Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਕਿਸੇ ਲੱਫ਼ਾਜ਼ ਸਿਆਸੀ ਘਾਗ ਨਾਲ ਸਿਝਣਾ ਸੌਖਾ ਨਹੀਂ ਹੁੰਦਾ -ਸੁਕੀਰਤ

Posted on:- 27-11-2016

suhisaver

ਪਿਛਲੇ ਹਫ਼ਤੇ ਇਕ ਪੁਰਾਣੇ ਜਾਣੂੰ ਮਿਲੇ ਜਿਨ੍ਹਾਂ ਦੀ ਦਿਆਨਤਦਾਰੀ, ਕਾਬਲੀਅਤ ਅਤੇ ਸੁਹਿਰਦਤਾ ਦਾ ਮੈਂ ਚਿਰਾਂ ਤੋਂ ਕਾਇਲ ਹਾਂ। ਨੋਟਬੰਦੀ ਦੇ ਐਲਾਨ ਦਾ 11-ਵਾਂ ਦਿਨ ਸੀ ਅਤੇ ਹਰ ਪਾਸੇ ਬੈਂਕਾਂ ਅੱਗੇ ਲੱਗੀਆਂ ਲੰਮੀਆਂ ਪਾਲਾਂ ਅਤੇ ਨਗਦੀ ਦੀ ਤੋਟ ਦਾ ਚਰਚਾ ਸੀ। ਇਹ ਸੱਜਣ ਕਹਿਣ ਲਗੇ ਕਿ ਇਸ ਥੋੜ੍ਹ-ਚਿਰੀ ਤਕਲੀਫ਼ ਵਲ ਨਹੀਂ ਦੇਖਣਾ ਚਾਹੀਦਾ, ਮੋਦੀ ਨੇ ਕਾਲਾ ਧਨ ਮੁਕਾਉਣ ਲਈ ਜਿਹੜਾ ਉਪਰਾਲਾ ਕੀਤਾ ਹੈ ਉਹ ਕਮਾਲ ਦਾ ਹੈ। ਮੇਰਾ ਜਵਾਬ ਸੀ ਕਿ ਨਾ ਤਾਂ ਇਵੇਂ ਕਾਲਾ ਧਨ ਮੁਕਾਇਆ ਜਾ ਸਕਦਾ ਹੈ, ਕਿਉਂਕਿ ਉਸਦਾ 95 % ਤਾਂ ਨਗਦੀ ਦੇ ਰੂਪ ਵਿਚ ਹੈ ਹੀ ਨਹੀਂ ਅਤੇ ਹੋਰ ਥਾਂਈਂ ਲੁਕਿਆ ਹੋਇਆ ਹੈ, ਅਤੇ ਨਾ ਹੀ ਕਾਲੇ ਧਨ ਦੀਆਂ ਜੜ੍ਹਾਂ ਨੂੰ ਨੱਥ ਪਾਏ ਬਿਨਾ, ਜੋ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵਿਚ ਲੁਕੀਆਂ ਹੋਈਆਂ ਹਨ, ਇਹ ਕੰਮ ਸੰਭਵ ਹੈ। ਨਹੀਂ ਤਾਂ ਕਾਲਾ ਧਨ ਤਾਂ ਨਵੀਂ ਕਰੰਸੀ ਨਾਲ ਮੁੜ ਤੋਂ ਬਣਨਾ ਸ਼ੁਰੂ ਹੋ ਜਾਏਗਾ। ਨਾਲ ਹੀ ਉਨ੍ਹਾਂ ਨੂੰ ਮੈਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਸ ਥੋੜ੍ਹ ਚਿਰੀ ਤਕਲੀਫ਼ ਨੂੰ ਸਾਡੇ ਵਰਗੇ ਸਰਦੇ-ਪੁਜਦੇ ਤਾਂ ਸਹਿ ਲੈਣਗੇ, ਪਰ ਹੇਠਲੇ ਤਬਕਿਆਂ ਦੇ ਕਈ ਲੋਕ ਤਾਂ ਤਬਾਹ ਹੀ ਹੋ ਜਾਣਗੇ। ਮੋਦੀ ਨੇ ਇਸ ਫ਼ੈਸਲੇ ਨੂੰ ਬਹੁਤ ਗਲਤ ਢੰਗ ਨਾਲ ਲਾਗੂ ਕੀਤਾ ਹੈ।

ਮੋਦੀ ਦੀ ਭਾਸ਼ਣ-ਕਲਾ, ਉਸਦੀ ਤੱਥ-ਮਰੋੜਨੀ, ਉਸਦੇ ਨਾਟਕੀ ਢੰਗ ਨਾਲ ਪਰੋਸੇ ਜਾਂਦੇ ਝੂਠਾਂ ਦਾ ਜਾਦੂ ਹੀ ਕੁਝ ਅਜਿਹਾ ਹੈ ਕਿ ਬਹੁਤ ਸਾਰੇ ਲੋਕ ਛੇਤੀ ਹੀ ਕਾਇਲ ਹੋ ਜਾਂਦੇ ਹਨ। ਇਹ ਸੱਜਣ ਵੀ ਹੋਏ ਹੋਏ ਸਨ, ਅਤੇ ਮੇਰੀਆਂ ਆਰਥਕ ਦਲੀਲਾਂ ਉਨ੍ਹਾਂ ਉਤੇ ਕੋਈ ਅਸਰ ਨਹੀਂ ਸਨ ਕਰ ਰਹੀਆਂ। ਪੇਸ਼ੇ ਤੋਂ ਉਹ ਸਰਜਨ ਹਨ ।

ਇਸ ਲਈ ਮੈਂ ਹਾਰ ਕੇ ਉਨ੍ਹਾਂ ਦੇ ਕਿੱਤੇ ਨਾਲ ਜੋੜ ਕੇ ਆਪਣੀ ਦਲੀਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ: " ਭਲਾ ਤੁਸੀ ਉਸ ਡਾਕਟਰ ਨੂੰ ਕਿਹੋ ਜਿਹਾ ਡਾਕਟਰ ਕਹੋਗੇ ਜੋ ਕਿਸੇ ਨਾਸੂਰ ਦਾ ਉਪਰੇਸ਼ਨ ਕਰਨ ਵੇਲੇ ਬਸ ਉਤੋਂ ਉਤੋਂ ਛਿਲ ਦੇਵੇ, ਉਸਦੀਆਂ ਜੜ੍ਹਾਂ ਤਕ ਨਾ ਜਾਵੇ? ਅਤੇ ਕੀ ਕਿਸੇ ਵੀ ਅਪ੍ਰੇਸ਼ਨ ਤੋਂ ਪਹਿਲਾਂ ਸਰਜਨ ਲੋੜੀਂਦੀ ਤਿਆਰੀ ਨਹੀਂ ਕਰਦਾ ਕਿ ਟੇਬਲ ਰੋਗਾਣੂ-ਮੁਕਤ ਹੋਵੇ, ਸਾਰੇ ਲੋੜੀਂਦੇ ਸੰਦ ਮੌਜੂਦ ਹੋਣ ਤਾਂ ਜੋ ਰੋਗੀ ਕਿਸੇ ਅਣਗਹਿਲੀ ਕਾਰਨ ਕਿਤੇ  ਹੋਰ ਬੀਮਾਰ ਨਾ ਹੋ ਜਾਵੇ?" ਪਤਾ ਨਹੀਂ, ਆਪਣੀ ਇਸ ਦਲੀਲ ਨਾਲ  ਮੈਂ ਉਨ੍ਹਾਂ ਨੂੰ ਕਿੰਨਾ ਕੁ ਕਾਇਲ ਕਰ ਸਕਿਆ, ਪਰ ਇਕ ਗਲ ਜ਼ਰੂਰ ਜਾਪੀ ਕਿ ਉਤੋਂ ਲੈ ਕੇ ਹੇਠਲੇ ਤਬਕਿਆਂ ਤਕ ਇਸ 'ਇਨਕਲਾਬੀ' ਕਦਮ ਬਾਰੇ ਬਹੁਤ ਸਾਰੇ ਭੁਲੇਖੇ ਹਨ, ਅਤੇ ਵਿਉਂਤਬੱਧ ਢੰਗ ਨਾਲ ਸਿਰਜੇ ਵੀ ਜਾ ਰਹੇ ਹਨ।

ਇਹ ਸਤਰਾਂ ਲਿਖਣ ਵੇਲੇ ਅਸੀ ਨੋਟਬੰਦੀ ਦੇ 19-ਵੇਂ ਦਿਨ ਵਿਚ ਪ੍ਰਵੇਸ਼ ਕਰ ਰਹੇ ਹਾਂ। ਬੈਂਕਾਂ ਅੱਗੇ ਕਤਾਰਾਂ ਉਵੇਂ ਦੀਆਂ ਉਵੇਂ ਕਾਇਮ ਹਨ, ਅਜੇ ਬਹੁਤੇ ਏ ਟੀ ਐਮਾਂ ਅੱਗੇ 'ਨਗਦੀ ਨਹੀਂ' ਦੀ ਤਖਤੀ ਲਗੀ ਲਭਦੀ ਹੈ, ਅਤੇ ਸਰਕਾਰ ਨੇ ਅਰਥਚਾਰੇ ਵਿਚ ਆਈਆਂ ਗੜਬੜਾਂ ਨੂੰ ਦੇਖਦੇ ਹੋਏ 500 ਦੇ ਨੋਟਾਂ ਦੇ ਚਲਣ ਦੀ ਮਿਆਦ ਤਿੰਨ ਹਫ਼ਤੇ ਹੋਰ ਵਧਾ ਲਈ ਹੈ। ਪਰ ਨਾਲ ਹੀ ਥਾਂ ਥਾਂ ਤੋਂ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਕਿਵੇਂ ਬੈਂਕਾਂ ਦੀ ਮਿਲੀ-ਭੁਗਤ ਨਾਲ 'ਕਾਲੇ' ਨੂੰ 'ਚਿੱਟਾ' ਕੀਤਾ ਜਾ ਰਿਹਾ ਹੈ: ਇਕ ਪਾਸੇ ਲੋਕ ਲਾਈਨਾਂ ਵਿਚ ਧੱਕੇ ਖਾ ਰਹੇ ਹਨ, ਦੂਜੇ ਪਾਸੇ 30 ਤੋਂ 40 ਪ੍ਰਤੀਸ਼ਤ ਦੇ ਕਮੀਸ਼ਨ ਨਾਲ ਪੁਰਾਣੀ ਨਗਦੀ ਨੂੰ  ਅੰਦਰੇ-ਅੰਦਰ ਨਵੇਂ ਨੋਟਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ, ਨਵੀਂ ਕਰੰਸੀ ਵਿਚ ਸ਼ੁਰੂ ਹੋ ਚੁਕੀ ਰਿਸ਼ਵਤਖੋਰੀ ਦੇ ਸਮਾਚਾਰ ਵੀ ਨਸ਼ਰ ਹੋ ਚੁਕੇ ਹਨ। ਅਤੇ ਇਹ ਸਭ ਉਦੋਂ ਹੋ ਰਿਹਾ ਹੈ , ਜਦੋਂ ਨਵੀਂ ਕਰੰਸੀ ਅਜੇ ਬਾਜ਼ਾਰ ਵਿਚ ਸੌਖੀ ਤਰ੍ਹਾਂ ਮਿਲਣੀ ਵੀ ਨਹੀਂ ਸ਼ੁਰੂ ਹੋਈ।

ਦੂਜੇ ਪਾਸੇ, ਉਹ ਲੋਕ ਜਿਹੜੇ ਆਪਣਾ ਹੀ ਪੈਸਾ ਕਢਵਾਉਣ ਲਈ ਰੋਜ਼ ਲਾਈਨਾਂ ਵਿਚ ਲਗਣ ਲਈ ਮਜਬੂਰ ਹਨ ਉਨ੍ਹਾਂ ਨੂੰ ਦਸਿਆ ਜਾ ਰਿਹਾ ਹੈ ਕਿ 'ਕੈਸ਼ਲੈਸ' ਹੋਣ ਦੇ ਕਿੰਨੇ ਫਾਇਦੇ ਹਨ। ਸਰਕਾਰੀ ਬੈਂਕਾਂ ਤੋਂ ਲੈ ਕੇ 'ਪੇਟੀਐਮ' ਵਰਗੀਆਂ ਨਿਜੀ ਵਿਤੀ ਕਾਰੋਬਾਰੀ ਸੰਸਥਾਵਾਂ ਰੋਜ਼ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ ਕਿ ਕੈਸ਼ ਨੂੰ ਛੱਡੋ, ਡੈਬਿਟ, ਕ੍ਰੈਡਿਟ ਕਾਰਡ ਅਤੇ 'ਪੇਟੀਐਮ'ਵਰਗੀਆਂ ਸੁਵਿਧਾਵਾਂ ਵਰਤੋ। ( ਏਥੇ ਇਕ ਗਲ ਵਲ ਧਿਆਨ ਦੁਆਉਣਾ ਚਾਹੁੰਦਾ ਹਾਂ ਕਿ ਜਿਹੜੀ ਸਰਕਾਰ ਚੀਨੀ ਵਸਤਾਂ ਦੇ ਬਾਈਕਾਟ ਦਾ ਹੋਕਾ ਦੇਂਦੀ ਹੈ,ਇਹ ਗੱਲ ਲੁਕਾ ਰਹੀ ਹੈ ਕਿ 'ਪੇਟੀਐਮ' ਦੀ 40% ਮਾਲਕੀ ਚੀਨੀ ਹੱਥਾਂ ਵਿਚ ਹੈ, ਖੈਰ!) ਹੋਰ ਤਾਂ ਹੋਰ ਬਠਿੰਡੇ ਦੀ ਰੈਲੀ ਵਿਚ ਪਰਧਾਨ ਮੰਤਰੀ ਨੇ ਖੁਦ ਅਸਿਧੇ ਢੰਗ ਨਾਲ 'ਪੇਟੀਐਮ' ਵਰਗੀਆਂ ਕੰਪਨੀਆਂ ਦਾ ਪਰਚਾਰ ਕਰ ਦਿਤਾ ਹੈ, ਇਹ ਦਸ ਕੇ ਕਿ ਜਨਤਾ ਦੇ ਮੋਬਾਈਲ ਫੋਨ , ਉਸਦੇ ਮੋਬਾਈਲ ਬਟੂਏ ਹਨ।  ਕਿਉਂਕਿ ਪਰਧਾਨ ਮੰਤਰੀ ਦਾ ਇਹ ਤਕਨੀਕੀ ਜੁਮਲਾ ਬਹੁਤੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ, ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਫੋਨ ਬਟੂਏ ਕਿਵੇਂ ਬਣ ਜਾਂਦੇ ਹਨ। ਸਮਾਰਟਫੋਨ ਰਖਣ ਵਾਲਾ ਗਾਹਕ ਆਪਣੇ ਬੈਂਕ ਖਾਤੇ ਵਿਚੋਂ 20,000 ਤਕ ਦੀ ਰਕਮ ਹਰ ਮਹੀਨੇ 'ਪੇਟੀਐਮ' ਵਰਗੀ ਕੰਪਨੀ ਦੇ ਖਾਤੇ ਵਿਚ ਜਮਾਂ ਕਰਾ ਸਕਦਾ ਹੈ, ਅਤੇ ਫੇਰ ਉਸਨੂੰ ਉਨ੍ਹਾਂ ਥਾਂਵਾਂ ਉਤੇ ਵਰਤ ਸਕਦਾ ਹੈ ਜਿਥੇ 'ਪੇਟੀਐਮ' ਨਾਲ ਭਾਈਵਾਲੀ ਹੋਵੇ। ਪਰ 'ਪੇਟੀਐਮ' ਦੀ ਮਸ਼ਹੂਰੀ ਕਰਦਿਆਂ ਆਮ ਲੋਕਾਂ ਦਾ 'ਮਸੀਹਾ' ਹੋਣ ਦਾ ਦਾਅਵਾ ਕਰਨ ਵਾਲੇ ਪਰਧਾਨ ਮੰਤਰੀ ਨੇ ਇਹ ਗਲ ਦਬ ਹੀ ਛੱਡੀ ਕਿ ਭਾਰਤ ਵਿਚ 50 % ਲੋਕਾਂ ਕੋਲ ਬੈਂਕ ਖਾਤੇ ਹੀ ਨਹੀਂ, ਅਤੇ ਜਿੰਨੀ ਕੁ ਜਨਤਾ ਮੋਬਾਈਲਾਂ ਦੀ ਵਰਤੋਂ ਕਰਦੀ ਹੈ , ਉਸਦਾ ਸਿਰਫ਼ 9% ਹੀ ਅਜੇ ਮਹਿੰਗੇ ਸਮਾਰਟਫ਼ੋਨਾਂ ਦੀ ਵਰਤੋਂ ਕਰਦਾ ਹੈ।

ਮੈਂ ਖੁਦ ਉਨ੍ਹਾਂ ਸਰਦੇ-ਪੁਜਦੇ ਲੋਕਾਂ ਵਿਚ ਸ਼ੁਮਾਰ ਹੁੰਦਾ ਹਾਂ ਜੋ ਅਜਿਹੀਆਂ ਸੁਵਿਧਾਵਾਂ ਮੋਦੀ ਦੇ ਨਵੇਂ 'ਨਗਦੀ ਰਹਿਤ ਇਨਕਲਾਬ' ਦੇ ਹੋਕੇ ਤੋਂ ਬਹੁਤ ਪਹਿਲਾਂ ਤੋਂ ਹੀ ਵਰਤ ਰਹੇ ਰਹੇ ਹਨ। ਇਸ ਲਈ ਇਸ ਇਨਕਲਾਬ ਦੀ ਲੁਕਵੀਂ ਕੀਮਤ ਬਾਰੇ ਰਤਾ ਵਧੇਰੇ ਜਾਣਕਾਰੀ ਰਖਦੇ ਹਨ।

ਰੇਲ ਟਿਕਟਾਂ ਦੀ ਹੀ ਮਿਸਾਲ ਲਉ। ਮੈਂ ਕਈ ਵਰ੍ਹਿਆਂ ਤੋਂ ਇਹ ਟਿਕਟਾਂ ਕੰਪਿਊਟਰ ਰਾਹੀਂ (ਯਾਨੀ ਕ੍ਰੈਡਿਟ ਕਾਰਡ ਦੀ ਵਰਤੋਂ ਰਾਹੀਂ) ਖਰੀਦਦਾ ਪਿਆ ਹਾਂ। ਆਪਣੀ ਸੁਵਿਧਾ ਅਤੇ ਪੁਜਤ ਦੇ ਆਧਾਰ ਉਤੇ ਮੈਂ ਦਿਲੀ -ਜਲੰਧਰ ਦਾ ਸਫ਼ਰ ਸ਼ਤਾਬਦੀ ਵਰਗੀ ਮਹਿੰਗੀ ਗੱਡੀ ਵਿਚ ਕਰਦਾ ਹਾਂ, ਕਿਉਂਕਿ ਮੇਰੀ ਜੇਬ ਇਸਦੀ ਇਜਾਜ਼ਤ ਦੇਂਦੀ ਹੈ। ਇਸ ਵੇਲੇ ਇਹ ਟਿਕਟ 795 ਰੁਪਏ ਦੀ ਹੈ ਪਰ ਘਰੇ ਬੈਠਿਆਂ ਕੰਪਿਊਟਰ ਰਾਹੀਂ ਖਰੀਦਿਆਂ ਇਸ ਵਿਚ ਦੋ ਖਰਚੇ ਹੋਰ ਵੀ ਜਮ੍ਹਾਂ ਹੋ ਜਾਂਦੇ ਹਨ। ਉਤਲੀ ਸ਼ਰੇਣੀ ਲਈ 46 ਰੁਪਏ ਸੇਵਾ-ਫ਼ੀਸ ਅਤੇ 28 ਕੁ ਰੁਪਏ ਕ੍ਰੈਡਿਟ ਕਾਰਡ ਵਰਤੋਂ ਫ਼ੀਸ। ਆਪਣੀ ਸਹੂਲੀਅਤ ਕਾਰਨ  ਮੈਂ 74 ਰੁਪਏ ਦਾ, ਮੇਰੀ ਟਿਕਟ ਦਾ ਤਕਰੀਬਨ 10% , ਇਹ ਵਾਧੂ ਖਰਚਾ ਜਰ ਲੈਂਦਾ ਹਾਂ ਕਿਉਂਕਿ ਜਰ ਸਕਦਾ ਹਾਂ। ਪਰ ਆਮ ਸ਼ਰੇਣੀ ਵਿਚ ਸਫ਼ਰ ਕਰਨ ਵਾਲੇ ਮਨੁਖ ਲਈ ਇਹ ਖਰਚਾ ਬਹੁਤ ਚੁਭਵਾਂ ਹੈ। ਦੂਜੇ ਦਰਜੇ ਵਿਚ ਟਿਕਟ ਦੀ ਕੀਮਤ ਹੈ 150 ਰੁਪਏ, ਅਤੇ ਇਸ ਸ਼ਰੇਣੀ ਲਈ ਸੇਵਾ ਫ਼ੀਸ ਹੈ 23 ਰੁਪਏ, ਕਾਰਡ ਵਰਤੋਂ ਦਾ ਖਰਚਾ 13 ਰੁਪਏ। ਆਮ ਆਦਮੀ ਲਈ 36 ਰੁਪਏ ਦਾ ਇਹ ਬਿਲਕੁਲ ਵਾਧੂ ਭਾਰ ਹੈ। ਉਹ ਆਪਣੀ 150 ਰੁਪਏ ਦੀ ਟਿਕਟ ਉਤੇ 22 % ਵਾਧੂ ਤਾਰਨ ਲਈ ਮਜਬੂਰ ਹੋਵੇਗਾ।

ਏਸੇ ਗਲ ਨੂੰ ਧਿਆਨ ਵਿਚ ਰਖਦਿਆਂ ਸਰਕਾਰ ਨੇ ਐਲਾਨ ਕਰ ਦਿਤਾ ਹੈ ਕਿ 31 ਦਸੰਬਰ ਤਕ 46/23 ਰੁਪਏ ਦੀ ਇਹ ਸੇਵਾ ਫ਼ੀਸ ਨਹੀਂ ਲਈ ਜਾਵੇਗੀ। ਪਰ 31 ਦਸੰਬਰ ਤੋਂ ਇਹ ਮੁੜ ਤੋਂ ਚਾਲੂ ਹੋ ਜਾਵੇਗੀ। ਭਲਾ ਕਿੰਨੇ ਕੁ ਆਮ ਲੋਕ ਇਹ ਵਾਧੂ ਖਰਚਾ ਜਰ ਸਕਣ ਦੀ ਸਮਰੱਥਾ ਰਖਦੇ ਹਨ! ਉਤੋਂ ਕਾਰਡ ਵਰਤਣ ਦੀ ਫ਼ੀਸ ਵਖਰੀ। ਇਹੋ ਜਿਹੀ ਕੈਸ਼ਲੈਸ ਵਿਵਸਥਾ ਨਾਲ ਹੋਰ ਕਿਸੇ ਦਾ ਤਾਂ ਨਹੀਂ, ਪਰ ਬੈਂਕਾਂ ਦਾ ਭਲਾ ਜ਼ਰੂਰ ਹੋਵੇਗਾ। ਕਿਉਂਕਿ ਕਾਰਡ ਰਾਹੀਂ ਕੀਤੀ ਹਰ ਖਰੀਦਦਾਰੀ ਵਿਚ ਉਨ੍ਹਾਂ ਨੂੰ  2 ਤੋਂ 4 % ਦਾ ਕਮਿਸ਼ਨ ਮਿਲਦਾ ਹੈ। ਏਸੇ ਲਈ ਤਾਂ ਬੈਂਕ ਤੁਹਾਡੇ ਪਿਛੇ ਪਏ ਰਹਿੰਦੇ ਹਨ ਕਿ ਸਾਡਾ ਕਾਰਡ ਲਵੋ, ਅਤੇ ਵਰਤੋ।

ਇਸ ਹਿਸਾਬ-ਕਿਤਾਬ ਨੂੰ ਲਾਂਭੇ ਵੀ ਰਖ ਛਡੀਏ, ਤਾਂ ਵੀ ਇਕ ਹੋਰ ਸਵਾਲ ਬਚਦਾ ਹੈ। ਭਲਾ ਕਿੰਨੇ ਕੁ ਲੋਕ ਹਨ ਜੋ ਕ੍ਰੈਡਿਟ ਜਾਂ ਡੈਬਿਟ ਕਾਰਡ ਵਰਤਣ ਲਈ ਮੁਢਲੀ ਮੁਹਾਰਤ ਵੀ ਰਖਦੇ ਹਨ? ਇਕ ਪਿਨ ਨੰਬਰ ( ਪਰਸਨਲ ਆਈਡੈਂਟੀਫ਼ਿਕੇਸ਼ਨ - ਨਿਜੀ ਪਛਾਣ- ਨੰਬਰ) ਦੇ ਨਸ਼ਰ ਜਾਂ 'ਹੈਕ' ਹੋ ਜਾਣ ਨਾਲ ਰਾਤੋ ਰਾਤ ਸਾਰਾ ਖਾਤਾ ਖਾਲੀ ਹੋ ਸਕਦਾ ਹੈ। ਇਹ ਵਰਤਾਰਾ ਤਾਂ ਵਿਕਸਤ ਦੇਸ਼ਾਂ ਵਿਚ ਵੀ ਲਭਦਾ ਹੈ, ਪਰ ਉਥੋਂ ਦੇ  ਬੈਂਕ ਚੋਰੀ ਹੋਈ ਰਕਮ  ਮੋੜਨ ਸਮੇਂ ਬਹੁਤੀ ਉਜ਼ਰ ਨਹੀਂ ਕਰਦੇ। ਪਰ, ਸਾਡੇ ਮੁਲਕ ਵਿਚ ਤਾਂ ਬੈਂਕਾਂ ਨਾਲ ਲੜਾਈ ਲੜਨੀ ਪੈਂਦੀ ਹੈ। ਇਹ ਗੱਲ ਵੀ ਨਿਜੀ ਤਜਰਬੇ ਦੇ ਆਧਾਰ ਉਤੇ ਕਹਿ ਸਕਦਾ ਹਾਂ। ਮੇਰੇ ਕਾਰਡ ਦੇ ਚੋਰੀ ਹੋ ਜਾਣ ਪਿਛੋਂ , ਅਤੇ ਬੈਂਕ ਨੂੰ ਫੌਰਨ ਇਤਲਾਹ ਦੇਣ ਦੇ ਬਾਵਜੂਦ, ਮੇਰੇ ਖਾਤੇ ਵਿਚੋਂ ਪੈਸੇ ਕੱਢੇ ਗਏ ਸਨ। ਇਨ੍ਹਾਂ ਨੂੰ ਮੁੜਵਾਉਣ ਲਈ ਮੈਨੂੰ ਉਪਭੋਗਤਾ ਅਦਾਲਤ ਰਾਹੀਂ ਬੈਂਕ ਉਤੇ ਦਾਅਵਾ ਦਾਇਰ ਕਰਨਾ ਪਿਆ ਸੀ। ਪੈਸੇ ਤਾਂ ਆਖਰਕਾਰ ਬੈਂਕ ਨੂੰ ਮੋੜਨੇ ਪਏ, ਪਰ ਕਈ ਮਹੀਨੇ ਦੀ ਖੱਜਲ-ਖੁਆਰੀ ਅਤੇ ਪੇਸ਼ੀਆਂ ਨੇ ਮੇਰੇ ਅੜਾਟ ਕਢਾ ਦਿਤੇ ਸਨ। ਸੋ ਇਨ੍ਹਾਂ ਕਾਰਡਾਂ ਨੂੰ ਹਰ ਵੇਲੇ, ਅਤੇ ਹਰ ਥਾਂ ਵਰਤਣਾ ਵੀ ਹਾਰੀ-ਸਾਰੀ ਲਈ ਸੌਖਾ ਨਹੀਂ। ਉਂਜ ਵੀ ਕਾਰਡ 100/200 ਰੁਪਏ ਦੀ ਛੋਟੀ-ਮੋਟੀ ਖਰੀਦਦਾਰੀ ਲਈ ਸਵੀਕਾਰ ਨਹੀਂ ਕੀਤੇ ਜਾਂਦੇ।

ਪਰ ਇਕ ਪਾਸੇ ਜੇ ਇਹੋ ਜਿਹੇ ਤਕਨੀਕ ਅਧਾਰਤ ਭੁਲੇਖੇ ਸਿਰਜੇ ਜਾ ਰਹੇ ਹਨ ਤਾਂ ਦੂਜੇ ਪਾਸੇ ਸਿਧੇ ਸਾਦੇ ਲੋਕਾਂ ਨੂੰ ਗੁਮਰਾਹ ਕਰਨ ਲਈ  ਸੁਧੇ ਝੂਠ ਵੀ ਪਰਚਾਰੇ ਜਾ ਰਹੇ ਹਨ। ਉਮਾ ਭਾਰਤੀ ਨੇ ਤਾਂ ਪਿਛਲੇ ਹਫ਼ਤੇ ਨੋਟਬੰਦੀ ਦੇ ਹਕ ਵਿਚ ਬੋਲਦਿਆਂ ਮਾਰਕਸ ਦਾ ਹੀ ਹਵਾਲਾ ਦੇ ਦਿਤਾ ਸੀ, ਕਿ ਮਾਰਕਸ ਵੀ ਤਾਂ ਇਹੋ ਕਹਿੰਦਾ ਸੀ ਕਿ ਬਰਾਬਰੀ ਹੋਣੀ ਚਾਹੀਦੀ ਹੈ, ਅਤੇ ਪਰਧਾਨ ਮੰਤਰੀ ਦਾ ਇਹ ਕਦਮ ਬਰਾਬਰੀ ਸਥਾਪਤ ਕਰਨ ਵਲ ਹੈ । ਉਮਾ ਭਾਰਤੀ ਨੂੰ ਅਚਾਨਕ ਮਾਰਕਸ ਸ਼ਾਇਦ ਇਸਲਈ ਯਾਦ ਆ ਗਿਆ ਕਿਉਂਕ ਉਦੋਂ ਤਕ ਨੋਬਬੰਦੀ ਕਾਰਨ ਆਮ ਜਨਤਾ ਨੂੰ ਹੋਈ ਪਰੇਸ਼ਾਨੀ ਜਗ ਜ਼ਾਹਰ ਹੋ ਚੁਕੀ ਸੀ, ਜਿਸਨੂੰ ਠੱਲ੍ਹਣਾ ਜ਼ਰੂਰੀ ਹੋ ਗਿਆ ਸੀ। ਪਰ ਹੁਣ ਪਿੰਡਾਂ ਵਿਚ ਇਹ ਪਰਚਾਰਿਆ ਜਾ ਰਿਹਾ ਹੈ ਕਿ ਕਾਲੇ ਧਨ ਦੀ ਵਾਪਸੀ ਹੋ ਜਾਣ ਨਾਲ ਸਾਰਿਆਂ ਦੇ ਖਾਤੇ ਵਿਚ ਦਸ ਦਸ ਹਜ਼ਾਰ ਪਾ ਦਿਤੇ ਜਾਣਗੇ। ਪਰਧਾਨ ਮੰਤਰੀ ਵੱਲੋਂ ਵੀ ਕੁਝ ਇਹੋ ਜਿਹੇ ਗੋਲ-ਮੋਲ ਬਿਆਨ ਦਾਗ ਦਿਤੇ ਗਏ ਹਨ ਕਿ ਮੈਂ 30 ਦਸੰਬਰ ਤੋਂ ਬਾਅਦ ਕੁਝ ਹੋਰ ਅਹਿਮ ਐਲਾਨ ਕਰਨ ਵਾਲਾ ਹਾਂ, ਅਤੇ ਲੋਕਾਂ ਦੀ ਆਸ ਹੋਰ ਵਧ ਗਈ  ਹੈ ਕਿ ਹੋਵੇ ਨਾ ਹੋਵੇ ਇਹ ਇਸ਼ਾਰਾ ਸਾਡੇ ਖਾਤਿਆਂ ਵਿਚ ਆਉਣ ਵਾਲੇ ਧਨ ਬਾਰੇ ਹੀ ਹੈ। ਇਸ ਵੇਲੇ ਸੰਵਿਧਾਨਕ ਅਹੁਦੇ ਉਤੇ ਵਿਰਾਜਮਾਨ ਹੋਣ ਕਾਰਨ ਪਰਧਾਨ ਮੰਤਰੀ 10,000 ਦੇਣ ਦਾ ਖੁਲ੍ਹਾ ਐਲਾਨ ਤਾਂ ਨਹੀਂ ਕਰ ਸਕਦਾ, ਪਰ ਬੰਦਾ ਤਾਂ ਇਹ ਉਹੀ ਹੈ ਨਾ ਜਿਸਨੇ 2014 ਦੀਆਂ ਚੋਣਾਂ ਵਿਚ, ਵਿਦੇਸ਼ਾਂ ਤੋਂ ਕਾਲਾ ਧਨ ਕਢਾ ਕੇ  ਹਰ ਖਾਤੇ ਵਿਚ 15-15 ਲਖ ਪਾ ਦੇਣ ਦਾ ਲਾਰਾ ਵੇਚਿਆ ਸੀ।

ਏਨਾ ਹੀ ਨਹੀਂ, ਕਈ ਥਾਂਈਂ ਇਹ ਵੀ ਪਰਚਾਰਿਆ ਜਾ ਰਿਹਾ ਹੈ ਕਿ ਮੋਦੀ ਨੇ ਸਾਰੀਆਂ ਬੇਨਾਮੀ ਜਾਇਦਾਦਾਂ ਖੋਹ ਕੇ ਲੋਕਾਂ ਵਿਚ ਵੰਡ ਦੇਣੀਆਂ ਹਨ।ਇਸ ਕਿਸਮ ਦੇ ਪਰਚਾਰ ਪਿਛੇ ਸਰਕਾਰ ਨਾਲ ਜੁੜੀਆਂ ਕਿਹੜੀਆਂ ਸੰਸਥਾਂਵਾਂ ਦਾ ਹਥ ਹੈ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਲੋਕਾਂ ਵਿਚ ਵਧ ਰਹੀ ਬੇਚੈਨੀ ਨੂੰ ਦੇਖਦੇ ਹੋਏ, ਸਰਕਾਰ ਝੂਠ-ਫ਼ਰੇਬ ਦਾ ਹਰ ਹਰਬਾ ਵਰਤਣ ਲਈ ਤਿਆਰ ਹੈ। ਨੋਟਬੰਦੀ ਨੂੰ ਬੇਸਮਝੀ ਨਾਲ ਲਾਗੂ ਕਰਾਉਣ ਦੇ ਫੈਸਲੇ ਦੀ ਆਲੋਚਨਾ ਕਰਨਾ ਹੀ ਕਾਲੇ ਧਨ ਦਾ ਪੱਖ ਪੂਰਨਾ ਜਾਂ ਦੇਸ਼-ਧਰੋਹੀ ਹੋਣਾ ਗਰਦਾਨਿਆ ਜਾ ਰਿਹਾ ਹੈ।

2014 ਵਿਚ ਲੋਕ ਸਭਾ ਵਿਚ ਚੁਣੇ ਜਾਣ ਉਪਰੰਤ ਪਹਿਲੀ ਵਾਰ ਪਾਰਲੀਮੈਂਟ ਦੀਆਂ ਦਹਿਲੀਜ਼ਾਂ ਉਤੇ ਸਾਸ਼ਟਾਂਗ ਪਰਣਾਮ ਕਰਨ ਅਤੇ ਇਹ ਕਹਿਣ ਵਾਲਾ ਪਰਧਾਨ ਮੰਤਰੀ ਕਿ 'ਪਾਰਲੀਮੈਂਟ ਲੋਕਤੰਤਰ ਦਾ ਮੰਦਰ ਹੈ' , ਅਜ ਆਪਣੀ ਸਾਰੀ ਬਿਆਨਬਾਜ਼ੀ ਪਾਰਲੀਮੈਂਟ ਤੋਂ ਬਾਹਰ  ਹੀ ਕਰ ਰਿਹਾ ਹੈ। ਇਸ ਗਲ ਦੇ ਬਾਵਜੂਦ ਕਿ ਸੰਸਦ ਚਾਲੂ ਹੈ, ਅਤੇ ਸਾਰੀਆਂ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਕਿ ਪਰਧਾਨ ਮੰਤਰੀ ਆ ਕੇ ਬਹਿਸ ਵਿਚ ਹਿਸਾ ਲਵੇ।। ਉਹ ਜਾਣਦਾ ਹੈ ਕਿ ਆਮ ਲੋਕਾਂ ਨੂੰ ਵਰਗਲਾਣਾ ਸੌਖਾ ਹੈ, ਪਰ ਖੁੰਢ ਸੰਸਦ ਮੈਂਬਰਾਂ ਨਾਲ ਸਿਝਣਾ ਉਸਨੂੰ ਨੰਗਿਆਂ ਕਰ ਸਕਦਾ ਹੈ। ਜਿਸ ਢੰਗ ਨਾਲ ਇਹ ਪਰਧਾਨ ਮੰਤਰੀ ਵਿਚਰ ਰਿਹਾ ਹੈ ਉਸ ਵਿਚੋਂ ਉਸਦਾ ਹੰਕਾਰਿਆ ਤਾਨਾਸ਼ਾਹੀ ਚਿਹਰਾ ਸਪਸ਼ਟ ਦਿਸਦਾ ਜੋ ਆਪਣੀ ਭਾਸ਼ਣ-ਕਲਾ ਦੇ ਆਧਾਰ ਉਤੇ ਹੀ ਦੇਸ ਦੇ ਸਾਰੇ ਨੇਮ-ਕਾਨੂੰਨ ਉਲੰਘਣਾ ਚਾਹੁੰਦਾ ਹੈ।

ਪਰ ਇਹ ਵੀ ਨਾ ਭੁਲੀਏ ਕਿ ਜਿੰਨੇ ਲੋਕਾਂ ਨੂੰ ਉਸਦਾ ਚਿਹਰਾ ਅਸਲੀ ਚਿਹਰਾ ਦਿਸ ਰਿਹਾ ਹੈ, ਉਸਤੋਂ ਕਿਤੇ ਵਧ ਲੋਕ ਅਜੇ ਵੀ ਕੀਲੇ ਹੋਏ, ਮੰਤਰ-ਮੁਗਧ ਹੋਏ ਜਾਪਦੇ ਹਨ। ਇਨ੍ਹਾਂ ਲੋਕਾਂ ਨਾਲ ਲਗਾਤਾਰ  ਜੁੜੇ ਰਹਿਣ, ਉਨ੍ਹਾਂ ਨੂੰ ਪੈਰ-ਪੈਰ ਤੇ ਅਸਲੀਅਤ ਸਮਝਾਉਣ ਦੀ ਲੋੜ ਹੈ। ਸਾਲਾਂ ਤੋਂ ਸਰਕਾਰਾਂ ਦੀਆਂ ਬਦਇੰਤਜ਼ਾਮੀਆਂ ਤੋਂ ਨਿਰਾਸ ਹੋਏ ਲੋਕ ਕਿਸੇ ਵੀ ਝੂਠੀ -ਸੱਚੀ ਤਸੱਲੀ ਦੀ ਕੰਨੀ ਨੂੰ ਫੜ ਲੈਂਦੇ ਹਨ। ਏਸੇ ਲਈ ਇਹ ਦੌਰ ਟਰੰਪਾਂ ਅਤੇ ਮੋਦੀਆਂ ਦੀ ਚੜ੍ਹਤ ਦਾ ਦੌਰ ਹੈ। ਜਾਦੂਈ ਤਕਰੀਰਾਂ ਦੇ ਇਸ ਧਨੀ , ਨਿਤ ਨਵੇਂ ਸੁਪਨੇ ਵੇਚਣ ਦੇ ਇਸ ਮਾਹਰ ਨਾਲ ਇਹ ਘੋਲ ਸੌਖਾ ਨਹੀਂ ਹੋਣ ਲਗਾ, ਪਰ ਇਸਨੂੰ ਜਾਰੀ ਰਖਣਾ ਇਸ ਸਮੇਂ ਦੀ ਸਭ ਤੋਂ ਵੱਡੀ ਅਤੇ ਫੌਰੀ ਲੋੜ ਹੈ।

Comments

Angrej singh

ਮੰਨ ਲਉ ਬਾਦਲਾਂ ਦੀਆਂ ਬੱਸਾਂ =400 01ਦਿਨ ਵਿੱਚ 01 ਬੱਸ ਦੀ ਡੀਜ਼ਲ ਦੀ ਖਪਤ = 5000/- ਇੱਕ ਦਿਨ ਚ ਪੰਪਾਂ ਤੇ ਪੁਰਾਣੇ ਨੋਟਾਂ ਦੀ ਅਦਾਇਗੀ = 20 ਲੱਖ ਅੱਜ ਤੱਕ 18 ਦਿਨਾਂ ਚ ਪੁਰਾਣੇ ਨੋਟ ਚਲਾਏ = 360 ਲੱਖ 😉😉 ਹਾਲੇ ਇਹ ਕੰਮ 30 /12/16 ਤੱਕ ਚੱਲਣਾ ਹੈ ਤੁਸੀਂ ਬੈਂਕਾਂ ਅੱਗੇ ਦੇਸ਼ ਭਗਤੀ ਕਰੋ 😏😏😏😏😏😏😏😏😏

Major Khan

ਮੈਂ ਤੁਹਾਡੀ ਏਸ ਨੋਟਬੰਦੀ ਦੀ ਲਿਖਤ ਨਾਲ ਬਿਲਕੁਲ ਸਹਿਮਤ ਹਾਂ

Nirmal singh Bawa

The style of speech..narration of any action wrong or right, necessary or not but projecting it against perennial cause of woes of common masses, creating psychological fear in their minds of his terror to get applause from public is a time tested tool of such leaders. Who is going to benefit what does anyone understand at least from the public sitting in the rallies? You listen to answers of middle class people standing in the ques what do think about notebandi. Despite waiting for hours normally will say yes ..it is good step primarily because of the psychological fear other standing along may feel if he is against notebandi. ..may be he is corrupt. He may be honest wasting his time in ques. The fact even who had black money ask notebandi ka decision kaisi hai ..great. Modi in bhut daring step Liya hai..again psychological fear created through mass terror. Step is good or bad only time will tell when real positive or negative effects come to the economy and its impact on improving living conditions of common people but as on today people all classes are suffering.

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ