Sat, 23 September 2017
Your Visitor Number :-   1088084
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਕਿਉਂ ਨਹੀਂ ਦੂਰ ਹੋ ਰਹੀ ਭਾਰਤ ਵਿੱਚੋਂ ਗਰੀਬੀ ? - ਹਰਜਿੰਦਰ ਸਿੰਘ ਗੁਲਪੁਰ

Posted on:- 03-01-2017

suhisaver

ਭਾਰਤੀ ਹਾਕਮਾਂ ਤੇ ਦੇਸ ਨੂੰ ਵਿਸ਼ਵ ਦੀ ਮਹਾਂਸ਼ਕਤੀ ਬਣਾਉਣ ਦੇ ਚੱਕਰ ਵਿੱਚ 'ਅੱਗਾ ਦੌੜ ਪਿੱਛਾ ਚੌੜ' ਵਾਲੀ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ, ਜੋ ਦੇਸ਼ ਵਾਸੀਆਂ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਜ਼ਿਆਦਾ ਜ਼ੋਰ ਸਤਹੀ ਤੌਰ ਤੇ ਦਿਖਾਈ ਦੇਣ ਵਾਲੀ ਚਮਕ ਦਮਕ ਵਲ ਦੇ ਰਹੇ ਹਨ। ਅਜਿਹਾ ਕਰਕੇ ਉਹ ਦੇਸ਼ ਰੂਪੀ ਦਰਖਤ ਦੀਆਂ ਜੜਾਂ ਨੂੰ ਖਾਦ,ਪਾਣੀ ਦੇਣ ਦੀ ਥਾਂ ਇਸ ਦੇ ਪੱਤਿਆਂ ਅਤੇ ਟਾਹਣੀਆਂ ਉੱਤੇ ਪਾਣੀ ਤਰੌਂਕ ਰਹੇ ਹਨ,ਜਿਸ ਦੀ ਬਦੌਲਤ ਦੇਸ਼ ਦੀ ਬੁਨਿਆਦ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ।ਜਿਸ ਦੇਸ਼ ਵਿੱਚ ਸਾਰੇ ਨੀਤੀਗਤ ਫੈਸਲੇ ਵੋਟ ਬੈਂਕ ਨੂੰ ਅਧਾਰ ਬਣਾ ਕੇ ਕੀਤੇ ਜਾਂਦੇ ਹੋਣ ਉਸ ਦੇਸ਼ ਅੰਦਰ ਨਰੋਏ ਸਮਾਜ ਦੀ ਸਿਰਜਣਾ ਕਦੇ ਨਹੀਂ ਹੋ ਸਕਦੀ।ਦੇਸ਼ ਦੀ ਕੌਮੀ ਗਰੋਥ ਦਾ ਵਧਣਾ ਦੇਸ਼ ਦੀ ਉਨਤੀ ਦਾ ਇੱਕ ਪੈਮਾਨਾ ਹੋ ਸਕਦਾ ਹੈ ਪਰ ਅਸਲ ਪੈਮਾਨਾ ਆਮ ਲੋਕਾਂ ਦਾ ਵਧੀਆ ਦਰਜੇ ਦਾ ਜੀਵਨ ਪੱਧਰ ਮੰਨਿਆ ਜਾਂਦਾ ਹੈ।

ਦੇਸ਼ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਧਨ ਕੁਬੇਰਾਂ ਦੀ ਆਮਦਨੀ ਰਲਾ ਕੇ ਪਰਤੀ ਪਰਿਵਾਰ ਔਸਤ ਆਮਦਨ ਤਾਂ ਕੱਢੀ ਜਾ ਸਕਦੀ ਹੈ ਅਤੇ ਇਸ ਤੇ ਕੱਛਾੰ ਵੀ ਵਜਾਈਆਂ ਜਾ ਸਕਦੀਆਂ ਹਨ ਪਰੰਤੂ ਗਰੀਬਾਂ ਦੀ ਗੁਰਬਤ ਨੂੰ ਖਤਮ ਨਹੀਂ ਕੀਤਾ ਜਾ ਸਕਦਾ।ਪਰਮਾਣੂ ਤਾਕਤ ਬਣਨ ਦੇ ਬਾਵਯੂਦ ਭਾਰਤ ਦੀ ਗਿਣਤੀ ਅਜੇ ਤੱਕ ਵੀ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਹੀ ਹੁੰਦੀ ਹੈ।

ਬੜੀ ਸ਼ਰਮ ਦੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਵਿਸ਼ਵ ਬੈਂਕ ਵਲੋਂ ਨਸ਼ਰ ਕੀਤੀ ਆਪਣੀ ਰੀਪੋਰਟ ਵਿੱਚ ਕਿਹਾ ਸੀ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਗਰੀਬ ਲੋਕ ਭਾਰਤ ਵਿੱਚ ਹਨ।'ਗਰੀਬੀ ਅਤੇ ਸਾਂਝੀ ਖੁਸ਼ਹਾਲੀ' ਸਿਰਲੇਖ ਹੇਠ ਛਪੀ ਇਸ ਰੀਪੋਰਟ ਅਨੁਸਾਰ,ਸੰਨ 2013 ਵਿੱਚ ਭਾਰਤ ਦੀ 30 ਫੀਸਦੀ ਅਬਾਦੀ ਦੀ ਆਮਦਨ 1।90 ਅਮਰੀਕੀ ਡਾਲਰ ਜਾ 126 ਰੁਪਏ ਰੋਜਾਨਾ ਤੋਂ ਵੀ ਘੱਟ ਸੀ।ਇਸ ਲਈ ਦੁਨੀਆਂ ਦਾ ਹਰ ਤੀਸਰਾ ਗਰੀਬ ਵਿਅਕਤੀ ਭਾਰਤੀ ਹੈ।ਜਿੱਥੇ ਭਾਰਤ ਤਰੱਕੀ ਕਰ ਰਿਹਾ ਹੈ ਉੱਥੇ ਇੱਥੇ ਗਰੀਬੀ ਅਤੇ ਅਮੀਰੀ ਦਰਮਿਆਨ ਪਾੜਾ ਤੇਜ਼ੀ ਨਾਲ ਵਧ ਰਿਹਾ ਹੈ।ਦੇਸ਼ ਵਾਸਤੇ ਇਹ ਚਿੰਤਾ ਦਾ ਵਿਸ਼ਾ ਹੈ।ਮਹਾਂ ਨਗਰਾਂ ਵਿੱਚ ਅਸਮਾਨ ਛੂੰਹਦੀਆਂ ਇਮਾਰਤਾਂ,ਰੇਸ਼ਮੀ ਸੜਕਾਂ,ਲੰਬੇ ਫਲਾਈ ੳਵਰਾਂ ਅਤੇ ਬਿਜਲੀ ਦੀ ਚਕਾਚੌਂਦ ਤੋਂ ਲਗਦਾ ਹੈ ਕਿ ਵਾਕਿਆ ਹੀ ਸਾਡਾ ਦੇਸ਼ ਤੇਜ਼ੀ ਨਾਲ ਬਦਲ ਰਿਹਾ ਹੈ।ਅਸਲ ਵਿੱਚ ਇਹ ਅਧੂਰਾ ਸੱਚ ਹੈ ਜਿਸ ਨੂੰ ਦਿਖਾਉਣ ਤੇ ਸਰਕਾਰਾਂ ਜ਼ੋਰ ਦੇ ਰਹੀਆਂ ਹਨ।ਪੂਰਾ ਸੱਚ ਭਾਰਤ ਵਿੱਚ ਰਹਿੰਦੇ ਦੂਸਰੇ ਭਾਰਤ ਦੀ ਤਸਵੀਰ ਹੈ ਜਿਸ ਨੂੰ ਸਰਕਾਰਾਂ ਦਿਖਾਉਣਾ ਹੀ ਨਹੀਂ ਚਾਹੁੰਦੀਆਂ।ਇਹ ਤਸਵੀਰ ਗਰੀਬੀ ਹਟਾਉਣ ਦੇ ਨਾਅਰਿਆਂ ਦਾ ਕੌੜਾ ਸੱਚ ਬਿਆਨ ਕਰਦੀ ਹੈ।ਇੱਕ ਤਰ੍ਹਾਂ ਨਾਲ ਦੀਵੇ ਥੱਲੇ ਹਨੇਰਾ ਹੈ।ਇੱਕ ਤਰਫ ਨੇਤਾ ਲੋਕ,ਅਧਿਕਾਰੀ,ਕਾਰੋਬਾਰੀ ਅਤੇ ਧਰਮ ਦੇ ਆਪੇ ਬਣੇ ਠੇਕੇਦਾਰ ਸਾਰੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ ਅਤੇ ਦੂਜੀ ਤਰਫ ਪਿੰਡਾਂ,ਕਸਬਿਆਂ,ਗੰਦੀਆਂ ਬਸਤੀਆਂ,ਦੂਰ ਦੁਰਾਡੇ ਪਹਾੜੀ ,ਰੇਤੀਲੇ,ਕਬਾਇਲੀ ਅਤੇ ਜੰਗਲੀ ਖੇਤਰ੍ਹਾਂ ਵਿੱਚ ਵਸਦੇ ਭਾਰਤੀ ਲੋਕ ਜਾਨਵਰਾਂ ਨਾਲੋਂ ਬਦਤਰ ਜੀਵਨ ਬਸਰ ਕਰ ਰਹੇ ਹਨ।ਇਹ ਲੋਕ ਰੋਟੀ ਕੱਪੜਾ ਮਕਾਨ ਵਰਗੀਆਂ ਮੁੱਢਲੀਆਂ ਲੋੜਾਂ ਤੋਂ ਵੀ ਮਹਿਰੂਮ ਹਨ।ਗਰੀਬ ਲੋਕਾਂ ਨਾਲ ਇਹ ਸਰਾ ਸਰ ਨਾ ਇਨਸਾਫੀ ਹੈ।ਬੇਸ਼ਕ ਇੱਕ ਪਾਸੇ ਗੱਡੀਆਂ,ਕੰਪਿਊਟਰ ਅਤੇ ਮੋਬਾਇਲ ਫੋਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਪਰ ਇਸ ਦੇ ਉਲਟ ਮੀਡੀਆ ਵਿੱਚ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜੇ ਕੱਲ ਦੀ ਗੱਲ ਹੈ ਕਿ ਉੜੀਸਾ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਦੀ ਲਾਸ਼ ਟਿਕਾਣੇ ਲਾਉਣ ਲਈ ਉਸ ਨੂੰ ਮੋਢਿਆਂ ਤੇ ਚੁੱਕ ਕੇ 12 ਕਿਲੋਮੀਟਰ ਪੈਦਲ ਚੱਲਣਾ ਪਿਆ ਸੀ।


ਇਸ ਘਟਨਾ ਨਾਲ ਭਾਰਤ ਦਾ ਸਿਰ ਨੈਤਿਕ ਪੱਖੋੰ ਵਿਸ਼ਵ ਭਰ ਵਿੱਚ ਨੀਵਾਂ ਹੋਇਆ ਹੈ।ਸਰਕਾਰੀ ਇਸ਼ਤਿਹਾਰਾਂ ਰਾਹੀਂ ਭਾਵੇਂ ਖੁਸ਼ਹਾਲੀ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ,ਲੇਕਿਨ ਗਰੀਬਾਂ ਦੀ ਮੰਦਹਾਲੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ।ਸ਼ਹਿਰੀ ਖੇਤਰ ਦੇ ਗਰੀਬਾਂ ਲਈ ਤਾਂ ਆਵਾਸ ਮੰਤਰਾਲਾ ਹੈ ਪਰ ਪੇਂਡੂ ਖੇਤਰ ਦੇ ਗਰੀਬਾਂ ਦੀ ਹਾਲਤ ਬੇਹੱਦ ਖਰਾਬ ਹੈ।ਉਹਨਾਂ ਲਈ ਵਸੇਬਾ,ਵਿੱਦਿਆ,ਇਲਾਜ ਅਤੇ ਸਫਰ ਆਦਿ ਦੀ ਸਹੂਲਤ ਨਦਾਰਦ ਹੈ।ਸਹੂਲਤਾਂ ਕੇਵਲ ਅਮੀਰਾਂ ਕੋਲ ਹਨ ਜਦੋਂ ਕਿ ਗਰੀਬ ਲੋਕ ਦਹਾਕਿਆਂ ਤੋਂ ਧੱਕੇ ਹੀ ਖਾ ਰਹੇ ਹਨ।ਲੋਕ ਪੱਖੀ ਨੀਤੀਆਂ ਦੀ ਅਣਹੋੰਦ ਕਾਰਨ ਸਾਡੇ ਦੇਸ਼ ਵਿੱਚ ਗਰੀਬੀ ਹਟਾਉਣ ਦਾ ਕੋਈ ਪੁਖਤਾ ਇੰਤਜਾਮ ਨਹੀਂ ਹੈ।ਜਿਹੜੀਆਂ ਨੀਤੀਆਂ ਕੇੰਦਰ ਅਤੇ ਰਾਜ ਸਰਕਾਰਾਂ ਨੇ ਹੁਣ ਤੱਕ ਲਾਗੂ ਕੀਤੀਆਂ ਹਨ,ਉਹਨਾਂ ਤਹਿਤ ਗਰੀਬੀ ਦੇ ਅਸਲ ਕਾਰਨਾਂ ਤੱਕ ਪਹੁੰਚਣ ਦਾ ਯਤਨ ਕਿਸੇ ਸਰਕਾਰ ਨੇ ਨਹੀਂ ਕੀਤਾ।ਸਰਕਾਰੀ ਤੰਤਰ ਕੋਲ ਇਹਨਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਸਮਾਂ ਹੀ ਨਹੀਂ ਹੈ।ਇਸ ਦਾ ਨਤੀਜਾ ਇਹ ਹੈ ਕਿ ਦੁਨੀਆਂ ਵਿੱਚ ਸਭ ਤੋਂ ਗਰੀਬ ਲੋਕ ਭਾਰਤ ਵਿੱਚ ਹਨ।ਗਰੀਬਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਕੇ ਉਹਨਾਂ ਦੀ ਆਮਦਨ ਵਧਾਉਣ ਅਤੇ ਉਹਨਾਂ ਨੂੰ ਸਸਤਾ ਅਨਾਜ ਉਪਲਬਧ ਕਰਾਉਣ ਦੇ ਕੁਝ ਯਤਨ ਜਰੂਰ ਹੋਏ ਹਨ।ਮਨਰੇਗਾ ਆਦਿ ਯੋਜਨਾਵਾਂ ਤੇ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਗਿਆ,ਲੇਕਿਨ ਇਹਨਾਂ ਉਪਾਵਾਂ ਦਾ ਲਾਭ ਠੋਸ ਰੂਪ ਵਿੱਚ ਗਰੀਬਾਂ ਤੱਕ ਨਹੀਂ ਪਹੰਚ ਸਕਿਆ।ਸਰਕਾਰੀ ਤੰਤਰ ਦੀ ਨਾ ਅਹਿਲੀਅਤ ਕਾਰਨ ਇਹਨਾਂ ਸਕੀਮਾਂ ਦਾ ਵੱਡਾ ਹਿੱਸਾ ਗੈਰ ਗਰੀਬਾਂ ਦੇ ਪੇਟ ਵਿੱਚ ਪੈ ਗਿਆ।ਫਲਸਰੂਪ ਗਰੀਬਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ।ਹਾਕਮ ਜਮਾਤਾਂ ਇਹ ਭੁੱਲ ਗਈਆਂ ਕਿ ਜੇਕਰ ਇਹ ਤਰੀਕੇ ਕਾਰਗਰ ਹੁੰਦੇ ਤਾਂ 70 ਸਾਲਾਂ ਦੇ ਅਰਸੇ ਦੌਰਾਨ ਗਰੀਬੀ ਕਾਫੀ ਹੱਦ ਤੱਕ ਦੂਰ ਹੋ ਗਈ ਹੁੰਦੀ।ਇੰਨਾ ਸਮਾਂ ਬੀਤਣ ਦੇ ਬਾਅਦ ਵੀ ਹਾਲਤ 'ਵੋਹੀ ਢਾਕ ਕੇ ਤੀਨ ਪਾਤ' ਵਾਲੀ ਬਣੀ ਹੋਈ ਹੈ।

ਗਰੀਬ ਅੱਜ ਵੀ ਗਰੀਬ ਹੈ ਪਰੰਤੂ ਉਹਨਾਂ ਦੀ ਆੜ ਹੇਠ ਸਰਕਾਰੀ ਮੁਲਾਜਮਾਂ ਅਤੇ ਛੋਟੇ ਮੋਟੇ ਰਾਜਸੀ ਆਗੂਆਂ ਦੇ ਵਾਰੇ ਨਿਆਰੇ ਜ਼ਰੂਰ ਹੁੰਦੇ ਰਹੇ ਹਨ।ਗਰੀਬੀ ਹਟਾਉਣ ਦੇ ਨਾਮ ਹੇਠ ਮਕਾਰ ਨੇਤਾ ਭਰਮਾਊ ਅਤੇ ਲਲਚਾਉਣ ਵਾਲੇ ਭਾਸ਼ਣਾੰ ਰਾਹੀੰ ਭੋਲੇ ਭਾਲੇ ਗਰੀਬ ਲੋਕਾਂ ਨੂੰ ਸੁਨਹਿਰੀ ਸਪਨੇ ਦਿਖਾਉਂਦੇ ਆ ਰਹੇ ਹਨ।ਉਹਨਾਂ ਵਸਤੇ ਮਗਰ ਮੱਛ ਵਾਲੇ ਹੰਝੂ ਵਹਾਉਂਦੇ ਹਨ।ਚੋਣਾੰ ਤੋਂ ਬਾਅਦ ਤੂੰ ਕੌਣ ਮੈ ਕੌਣ ?ਅਸਲ ਵਿੱਚ ਗਰੀਬਾਂ ਦੇ ਮੁੱਦੇ ਉਠਾਉਣ ਅਤੇ ਉਹਨਾਂ ਨੂੰ ਸੁਲਝਾਉਣ ਵਾਲੇ ਸਮਰਥ ਨੇਤਾਵਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।ਵੋਟਾਂ ਵਟੋਰਨ ਵਾਲੇ 'ਲੋਕ ਨਾਇਕ' ਤਾਂ ਕਈ ਆਏ ਤੇ ਕਈ ਚਲੇ ਗਏ ਲੇਕਿਨ ਸੱਚਾ ਲੋਕ ਨਾਇਕ ਗਰੀਬ ਜਨਤਾ ਨੂੰ ਅਜੇ ਤੱਕ ਨਹੀਂ ਬਹੁੜਿਆ।ਕੁਰਸੀ ਮਿਲਦਿਆਂ ਹੀ ਆਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਦੱਸਣ ਵਾਲੇ ਨੇਤਾ ਲੋਕ ਅਦਾਲਤ ਚੋਂ ਗਾਇਬ ਹੋ ਕੇ ਲੁੱਟ ਖਸੁੱਟ ਕਰਨ,ਆਪਣਾ ਘਰ ਭਰਨ ਅਤੇ ਪਰਿਵਾਰਵਾਦ ਨੂੰ ਹੱਲਾ ਸ਼ੇਰੀ ਦੇਣ ਵਿੱਚ ਮਸਰੂਫ ਹੋ ਜਾਂਦੇ ਹਨ।ਗਰੀਬ ਲੋਕਾਂ ਦੀ ਹਾਲਤ ਉਸ ਗਾੰ ਵਰਗੀ ਬਣਾ ਦਿੱਤੀ ਗਈ ਹੈ ਜਿਸ ਦਾ ਸਮਾਂ ਆਉਣ ਤੇ ਹਰ ਕੋਈ ਦੁੱਧ ਨਿਕਾਲਦਾ ਹੈ ਅਤੇ ਬਾਅਦ ਵਿੱਚ ਕਚਰਾ ਖਾਣ ਲਈ ਉਸ ਨੂੰ ਉਸ ਦੇ ਹੀ ਰਹਿਮੋ ਕਰਮ ਤੇ ਛੱਡ ਦਿੰਦਾ ਹੈ।ਸਭ ਗਰੀਬਾਂ ਦੀ ਅਣਦੇਖੀ ਕਰਦੇ ਹਨ,ਕਿਉ ਕਿ ਸਭ ਅਮੀਰ ਚਾਹੁੰਦੇ ਹਨ ਕਿ ਗਰੀਬਾਂ ਦੀ ਗਿਣਤੀ ਵਧਦੀ ਰਹੇ ਅਤੇ ਉਹ ਅਸਾਨੀ ਨਾਲ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹਿਣ।ਭਾਰਤ ਵਿੱਚ ਗਰੀਬੀ ਦਾ ਵੱਡਾ ਕਾਰਨ,ਗਰੀਬ ਲੋਕਾਂ ਦਾ ਸਿਖਿਅਤ ਨਾ ਹੋਣਾ ਹੈ।ਸਿੱਖਿਆ ਪਰਾਪਤੀ ਨਾਲ ਸੂਝ ਬੂਝ,ਆਮ ਗਿਆਨ,ਰੁਜ਼ਗਾਰ,ਸਵੈ ਵਿਸ਼ਵਾਸ਼ ਅਤੇ ਜਾਗਰੂਕਤਾ ਵਿੱਚ ਵਾਧਾ ਹੁੰਦਾ ਹੈ।ਦਿਮਾਗ ਦੇ ਕਬਾੜ ਖੁੱਲਦੇ ਹਨ ਜਿਸ ਤੋਂ ਆਪਣੇ ਅਧਿਕਾਰਾਂ ਵਾਰੇ ਜਾਣਕਾਰੀ ਹਾਸਲ ਹੁੰਦੀ ਹੈ।ਸਾਡੀ ਚਿਰਾਂ ਤੋਂ ਚਲੀ ਆ ਰਹੀ ਵਿਵਸਥਾ ਨੇ ਪਛੜਿਆਂ,ਦਲਿਤਾਂ ਅਤੇ ਗਰੀਬ ਗੁਰਬੇ ਲੋਕਾਂ ਨੂੰ ਸਦੀਆਂ ਤੋਂ ਪੜਾਈ ਲਿਖਾਈ ਤੋਂ ਦੂਰ ਰੱਖਿਆ ਹੈ।


ਵਾਹ ਲਗਦੀ ਉਹਨਾਂ ਨੂੰ ਕੰਮਜ਼ੋਰ ਅਤੇ ਸਾਹ ਸਤ ਹੀਣ ਕੀਤਾ ਹੈ ਤਾਂ ਕਿ ਉਹ ਖੂਹ ਦੇ ਡੱਡੂ ਬਣੇ ਰਹਿਣ।ਇਸ ਲਈ ਦੇਸ਼ ਦੇ ਜ਼ਿਆਦਾਤਰ ਗਰੀਬ ਅਨਪੜ ਅਤੇ ਘੱਟ ਪੜੇ ਲਿਖੇ ਹਨ।ਅੱਜ ਦੇ ਦੌਰ ਵਿੱਚ ਸਿਖਿਆ ਐਨੀ ਮਹੰਗੀ ਹੈ ਕਿ ਗਰੀਬ ਲੋਕ ਚਾਹ ਕੇ ਵੀ ਆਪਣੇ ਬੱਚਿਆਂ ਨੂੰ ਉੱਚ ਸਿਖਿਆ ਨਹੀਂ ਦੇ ਸਕਦੇ।ਹੁਨਰ ਦੀ ਘਾਟ ਕਾਰਨ ਗੈਰ ਹੁਨਰਮੰਦ ਕਾਮਿਆਂ ਦੀ ਹਰ ਪਾਸੇ ਭਰਮਾਰ ਹੈ।ਰੋਜ ਸੁਭਾ ਸਹਿਰਾਂ ਦੇ ਚੌਂਕਾਂ ਵਿੱਚ ਦਿਹਾੜੀਦਾਰ ਕਾਮੇ ਦਿਹਾੜੀ ਦੀ ਤਲਾਸ਼ ਵਿੱਚ ਪਹੁੰਚ ਜਾਂਦੇ ਹਨ।ਅਜਿਹੇ ਚੌਂਕਾਂ ਨੂੰ ਆਪ ਮੁਹਾਰੇ ਹੀ ਲੇਬਰ ਚੌਂਕਾਂ ਦਾ ਨਾਮ ਮਿਲ ਗਿਆ ਹੈ।ਜਿੰਨਾ ਚਿਰ ਜਿਸਮ ਵਿੱਚ ਜਾਨ ਰਹਿੰਦੀ ਹੈ ਉਨਾ ਚਿਰ ਇਹ ਲੋਕ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ।ਭਾਰੀ ਭਰਕਮ ਕੰਮ ਸਦਕਾ 60 ਸਾਲ ਤੱਕ ਪਹੁੰਚਦਿਆਂ ਸਰੀਰ ਜਵਾਬ ਦੇ ਜਾਂਦਾ ਹੈ ਅਤੇ ਸਿਹਤ ਸਮੱਸਿਆਵਾਂ ਦਾ ਅਨੰਤ ਸਿਲਸਿਲਾ ਅਰੰਭ ਹੋ ਜਾਂਦਾ ਹੈ।


ਹੁਨਰ ਸਿਖਾਉਣ ਵਾਲੀਆਂ ਸਕੀਮਾਂ ਅਤੇ ਸੰਸਥਾਵਾਂ ਜ਼ਿਆਦਾਤਰ ਸ਼ਹਿਰਾਂ ਤੱਕ ਮਹਿਦੂਦ ਹਨ ਜਿਸ ਕਰਕੇ ਦੂਰ ਦੁਰਾਡੇ ਭਾਰਤ ਵਿੱਚ ਵਸਦੇ ਗਰੀਬਾਂ ਦੀ ਸਥਿਤੀ ਉਹੀ ਹੈ ਜੋ ਪਹਿਲਾਂ ਸੀ।ਹੁਨਰ ਕੇਵਲ ਕਾਰੀਗਰੀ ਜਾ ਦਸਤਕਾਰੀ ਦਾ ਹੀ ਨਹੀਂ ਹੁੰਦਾ।ਜ਼ਿੰਦਗੀ ਨੂੰ ਸਲੀਕੇ ਨਾਲ ਜਿਉਣ ਦੀ ਕਲਾ,ਪੈਸਾ ਕਮਾਉਣਾ ਅਤੇ ਉਸ ਦੀ ਸੁਚੱਜੀ ਵਰਤੋਂ ਕਰਨਾ,ਸਿਹਤ ਸਬੰਧੀ ਗਿਆਨ ਅਤੇ ਜੀਵਨ ਵਿੱਚ। ਅੱਗੇ ਵਧਣ ਦਾ ਹੁਨਰ ਵੀ ਮਹੱਤਵ ਪੂਰਨ ਹੈ।ਇੱਕ ਦੂਜੇ ਦੀ ਦੇਖਾ ਦੇਖੀ ਕਰਜ਼ਾ ਚੁੱਕ ਕੇ ਨਾਜਾਇਜ਼ ਖਰਚੇ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।ਇਸ ਸਭ ਕੁਝ ਲਈ ਜਾਗਰੂਕ ਕਰਨ ਵਸਤੇ ਸਰਕਾਰਾਂ ਕੁਝ ਨਹੀਂ ਕਰਦੀਆਂ।ਇਸ ਤੋਂ ਇਲਾਵਾ ਵੱਡਾ ਦੋਸ਼ ਧਰਮ ਦੇ ਨਾਮ ਤੇ ਧੰਦਾ ਕਰਨ ਵਾਲੇ ਉਹਨਾਂ ਧੰਦੇਬਾਜਾਂ ਦਾ ਹੈ ਜਿਹਨਾਂ ਨੇ ਗਰੀਬੀ ਨੂੰ ਪਿਛਲੇ ਜਨਮਾਂ ਵਿੱਚ ਕੀਤੇ ਪਾਪ ਦਾ ਫਲ ਦਸ ਕੇ ਸਦੀਆਂ ਤੋਂ ਆਮ ਲੋਕਾਂ ਨੂੰ ਗਧੀ ਗੇੜ ਵਿੱਚ ਪਾਇਆ ਹੋਇਆ ਹੈ। ਉਹਨਾਂ ਵਲੋਂ ਗਰੀਬੀ ਨੂੰ ਭਗਵਾਨ ਦਾ ਪਰਸ਼ਾਦ ਜਾ ਪਰੀਖਿਆ
 ਮੰਨ ਕੇ ਇਸ ਨੂੰ ਖੁਸ਼ੀ ਖੁਸ਼ੀ ਪਰਵਾਨ ਕਰਨਾ ਸਿਖਾਇਆ ਜਾਂਦਾ ਹੈ। ਚਿਰ ਕਾਲੀ ਵਿਵਸਥਾ ਨੇ ਦੇਸ਼ ਵਾਸੀਆਂਦੇ ਵੱਡੇ ਹਿੱਸੇ ਨੂੰ ਕਿਸਮਤ ਵਾਦੀ ਬਣਾ ਦਿੱਤਾ ਹੈ।ਅੱਜ ਵੀ ਰਾਜਨੀਤੀ ਅਤੇ ਧਰਮ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ।ਗਰੀਬੀ ਦੇ ਇਹਨਾਂ ਕਾਰਨਾਂ ਨੂੰ ਦੂਰ ਕੀਤੇ ਬਿਨਾਂ ਗਰੀਬੀ ਤੋਂ ਨਿਜਾਤ ਹਾਸਲ ਕਰਨੀ ਬਹੁਤ ਮੁਸ਼ਕਿਲ ਹੈ।

ਸੰਪਰਕ: 0061470605255

Comments

Heera sohal

Right sir

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ