Thu, 18 July 2024
Your Visitor Number :-   7194617
SuhisaverSuhisaver Suhisaver

ਸੰਕਟ ਦੇ ਦੌਰ ’ਚੋਂ ਗੁਜ਼ਰ ਰਹੀ ਕਾਂਗਰਸ -ਗੁਰਪ੍ਰੀਤ ਸਿੰਘ ਖੋਖਰ

Posted on:- 05-01-2015

suhisaver

ਕਾਂਗਰਸ ਦੀ ਸਥਾਪਨਾ 1885 ’ਚ ਹੋਈ ਸੀ । ਪਾਰਟੀ ਨੇ ਪਿਛਲੇ ਦਿਨੀਂ ਆਪਣੀ 130 ਵੀਂ ਵਰ੍ਹੇਗੰਢ ਮਨਾਈ । ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਸੁਤੰਤਰਤਾ ਸੰਗਰਾਮ ’ਚ ਜਿੱਥੇ ਇਸ ਪਾਰਟੀ ਦਾ ਮਹੱਤਵਪੂਰਨ ਯੋਗਦਾਨ ਹੈ, ਉੱਥੇ ਹੀ ਆਜ਼ਾਦ ਭਾਰਤ ਦੇ ਨਿਰਮਾਣ ’ਚ ਇਸ ਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ । ਆਜ਼ਾਦੀ ਸਮੇਂ ਅੰਗਰੇਜ਼ਾਂ ਵੱਲੋਂ ਕੰਗਾਲੀ ਦੀ ਜੋ ਵਿਰਾਸਤ ਭਾਰਤ ਨੂੰ ਮਿਲੀ, ਉਸ ਨੂੰ ਖੁਸ਼ਹਾਲੀ ’ਚ ਤਬਦੀਲ ਕਰਨ ਦਾ ਕੰਮ ਕਾਂਗਰਸ ਨੇ ਹੀ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਨਵ ਨਿਰਮਾਣ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਤੇ ਲੰਮੇ ਸਮੇਂ ਤੱਕ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਦੀ ਹੋਂਦ ਹੀ ਅੱਜ ਖ਼ਤਰੇ ’ਚ ਦਿਖਾਈ ਦੇਣ ਲੱਗੀ ਹੈ । ਕਾਂਗਰਸ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਚੋਣਾਂ ’ਚ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ । ਪਿਛਲੇ ਕੁਝ ਸਮੇਂ ਤੋਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਤੋਂ ਕਰਾਰੀ ਹਾਰ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਬਦਸਤੂਰ ਜਾਰੀ ਹੈ।

16 ਵੀਂਆਂ ਲੋਕ ਸਭਾ ਚੋਣਾਂ ’ਚ ਇਤਿਹਾਸਕ ਹਾਰ ਦੇ ਜ਼ਖਮਾਂ ’ਤੇ ਉਪ ਚੋਣਾਂ ਦੇ ਨਤੀਜੇ ਮੱਲ੍ਹਮ ਲਗਾ ਹੀ ਰਹੇ ਸਨ ਕਿ ਹਰਿਆਣਾ ਤੇ ਮਹਾਂਰਾਸ਼ਟਰ ਦੇ ਨਤੀਜਿਆਂ ਨੇ ਫਿਰ ਤੋਂ ਉਸ ਦੇ ਜਖਮਾਂ ਨੂੰ ਉਚੇੜ ਦਿੱਤਾ ਹੈ ਤੇ ਹੁਣ ਝਾਰਖੰਡ ਤੇ ਜੰਮੂ ਕਸ਼ਮੀਰ ਦੇ ਨਤੀਜਿਆਂ ਨੇ ਉਸ ਨੂੰ ਹੋਰ ਡੂੰਘੇ ਜ਼ਖ਼ਮ ਦਿੱਤੇ ਹਨ। ਅਜਿਹਾ ਲੱਗ ਰਿਹਾ ਹੈ ਕਿ ਭਾਰਤ ਨੂੰ ਕਾਂਗਰਸੀਆਂ ਦੇ ਸਾਸ਼ਨ ਤੋਂ ਮੁਕਤ ਕਰਵਾਉਣ ਦੀ ਜੋ ਮਨਸ਼ਾ ਸੀ, ਉਸ ’ਚ ਭਾਜਪਾ ਕਾਮਯਾਬ ਹੋ ਰਹੀ ਹੈ । ਕੀ ਸੱਚਮੁੱਚ ਸਵਾ ਸੌ ਸਾਲ ਪੁਰਾਣੀ ਪਾਰਟੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ? ਕਾਂਗਰਸ ਦਾ ਜੋ ਮੌਜੂਦਾ ਹਸ਼ਰ ਹੈ,ਇਸ ਬਾਰੇ ਕਾਂਗਰਸ ਤਾਂ ਕੀ, ਇਸ ਦੇ ਵਿਰੋਧੀਆਂ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਾਂਗਰਸ ਲਗਾਤਾਰ ਨਸੀਬ ਹੋ ਰਹੀਆਂ ਹਾਰਾਂ ਤੋਂ ਕੋਈ ਸਬਕ ਲਵੇਗੀ? ਕੁੱਲ ਮਿਲਾ ਕੇ ਇਹ ਕਾਂਗਰਸ ਲਈ ਆਤਮ -ਮੰਥਨ ਦਾ ਸਮਾਂ ਹੈ।

ਲੋਕ ਸਭਾ ਚੋਣਾਂ ਤੋਂ ਲਗਭਗ ਦੋ-ਤਿੰਨ ਸਾਲ ਪਹਿਲਾਂ ਹੀ ਕਾਂਗਰਸ ਨੇ ਆਮ ਜਨਤਾ ਦਾ ਭਰੋਸਾ ਗੁਆਉਣਾ ਸ਼ੁਰੂ ਕਰ ਦਿੱਤਾ ਸੀ । ਉਸ ਦੇ ਫੈਸਲਿਆਂ ਨਾਲ ਆਮ ਜਨਤਾ ’ਚ ਨਾਰਾਜ਼ਗੀ ਦੀ ਲਹਿਰ ਸੀ। ਰਹਿੰਦੀ-ਖੂੰਹਦੀ ਕਸਰ ਦਿਨ-ਬ-ਦਿਨ ਸਾਹਮਣੇ ਆ ਰਹੇ ਘਪਲਿਆਂ ਨੇ ਕੱਢ ਦਿੱਤੀ। ਸਿੱਟੇ ਵਜੋਂ ਦੇਸ਼ ਭਰ ’ਚ ਕੇਂਦਰੀ ਸੱਤਾ ਖਿਲਾਫ ਮਾਹੌਲ ਕਾਇਮ ਹੋਇਆ, ਪਰ ਇਸ ਨੂੰ ਨਾ ਤਾਂ ਸਰਕਾਰ ’ਚ ਸ਼ਾਮਿਲ ਸਿਆਸੀ ਆਗੂਆਂ ਨੇ ਮਹਿਸੂਸ ਕੀਤਾ ਤੇ ਨਾ ਹੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ। ਇਸ ਦੇ ਮਾੜੇ ਨਤੀਜੇ ਸਾਹਮਣੇ ਆਉਣੇ ਹੀ ਸਨ ਤੇ ਆਏ ਵੀ।

ਜੇਕਰ ਕਾਂਗਰਸ ਆਪਣਾ ਹਿੱਤ ਚਾਹੁੰਦੀ ਹੈ ਤੇ ਆਪਣੀ ਗੁਆਚੀ ਹੋਈ ਸਥਿਤੀ ਨੂੰ ਮੁੜ ਪਾਉਣ ਦੀ ਜ਼ਰਾ ਵੀ ਇੱਛੁਕ ਹੈ ਤਾਂ ਉਸ ਨੂੰ ਆਪਣੀਆਂ ਭੁੱਲਾਂ ਨੂੰ ਸੱਚੇ ਦਿਲੋਂ ਸਵੀਕਾਰਨਾ ਹੋਵੇਗਾ । ਕਾਂਗਰਸ ਦੀ ਦੁਰਦਸ਼ਾ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ । ਪਿਛਲੇ ਇੱਕ ਸਾਲ ਤੋਂ ਕਾਂਗਰਸ ਸਾਹਮਣੇ ਇੱਕ ਵਾਰ ਨਹੀਂ, ਕਈ ਵਾਰ ਆਪਣੀਆਂ ਗਲਤੀਆਂ ਤੋਂ ਸਬਕ ਲੈਣ ਦੇ ਮੌਕੇ ਆਏ ਪਰ ਕਾਂਗਰਸੀ ਹੱਥ ’ਤੇ ਹੱਥ ਧਰ ਕੇ ਬੈਠੇ ਰਹੇ । ਅਜਿਹਾ ਲੱਗਦਾ ਹੈ ਕਿ ਲਗਾਤਾਰ ਮਿਲ ਰਹੀ ਹਾਰ ਤੋਂ ਬੌਖਲਾਏ ਕਾਂਗਰਸੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ ਤੇ ਉਹ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਮੰਨ ਰਹੇ ਹਨ।

ਕਾਂਗਰਸ ਨੇ ਆਪਣੇ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਦਾ ਸੰਪੂਰਨ ਤੇ ਸਹੀ ਲੇਖਾ-ਜੋਖਾ ਜਨਤਾ ਸਾਹਮਣੇ ਚੋਣ ਪ੍ਰਚਾਰ ਦੌਰਾਨ ਪੇਸ਼ ਨਹੀਂ ਕੀਤਾ। ਇਸੇ ਦਾ ਲਾਭ ਉਠਾਉਂਦਿਆਂ ਨਰਿੰਦਰ ਮੋਦੀ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦੀ ਯੋਗਤਾ ਦੇ ਬਲਬੂਤੇ ਕਾਂਗਰਸ ’ਤੇ ਹਾਵੀ ਹੋ ਗਏ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

ਜਦੋਂ ਤੋਂ ਨਰਿੰਦਰ ਮੋਦੀ ਸੱਤਾ ’ਚ ਆਏ ਹਨ, ਉਹ ਵੀ ਕਾਂਗਰਸ ਤੋਂ ਹਟ ਕੇ ਕੋਈ ਖਾਸ ਵੱਖਰਾ ਕੰਮ ਨਹੀਂ ਕਰ ਰਹੇ ਹਨ। ਜੇਕਰ ਗੌਰ ਕੀਤਾ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਉਹ ਕਿਤੇ ਨਾ ਕਿਤੇ ਪਹਿਲਾਂ ਵਾਲੀ ਸਰਕਾਰ ਦੀਆਂ ਹਨ। ਮੋਦੀ ਨੇ ਇਨ੍ਹਾਂ ਨੂੰ ਬੱਸ ਨਵਾਂ ਨਾਂਅ ਦੇਣ ਦਾ ਕੰਮ ਕੀਤਾ ਹੈ । ਲੋਕ ਸਭਾ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬਹੁਤੇ ਕਾਂਗਰਸੀ ਆਗੂਆਂ ਨੇ ਨਦਾਰਦ ਹੋ ਕੇ ਆਪਣੇ ਪੁਰਾਣੇ ਧੰਦੇ ਦਾ ਪੱਲਾ ਫੜ੍ਹ ਲਿਆ ਹੈ।

ਹੁਣ ਜੋ ਵੀ ਦਾਰੋਮਦਾਰ ਹੈ, ਉਹ ਸਭ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ’ਤੇ ਹੀ ਹੈ, ਪਰ ਦੋਵਾਂ ’ਚ ਆਸ ਦੀ ਕੋਈ ਉਮੀਦ ਨਹੀਂ ਦਿਸ ਰਹੀ ਹੈ । ਜੇਕਰ ਦੁਬਾਰਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਪਾਰਟੀ ’ਚ ਯੋਗਤਾ ਨੂੰ ਤਵੱਜੋ ਦੇਣੀ ਪਵੇਗੀ ਨਾ ਕਿ ਸਿਆਸੀ ਵਿਰਾਸਤ ਨੂੰ । ਕਾਂਗਰਸ ਕੋਲ ਅਜੇ ਵੀ ਵਾਪਸੀ ਦਾ ਮੌਕਾ ਹੈ । ਸੱਤਾ ਧਿਰ ਤੋਂ ਬਾਅਦ ਜੇਕਰ ਲੋਕ ਹਿੱਤ ’ਚ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ, ਤਾਂ ਉਹ ਹੈ ਵਿਰੋਧੀ ਧਿਰ। ਜੇਕਰ ਕਾਂਗਰਸ ਵਿਰੋਧੀ ਧਿਰ ’ਚ ਬੈਠ ਕੇ ਆਪਣੇ ਕਰਤੱਵਾਂ ਦਾ ਸਹੀ ਤਰ੍ਹਾਂ ਨਾਲ ਪਾਲਣ ਕਰੇ , ਲੋਕਹਿੱਤ ਦੇ ਮੁੱਦਿਆਂ ’ਤੇ ਸਰਕਾਰ ਨਾਲ ਖੜ੍ਹੀ ਰਹੇ ਤੇ ਲੋਕ ਮਾਰੂ ਨੀਤੀਆਂ ’ਤੇ ਸਰਕਾਰ ਦਾ ਵਿਰੋਧ ਕਰੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਉਸ ਨੂੰ ਜਨਤਾ ਦਾ ਵਿਸ਼ਵਾਸ ਹਾਸਲ ਹੋ ਸਕੇ ਤੇ ਉਹ ਜਨਤਾ ’ਚ ਆਪਣਾ ਗੁਆਚਾ ਆਧਾਰ ਮੁੜ ਹਾਸਲ ਕਰਨ ਦੇ ਯੋਗ ਹੋ ਸਕੇ ।

ਸੰਪਰਕ:  +91 86849 41262

Comments

gurlabh singh sidhu

bahut badhia ji.sonia gandhi te rahul gandhi ch agwai skill di kmi hai, jis karn congress da beda gark gya

harpal kaur

sahi gall hai ji khokher sahib

manjeet tiwana

bilkul hakikat hai veer ji

harpreet singh

nice ji khokher sahib

gurlal singh khokher

shaan saade pind di gurpreet khokher. jeonda reh veer

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ