Mon, 23 September 2019
Your Visitor Number :-   1810012
SuhisaverSuhisaver Suhisaver
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਭਾਈ ਮੇਵਾ ਸਿੰਘ ਇੱਕ ਕੌਮੀ ਸ਼ਹੀਦ ਜਾਂ ਇੱਕ ਕਾਤਲ - ਪਰਮਿੰਦਰ ਕੌਰ ਸਵੈਚ

Posted on:- 10-01-2015

suhisaver

(11 ਜਨਵਰੀ,1915-2015 ਸ਼ਤਾਬਦੀ ਵਰ੍ਹੇ ਨੂੰ ਸਮਰਪਿਤ)

11 ਜਨਵਰੀ, 1915 ਦਾ ਦਿਨ ਕੈਨੇਡਾ ਦੇ ਇਤਿਹਾਸ ਵਿੱਚ ਭਾਰਤੀਆਂ ਲਈ ਉਹ ਕਾਲਾ ਦਿਨ ਹੈ, ਜਿਸ ਦਿਨ ਹੱਕ, ਸੱਚ ਤੇ ਇਨਸਾਫ਼ ਦੀ ਲੜਾਈ ਲੜਨ ਵਾਲੇ ਜੁਝਾਰੂ ਦੇਸ਼ ਭਗਤ ਭਾਈ ਮੇਵਾ ਸਿੰਘ ਦੇ ਨਸਲਵਾਦੀ ਕਨੇਡੀਅਨ ਸਰਕਾਰ ਨੇ ਫਾਂਸੀ ਦਾ ਰੱਸਾ ਗਲ਼ ਵਿੱਚ ਪਾਇਆ ਸੀ। ਉਹ ਮੇਵਾ ਸਿੰਘ ਜੋ 1906 ਵਿੱਚ ਰੋਟੀ ਰੋਜ਼ੀ ਕਮਾਉਣ ਲਈ ਕੈਨੇਡਾ ਆਇਆ ਸੀ ਤੇ ਫਰੇਜ਼ਰ ਮਿੱਲ ਵਿੱਚ ਆ ਕੇ ਕੰਮ ਕਰਨ ਲੱਗ ਗਿਆ ਸੀ। ਉਹ ਬਹੁਤ ਹੀ ਮਿਹਨਤੀ ਤੇ ਸਾਊ ਸੁਭਾਅ ਦਾ ਇਨਸਾਨ ਸੀ। ਉਸ ਸਮੇਂ ਭਾਰਤੀਆਂ ਨੂੰ ਬਸਤੀਵਾਦੀ ਸਾਮਰਾਜ ਦੀ ਹੱਕੀ ਰਿਆਇਆ ਹੋਣ ਦੇ ਬਾਵਜੂਦ ਹਰ ਥਾਂ ਤੇ ਚਮੜੀ ਦੇ ਰੰਗ ਕਰਕੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇੱਥੋਂ ਤੱਕ ਕਿ ਲੋਕਾਂ ਦੀ ਅਵਾਜ਼ ਨੂੰ ਬੰਦ ਕਰਨ ਲਈ ਕਤਲੋਗਾਰਤ ਵੀ ਸ਼ੁਰੂ ਹੋ ਚੁੱਕੀ ਸੀ, ਜਿਸਦਾ ਸਿੱਟਾ ਗੁਰਦਵਾਰੇ ਵਰਗੇ ਪਵਿੱਤਰ ਸਥਾਨ ਤੇ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਸੈਂਕੜੇ ਲੋਕਾਂ ਦੇ ਸਾਹਮਣੇ ਦਿਨ ਦੁਪਹਿਰੇ ਹਾਪਕਿਨਸਨ ਦੀ ਸੱਜੀ ਬਾਂਹ ਬੇਲਾ ਸਿੰਘ ਗ਼ਦਾਰ ਨੇ ਕਤਲ ਕਰ ਦਿੱਤਾ ਸੀ ਤੇ ਕਾਤਲ ਬਾਘੀਆਂ ਪਾਉਂਦੇ ਫਿਰ ਰਹੇ ਸਨ, ਕਿਉਂਕਿ ਉਹਨਾਂ ਦਾ ਕਤਲ ਦੇ ਕੇਸ ਵਿੱਚੋਂ ਬਰੀ ਹੋਣਾ ਨਿਸ਼ਚਤ ਸੀ। ਉਹ ਤਾਂ ਸਿਰਫ ਹਾਪਕਿਨਸਨ, ਮੈਲਕਮ ਰੀਡ ਤੇ ਸਟੀਵਨਜ਼ ਦੇ ਹੱਥ ਠੋਕੇ ਸਨ। ਇਸਤੋਂ ਪਹਿਲਾਂ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨਾਲ ਅਣਮਨੁੱਖੀ ਵਰਤਾਓ ਕਰਕੇ ਉਸ ਸਮੇਂ ਦੀ ਸਰਕਾਰ ਚੰਮ ਦੀਆਂ ਚਲਾ ਰਹੀ ਸੀ। ਕੋਈ ਵੀ ਦੂਰ ਅੰਦੇਸ਼ ਦੇਸ਼ ਭਗਤ ਅੱਖਾਂ ਮੀਚ ਕੇ ਹਰ ਰੋਜ਼ ਹੋ ਰਹੀ ਦੁਰਦਸ਼ਾ ਨਹੀਂ ਸੀ ਦੇਖ ਸਕਦਾ। ਉਸਦੇ ਕਹਿਣ ਮੁਤਾਬਕ ਉਸਦੀ ਜਾਗਦੀ ਜ਼ਮੀਰ ਉਸਨੂੰ ਅਰਾਮ ਨਾਲ ਸੌਣ ਨਹੀਂ ਸੀ ਦਿੰਦੀ।

ਦਿਨ ਵੇਲੇ ਲੋਕਾਂ ਦੇ ਗ਼ਦਾਰ ਉਸਨੂੰ ਸੁੱਖ ਦਾ ਸਾਹ ਨਾ ਲੈਣ ਦਿੰਦੇ, ਝੂਠੀਆਂ ਗਵਾਹੀਆਂ ਦੇਣ ਲਈ ਉਕਸਾਉਂਦੇ, ਡਰਾਉਂਦੇ ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਤੇ ਰਾਤ ਨੂੰ ਉਸਦੀ ਦੇਸ਼ ਭਗਤੀ ਤੇ ਮਨੁੱਖੀ ਪ੍ਰੇਮ ਉਸਨੂੰ ਹੱਕ, ਸੱਚ, ਬਰਾਬਰਤਾ ਤੇ ਇਨਸਾਫ਼ ਲਈ ਪ੍ਰੇਰਦਾ। ਉਸਨੇ ਆਪਣੇ ਦੇਸ਼, ਕੌਮ ਦੀ ਅਣਖ, ਇੱਜ਼ਤ ਵਾਸਤੇ ਕੁੱਝ ਕਰਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਦਾ ਇਰਾਦਾ ਕੀਤਾ। ਜਿਸਦਾ ਸਿੱਟਾ ਇਹ ਹੋਇਆ ਕਿ ਉਸਨੇ ਬੇਇਨਸਾਫ਼ੀ ਦੀ ਬੁੱਕਲ ਵਿੱਚ ਪਲ਼ ਰਹੇ ਡੂੰਮਣੇ ਹਾਪਕਿਨਸਨ ਨੂੰ ਕੋਰਟ ਵਿੱਚ ਭਾਈ ਭਾਗ ਸਿੰਘ ਹੋਰਾਂ ਦੀ ਪੇਸ਼ੀ ਤੇ ਆਏ ਨੂੰ ਗੋਲ਼ੀਆਂ ਮਾਰ ਕੇ ਮਾਰ ਮੁਕਾਇਆ ਸੀ ਤੇ ਨਿਧੜਕ ਹੋ ਕੇ ਐਲਾਨ ਕੀਤਾ ਸੀ ਕਿ ਮੈਂ ਬੇਇਨਸਾਫ਼ੀ ਦੀ ਜੜ੍ਹ ਨੂੰ ਪੁੱਟਣ ਦਾ ਤਹੱਈਆ ਕੀਤਾ ਹੈ।ਥੋੜ੍ਹੇ ਸ਼ਬਦਾਂ ਵਿੱਚ ਇਹ ਸੀ ਕਹਾਣੀ ਮੇਵਾ ਸਿੰਘ ਦੀ ਜਿਹੜੀ ਆਮ ਸੁਣਨ ਨੂੰ ਮਿਲਦੀ ਹੈ ਪਰ ਇਹ ਕਹਾਣੀ 1906 ਤੋਂ ਲੈ ਕੇ 1915 ਜਾਣਿਕਿ 8-9 ਸਾਲ ਦੇ ਲੰਮੇ ਅਰਸੇ ਦੌਰਾਨ ਇੱਕ ਇੱਕ ਦਿਨ, ਮਹੀਨੇ ਤੇ ਸਾਲਾਂ ਵਿੱਚ ਵਾਪਰੀ ਹੈ ਜਿਸ ਵਿੱਚ ਉਹਨਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ।

    ਅੱਜ ਸੌ ਸਾਲ ਬਾਅਦ ਸ਼ਹੀਦ ਮੇਵਾ ਸਿੰਘ ਦੀ ਸ਼ਹੀਦੀ ਮੌਕੇ ਇਹ ਸਵਾਲ ਸਾਡੇ ਸਾਹਮਣੇ ਪੈਦਾ ਹੋ ਰਿਹਾ ਹੈ ਕਿ ਭਾਈ ਮੇਵਾ ਸਿੰਘ ਇੱਕ ਕੌਮੀ ਸ਼ਹੀਦ ਹੈ ਜਾਂ ਕਾਤਲ। ਕਿਉਂਕਿ ਕੈਨੇਡੀਅਨ ਇਤਿਹਾਸ ਵਿੱਚ ਅਜੇ ਤੱਕ ਉਸਨੂੰ ਕਾਤਲ ਕਿਹਾ ਜਾਂਦਾ ਹੈ। ਇਹ ਕਹਿਣਾ ਸੌ ਸਾਲ ਬਾਅਦ ਕਿੰਨਾ ਕੁ ਯੋਗ ਹੈ ? ਜੇ ਉਸਨੂੰ ਅਸੀਂ ਆਪਣਾ ਸ਼ਹੀਦ ਸਮਝਦੇ ਹਾਂ ਤਾਂ ਇਸ ਗੱਲ ਦੇ ਸਹੀ ਸਬੂਤ ਪੈਦਾ ਕਰਨ ਲਈ ਅਸੀਂ ਕਿਸ ਕਿਸਮ ਦੇ ਉਪਰਾਲੇ ਕਰਦੇ ਹਾਂ ਤੇ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹਾਂ। ਇਸ ਬਾਰੇ ਕਮਿਊਨਿਟੀ ਵਿੱਚ ਫਿਰ ਤੋਂ ਸਿਰ ਜੋੜਨ ਦੀ ਲੋੜ ਹੈ।ਇਸ ਸਵਾਲ ਦੇ ਮੱਦੇ ਨਜ਼ਰ ਇਸ ਲੇਖ ਵਿੱਚ ਅਸੀਂ ਫਿਰ ਮੁੜ ਕੇ ਉਹਨਾਂ ਹਲਾਤਾਂ ਦੀ ਗਹਿਰਾਈ ਤੱਕ ਜਾ ਕੇ ਇਸ ਦਾ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।

    ਕਹਾਣੀ ਸ਼ੁਰੂ ਉਦੋਂ ਹੁੰਦੀ ਹੈ ਜਦੋਂ ਇੱਕ ਭਾਰਤੀ ਅਰਜਨ ਸਿੰਘ ਮਲਕ ਦੀ ਮੌਤ ਹੋ ਜਾਂਦੀ ਹੈ ਤਾਂ ਭਾਰਤੀਆਂ ਨੂੰ ਉਸਦੇ ਸਸਕਾਰ ਕਰਨ ਲਈ ਛੇ ਫੁੱਟ ਲੰਬੀ ਤੇ ਚਾਰ ਫੁੱਟ ਚੌੜੀ ਜਗ੍ਹਾ ਸ਼ਹਿਰ ਵਿੱਚ ਨਹੀਂ ਦਿੱਤੀ ਜਾਂਦੀ। ਇਸਾਈ ਮਿਸ਼ਨਰੀ ਮੁਰਦੇ ਨੂੰ ਦਬਾਉਣ ਤੇ ਜ਼ੋਰ ਪਾਉਂਦੇ ਸਨ ਪਰ ਇਹ ਵੀ ਨਹੀਂ ਸੀ ਚਾਹੁੰਦੇ ਕਿ ਗੋਰਿਆਂ ਦੇ ਨਾਲ ਭਾਰਤੀਆਂ ਨੂੰ ਇੱਕਠੇ ਦਬਾਇਆ ਜਾਵੇ ਇਸ ਨਾਲ ਆਪਣੀ ਬੇਇੱਜ਼ਤੀ ਸਮਝਦੇ ਸਨ। ਜਿਸ ਕਰਕੇ ਭਾਈ ਅਰਜਨ ਸਿੰਘ ਦੇ ਸਰੀਰ ਦਾ ਸਸਕਾਰ ਬਹੁਤ ਹੀ ਮੁਸ਼ਕਲ ਨਾਲ ਅੱਧੀ ਰਾਤ ਨੂੰ ਜੰਗਲਾਂ ਵਿੱਚ ਜਾ ਕੇ ਬਰਫਾਂ ਦੇ ਥੱਲੇ ਦੱਬੀਆਂ ਲੱਕੜਾਂ ਨੂੰ ਅੱਗ ਲਾ ਕੇ ਕੀਤਾ ਗਿਆ। ਇਸ ਤਰ੍ਹਾਂ ਜਦੋਂ ਵੀ ਕੋਈ ਭਾਰਤੀ ਮਰਦਾ ਤਾਂ ਸਸਕਾਰ ਦੀ ਮੁਸ਼ਕਲ ਆ ਖੜ੍ਹੀ ਹੁੰਦੀ। ਸ਼ਮਸ਼ਾਨਘਾਟ ਦੀ ਮਨਜ਼ੂਰੀ ਸਭ ਤੋਂ ਪਹਿਲੀ ਮੁਸ਼ਕਲ ਦਾ ਹੱਲ ਸੀ ਜਿਸਨੂੰ ਛੇਤੀ ਜ਼ਮੀਨ ਲੈ ਕੇ ਪੂਰਾ ਕੀਤਾ ਗਿਆ ਸੀ।

    ਵੀਂਹਵੀ ਸਦੀ ਦੇ ਸ਼ੁਰੂ ਵਿੱਚ ਜਦੋਂ ਏਸ਼ੀਆਈ ਲੋਕ ਇੱਥੇ ਪਹੁੰਚੇ ਤਾਂ ਉਹਨਾਂ ਦੀ ਸਖ਼ਤ ਮਿਹਨਤ ਕਰਕੇ ਅਬਾਦਕਾਰ ਜਾਂ ਮਿੱਲ ਮਾਲਕ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕੰਮ ਤੇ ਰੱਖਣਾ ਪਸੰਦ ਕਰਦੇ ਸਨ ਪਰ ਸਰਮਾਏਦਾਰ ਅਮਰੀਕਨ ਤੇ ਕੈਨੇਡੀਅਨ ਸਰਕਾਰ ਨੇ ਮਜ਼ਦੂਰਾਂ ਵਿੱਚ ਗੋਰੀ ਤੇ ਕਾਲੀ ਚਮੜੀ ਦਾ ਨਸਲੀ ਮਾਰੂ ਬੀਜ ਬੀਜ ਦਿੱਤਾ। 5 ਸਤੰਬਰ, 1907 ਨੂੰ ਵੈਨਕੂਵਰ ਦੇ ਨਾਲ ਲੱਗਦੇ ਅਮਰੀਕਾ ਦੇ ਸ਼ਹਿਰ ਬੈਲਿੰਗਹੈਮ ਵਿੱਚ ਜਿੱਥੇ 15 ਕੁ ਸੌ ਏਸ਼ੀਆਈ ਮੂਲ ਦੇ ਮਜ਼ਦੂਰ ਕੰਮ ਕਰਦੇ ਸਨ ਉਹਨਾਂ ਤੇ “ਐਕਸਕਲੂਜ਼ਿਨ ਲੀਗ” ਨਾਂ ਦੀ ਜਥੇਬੰਦੀ ਵਲੋਂ ਜਥੇਬੰਦਕ ਹਮਲਾ ਕੀਤਾ ਗਿਆ। ਜਿਸ ਵਿੱਚ ਬਹੁਤੇ ਮਜ਼ਦੂਰ ਮਾਰ ਕੇ ਸਮੁੰਦਰ ਵਿੱਚ ਸੁੱਟ ਦਿੱਤੇ ਗਏ ਤੇ ਕੁੱਝ ਕੁ ਕੈਨੇਡਾ ਵੱਲ ਆ ਗਏ। ਕੈਨੇਡਾ ਰਹਿੰਦੇ ਏਸ਼ੀਆਈਆਂ ਤੇ ਵੀ ਹਮਲੇ ਹੋਏ ਤੇ ਉਹਨਾਂ ਦੀਆਂ ਦੁਕਾਨਾਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ ਪਰ ਕੋਈ ਪੁੱਛ ਪੜਤਾਲ ਨਾ ਕੀਤੀ ਗਈ। ਇਹ ਸਾਰਾ ਕੁੱਝ ਮੇਵਾ ਸਿੰਘ ਤੇ ਉਸਦੇ ਸਾਥੀਆਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ ਤਾਂ ਉਹਨਾਂ ਦੇ ਮਨ ਵਿੱਚ ਜਥੇਬੰਦ ਹੋਣ ਦਾ ਖਿਆਲ ਆਇਆ ਤੇ ਖਾਲਸਾ ਦੀਵਾਨ ਸੁਸਾਇਟੀ ਨੇ ਜਨਮ ਲਿਆ। ਇਸਦੇ ਨਾਲ ਨਾਲ ਉਹਨਾਂ ਦੇ ਮਨ ਵਿੱਚ ਇੱਕ ਰੋਹ ਨੇ ਵੀ ਜਨਮ ਲੈਣਾ ਸ਼ੁਰੂ ਕਰ ਦਿੱਤਾ ਕਿ ਇਹ ਲੋਕ ਚਾਹੁੰਦੇ ਹਨ ਕਿ ਸਾਡਾ ਦੇਸ਼ ਇਕੱਲੇ ਗੋਰਿਆਂ ਦਾ ਹੋਵੇ ਪਰ ਭਾਰਤ ਵਿੱਚ ਜਾ ਕੇ ਪੂਰੇ ਹੱਕ ਮਾਣਦੇ ਹਨ ਤੇ ਇੱਥੋਂ ਤੱਕ ਕੇ ਸਾਡੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਬੱਚੇ ਵੀ ਪੈਦਾ ਕਰਦੇ ਹਨ। ਇਸ ਕਿਸਮ ਦੀ ਦੋਗਲੀ ਔਲਾਦ ਹਾਪਕਿਨਸਨ ਵੀ ਸੀ। ਇਹ ਫਰਕ ਕਿਉਂ ? ਇੱਕ ਹੋਰ ਗੱਲ ਜਦੋਂ ਏਸ਼ੀਆਈ ਲੋਕ ਐਥੇ ਜ਼ਮੀਨ ਬਗੈਰਾ ਲੈਂਦੇ ਤਾਂ ਉਹਨਾਂ ਨੂੰ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਦਸਖ਼ਤ ਕਰਨ ਦੀ ਬਜਾਏ ਅਗੂੰਠਾ ਲਾਉਣ ਲਈ ਮਜ਼ਬੂਰ ਕੀਤਾ ਜਾਂਦਾ। ਨਿੱਕੀਆਂ 2 ਗੱਲਾਂ ਤੁਸੀਂ ਐਥੇ ਨਹੀਂ ਜਾ ਸਕਦੇ ,ਤੁਸੀਂ ਉੱਥੈ ਨਹੀਂ ਜਾ ਸਕਦੇ। ਬੇਸ਼ੱਕ ਏਸ਼ੀਆਈ ਲੋਕਾਂ ਤੇ ਨਸਲਵਾਦ ਦਾ ਪ੍ਰਕੋਪ ਪਹਿਲਾਂ ਵੀ ਬਹੁਤ ਹੋ ਰਿਹਾ ਸੀ ਪਰ ਇਨਸਪੈਕਟਰ ਤੇ ਇੰਮੀਗ੍ਰੇਸ਼ਨ ਦੇ ਦੁਭਾਸ਼ੀਏ ਵਜੋਂ ਕੰਮ ਕਰਦਾ ਹਾਪਕਿਸਨ ਜਦੋਂ ਕੈਨੇਡਾ ਪਹੁੰਚਿਆ ਤਾਂ ਉਸਨੇ ਇਸ ਸਮੱਸਿਆ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ ਕਿਉਂਕਿ ਉਹ ਕਲਕੱਤੇ ਦਾ ਜੰਮਪਲ ਹੋਣ ਕਰਕੇ ਹਿੰਦੀ ਪੰਜਾਬੀ ਬੋਲ ਲੈਂਦਾ ਸੀ।

ਭਾਰਤੀਆਂ ਦੇ ਖਿਲਾਫ਼ ਬਹੁਤ ਘਟੀਆ ਕਿਸਮ ਦਾ ਭੰਡੀ ਪ੍ਰਚਾਰ ਅਖਬਾਰਾਂ ਵਿੱਚ ਵੀ ਕੀਤਾ ਜਾਂਦਾ। ਇਹ ਸਾਫ਼ ਸਫ਼ਾਈ ਦਾ ਖਿਆਲ ਨਹੀਂ ਰੱਖਦੇ। ਇਹ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਇਹ ਇਖਲਾਕ ਦੇ ਨੀਵੇਂ ਹਨ, ਇਹ ਗੋਰੀਆਂ ਵੱਲ ਬੁਰੀ ਨਜ਼ਰ ਨਾਲ ਵੇਖਦੇ ਹਨ। ਇਹ ਗੋਰੀਆਂ ਨਾਲ ਵਿਆਹ ਕਰਵਾ ਕੇ ਦੋਗਲੇ ਬੱਚੇ ਪੈਦਾ ਕਰਨਗੇ। ਇਹ ਘੱਟ ਮਜ਼ਦੂਰੀ ਤੇ ਕੰਮ ਕਰਦੇ ਹਨ। ਇਹ ਪੈਸੇ ਬਚਾ ਕੇ ਆਪਣੇ ਦੇਸ਼ ਨੂੰ ਭੇਜਦੇ ਹਨ ਤਾਂ ਇਹਨਾਂ ਦਾ ਰਹਿਣ ਸਹਿਣ ਘਟੀਆ ਦਰਜ਼ੇ ਦਾ ਹੈ। ਇਹ ਕਦੇ ਵੀ ਬਰਾਬਰ ਦੇ ਸ਼ਹਿਰੀ ਨਹੀਂ ਹੋ ਸਕਦੇ। ਇੱਕ ਦੂਸਰੇ ਦੀ ਮੱਦਦ ਕਰਕੇ ਇੱਕ ਦੂਸਰੇ ਦਾ ਆਸਰਾ ਬਣਦੇ ਹਨ।ਪਰ ਸਰਕਾਰ ਨੂੰ ਭਾਰਤੀਆਂ ਨੂੰ ਰੋਕਣ ਦਾ ਕੋਈ ਬਹਾਨਾ ਨਹੀਂ ਸੀ ਬਣ ਰਿਹਾ ਫਿਰ ਬਹੁਤ ਘੋਖ ਪੜਤਾਲ ਨਾਲ 1908 ਵਿੱਚ ਇੱਕ ਅਜਿਹਾ ਕਾਨੂੰਨ ਬਣਾਇਆ ਗਿਆ ਜਿਸ ਵਿੱਚ ਇਹ ਸ਼ਰਤ ਰੱਖੀ ਗਈ ਕਿ ਸਿੱਧੇ ਸਫ਼ੳਮਪ;ਰ ਵਾਲੇ ਲੋਕ ਹੀ ਐਥੇ ਆ ਸਕਦੇ ਹਨ ਤੇ ਦੋ ਸੌ ਡਾਲਰ ਨਾਲ ਲੈ ਕੇ ਆਉਣ।

ਇਹ ਸਿਰਫ ਭਾਰਤੀਆਂ ਤੇ ਹੀ ਲਾਗੂ ਹੁੰਦਾ ਸੀ ਕਿਉਂਕਿ ਕੈਨੇਡਾ ਤੇ ਭਾਰਤ ਦੀ ਦੂਰੀ ਜ਼ਿਆਦਾ ਹੋਣ ਕਰਕੇ ਕੋਈ ਬਿਨ੍ਹਾਂ ਰੁਕੇ ਸਿੱਧਾ ਜਹਾਜ਼ ਨਹੀਂ ਸੀ ਆ ਸਕਦਾ। ਇਸਤੋਂ ਇਲਾਵਾ ਜਹਾਜ਼ ਕੰਪਨੀਆਂ ਨੂੰ ਵੀ ਭਾਰਤੀਆਂ ਨੂੰ ਟਿਕਟ ਨਾ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਸੀ। 1908 ਵਿੱਚ ਹੀ ਭਾਰਤੀਆਂ ਨੂੰ ਹਾਂਡੂਰਸ ਭੇਜਣ ਲਈ ਹਰ ਹੀਲੇ ਵਸੀਲੇ ਵਰਤੇ ਗਏ ਪਰ ਭਾਰਤੀ ਆਗੂ ਭਾਈ ਤੇਜਾ ਸਿੰਘ ਐਮ. ਏ. ਹੋਰਾਂ ਦੀ ਸਿਆਣਪ ਨਾਲ ਇਹ ਚਾਲ ਵੀ ਠੁੱਸ ਹੋ ਗਈ। ਇਸ ਸਭ ਕਾਸੇ ਵਿੱਚ ਕੈਨੇਡਾ ਦੀ ਬੀ. ਸੀ. ਤੇ ਫੈਡਰਲ ਸਰਕਾਰ, ਇੰਗਲੈਂਡ ਦੀ ਸਰਕਾਰ ਤੇ ਭਾਰਤ ਦੀ ਬ੍ਰਿਟਿਸ਼ ਸਰਕਾਰ ਸਭ ਦੀ ਮਿਲੀ ਭਗਤ ਹੁੰਦੀ ਸੀ।ਸਰਕਾਰੇ ਦਰਬਾਰੇ ਕੋਈ ਸੁਣਵਾਈ ਨਾ ਹੋਣ ਕਰਕੇ ਨਸਲੀ ਵਿਤਕਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ।

ਹੁਣ ਦੇਸ਼ ਭਗਤਾਂ ਕੋਲ ਵਿਚਾਰ ਹੀ ਸੀ ਕਿ ਇਸ ਮੁਸ਼ਕਲ ਦੀ ਜੜ੍ਹ ਨੂੰ ਲੱਭਿਆ ਜਾਵੇ। ਭਾਰਤੀਆਂ ਵਿੱਚ ਜਿਆਦਾ ਪੰਜਾਬੀ ਸਨ ਤੇ ਉਹਨਾਂ ਵਿੱਚ ਬਹੁਤੇ ਨਾਮ ਕਟੇ ਫੌਜੀ, ਜਿਹੜੇ ਕਿਸੇ ਸਮੇਂ ਬ੍ਰਿਟਿਸ਼ ਗੌਰਮਿੰਟ ਦੇ ਇਮਾਨਦਾਰ ਸਿਪਾਹ ਸਿਲਾਰ ਤੇ ਮਹਾਰਾਣੀ ਵਿਕਟੋਰੀਆ ਦੇ ਅਜ਼ੀਜ਼ ਨੌਕਰ ਰਹਿ ਚੁੱਕੇ ਸਨ। ਇਸ ਭੇਦ ਭਾਵ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਜਿਹੜੇ ਤਗ਼ਮੇ ਉਹ ਫਖ਼ਰ ਨਾਲ ਹਿੱਕ ਤੇ ਲਟਕਾਈ ਫਿਰਦੇ ਹਨ ਉਹ ਅਸਲ ਵਿੱਚ ਗ਼ੁਲਾਮੀ ਦੀ ਨਿਸ਼ਾਨੀ ਹਨ ਜਿਹੜੀ ਕਿ ਬਰਤਾਨਵੀ ਸਾਮਰਾਜ ਨੇ ਸਾਨੂੰ ਭਾੜੇ ਦੇ ਸਿਪਾਹੀ ਸਮਝ ਕੇ ਦਿੱਤੀ ਹੈ। ਆਪਣੇ ਸਾਮਰਾਜ ਦੀ ਮੰਡੀ ਵਿੱਚ ਵਾਧਾ ਕਰਨ ਲਈ ਅਤੇ ਹੋਰ ਅਜ਼ਾਦ ਲੋਕਾਂ ਨੂੰ ਗ਼ੁਲਾਮ ਬਣਾਉਣ ਲਈ ਸਾਥੋਂ ਫੌਜ ਵਿੱਚ ਭਰਤੀ ਕਰਕੇ ਨਿਹੱਥੇ ਲੋਕਾਂ ਤੇ ਗੋਲ਼ੀਆਂ ਮਰਵਾਈਆਂ ਜਾਂਦੀਆਂ ਹਨ ਪਰ ਉੰਜ ਸਾਡੀ ਕੋਈ ਅਹਿਮੀਅਤ ਨਹੀਂ। ਸਾਨੂੰ ਇਹਨਾਂ ਗ਼ੁਲਾਮੀ ਦੀਆਂ ਨਿਸ਼ਾਨੀਆਂ ਨੂੰ ਸਾੜ ਦੇਣਾ ਚਾਹੀਦਾ ਹੈ, ਸੋ ਇਹੀ ਹੋਇਆ। ਸਾਲਾਂ ਵੱਧੀ ਕੰਮ ਕਰਕੇ ਕਮਾਏ ਹੋਏ ਇਹ ਤਗ਼ਮੇ ਦੇਸ਼ ਭਗਤਾਂ ਨੇ ਮਿੰਟਾਂ ਵਿੱਚ ਸਵਾਹ ਕਰ ਦਿੱਤੇ। ਇਸ ਫੌਜੀ ਵਰਦੀਆਂ, ਸਰਟੀਫਿਕੇਟ ਤੇ ਤਗ਼ਮੇ ਸਾੜਨ ਦੀ ਘਟਨਾ ਨੇ ਬਲ਼ਦੀ ਤੇ ਤੇਲ ਦਾ ਕੰਮ ਕੀਤਾ ਜਿਸ ਨਾਲ ਸਰਕਾਰਾਂ ਤਿਲਮਿਲਾ ਉੱਠੀਆਂ ਅਤੇ ਭਾਰਤੀਆਂ ਦੇ ਦੁੱਖਾਂ ਵਿੱਚ ਵਾਧਾ ਹੋਣਾ ਸੁਭਾਵਕ ਸੀ।ਕਾਮਾਗਾਟਾ ਮਾਰੂ ਵਰਗੇ ਦੁਖਾਂਤ ਇਸ ਨਸਲੀ ਭੇਦ ਭਾਵ ਦਾ ਹੀ ਸਿੱਟਾ ਸਨ।

ਹੁਣ ਅਮਰੀਕਾ ਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਇੱਕ ਦੂਜੇ ਦੀਆਂ ਮੁਸ਼ਕਲਾਂ ਤੋਂ ਜਾਣੂ ਹੋ ਚੁੱਕੇ ਸਨ। ਉਹ ਮਹਿਸੂਸ ਕਰਨ ਲੱਗੇ ਸਨ ਕਿ ਉਹਨਾਂ ਦੀ ਇਹ ਮੰਦੀ ਹਾਲਤ ਉਹਨਾਂ ਦੇ ਦੇਸ਼ ਦੀ ਗ਼ੁਲਾਮੀ ਹੈ ਇਸ ਕਰਕੇ ਉਹਨਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੋਚਣਾ ਸ਼ੁਰੂ ਕੀਤਾ। ਐਥੇ ਬੈਠੇ ਉਹ ਆਪਣੇ ਹੱਕਾਂ ਲਈ ਪੂਰਾ ਤਾਣ ਲਾ ਰਹੇ ਸਨ ਪਰ ਹਾਪਕਿਨਸਨ ਵਰਗੇ ਸਰਕਾਰ ਦੇ ਜਾਸੂਸ ਉਹਨਾਂ ਦੀ ਪੇਸ਼ ਨਹੀਂ ਸੀ ਜਾਣ ਦਿੰਦੇ। ਸਾਰੀਆਂ ਸਰਕਾਰਾਂ ਆਪਸ ਵਿੱਚ ਘਿਓ ਖਿਚੜੀ ਸਨ ਉਹ ਇੱਕ ਦੂਜੇ ਦੀ ਗੱਲ ਉਲੱਦਦੀਆਂ ਨਹੀਂ ਸਨ ਸਗੋਂ ਟਾਲ ਮਟੋਲ ਕਰਕੇ ਠੰਢੇ ਬਸਤੇ ਪਾ ਦਿੰਦੀਆਂ ਸਨ। ਇਸ ਸਮੇਂ ਹੀ ਅਮਰੀਕਾ ਵਿੱਚ “ਹਿੰਦੀ ਐਸੋਸ਼ੀਏਸ਼ਨ ਆਫ਼ੳਮਪ; ਪੈਸੇਫਿਕ ਕੋਸਟ” ਨਾਂ ਦੀ ਜਥੇਬੰਦੀ ਬਣਾਈ ਗਈ ਜਿਹੜੀ ਬਾਅਦ ਵਿੱਚ ਗ਼ਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਗ਼ਦਰ ਪਾਰਟੀ ਦਾ ਕੈਨੇਡਾ ਦੇ ਦੇਸ਼ ਭਗਤਾਂ ਤੇ ਵੀ ਬਹੁਤ ਪ੍ਰਭਾਵ ਪਿਆ। ਜਦੋਂ ਸੰਸਾਰ ਜੰਗ ਸ਼ੁਰੂ ਹੋਈ ਤਾਂ ਵਿਦੇਸ਼ਾਂ ਵਿੱਚ ਵਸਦੇ ਦੇਸ਼ ਭਗਤਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਸੌਂਪ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜਾਣ ਦੀ ਤਿਆਰੀ ਕਰਨ ਲੱਗੇ।ਇਸ ਸਮੇਂ ਜਿਹੜੇ ਸਰਕਾਰੀ ਏਜੈਂਟ ਹਾਪਕਿਨਸਨ ਨੇ ਦੇਸ਼ ਭਗਤ ਤਾਰਕ ਨਾਥ ਦਾਸ, ਭਾਈ ਭਗਵਾਨ ਸਿੰਘ, ਭਾਈ ਬਲਵੰਤ ਸਿੰਘ ਜਾਂ ਲਾਲਾ ਹਰਦਿਆਲ ਨੂੰ ਦੇਸ਼ ਨਿਕਾਲਾ ਦਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਹੁਣ ਜਦੋਂ ਦੇਸ਼ ਭਗਤ ਭਾਰਤ ਨੂੰ ਜਾ ਰਹੇ ਸਨ ਤਾਂ ਉਸਨੇ ਉਹਨਾਂ ਨੂੰ ਰੋਕਣ ਤੇ ਜਾਂ ਰਸਤੇ ਵਿੱਚ ਮਾਰ ਮੁਕਾਉਣ ਦੇ ਵੀ ਸਾਰੇ ਹੀਲੇ ਅਜ਼ਮਾਏ ਸਨ ਜਿਵੇਂ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ਬਜ ਬਜ ਘਾਟ ਤੇ ਰੋਕ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ।

ਭਾਈ ਮੇਵਾ ਸਿੰਘ ਕੌਮੀ ਸ਼ਹੀਦ ਜਾਂ ਕਾਤਲ ਦੇ ਸਵਾਲ ਦੇ ਸਨਮੁੱਖ ਹੋ ਕੇ ਦੇਖਣ ਨਾਲ ਪਤਾ ਲੱਗਦਾ ਹੈ ਕਿ ਮੇਵਾ ਸਿੰਘ ਦੀ ਹਾਪਕਿਨਸਨ ਜਾਂ ਮੈਲਕਮ ਰੀਡ (ਜਿਹੜਾ ਬਚ ਗਿਆ ਸੀ) ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਸੀ। ਸਗੋਂ ਜੇ ਮੇਵਾ ਸਿੰਘ ਤੇ ਉਸਦੇ ਸਾਥੀ ਦੇਸ਼ ਭਗਤਾਂ ਨੇ ਉਹਨਾਂ ਦੇ ਕਤਲ ਕਰਨ ਬਾਰੇ ਸੋਚਿਆ ਵੀ ਸੀ ਤਾਂ ਇਸ ਪਿੱਛੇ ਕੁੱਝ ਕਾਰਣ ਹਨ ਜਿਹਨਾਂ ਤੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਵਿਲੀਅਮ ਹਾਪਕਿਨਸਨ, ਮੈਲਕਮ ਰੀਡ ਤੇ ਮਿ. ਸਟੀਵਨਜ਼ ਐਮ. ਪੀ. ਦੀ ਤਿੱਕੜੀ ਨੇ ਫੁੱਲ ਚੜਾਏ ਸਨ। ਉਹ ਸਨ:-

1. ਕਮਿਊਨਿਟੀ ਨੂੰ ਦੋਫਾੜ ਕਰਨਾ ( ਲਾਲਚ ਦੇ ਕੇ ਬੇਲਾ ਸਿੰਘ ਤੇ ਬਾਬੂ ਸਿੰਘ ਵਰਗੇ ਗ਼ਦਾਰ ਪੈਦਾ ਕਰਨਾ)
2. ਮਨੁੱਖਤਾ ਵਿੱਚ ਵੈਰ ਵਿਰੋਧ ਪੈਦਾ ਕਰਨਾ।
3. ਨਸਲਵਾਦੀ ਅਵਾਜ਼ੇ ਕਸਣੇ ਤੇ ਗਾਲ਼ੀ ਗਲੋਚ ਕਰਨਾ।
4. ਮਨੁੱਖਤਾ ਤੋਂ ਉਪਰ ਉੱਠ ਕੇ ਗੋਰੇ ਕਾਲੇ ਦਾ ਭੇਦ ਭਾਵ ਪੈਦਾ ਕਰਨਾ।
5. ਬਰਤਾਨਵੀ ਸਾਮਰਾਜ ਦੀ ਰਿਆਇਆ ਹੋਣ ਦੇ ਬਾਵਜੂਦ ਬਰਾਬਰ ਦੀ ਸ਼ਹਿਰੀਅਤ ਦੇ ਹੱਕਾਂ ਤੋਂ ਵਾਂਝੇ ਕਰਨਾ।
6. ਅਣਮਨੁੱਖੀ ਵਰਤਾਓ ਕਰਕੇ ਭਾੜੇ ਦੇ ਟੱਟੂ ਬੇਲਾ ਸਿੰਘ ਤੋਂ ਭਾਈ ਭਾਗ ਸਿੰਘ ਤੇ ਬਦਨ ਸਿੰਘ ਦਾ ਕਤਲ ਕਰਵਾ ਦੇਣਾ। ਭਾਈ ਭਾਗ ਸਿੰਘ ਜਿਸਦੇ ਬੱਚੇ ਅਨਾਥ ਕਰ ਦਿੱਤੇ ਗਏ।
7. ਸ਼ਰੇਆਮ ਝੂਠੀਆਂ ਗਵਾਹੀਆਂ ਦੇਣ ਲਈ ਡਰਾਉਣਾ, ਧਮਕਾਉਣਾ ਤੇ ਮਾਰ ਦੇਣ ਤੱਕ ਦਾ ਡਰਾਵਾ ਦੇਣਾ।
8. 40 ਡਾਲਰ ਦੀ ਵੱਢੀ ਲੈ ਕੇ ਕੇਸ ਨੂੰ ਰਫਾ ਦਫਾ ਕਰਾ ਦੇਣਾ।
9. ਲ਼ੋਕ ਵਿਰੋਧੀ ਕਾਨੂੰਨ ਬਣਾਉਣ ਦੀ ਮੱਦਦ ਲਈ ਹਰ ਸੰਭਵ ਯਤਨ ਕਰਨੇ।

ਉੱਪਰ ਲਿਖੀਆਂ ਸਾਰੀਆਂ ਖੂਬੀਆਂ ਹਾਪਕਿਨਸਨ ਦੀ ਸ਼ਖ਼ਸ਼ੀਅਤ ਦਾ ਦਾਰੋਮਦਾਰ ਸਨ। ਇਹਨਾਂ ਸਾਰੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਮੇਵਾ ਸਿੰਘ ਨੇ ਤਾਂ ਸਿਰਫ ਇੱਕ ਹਾਪਕਿਨਸਨ ਦਾ ਕਤਲ ਕੀਤਾ ਹੈ ਜਿਸਨੂੰ ਕਾਤਲ ਕਿਹਾ ਜਾ ਰਿਹਾ ਹੈ ਪਰ ਹਾਪਕਿਨਸਨ ਜਿਸਨੇ ਹਜ਼ਾਰਾਂ ਹੀ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਸੀ। ਦੋ ਛੋਟੇ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਮਾਂ-ਬਾਪ ਦਾ ਸਾਇਆ ਖੋਹ ਲਿਆ ਸੀ। ਕਿਸੇ ਨੂੰ ਤਿਲ ਤਿਲ ਕਰਕੇ ਹਰ ਰੋਜ਼ ਮਾਰਨਾ ਇੱਕ ਵਾਰ ਮਾਰਨ ਨਾਲੋਂ ਕਿਤੇ ਵੱਧ ਦੁਖਦਾਈ ਹੁੰਦਾ ਹੈ। ਜਿਹੜੇ ਪਰਿਵਾਰਾਂ ਨੂੰ ਕਿੰਨੇ ਕਿੰਨੇ ਸਾਲ ਅਜਿਹੇ ਘਿਣਾਉਣੇ ਕਾਨੂੰਨ ਬਣਾ ਕੇ ਦੂਰ ਰੱਖਿਆ ਗਿਆ, ਉਹਨਾਂ ਦੀਆਂ ਸੱਧਰਾਂ ਦੇ ਨਿੱਤ ਦੇ ਕਤਲਾਂ ਦਾ ਕਾਰਣ ਵੀ ਹਾਪਕਿਨਸਨ ਹੀ ਸੀ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਭੁੱਖੇ ਰੱਖ ਕੇ ਜ਼ਲਾਲਤ ਭਰੀ ਜ਼ਿੰਦਗੀ ਦੇਣਾ ਕਤਲ ਤੋਂ ਘੱਟ ਨਹੀਂ ਸੀ ਤੇ ਬਾਅਦ ਵਿੱਚ ਬਜ ਬਜ ਘਾਟ ਵਰਗਾ ਸਾਕਾ ਕਰਵਾ ਦੇਣਾ। ਉਹਨਾਂ ਕਤਲਾਂ ਦੇ ਜ਼ੁੰਮੇਵਾਰਾਂ ਨੂੰ ਫਾਂਸੀ ਕਿਉਂ ਨਹੀਂ ? ਜਾਂ ਉਹ ਕਾਤਲ ਕਿਉਂ ਨਹੀਂ ?

ਅੱਜ ਸੌ ਸਾਲ ਬਾਅਦ ਵੀ ਕੈਨੇਡੀਅਨ ਸਰਕਾਰ ਦੀਆਂ ਫਾਇਲਾਂ ਵਿੱਚ ਭਾਈ ਮੇਵਾ ਸਿੰਘ ਇੱਕ ਕਾਤਲ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਗਲਤ ਹੈ ਅਗਰ ਮੇਵਾ ਸਿੰਘ ਨੇ ਮਨੁੱਖਤਾ ਦੇ ਅਸੂਲਾਂ ਦੇ ਬਚਾ ਲਈ ਇੱਕ ਭੈੜੇ ਬੰਦੇ ਦਾ ਕਤਲ ਕੀਤਾ ਹੈ ਤਾਂ ਉਹ ਕਾਤਲ ਕਿਉਂ ? ਸਮਾਜ ਵਿੱਚੋਂ ਅਗਰ ਬੁਰਾਈ ਨੂੰ ਖ਼ਤਮ ਕਰਨਾ ਹੈ ਤਾਂ ਉਸਦੀ ਜੜ੍ਹ ਨੂੰ ਪੁੱਟਣਾ ਪਵੇਗਾ। ਭਾਈ ਭਾਗ ਸਿੰਘ ਤੇ ਬਦਨ ਸਿੰਘ ਨੂੰ ਮਾਰਨ ਵਾਲਾ ਗ਼ਦਾਰ ਬੇਲਾ ਸਿੰਘ ਕਨੇਡੀਅਨ ਸਰਕਾਰ ਦੀਆਂ ਨਜ਼ਰਾਂ ਵਿੱਚ ਕਾਤਲ ਕਿਉਂ ਨਹੀਂ ? ਉਸਨੂੰ ਕਿਉਂ ਫਾਂਸੀ ਦੀ ਸਜ਼ਾ ਤੋਂ ਮੁਕਤ ਕੀਤਾ ਗਿਆ ਸੀ ? ਉਸਨੂੰ ਸਗੋਂ ਮੁਰੱਬੇ ਦੇ ਕੇ ਸਾਰੇ ਸੁੱਖ ਅਰਾਮ ਮੁਹੱਈਆ ਕੀਤੇ ਗਏ। ਭਾਰਤੀਆਂ ਵਿੱਚ ਫੁੱਟਪਾਊ ਤੇ ਕਨੇਡੀਅਨ ਸਮਾਜ ਵਿੱਚ ਨਸਲਵਾਦ ਦਾ ਨਾਸੂਰ ਫੈਲਾਉਣ ਵਾਲਾ ਹਾਪਕਿਨਸਨ ਹੀ ਸੀ ਜਿਸ ਨੂੰ ਭਾਈ ਮੇਵਾ ਸਿੰਘ ਨੇ ਮਾਰ ਕੇ ਮਾਣ ਮਹਿਸੂਸ ਕੀਤਾ ਸੀ। ਅੱਜ ਦੀ ਕੈਨੇਡੀਅਨ ਸਰਕਾਰ ਅਗਰ ਆਪਣੇ ਆਪ ਨੂੰ ਬਹੁ ਸਭਿਆਚਾਰ ਤੇ ਨਸਲੀ ਵਿਤਕਰਾ-ਰਹਿਤ ਸਮਝਦੀ ਹੈ ਤਾਂ ਉਸਨੂੰ ਭਾਈ ਮੇਵਾ ਸਿੰਘ ਨੂੰ ਕੌਮੀ ਸ਼ਹੀਦ ਐਲਾਨਣ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਭਾਈ ਮੇਵਾ ਸਿੰਘ ਕੈਨੇਡਾ ਵਿੱਚ ਭਾਰਤ ਦੀ ਅਜ਼ਾਦੀ ਦਾ ਪਹਿਲਾਂ ਸ਼ਹੀਦ ਹੈ ਜਿਸਨੇ ਆਪਣੀ ਕੁਰਬਾਨੀ ਦੇ ਕੇ ਭਾਰਤੀਆਂ ਦੇ ਕੈਨੇਡਾ ਵਿੱਚ ਹੱਕ ਮਹਿਫੂਜ਼ ਕਰਵਾਏ ਸਨ। ਜੇ ਅੱਜ ਕਨੇਡਾ ਦੇ ਹਰ ਨਾਗਰਿਕ ਨੂੰ ਨਸਲੀ ਭੇਦ-ਭਾਵ ਤੋਂ ਉਪਰ ਉੱਠ ਕੇ ਅਜ਼ਾਦੀ ਨਾਲ ਜੀਣ ਦਾ ਹੱਕ ਹੈ, ਉਹਨਾਂ ਦੀ ਲੜਾਈ ਵੀ ਇਸ ਅਜ਼ਾਦੀ ਲਈ ਸੀ ਤੇ ਕੁਰਬਾਨੀ ਵੀ ਏਸੇ ਕਰਕੇ ਦਿੱਤੀ ਸੀ, ਤਾਂ ਹੀ ਤਾਂ ਉਹਨਾਂ ਨੇ ਮਨੁੱਖਤਾ ਦੀ ਐਡੀ ਵੱਡੀ ਸਮੱਸਿਆ ਨਾਲ ਆਡਾ ਲਿਆ ਸੀ, ਜਿਸ ਕਰਕੇ ਸਰਕਾਰਾਂ ਨੂੰ ਸੋਚਣ ਲਈ ਮਜ਼ਬੂਰ ਹੋਣਾ ਪਿਆ ਸੀ। ਉਹਨਾਂ ਦੀ ਕੁਰਬਾਨੀ ਨੂੰ ਚੇਤੇ ਰੱਖਦੇ ਹੋਏ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਭਾਈ ਮੇਵਾ ਸਿੰਘ ਨੂੰ ਕਾਤਲ ਦਾ ਦਰਜ਼ਾ ਹਟਾ ਕੇ ਕੌਮੀ ਸ਼ਹੀਦ ਦਾ ਦਰਜ਼ਾ ਦਿੱਤਾ ਜਾਵੇ।

ਸੰਪਰਕ: 001 604 760 4794        

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ