Sun, 24 September 2017
Your Visitor Number :-   1088358
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਇਹ ਹਮਲਾ ਸਿਰਫ਼ ਗੁਰਮੇਹਰ ਕੌਰ ਉੱਤੇ ਹੀ ਨਹੀਂ ਹੋਇਆ -ਸੁਕੀਰਤ

Posted on:- 06-03-2017

suhisaver

ਪਿਛਲੇ ਸਾਲ ਤਕਰੀਬਨ ਇਨ੍ਹੀਂ ਹੀ ਦਿਨੀਂ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਸੁਰਖੀਆਂ ਵਿੱਚ ਸਨ, ਹੁਣ ਗੁਰਮੇਹਰ ਕੌਰ ਹੈ। ਸੁਰਖੀਆਂ ਵਿੱਚ ਉਹ ਆਏ ਨਹੀਂ, ਘੜੀਸੇ ਗਏ । ਕਿਉਂਕਿ ਅਜੋਕੀ ਸਰਕਾਰ ਅਤੇ ਉਸਦੀ ਵਿਚਾਰਧਾਰਾ ਦੇ ਧਾਰਨੀਆਂ ਨੂੰ ਇਹੋ ਜਿਹੇ ਵਿਦਿਆਰਥੀ ਹਜ਼ਮ ਨਹੀਂ ਹੋ ਰਹੇ ਜੋ ਸੋਚਣ, ਅਤੇ ਆਪਣੀ ਗਲ ਕਹਿਣ ਦਾ ਮਾਦਾ ਜਾਂ ਜੇਰਾ ਰਖਦੇ ਹੋਣ। ਨਾਲੇ ਅਜੋਕੀ ਸਰਕਾਰ ਆਪਣੇ ਪਹਿਲੇ ਦਿਨਾਂ ਤੋਂ ਹੀ ਵਿਦਿਅਕ ਅਦਾਰਿਆਂ ਉਤੇ ਕਾਬਜ਼ ਹੋਣ, 'ਰਾਸ਼ਟਰਵਾਦ' ਦੇ ਬਾਣੇ ਵਿੱਚ ਆਪਣੀ ਫ਼ਾਸ਼ੀਵਾਦੀ ਅਤੇ ਨਫ਼ਰਤ-ਫੈਲਾਊ ਵਿਚਾਰਧਾਰਾ ਨੂੰ ਸਥਾਪਤ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਵਿਦਿਅਕ ਅਦਾਰਿਆਂ ਉਤੇ ਆਪਣੀ ਪ੍ਰਭੂਸੱਤਾ ਥੋਪਣ ਲਈ ਅਜਿਹੇ ਸੂਝਵਾਨ ਵਿਦਿਆਰਥੀਆਂ ਨੂੰ ( ਜੋ ਇਸ ਦੇਸ ਦਾ ਅਸਲੀ ਭਵਿੱਖ ਹਨ, ਤਿਰੰਗਾ ਚੁਕ ਕੇ ਮਾਂ-ਭੈਣ ਦੀ ਕਰਨ ਵਾਲੇ ਸਰਕਾਰ-ਪੱਖੀ ਗੁੰਡਾਗਰਦ ਲਾਣੇ ਤੋਂ ਉਲਟ ) ਦੇਸ਼-ਧਰੋਹੀ ਗਰਦਾਨ ਕੇ ਬਿੱਲੇ ਲਾਉਣ ਦੀ ਕੋਸ਼ਿਸ਼ ਕਰਨਾ ਅਜੋਕੀ ਸਰਕਾਰ ਅਤੇ ਇਸ ਨਾਲ ਜੁੜੇ ਅਨਸਰਾਂ ਦਾ ਨਿਤ ਦਾ ਕੰਮ ਹੋ ਗਿਆ ਜਾਪਦਾ ਹੈ।

ਮੈਂ ਵਾਰ-ਵਾਰ ਸਰਕਾਰ ਨੂੰ ਦੋਸ਼ ਕਿਉਂ ਦੇ ਰਿਹਾ ਹਾਂ? ਇਸਲਈ, ਕਿ ਪਿਛਲੇ ਸਾਲ, ਅਤੇ ਹੁਣ ਦੀਆਂ ਘਟਨਾਵਾਂ ਵਲ ਸਰਸਰੀ ਨਜ਼ਰੇ ਵੀ ਦੇਖਿਆ ਜਾਵੇ ਤਾਂ ਇਸ ਸਾਰੀ ਕਾਰਗੁਜ਼ਾਰੀ ਵਿੱਚ ਸਰਕਾਰੀ ਮਸ਼ੀਨਰੀ ਦਾ ਪੂਰਾ ਤ੍ਰਾਣ ਲਗਾ ਸਪਸ਼ਟ ਨਜ਼ਰ ਆਉਂਦਾ ਹੈ। ਵਰਨਾ ਕਿਹੜੇ ਮੁਲਕ ਵਿੱਚ ਅਜਿਹਾ ਹੁੰਦਾ ਹੈ ਕਿ ਵਿਦਿਆਰਥੀ- ਜੁੰਡਲੀਆਂ ਦੀਆਂ ਸਿਆਸੀ ਬਹਿਸਾਂ ਜਾਂ ਟਿੱਪਣੀਆਂ ਨਾ ਸਿਰਫ਼ ਕੇਂਦਰੀ ਟੀ.ਵੀ. ਉਤੇ ਸੁਰਖੀਆਂ ਬਣ ਕੇ ਛਾ ਜਾਣ, ਸਗੋਂ ਸਾਰੇ ਦੇਸ ਨੂੰ ਹੀ ਵੰਡ ਕੇ ਰਖ ਦੇਣ ! ਅਤੇ ਜਿਹੜੀਆਂ ਗੱਲਾਂ ਕਾਲਜਾਂ ਜਾਂ ਸੈਮੀਨਾਰ-ਕਮਰਿਆਂ ਤਕ ਸੀਮਤ ਰਹਿੰਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਉਛਾਲਿਆ ਜਾਵੇ, ਕੇਂਦਰੀ ਮੰਤਰੀ ਉਨ੍ਹਾਂ ਬਾਰੇ ਤਟ-ਫਟ ਗਲਤ ਜਾਂ ਝੂਠੇ ਬਿਆਨ ਦੇਣੇ ਸ਼ੁਰੂ ਕਰ ਦੇਣ।

ਪਿਛਲੇ ਸਾਲ ਸਮ੍ਰਿਤੀ ਈਰਾਨੀ, ਰਾਜਨਾਥ ਸਿੰਘ ਅਤੇ ਪਰਕਾਸ਼ ਜਾਵੜੇਕਰ ਵਰਗੇ ਕੇਂਦਰੀ ਮੰਤਰੀ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ  ਬਾਰੇ ਗਲਤ-ਬਿਆਨੀ ਕਰ ਰਹੇ ਸਨ, ਹੁਣ ਦਿਲੀ ਬੈਠੇ ਕਿਰਨ ਰਿਜਿਜੂ , ਨਿਤਿਨ ਗਡਕਰੀ  ਅਤੇ ਹਰਿਆਣੇ ਤੋਂ ਅਨਿਲ ਵਿਜ ਵਰਗੇ ਸੀਨੀਅਰ ਮੰਤਰੀ ਗੁਰਮੇਹਰ ਕੌਰ ਨੂੰ ਝਈਆਂ ਲੈ ਲੈ ਪੈ ਰਹੇ ਹਨ। ਪਿਛਲੇ ਸਾਲ 'ਆਜ਼ਾਦੀ' ਦੇ ਹੋਕੇ ਨੂੰ ਤੋੜ-ਮਰੋੜ ਕੇ ਦੇਸ਼-ਧਰੋਹ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਅਮਨ ਅਤੇ ਸੁਖ-ਸ਼ਾਂਤੀ ਦੀ ਚਾਹਤ ਨੂੰ ਗੱਦਾਰੀ ਬਣਾ ਕੇ ਦਸਿਆ ਜਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਕਿ ਗੁਰਮੇਹਰ ਕੌਰ ਦੇ ਜਿਸ ਬਿਆਨ ਨੂੰ ਉਛਾਲਿਆ ਜਾ ਰਿਹਾ ਹੈ, ਉਹ ਸਾਲ ਤੋਂ ਵੀ ਵਧ ਪੁਰਾਣਾ ਹੈ। ਪਰ ਸ਼ਾਇਦ ਹੈਰਾਨ ਹੋਣਾ ਨਹੀਂ ਵੀ ਚਾਹੀਦਾ, ਕਿਉਂਕਿ ਇਹ ਉਤਰ ਪ੍ਰਦੇਸ਼ ਵਿੱਚ ਨਿਰਣਈ ਚੋਣਾਂ ਦੇ ਅੰਤਲੇ ਦੇ ਦੌਰ ਦੇ ਦਿਨ ਹਨ ਅਤੇ ਸਾਡੀ 'ਕਬਰਿਸਤਾਨ-ਸ਼ਮਸ਼ਾਨ' ਤੇ 'ਦੀਵਾਲੀ-ਈਦ' ਦੀ ਵੰਡੀਆਂ ਪਾਉਣ ਵਾਲੀ ਸਰਕਾਰ ਅਜਿਹੇ ਸਮਿਆਂ ਵਿੱਚ ਭਾਵਨਾ-ਭੜਕਾਊ ਮੁਦਿਆਂ ਦੀ ਤਲਾਸ਼ ਵਿੱਚ ਹਮੇਸ਼ਾ ਰਹਿੰਦੀ ਹੈ, ਸੋ ਜਿਥੇ ਕਿਤੇ ਕੋਈ ਝੇੜਾ ਖੜਾ ਕਰਨ ਦੀ ਰਤਾ ਵੀ ਸੰਭਾਵਨਾ ਦਿਸੇ ਉਸਨੂੰ ਝਟ ਵਰਤ ਲੈਂਦੀ ਹੈ।

ਹਾਲਾਂਕਿ  ਗੁਰਮੇਹਰ ਕੌਰ ਦੇ ਜਿਸ ਬਿਆਨ (ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ , ਜੰਗ ਨੇ ਮਾਰਿਆ ਸੀ) ਨੂੰ ਇੰਜ ਨਿੰਦਿਆ ਜਾ ਰਿਹਾ ਹੈ, ਉਸ ਵਿੱਚ ਨਿੰਦਣਯੋਗ ਕੁਝ ਵੀ ਨਹੀਂ, ਪਰ ਨਿੰਦਕਾਂ ਨੂੰ ਨੰਗਿਆਂ ਕਰਨ ਲਈ ਉਸਦੇ ਸਮੁਚੇ ਬਿਆਨ ਉਤੇ ਝਾਤ ਮਾਰਨਾ ਜ਼ਰੂਰੀ  ਹੋ ਜਾਂਦਾ ਹੈ। ਪਿਛਲੇ ਸਾਲ ਉਸਨੇ 36 ਸਲਾਈਡਾਂ ਵਾਲਾ ਇਕ ਵੀਡੀਓ ਬਣਾਇਆ ਸੀ ਜਿਸ ਵਿੱਚ ਉਹ ਮੌਨ ਖੜੀ ਰਹਿੰਦੀ ਹੈ, ਪਰ ਸਲਾਈਡਾਂ ਦੀ ਇਬਾਰਤ ਬਦਲਦੀ ਰਹਿੰਦੀ ਹੈ। ਇਨ੍ਹਾਂ ਸਲਾਈਡਾਂ ਦੀ ਤਰਤੀਬ ਇਵੇਂ ਸੀ:

1.    ਹੈਲੋ
2.    ਮੇਰਾ ਨਾਂਅ ਗੁਰਮੇਹਰ ਕੌਰ ਹੈ
3.    ਮੈਂ ਜਲੰਧਰ ਦੀ ਰਹਿਣ ਵਾਲੀ ਹਾਂ
4.    ਇਹ ਮੇਰੇ ਪਾਪਾ ਮਨਦੀਪ ਸਿੰਘ ਹਨ ( ਕੈ. ਮਨਦੀਪ ਸਿੰਘ ਦੀ ਤਸਵੀਰ ਦਿਖਾਈ ਜਾਂਦੀ ਹੈ)
5.    ਉਹ 1999 ਦੀ ਕਾਰਗਿਲ ਜੰਗ ਵਿੱਚ ਮਾਰੇ ਗਏ ਸਨ
6.    ਜਦੋਂ ਉਨ੍ਹਾਂ ਦੀ ਮੌਤ ਹੋਈ, ਮੈਂ ਸਿਰਫ਼ ਦੋ ਸਾਲਾਂ ਦੀ ਸਾਂ। ਮੇਰੇ ਕੋਲ ਉਨ੍ਹਾਂ ਦੀਆਂ ਬਹੁਤ ਘੱਟ ਯਾਦਾਂ ਹਨ
7.    ਮੇਰੀਆਂ ਬਹੁਤੀਆਂ ਯਾਦਾਂ ਇਹੋ ਹਨ ਕਿ ਬਾਪ ਦਾ ਨਾ ਹੋਣਾ ਕਿਹੋ ਜਿਹਾ ਹੁੰਦਾ ਹੈ
8.    ਮੈਨੂੰ ਇਹ ਵੀ ਯਾਦ ਹੈ ਕਿ ਮੈਂ ਪਾਕਿਸਤਾਨ ਅਤੇ ਪਾਕਿਸਤਾਨੀਆਂ ਨੂੰ ਨਾਲ ਕਿੰਨੀ ਨਫ਼ਰਤ ਕਰਦੀ ਸਾਂ ਕਿਉਂਕਿ ਉਨ੍ਹਾਂ ਨੇ ਮੇਰੇ ਪਾਪਾ ਨੂੰ ਮਾਰਿਆ ਸੀ
9.    ਮੈਂ ਮੁਸਲਮਾਨਾਂ ਨੂੰ ਵੀ ਨਫ਼ਰਤ ਕਰਦੀ ਸਾਂ ਕਿਉਂਕਿ ਮੈਨੂੰ ਜਾਪਦਾ ਸੀ ਸਾਰੇ ਮੁਸਲਮਾਨ ਪਾਕਿਸਤਾਨੀ ਹੁੰਦੇ ਹਨ
10.    ਜਦੋਂ ਮੈਂ 6 ਸਾਲਾਂ ਦੀ ਸਾਂ ਮੈਂ ਬੁਰਕਾ ਪਾਈ ਇਕ ਔਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ
11.    ਕਿਉਂਕਿ ਕੁਝ ਅਜੀਬ ਜਿਹੇ ਕਾਰਨਾਂ ਸਦਕਾ ਮੈਨੂੰ ਜਾਪਿਆ ਸੀ ਕਿ ਮੇਰੇ ਪਾਪਾ ਦੀ ਮੌਤ ਲਈ ਉਹ ਵੀ ਜ਼ਿੰਮੇਵਾਰ ਹੈ
12.    ਉਦੋਂ ਮੇਰੀ ਮਾਂ ਨੇ ਮੈਨੂੰ ਸੰਭਾਲਿਆ ਅਤੇ ਮੈਨੂੰ ਸਮਝਾਇਆ ਕਿ...
13.    ਮੇਰੇ ਪਾਪਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਉਨ੍ਹਾਂ ਨੂੰ ਜੰਗ ਨੇ ਮਾਰਿਆ ਹੈ
14.    ਇਹ ਸਮਝਣ ਵਿੱਚ ਮੈਨੂੰ ਸਮਾਂ ਲਗਾ, ਪਰ ਹੁਣ ਮੈਂ ਆਪਣੀ ਨਫ਼ਰਤ ਨੂੰ ਤਜਣਾ ਸਿੱਖ ਲਿਆ ਹੈ
15.    ਇਹ ਆਸਾਨ ਨਹੀਂ ਸੀ, ਪਰ ਇਹ ਔਖਾ ਵੀ ਨਹੀਂ
16.    ਜੇ ਮੈਂ ਅਜਿਹਾ ਕਰ ਸਕਦੀ ਹਾਂ ਤਾਂ ਤੁਸੀ ਵੀ ਕਰ ਸਕਦੇ ਹੋ
17.    ਅੱਜ ਮੈਂ ਵੀ ਇਕ ਸਿਪਾਹੀ ਹਾਂ, ਬਿਲਕੁਲ ਆਪਣੇ ਪਾਪਾ ਵਾਂਗ
18.    ਮੈਂ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਅਮਨ ਸਿਰਜਣ ਲਈ ਲੜ ਰਹੀ ਹਾਂ
19.    ਕਿਉਂਕਿ ਜੇ ਸਾਡੇ ਵਿੱਚਕਾਰ ਜੰਗ ਨਾ ਹੁੰਦੀ, ਤਾਂ ਮੇਰੇ ਪਾਪ ਅੱਜ ਜਿਊਂਦੇ ਹੁੰਦੇ
20.    ਮੈਂ ਇਹ ਵੀਡੀਓ ਇਸਲਈ ਬਣਾ ਰਹੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਦੋਹਾਂ ਦੇਸਾਂ ਦੀਆਂ ਸਰਕਾਰਾਂ ਹੁਣ ਦਿਖਾਵਾ ਬੰਦ ਕਰਨ
21.    ਅਤੇ ਸਮੱਸਿਆ ਨੂੰ ਸੁਲਝਾਉਣ
22.    ਜੇ ਫਰਾਂਸ ਅਤੇ ਜਰਮਨੀ ਦੋ ਵਿਸ਼ਵ-ਯੁਧ ਲੜਨ ਤੋਂ ਬਾਅਦ ਵੀ ਦੋਸਤ ਬਣ ਸਕਦੇ ਹਨ
23.    ਜੇ ਜਾਪਾਨ ਅਤੇ ਅਮਰੀਕਾ ਆਪਣੇ ਇਤਿਹਾਸ ਨੂੰ ਲਾਂਭੇ ਰਖ ਕੇ ਤਰੱਕੀ ਖਾਤਰ ਇਕਮੁਠ ਹੋ ਸਕਦੇ ਹਨ
24.    ਤਾਂ ਫੇਰ ਅਸੀ ਕਿਉਂ ਨਹੀਂ?
25.    ਹਿੰਦੁਸਤਾਨੀਆਂ ਅਤੇ ਪਾਸਿਤਾਨੀਆਂ ਦੀ ਬਹੁਗਿਣਤੀ ਅਮਨ ਚਾਹੁੰਦੀ ਹੈ, ਜੰਗ ਨਹੀਂ
26.    ਮੈਂ ਦੁਹਾਂ ਦੇਸਾਂ ਦੀ ਅਗਵਾਈ ਕਰਨ ਦੀ ਕਾਬਲੀਅਤ ਬਾਰੇ ਸਵਾਲ ਕਰ ਰਹੀ ਹਾਂ
27.    ਤੀਜੀ ਦੁਨੀਆ ਦੀ ਅਗਵਾਈ ਦੇ ਪੱਧਰ ਨਾਲ ਅਸੀ ਪਹਿਲੀ ਦੁਨੀਆ ਦਾ ਦੇਸ ਬਣਨ ਦਾ ਸੁਪਨਾ ਨਹੀਂ ਦੇਖ ਸਕਦੇ
28.    ਕਿਰਪਾ ਕਰਕੇ, ਆਪਣੀਆਂ ਕੋਸ਼ਿਸ਼ਾਂ ਨੂੰ ਸੁਧਾਰੋ, ਇਕ ਦੂਜੇ ਨਾਲ ਗਲ ਕਰੋ ਅਤੇ ਇਹ ਕੰਮ ਪੂਰਾ ਕਰੋ
29.    ਬਹੁਤ ਹੋ ਗਈ  ਰਾਸ਼ਟਰ ਵਲੋਂ ਆਤੰਕਵਾਦ ਨੂੰ ਹੱਲਾਸ਼ੇਰੀ
30.    ਬਹੁਤ ਹੋ ਗਈ  ਰਾਸ਼ਟਰ ਵਲੋਂ ਕਰਾਈ ਜਾਂਦੀ ਜਾਸੂਸੀ
31.    ਬਹੁਤ ਹੋ ਗਈ  ਰਾਸ਼ਟਰ ਵਲੋਂ ਫੈਲਾਈ ਜਾਂਦੀ ਨਫ਼ਰਤ
32.    ਸਰਹਦ ਦੇ ਦੋਵੇਂ ਪਾਸੇ ਬਹੁਤ ਲੋਕ ਮਾਰੇ ਜਾ ਚੁਕੇ ਹਨ
33.    ਹੁਣ ਬਹੁਤ ਹੋ ਗਈ ਹੈ
34.    ਮੈਂ ਅਜਿਹੀ ਦੁਨੀਆ ਵਿੱਚ ਰਹਿਣਾ ਚਾਹੁੰਦੀ ਹਾਂ ਜਿਥੇ ਹੋਰ ਕੋਈ ਗੁਰਮੇਹਰ ਕੌਰ ਨਾ ਹੋਵੇ ਜੋ ਆਪਣੇ ਪਾਪਾ ਨੂੰ ਲਭਦੀ ਫਿਰੇ
35.    ਮੈਂ ਇਕੱਲੀ ਨਹੀਂ, ਮੇਰੇ ਵਰਗੇ ਕਈ ਹੋਰ ਲੋਕ ਹਨ
36.    # ਅਮਨ ਦੀ ਖਾਤਰ

ਇਸ ਸਾਲ ਪੁਰਾਣੀ ਸਲਾਈਡ-ਵੀਡੀਓ ਦੀ 13 ਨੰਬਰ ਟਿਪਣੀ ਨੂੰ ਉਛਾਲ ਕੇ ਗੁਰਮੇਹਰ ਕੌਰ ਨੂੰ ਜਿਵੇਂ ਨਫ਼ਰਤ ਅਤੇ ਨਿੰਦਾ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹ ਸਭ ਦੇ ਸਾਹਮਣੇ ਹੈ। ਬਲਾਤਕਾਰ ਦੀਆਂ ਧਮਕੀਆਂ ਤੋਂ ਲੈ ਕੇ 'ਆਪਣੇ ਪਿਓ ਦੀ ਸ਼ਹਾਦਤ ਨਾਲ ਗੱਦਾਰੀ ਕਰਨ ਵਾਲੀ' ਵਰਗੀਆਂ ਸੁਣੌਤਾਂ ਇਸ ਕੁੜੀ ਨੂੰ ਸੁਣਨੀਆਂ ਪਈਆਂ। ਬੇਸਿਰਪੈਰ ਬਕਵਾਸ ਕਰਨ ਵਿੱਚ ਕੇਂਦਰੀ ਮੰਤਰੀਆਂ ਤਕ ਨੇ ਕੋਈ ਕਸਰ ਨਹੀਂ ਰਹਿਣ ਦਿਤੀ। ਸ਼ੁਕਰ ਹੈ ਕਿ ਗੁਰਮੇਹਰ ਦੇ ਹਕ ਵਿੱਚ ਛੇਤੀ ਹੀ ਅਤੇ ਬਹੁਤ ਸਾਰੇ ਲੋਕ ਨਿਤਰ ਆਏ ਹਨ, ਜੋ ਗੱਲ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਦੇ ਮਾਮਲੇ ਵਿੱਚ ਨਹੀਂ ਸੀ ਹੋ ਸਕੀ। ਪੰਜਾਬ ਵਿੱਚ ਤਾਂ ਹਰ ਪਾਸੇ ਤੋਂ ਜਲੰਧਰ ਦੀ ਇਸ ਸੂਝਵਾਨ ਧੀ ਦੇ ਹਕ ਵਿੱਚ ਆਵਾਜ਼ ਬੁਲੰਦ ਹੋਈ ਹੈ। ਸਰਕਾਰ ਅਤੇ ਉਸਦੇ ਗੁੰਡ-ਲਾਣੇ ਨੂੰ ਅਜੇ ਤੱਕ ਇਹ ਚਾਲ ਪੁੱਠੀ ਹੀ ਪਈ ਹੈ।

ਪਰ, ਨਿਜੀ ਤੌਰ ਤੇ ਗੁਰਮੇਹਰ ਕੌਰ ਦੀ ਦਰਜ ਲਿਖਤ ਦੀ ਇਕ ਇਕ ਸਤਰ ਨਾਲ ਸਹਿਮਤ ਹੋਣ ਦੇ  ਬਾਵਜੂਦ ਮਨ ਵਿੱਚ ਇਕ ਤੌਖਲਿਆਂ ਨਾਲ ਭਰਪੂਰ ਸਵਾਲ ਵਾਰ-ਵਾਰ ਉਠ ਰਿਹਾ ਹੈ। ਕੀ ਏਨੀ ਛੇਤੀ ਏਨੇ ਲੋਕ ਉਸਦੇ ਹਕ ਵਿੱਚ ਨਿੱਤਰ ਆਉਂਦੇ ਜੇਕਰ ਉਸਦਾ ਬਾਪ ਸ਼ਹੀਦ ਨਾ ਵੀ ਹੋਇਆ ਹੁੰਦਾ?  ਤੇ ਜੇ ਕਿਤੇ ਦੋ ਹਮਸਾਇਆਂ ਵਿੱਚਕਾਰ ਅਮਨ ਦੀ ਇੱਛਾ ਰੱਖਣ ਵਾਲੀ ਇਸ ਸਿਆਣੀ ਕੁੜੀ ਦਾ ਨਾਂ ਗੁਰਮੇਹਰ ਦੀ ਥਾਂ ਗੁਲਬਾਨੋ ਹੁੰਦਾ?

ਅਸੀ ਕਿਨ੍ਹਾਂ ਸਮਿਆਂ ਵਿੱਚ ਜੀ ਰਹੇ ਹਾਂ ਜਦੋਂ ਅਮਨ-ਸ਼ਾਂਤੀ ਦੀ ਗਲ ਕਰਨ ਨੂੰ ਗੱਦਾਰੀ ਸਾਬਤ ਕੀਤਾ ਜਾਂਦਾ ਹੈ  ? ਇਹ ਕਿਹੋ ਜਿਹਾ ਦੌਰ ਹੈ ਜਦੋਂ ਲੋਕਾਂ ਦੇ ਹੱਕਾਂ ਲਈ ਜੱਦੋ-ਜਹਿਦ ਕਰਦਿਆਂ ਸਰਕਾਰ ਕੋਲੋਂ ਜਵਾਬ ਮੰਗਣਾ 'ਰਾਸ਼ਟਰ-ਵਿਰੋਧ ' ਗਰਦਾਨਿਆ ਜਾਂਦਾ ਹੈ?  ਇਵੇਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿਖ ਏਕੇ ਦੀ ਗਲ ਕਰਨਾ ਵੀ ਦੇਸ਼-ਧਰੋਹ ਕਿਹਾ ਜਾਵੇਗਾ।

ਇਹ ਸਿਰਫ਼ ਗੁਰਮੇਹਰ ਕੌਰ ਉਤੇ ਹੀ ਨਹੀਂ ਤੁਹਾਡੇ-ਸਾਡੇ ਵਰਗਿਆਂ ਉਤੇ ਵੀ ਕਿਸੇ ਵੀ ਸਮੇਂ, ਕਿਸੇ ਵੀ ਢਕਵੰਜ ਨਾਲ ਹਮਲਿਆਂ ਦਾ ਦੌਰ ਹੈ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ