕਾਗੋ ਬੁਆਏਜ' ਪਾਊਲੋ ਗੁਏਦੇਜ (ਬਰਾਜ਼ੀਲ ਦਾ ਨਵਾਂ ਵਿੱਤ ਮੰਤਰੀ) ਦਾ ਬਰਾਜ਼ੀਲ ਦੀ ਨਵੀਂ ਸਰਕਾਰ 'ਚ ਸਿੱਧੇ ਤੌਰ ਤੇ ਦਖਲ ਦੇਣਾ ਅਤੇ ਐਲਾਨੀਆ ਤੌਰ ਤੇ ਪਿਨੋਚੇ ਮਾਡਲ ਨੂੰ ਲਾਗੂ ਕਰਨ ਦੇ ਬਿਆਨ ਦੇਣੇ ਅਤੇ ਅਮਲੀ ਤੌਰ ਤੇ ਸਰਕਾਰੀ ਸੇਵਾਵਾਂ ਤੇ ਕੱਟ ਲਾਉਣੇ ਅਤੇ ਐਮਾਜੌਨ ਦੇ ਵੱਡੇ ਇਲਾਕੇ ਨੂੰ ਨਿੱਜੀ ਹੱਥਾਂ 'ਚ ਦੇਣਾ, ਆਦਿਵਾਸੀਆਂ ਦੇ ਸੰਘਰਸ਼ ਨੂੰ ਫੌਜੀ ਬਲ ਅਤੇ ਅੱਤਵਾਦੀ ਵਿਰੋਧੀ ਕਾਨੂੰਨਾਂ ਤੇ ਨਿਆਂਇਕ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਕੁਚਲਨਾਂ, ਗਲੀਆਂ-ਸੜਕਾਂ ਤੇ ਫੌਜ ਨੂੰ ਉਤਾਰ ਦੇਣਾ ਆਦਿ ਇਸਦੇ ਘਾਤਕ ਮਨਸੂਬਿਆਂ ਦਾ ਪ੍ਰਤੱਖ ਨਮੂਨਾ ਹਨ।

ਇਸੇ ਤਰ੍ਹਾਂ ਅਰਜਨਟੀਨਾ ਦੀ ਆਰਥਿਕਤਾ ਨੂੰ ਆਈਐਮਐਫ ਨੂੰ ਸੌਂਪ ਦੇਣਾ ਸਿੱਧੀ ਸਾਮਰਾਜੀ ਦਖਲਅੰਦਾਜੀ ਦੇ ਵੱਧਦੇ ਪ੍ਰਭਾਵ ਦਾ ਸਬੂਤ ਹੈ। ਆਈਐਮਐਫ ਅਰਜਨਟੀਨਾ ਲਈ ਮਹਿਜ ਫੰਡ ਹੀ ਨਹੀਂ ਬਲਕਿ ਪ੍ਰਸ਼ਾਸ਼ਨ ਅਤੇ ਨੀਤੀਆਂ ਵੀ ਨਾਲ ਹੀ ਲੈ ਕੇ ਦਾਖਲ ਹੋਈ ਹੈ। ਇਸ ਤਰ੍ਹਾਂ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਆਰਥਿਕ ਨਾ-ਬਰਾਬਰੀ ਖਿਲਾਫ ਉੱਠ ਰਹੀ ਅਵਾਜ ਨੂੰ ਠੱਲਣ ਲਈ ਅਗਾਊਂ ਹੀ ਹਿੰਸਕ ਰਾਜਨੀਤਿਕ ਇਜਾਰੇਦਾਰੀ ਦਾ ਚੌਖਟਾ ਤਿਆਰ ਕੀਤਾ ਜਾ ਰਿਹਾ ਹੈ। ਸਾਮਰਾਜੀ-ਸਰਮਾਏਦਾਰ ਤਾਕਤਾਂ ਲੋਕਤੰਤਰੀ ਵਿਵਸਥਾ ਤਹਿਤ ਨਵਉਦਾਰਵਾਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਹਿੰਸਕ ਰਾਜਨੀਤਿਕ ਇਜਾਰੇਦਾਰੀ ਦਾ ਜੋ ਤਰੀਕਾ ਅਪਣਾ ਰਹੀਆਂ ਹਨ ਇਹ ਉਹ ਮੈਕਸੀਕੋ (1910), ਬੋਲੀਵੀਆਂ (1952), ਕਿਊਬਾ (1959), ਨਿਕਾਰਾਗੂਆ (1979) ਦੇ ਇਨਕਲਾਬ ਦੇ ਸਬਕਾਂ ਨੂੰ ਪੱਲੇ ਬੰਨ੍ਹਕੇ ਅਪਣਾਅ ਰਹੀਆਂ ਹਨ। ਉਹਨਾਂ ਦੇ ਯਤਨ ਹਨ ਕਿ ਅਤੀਤ ਦੀਆਂ ਗਲਤੀਆਂ ਤੇ ਘਾਟਾਂ ਨੂੰ ਵਰਤਮਾਨ 'ਚ ਨਾ ਦੁਹਰਾਇਆ ਜਾਵੇ। ਲਾਤੀਨੀ ਮਹਾਂਦੀਪ ਸਮੇਤ ਦੁਨੀਆਂ ਭਰ 'ਚ ਜਿਸ ਤਰ੍ਹਾਂ ਪੂੰਜੀਵਾਦੀ ਲੋਕਤੰਤਰਕ ਢਾਂਚੇ ਦਾ ਥੋਥ ਨੰਗਾ ਹੋ ਰਿਹਾ ਹੈ ਅਤੇ ਇਸਦਾ ਢਾਂਚਾਗਤ ਸੰਕਟ ਵੱਧ ਰਿਹਾ ਹੈ, ਇਹ ਸੰਸਾਰ ਸਾਮਰਾਜੀ-ਸਰਮਾਏਦਾਰ ਤਾਕਤਾਂ ਲਈ ਫਿਕਰਮੰਦੀ ਦਾ ਵੱਡਾ ਸਵਾਲ ਹੈ। ਪੂੰਜੀਵਾਦ ਸਿਧਾਂਤਕਾਰ ਲੱਖ ਯਤਨਾਂ ਦੇ ਬਾਵਜੂਦ ਇਸ ਵੱਧਦੇ ਹੋਏ ਮਰਜ਼ ਦੀ ਦਵਾ ਤਿਆਰ ਨਹੀਂ ਕਰ ਪਾ ਰਹੇ। ਉਲਟਾ ਅੱਜ ਤੋਂ ਛੱਬੀ ਸਾਲ ਪਹਿਲਾਂ 'ਇਤਿਹਾਸ ਦੇ ਅੰਤ' ਦਾ ਦਾਅਵਾ ਕਰਨ ਵਾਲੇ ਫਰਾਂਸਿਸ ਫੁਕੂਯਾਮਾ ਵਰਗੇ ਬੁਰਜੂਆ ਸਿਧਾਂਤਕਾਰਾਂ ਨੂੰ ਵੀ 'ਸਮਾਜਵਾਦ ਦੀ ਵਾਪਸੀ' ਦੇ ਬਿਆਨ ਦੇਣੇ ਪੈ ਰਹੇ ਹਨ।

ਲਾਤੀਨੀ ਅਮਰੀਕਾ 'ਚ ਨਵਉਦਾਰਵਾਦੀ ਨੀਤੀਆਂ ਦੀਆਂ ਝੰਡਾਬਰਦਾਰ ਨਵ ਫਾਸ਼ੀਵਾਦੀ ਤਾਕਤਾਂ (ਆਪਣੇ ਕੁੱਲ ਰੂਪ 'ਚ ਸੰਸਾਰ ਮੰਚ 'ਤੇ) ਤੇਜੀ ਨਾਲ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਉਹਨਾਂ ਦੇ ਫਾਸ਼ੀਵਾਦੀ ਚਿਹਰੇ ਦਾ ਰੰਗ, ਪੂੰਜੀਵਾਦੀ ਨਵਉਦਾਰਵਾਦੀ ਨੀਤੀਆਂ ਨੂੰ ਬੇਰੋਕ-ਟੋਕ ਅੱਗੇ ਲਿਜਾਣ ਲਈ ਦਿਨ-ਬ-ਦਿਨ ਤੇਜੀ ਨਾਲ ਉਘੜ ਰਿਹਾ ਹੈ। ਇਸਦੇ ਨਾਲ ਹੀ ਬੁਰਜੂਆ ਜਮਹੂਰੀ ਅਤੇ ਪਾਰਲੀਮਾਨੀ ਖੱਬੇਪੱਖੀ ਇਸ ਫਾਸ਼ੀਵਾਦੀ ਵਰਤਾਰੇ ਦਾ ਵਿਰੋਧ ਬੁਰਜੂਆ ਢਾਂਚੇ ਦੀ ਬੁਨਿਆਦੀ ਇਨਕਲਾਬੀ ਆਰਥਿਕ-ਸਿਆਸੀ ਤਬਦੀਲੀ ਦੀ ਬਜਾਏ ਪਾਰਲੀਮਾਨੀ ਬੁਰਜੂਆ ਢਾਂਚੇ ਦੇ ਅੰਤਰਗਤ ਹੀ ਵੇਖਦੇ ਹਨ। ਉਹਨਾਂ ਦਾ ਵਿਰੋਧ ਵੱਧ ਰਹੇ ਫਾਸ਼ੀ ਰੁਝਾਨ ਚੋਂ ਜਮਹੂਰੀ ਸਪੇਸ ਹਾਸਲ ਕਰਨ ਤੱਕ ਹੀ ਸੀਮਿਤ ਹੈ। ਦੂਜੇ ਪਾਸੇ ਸੰਸਾਰ ਦੀਆਂ ਸਾਮਰਾਜੀ ਤਾਕਤਾਂ (ਬਹੁ-ਧਰੁੱਵੀ ਸਾਮਰਾਜੀ ਤਾਕਤਾਂ ਦੇ ਅੰਤਰਵਿਰੋਧਾਂ ਦੇ ਬਾਵਜੂਦ ) ਵੱਖ-ਵੱਖ ਵਿਸ਼ਵ ਸੰਮੇਲਨਾਂ ਅਤੇ ਮਿਲਣੀਆਂ ਕਰਕੇ ਪੂੰਜੀਵਾਦੀ ਸੰਕਟ ਦਾ ਬੋਝ ਗਰੀਬ ਮੁਲਕਾਂ ਅਤੇ ਵਿਸ਼ਵ ਦੀ ਕਿਰਤੀ ਜਮਾਤ ਦੇ ਸਿਰ ਪਾਉਣ ਲਈ ਸਿਰ ਜੋੜਨ ਦੇ ਯਤਨ ਕਰ ਰਹੀਆਂ ਹਨ। ਅਜਿਹੇ 'ਚ, ਸੰਸਾਰ ਮੰਚ ਤੇ ਉੱਠ ਰਹੇ ਆਪਮੁਹਾਰੇ ਵਿਦਰੋਹਾਂ ਅਤੇ ਵਿਸਫੋਟਕ ਇਨਕਲਾਬੀ ਹਾਲਾਤਾਂ 'ਚੋਂ ਅਤੇ ਸਾਮਰਾਜੀ ਲੁੱਟ-ਖਸੁੱਟ ਦੇ ਲਾਤੀਨੀ ਅਮਰੀਕੀ ਮਾਡਲ ਤੋਂ ਸਬਕ ਲੈਂਦਿਆਂ ਸੰਸਾਰ ਭਰ ਦੀਆਂ ਕਮਿਊਨਿਸਟ ਤਾਕਤਾਂ ਨੂੰ ਇਸ ਨਵ-ਫਾਸ਼ੀਵਾਦੀ ਹਮਲੇ ਖਿਲਾਫ ਬਹੁਤ ਵੱਡੇ ਤੇ ਸਾਂਝੇ ਯਤਨ ਜੁਟਾਉਣ ਦੀ ਬੇਹੱਦ ਲੋੜ ਹੈ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ