Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਕੀ ਪੰਜਾਬ ਦੀ ਰਾਜਨੀਤੀ ’ਤੇ ਜੰਮਿਆ ਜਮੂਦ ਟੁੱਟ ਸਕੇਗਾ? - ਹਰਜਿੰਦਰ ਸਿੰਘ ਗੁਲਪੁਰ

Posted on:- 09-01-2017

suhisaver

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ,ਜਿਸ ਦੀ ਬਦੌਲਤ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੀਆਂ ਪਬੰਦੀਆਂ ਲਾਗੂ ਹੋ ਗਈਆਂ ਹਨ।ਚੋਣਾਂ ਵਿੱਚ ਇੱਕ ਮਹੀਨੇ ਨਾਲੋਂ ਵੀ ਘੱਟ ਸਮਾਂ ਰਹਿ ਗਆ ਹੈ।ਹੁਣ ਲੋਕ ਪਹਿਲਾਂ ਨਾਲੋਂ ਖੁੱਲ ਕੇ ਚੋਣ ਪਰੀਕਿਰਿਆ ਵਿੱਚ ਸ਼ਮੂਲੀਅਤ ਕਰਨ ਲਈ ਅੱਗੇ ਆਉਣਗੇ।ਚੋਣ ਜ਼ਾਬਤੇ ਦਾ ਅਸਰ ਦਿਖਾਈ ਵੀ ਦੇਣ ਲੱਗ ਪਿਆ ਹੈ।  ਕੁਝ ਹੋਰ ਰਾਜਾਂ, ਵਿਸ਼ੇਸ਼ ਕਰਕੇ ਉੱਤਰ ਪਰਦੇਸ਼ ਵਿੱਚ ਚੋਣ ਅਮਲ ਲੰਬਾ ਚਲਣ ਕਾਰਨ ਚੋਣਾਂ ਦੇ ਨਤੀਜੇ 11 ਮਾਰਚ ਨੂੰ ਐਲਾਨੇ ਜਾਣਗੇ।

ਆਉਣ ਵਾਲੇ ਦਿਨਾਂ ਵਿੱਚ ਹੋਰ ਪੁਲਿਸ ਅਤੇ ਸਿਵਲ ਪਰਸਾਸ਼ਕੀ ਰੱਦੋ ਬਦਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਚੋਣ ਅਮਲ ਸ਼ੁਰੂ ਹੋਣ ਦੌਰਾਨ ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕੀਤੇ ਜਾਣਾ ਸਹੀ ਨਹੀਂ ਹੈ।ਇਸ ਦਾ ਕੋਈ ਸਰਬ ਸਾਂਝਾ ਹੱਲ ਕੱਢਣ ਲਈ ਕੇਂਦਰ ਸਰਕਾਰ ਨੂੰ ਚੋਣ ਕਮਿਸ਼ਨ ਦਾ ਸਾਥ ਦੇਣਾ ਚਾਹੀਦਾ ਹੈ।ਉਮੀਦ ਹੈ ਚੋਣ ਕਮਿਸ਼ਨ ਪੰਜਾਬ ਸਮੇਤ ਬਾਕੀ ਰਾਜਾਂ ਦੀਆਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਵਿੱਚ ਸਫਲ ਹੋਵੇਗਾ।

ਪੰਜਾਬ ਅੰਦਰ ਦਹਾਕਿਆਂ ਤੋਂ ਮੁਕਾਬਲਾ ਕਾਂਗਰਸ,ਅਕਾਲੀ,ਭਾਜਪਾ,ਬਸਪਾ ਅਤੇ ਖੱਬੇ ਪੱਖੀ ਧਿਰਾਂ ਦਰਮਿਆਨ ਹੁੰਦਾ ਰਿਹਾ ਹੈ।ਇਸ ਵਾਰ ਆਮ ਆਦਮੀ ਪਾਰਟੀ ਦੇ ਸਤਾ ਦੀ ਜ਼ੋਰਦਾਰ ਦਾਅਵੇਦਾਰ ਬਣ ਕੇ ਮੈਦਾਨ ਵਿੱਚ ਆਉਣ ਨਾਲ ਰਵਾਇਤੀ ਸਮੀਕਰਣ ਗੜ ਬੜਾ ਗਏ ਹਨ ਅਤੇ ਚੋਣਾਂ ਬੇਹੱਦ ਦਿਲਚਸਪ ਹੋ ਗਈਆਂ ਹਨ। ਜਿੱਥੇ ਪੰਜਾਬ ਅੰਦਰ ਲੱਖ ਅੰਦਰੂਨੀ ਮੱਤਭੇਦਾਂ ਦੇ ਬਾਵਯੂਦ ਕਾਂਗਰਸ,ਅਕਾਲੀ ਅਤੇ ਭਾਜਪਾ ਵਾਲੇ ਦਹਾਕਿਆਂ ਤੋਂ ਰਾਜ ਭਾਗ ਤੇ ਕਾਬਜ ਹਨ ਉੱਥੇ ਖੱਬੇ ਪੱਖੀ ਧਿਰਾਂ (ਕੁਝ ਕੁ ਨੂੰ ਛੱਡ ਕੇ) ਸਾਂਝਾ ਸਿਧਾਂਤ ਹੋਣ ਦੇ ਬਾਵਯੂਦ ਘੱਟੋ ਘੱਟ ਪਰੋਗਰਾਮ ਤੇ ਵੀ ਇਕੱਠੀਆਂ ਹੋਣ ਵਿੱਚ ਅਸਫਲ ਰਹੀਆਂ ਹਨ।ਇਹ ਚੋਣਾਂ ਵੀ ਉਹਨਾਂ ਵਲੋਂ ਪੂਰਨ ਏਕਾ ਕੀਤੇ ਬਗੈਰ ਲੜੀਆਂ ਜਾ ਰਹੀਆਂ ਹਨ। ਬਹੁਜਨ ਸਮਾਜ ਪਾਰਟੀ ਦਾ ਗਰਾਫ 1992 ਤੋਂ ਬਾਅਦ ਲਗਾਤਾਰ ਗਿਰਿਆ ਹੈ।


ਬਿਹਾਰ ਦੀ ਤਰਜ ਤੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਖਿਲਾਫ ਮਹਾੰ ਗੱਠਜੋੜ ਬਣਾਉਣ ਵਲ ਵੀ ਕੋਈ ਕਦਮ ਨਹੀਂ ਪੁੱਟਿਆ ਗਿਆ।ਪੰਜਾਬ ਅੰਦਰ ਇੱਕ ਅੱਧ ਵਾਰ ਨੂੰ ਛੱਡ ਕੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਕਿ ਇਸ ਵਾਰ ਕਿਹੜੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਲਈ ਚੋਣਾਂ ਮਹਿਜ ਖਾਨਾ ਪੂਰਤੀ ਬਣ ਕੇ ਰਹਿ ਗਈਆ ਸਨ।1912 ਦੀਆਂ ਚੋਣਾਂ ਦੌਰਾਨ ਮਨਪਰੀਤ ਬਾਦਲ ਵਲੋਂ ਤੀਜਾ ਬਦਲ ਪੇਸ਼ ਕਰਨ ਦਾ ਯਤਨ ਇਸ ਲਈ ਅਸਫਲ ਹੋ ਗਿਆ ਸੀ ਕਿਉ ਕਿ ਉਹ ਅੰਦਾਜਾ ਲਾ ਬੈਠਾ ਸੀ ਕਿ ਕਾਂਗਰਸ ਤੇ ਅਕਾਲੀ ਭਾਜਪਾ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਲੋਕ ਆਪਣੇ ਆਪ ਪੀਪਲਜ ਪਾਰਟੀ ਦੇ ਹੱਕ ਵਿੱਚ ਭੁਗਤ ਜਾਣਗੇ।ਇਹ ਸੋਚ ਕੇ ਉਹ ਖਟਕੜ ਕਲਾਂ ਦੀ ਇਤਿਹਾਸਕ ਰੈਲੀ ਤੋਂ ਬਾਅਦ ਵਿਦੇਸ਼ ਰਵਾਨਾ ਹੋ ਗਿਆ ਤੇ 3-4 ਮਹੀਨੇ ਆਪਣੇ ਕਾਡਰ ਕੋਲ ਬਹੁੜਿਆ ਹੀ ਨਾ।ਫਲ ਸਰੂਪ ਉਸ ਦੀ ਪਾਰਟੀ ਵਲੋਂ ਹਾਸਲ ਕੀਤੇ ਵੋਟ ਅਕਾਲੀਆਂ ਵਾਸਤੇ ਰਾਮ ਬਾਣ ਸਾਬਤ ਹੋ ਗਏ।ਤੀਜੇ ਬਦਲ ਲਈ ਮਨੋਂ ਚਿੱਤੋਂ ਤਿਆਰ ਹੋਏ ਪੰਜਾਬੀਆਂ ਨੂੰ ਬਾਕੀ ਪਾਰਟੀਆਂ ਦੇ ਆਗੂਆਂ ਵਾੰਗ ਮਨਪਰੀਤ ਬਾਦਲ ਵੀ ਤੀਜਾ ਬਦਲ ਪੇਸ਼ ਨਾ ਕਰ ਸਕਿਆ।ਕਿਸੇ ਧਿਰ ਵਲੋਂ ਠੋਸ ਚਣੌਤੀ ਨਾ ਮਿਲਣ ਕਾਰਨ ਕਾਂਗਰਸ,ਅਕਾਲੀ-ਭਾਜਪਾ ਨੇ ਦਿਖਾਵਾ ਮਾਤਰ ਲੋਕ ਲਭਾਊ ਨੀਤੀਆਂ ਦੇ ਜਰੀਏ ਆਮ ਲੋਕਾਂ ਦੀ ਮਨੋਸਥਿਤੀ ਅਜਹੀ ਬਣਾ ਦਿੱਤੀ ਹੈ ਕਿ ਉਹ ਸਮਝਣ ਲੱਗ ਪਏ ਹਨ ਕਿ ਪੰਜਾਬ ਤੇ ਰਾਜ ਕਰਨ ਦਾ ਹੱਕ ਕੇਵਲ ਇਹਨਾਂ ਪਾਰਟੀਆਂ ਨੂੰ ਹੀ ਹੈ।  ਪੰਜਾਬ ਵਿੱਚ ਹੁਣ ਤੱਕ ਜਿੰਨੀਆਂ ਵੀ ਚੋਣਾਂ ਹੋਈਆਂ ਹਨ,ਸਭ ਅਸਲ ਮੁੱਦਿਆਂ ਦੀ ਥਾਂ ਭਾਵੁਕ ਮੁੱਦਿਆਂ ਨੂੰ ਅਧਾਰ ਬਣਾ ਕੇ ਲੜੀਆਂ ਗਈਆਂ ਹਨ, ਜੋ ਅੱਜ ਵੀ ਜਿਉਂ ਦੇ ਤਿਉਂ ਹਨ।

ਇਹਨਾਂ ਵਿੱਚੋਂ ਅੱਜ ਤੱਕ ਕੋਈ ਵੀ ਮੁੱਦਾ ਹੱਲ ਨਹੀਂ ਕੀਤਾ ਗਿਆ।ਵੱਖ ਵੱਖ ਢੰਗ ਤਰੀਕੇ ਵਰਤ ਕੇ ਲੋਕਾਂ ਨੂੰ ਗਲੀਆਂ ਮੁਹੱਲਿਆਂ ਤੱਕ ਧੜਿਆਂ ਵਿੱਚ ਵੰਡ ਦਿੱਤਾ ਗਿਆ ਹੈ।ਹਰ ਖੇਤਰ ਵਿੱਚ ਆਪਣੇ ਹੱਥ ਠੋਕਿਆਂ ਨੂੰ ਅੱਗੇ ਲਿਆ ਕੇ ਲੋਕਾਂ ਦੇ ਅਸਲ ਪਰਤੀਨਿਧਾਂ ਨੂੰ ਹਾਸ਼ੀਏ ਵਲ ਧੱਕ ਦਿੱਤਾ ਗਿਆ ਹੈ।ਜ਼ਾਹਰ ਹੈ ਕਿ ਰਵਾਇਤੀ ਪਾਰਟੀਆਂ ਦਰਮਿਆਨ ਇਕ ਤਰ੍ਹਾਂ ਦਾ ਮੂਕ ਸਮਝੌਤਾ ਹੋੰਦ ਵਿੱਚ ਆ ਚੁੱਕਾ ਹੈ ਜਿਸ ਤਹਿਤ ਲੁੱਟ ਖਸੁੱਟ ਕਰਨ ਦੀ ਸਭ ਨੇ ਖੁੱਲ ਲੈ ਰੱਖੀ ਹੈ।ਇਸ ਹਮਾਮ ਵਿੱਚ ਖੱਬੇ ਪੱਖੀ ਧਿਰਾਂ ਨੂੰ ਛੱਡ ਕੇ ਸਭ ਨੰਗੇ ਦਿਖਾਈ ਦਿੰਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਆਮ ਲੋਕਾਂ ਦੇ ਹੱਕਾਂ ਅਤੇ ਉਹਨਾਂ ਦੀਆਂ ਸਮੱਸਿਆਵਾੰ ਨੂੰ ਲੈ ਕੇ ਨੰਗੇ ਧੜ ਲੜਾਈ ਲੜਨ ਵਾਲੀਆਂ ਖੱਬੇ ਪੱਖੀ ਧਿਰਾਂ ਤੀਜਾ ਬਦਲ ਉਸਾਰਨ ਵਿੱਚ ਕਾਮਯਾਬ ਕਿਉ ਨਹੀਂ ਹੋ ਸਕੀਆਂ ? ਇਸ ਤੋਂ ਇਲਾਵਾ ਬਾਦਲ ਵਿਰੋਧੀ ਪੰਥਕ ਧਿਰਾਂ ਵੀ ਤੀਜੇ ਬਦਲ ਦੀ ਅਗਵਾਈ ਕਰਨ ਵਿੱਚ ਅਸਫਲ ਸਿੱਧ ਹੋਈਆਂ ਹਨ।ਕੁਝ ਧਿਰਾਂ ਜਾਣ ਬੁੱਝ ਕੇ ਅਤੇ ਕੁਝ ਅਣਜਾਣੇ ਵਿੱਚ ਸਤਾ ਧਾਰੀ ਧਿਰ ਦੇ ਹੱਥਾਂ ਵਿੱਚ ਖੇਡ ਕੇ ਉਸ ਖਿਲਾਫ ਪੈਣ ਵਾਲੀ ਬੱਝਵੀੰ ਵੋਟ ਦਾ ਘਾਣ ਕਰਦੀਆਂ ਆ ਰਹੀਆਂ ਹਨ।ਇਸ ਮਹੌਲ ਦੇ ਚੱਲਦਿਆਂ ਆਮ ਆਦਮੀ ਪਾਰਟੀ ਦਾ ਆਗਾਜ਼ ਹੋਇਆ ਜੋ ਸਥਾਪਤ ਧਿਰਾਂ ਲਈ ਵੱਡੀ ਚਣੌਤੀ ਬਣ ਕੇ ਉਭਰੀ ਹੈ।ਤੀਜੇ ਬਦਲ ਦੀ ਆਸ ਵਿੱਚ ਲੋਕ 'ਆਪ' ਵਲ ਖਿੱਚੇ ਚਲੇ ਗਏ।ਇਹਨਾਂ ਧਿਰਾਂ ਨੂੰ ਡਰ ਸਤਾ ਰਿਹਾ ਹੈ ਕਿ ਜਿਸ ਤਰ੍ਹਾਂ ਉਹ ਇੱਕ ਦੂਜੇ ਦੇ ਕਾਰਜ ਕਾਲ  ਦੌਰਾਨ ਕੀਤੇ ਆਪੋ ਆਪਣੇ ਘਪਲਿਆਂ ਨੂੰ ਢਕ ਲੈਂਦੀਆਂ ਸਨ ਸ਼ਾਇਦ 'ਆਪ' ਸਰਕਾਰ ਬਣਨ ਦੀ ਸੂਰਤ ਵਿੱਚ ਨਾ ਢਕ ਸਕਣ।ਇਸ ਕਰਕੇ ਤਿੰਨੇ ਪਾਰਟੀਆਂ 'ਆਪ' ਦਾ ਰਾਹ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਜਿਹੜੇ ਇਸ ਪਾਰਟੀ ਨੂੰ ਪਾਣੀ ਦਾ ਬੁਲਬੁਲਾ ਕਹਿੰਦੇ ਸਨ ਅੱਜ ਉਹੀ ਪਾਣੀ ਦਾ ਬੁਲ ਬੁਲਾ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।ਰਾਜਨੀਤਕ ਵਿਸ਼ਲੇਸ਼ਕ ਪਿਰਥੀਪਾਲ ਸਿੰਘ ਸੋਹੀ ਨੇ 'ਪਰਾਈਮ ਏਸ਼ੀਆ' ਚੈਨਲ ਤੇ ਗੱਲ ਬਾਤ ਕਰਦਿਆਂ ਕਿਹਾ ਹੈ ਕਿ 50 %ਤੋਂ ਵੱਧ ਵੋਟਰ ਨੌਜਵਾਨ ਹਨ ਜੋ ਸੋਸਿਲ ਮੀਡੀਆ ਨਾਲ ਜੁੜੇ ਹੋਏ ਹਨ।ਇਸ ਲਈ ਆਗੂਆਂ ਵਲੋਂ ਮੀਡੀਆ ਰਾਹੀਂ ਕੀਤੀ ਜਾ ਰਹੀ ਬਿਆਨ ਬਾਜੀ ਅਤੇ ਜੋੜ ਤੋੜ ਵਾਲੀ ਸਿਆਸਤ ਦਾ ਇਸ ਵਾਰ ਆਮ ਲੋਕਾਂ ਉੱਤੇ ਬਹੁਤਾ ਅਸਰ ਨਹੀਂ ਪਵੇਗਾ।

ਇਸ ਵਾਰ ਅਕਾਲੀ,ਭਾਜਪਾ,ਕਾਂਗਰਸ,ਬਸਪਾ,ਖੱਬੇ ਪੱਖੀ ਧਿਰਾਂ,ਆਮ ਆਦਮੀ ਪਾਰਟੀ,ਆਪਣਾ ਪੰਜਾਬ ਪਾਰਟੀ ,ਡਾ।ਗਾਂਧੀ ਵਾਲਾ ਫਰੰਟ, ਆਦਿ ਪਾਰਟੀਆਂ ਚੋਣ ਮੈਦਾਨ ਵਿੱਚ ਹਨ।ਕੁਝ ਹਲਕਿਆਂ ਵਿੱਚ ਆਪੋ ਆਪਣੀ ਪਾਰਟੀ ਤੋਂ ਬਗਾਵਤ ਕਰਕੇ ਬਾਗੀਆਂ ਵਲੋਂ ਬਤੌਰ ਅਜਾਦ ਉਮੀਦਵਾਰ ਵੀ ਚੋਣ ਲੜਨ ਦੀ ਸੰਭਾਵਨਾ ਹੈ।ਅਜਿਹੇ ਉਮੀਦਵਾਰ ਕਾਂਗਰਸ ਅਤੇ ਅਕਾਲੀ ਪਾਰਟੀ ਨਾਲ ਸਬੰਧਤ ਹੋ ਸਕਦੇ ਹਨ।ਭਾਵੇਂ ਭਾਜਪਾ ਸਮੇਤ ਕੁਝ ਹੋਰ ਪਾਰਟੀਆਂ ਨੇ ਵੀ ਅਜੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਇਸ ਮਾਮਲੇ ਵਿੱਚ ਕਾਂਗਰਸ ਦੀ ਹਾਲਤ ਬੇਹੱਦ ਪੇਚੀਦਾ ਬਣੀ ਹੋਈ ਹੈ।ਲੱਗ ਭੱਗ 40 ਉਮੀਦਵਾਰਾਂ ਦਾ ਐਲਾਨ ਅਜੇ ਉਸ ਨੇ ਕਰਨਾ ਹੈ,ਜਿਸ ਦੇ ਦੋ ਚਾਰ ਦਿਨ ਹੋਰ ਪਿੱਛੇ ਪੈਣ ਦੀ ਸੰਭਾਵਨਾ ਹੈ ਕਿਉ ਕਿ ਰਾਹੁਲ ਗਾਂਧੀ ਦੇਸ਼ ਵਿੱਚ ਨਹੀਂ ਹਨ।ਕਾਂਗਰਸ 10 ਸਾਲ ਤੋਂ ਪੰਜਾਬ ਦੀ ਸਤਾ ਤੋਂ ਬਾਹਰ ਹੈ।ਸਤਾ ਵਿੱਚ ਵਾਪਸੀ ਲਈ ਜਿਸ ਤਰ੍ਹਾਂ ਦੀ ਤਿਆਰੀ ਅਤੇ ਏਕੇ ਦੀ ਉਸ ਨੂੰ ਲੋੜ ਸੀ ਉਹ ਕਿਤੇ ਦਿਖਾਈ ਨਹੀਂ ਦਿੰਦੇ।ਸਤਾ ਧਾਰੀ ਧਿਰ ਦੇ ਖਿਲਾਫ ਜਿੰਨੇ ਇਸ ਵਾਰ ਲੋਕ ਭਰੇ ਪੀਤੇ ਹਨ ਉਂਨੇ ਪਹਿਲਾਂ ਕਦੇ ਨਹੀਂ ਸੀ।ਫੇਰ ਵੀ ਸਤਾ ਧਾਰੀ ਧਿਰ ਨੂੰ ਆਸ ਹੈ ਕਿ ਉਹ ਆਪਣੇ ਵਿਰੋਧੀ ਵੋਟਾਂ ਨੂੰ ਬਹੁਤੇ ਹਿੱਸਿਆਂ ਵਿੱਚ ਵੰਡ ਕੇ ਅਤੇ ਵਿਕਾਸ ਦੇ ਨਾਮ ਤੇ ਇਕ ਵਾਰ ਮੁੜ ਪੰਜਾਬ ਦੀ ਸਤਾ ਹਥਿਆ ਲਵੇਗੀ।

ਹਾਲਾਂ ਕਿ ਉਸ ਦੀ ਭਾਈਵਾਲ ਭਾਜਪਾ ਦਾ ਹਾਲ ਟਿਕਟਾਂ ਵੰਡਣ ਦੇ ਮਾਮਲੇ ਵਿੱਚ ਕਾਂਗਰਸ ਨਾਲੋਂ ਵੀ ਗਿਆ ਗੁਜ਼ਰਿਆ ਹੈ।ਪੰਜਾਬ ਦੇ ਚੋਣ ਇਤਿਹਾਸ ਵਿੱਚ ਸਥਾਪਤੀ ਵਿਰੋਧੀ ਧਿਰਾਂ ਨੇ ਇਕੱਲੇ ਇਕੱਲੇ ਚੋਣਾਂ ਲੜ ਕੇ ਖੱਟਣ ਦੀ ਥਾਂ ਬਹੁਤ ਕੁਝ ਗਵਾਇਆ ਹੈ।ਲੋਕਾਂ ਦੇ ਭਰੋਸੇ ਦੀ ਮੁੜ ਬਹਾਲੀ ਲਈ ਇਹਨਾਂ ਧਿਰਾਂ ਨੂੰ ਦੋ ਕਦਮ ਪਿੱਛੇ ਹਟਕੇ ਆਪਣੀ ਰਣਨੀਤੀ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ।ਇਸ ਵਾਰ ਚੋਣਾਂ ਜਿੱਤਣ ਲਈ ਸੋਸਿਲ ਮੀਡੀਏ ਦੀ ਰੱਜ ਕੇ ਵਰਤੋਂ ਅਤੇ ਦੁਰਵਰਤੋਂ ਹੋ ਰਹੀ ਹੈ।ਆਮ ਲੋਕ ਪੰਜਾਬ ਦੀ ਰਾਜਨੀਤੀ ਤੇ ਦਹਾਕਿਆਂ ਤੋਂ ਜੰਮਿਆ ਜਮੂਦ ਤੋੜਨ ਦੇ ਰੌ ਵਿੱਚ ਹਨ।ਵਿਦੇਸ਼ਾਂ ਵਿੱਚ ਵਸਦਾ ਪੰਜਾਬੀ ਭਾਈਚਾਰਾ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਚੋਣ ਅਮਲ ਦਾ ਹਿੱਸਾ ਬਣਨ ਲਈ ਸ਼ਾਇਦ ਪਹਿਲੀ ਵਾਰ ਪੰਜਾਬ ਵਲ ਵਹੀਰਾਂ ਘੱਤ ਕੇ ਆ ਰਿਹਾ ਹੈ।

ਸੰਪਰਕ: 0061470605255

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ