Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਮਨਕੀਰਤ ਔਲਖ ਬਨਾਮ ਬੂਟਾ ਸਿੰਘ

Posted on:- 05-02-2017

suhisaver

- ਪੁਸ਼ਕਰ ਰਾਜ

ਮਨਕੀਰਤ ਔਲਖ ਤੇ ਬੂਟਾ ਸਿੰਘ ਮਹਿਜ ਦੋ ਨਾਮ ਨਹੀਂ, ਇਹ ਆਪੋ-ਆਪਣੀ ਧਿਰ/ਜਮਾਤ ਦੇ ਨੁਮਾਇੰਦੇ ਹਨ। ਮਨਕੀਰਤ ਔਲਖ ਜਿੱਥੇ ਜੱਟਵਾਦ (ਜੱਟਾਂ ਦੀ ਨਹੀਂ) ਦੀ ਨੁਮਾਇੰਦਗੀ ਕਰਦੈ, ਜੱਟਵਾਦ ਦੀਆਂ ਮਹਿੰਗੀਆਂ ਜ਼ਮੀਨਾਂ ਦੀ ਗੱਲ ਕਰਦਾ ਗਾਉਂਦੈ, ''ਮਹਿੰਗੀਆਂ ਜ਼ਮੀਨਾਂ ਕੱਦ ਛੇ-ਛੇ ਫੁੱਟ ਨੀ, ਚੰਡੀਗੜ੍ਹ ਪੜ੍ਹਦੇ ਜੱਟਾਂ ਦੇ ਪੁੱਤ ਨੀਂ''। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪਾਹੁਲ ਵਿੱਚ ਜੱਟਾਂ ਲਈ ਵੱਖਰੇ ਪਤਾਸੇ ਘੋਲੇ ਹੋਣ ਬਈ ਇਹ ਛੇ-ਛੇ ਫੁੱਟੇ ਹੀ ਜੰਮਣੇ ਨੇ। ਤੇ ਦੂਜੇ ਪਾਸੇ ਦਿਹਾੜੀਆਂ ਕਰ-ਕਰ ਪੰਜਾਬ ਯੂਨੀਵਰਸਿਟੀ 'ਚ ਪੜ੍ਹਨ ਵਾਲਾ ਬੂਟਾ ਸਿੰਘ ਮਹਿੰਗੀ ਜਾਂ ਸਸਤੀ ਜ਼ਮੀਨ ਤਾਂ ਕੀ, ਜੁੱਤੀਆਂ ਗੰਢਣ ਵਾਲੇ ਬੇਜ਼ਮੀਨੇ ਦਲਿਤ ਕਿਰਤੀ ਪਰਿਵਾਰ 'ਚੋਂ ਹੈ, ਜਿਨ੍ਹਾਂ ਨਾਲ ਖੜਨ ਲਈ ਬਾਬੇ ਨਾਨਕ ਨੇ ਕਿਹਾ, ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ।।''

ਕੱਲਾ ਮਨੀਕਰਤ ਔਲਖ ਜਾਂ ਬਾਕੀ ਗਾਇਕ ਹੀ ਇਸ ਜੱਟਵਾਦ ਦੀ ਹਊਮੇ 'ਚ ਗੜੁੱਚ ਨਹੀਂ ਹੋਏ, ਸਗੋਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਮਹਾਰਾਜਾ' ਇਸ ਜੱਟਵਾਦ ਦਾ ਸਭ ਤੋਂ ਬੜਬੋਲਾ ਝੰਡਾਬਰਦਾਰ ਐ। ਉਹ ਜੱਟ ਮਹਾਂ ਸਭਾ ਦਾ ਵੀ ਪ੍ਰਧਾਨ ਐ ਤੇ ਧਰਮਸੋਤ ਤੇ ਸਿੱਕੀ ਦੀਆਂ ਘਟਨਾਵਾਂ 'ਤੇ ਉਹ ਸਫ਼ਾਈ ਦਿੰਦਾ ਆਖਦੈ ਬਈ 'ਇਹ ਜੱਟਾਂ ਦਾ ਸੁਭਾਅ ਹੁੰਦੈ''।

ਉਂਝ ਇਸ ਪ੍ਰਬੰਧ ਵਿੱਚ ਇਹ ਗੱਲਾਂ ਕੋਈ ਅਲੋਕਾਰੀਆਂ ਤਾਂ ਹੈ ਨਹੀਂ। ਇਹ ਜੱਟਵਾਦ, ਜਾਤ-ਪਾਤੀ ਸੱਭਿਆਚਾਰ ਤਾਂ ਇਸ ਸਮਾਜ ਦੇ ਹੱਡੀਂ ਬੈਠਿਆ ਰੋਗ ਐ, ਤੇ ਇਹਨੇ ਪ੍ਰਗਟ ਤਾਂ ਹੋਣਾ ਹੀ ਹੋਣਾ।

ਜਦੋਂ ਬੰਦਾ ਢੇਰੀ ਢਾਹ ਬੈਠਦੈ ਤਾਂ ਢਾਰਸ ਬਨਾਉਣ ਲਈ ਪੰਜਾਬੀ ਜਨ-ਜੀਵਨ 'ਚ ਅਕਸਰ ਹੀ ਕਿਹਾ ਜਾਂਦੈ, ''ਕੋਈ ਨੀ ਆਪਾਂ ਕਿਹੜਾ ਭੁੰਨ ਕੇ ਬੀਜਿਐ', ਮਤਲਬ ਫ਼ਲ ਪੈਣ ਦੀ ਆਸ ਬਰਕਰਾਰ ਰੱਖੀ ਜਾਂਦੀ ਐ। ਪਿਛਲੇ ਦਿਨੀਂ ਕਾਂਗਰਸ ਦੇ ਕੌਮੀ ਮਸਖ਼ਰੇ ਨਵਜੋਤ ਸਿੰਘ ਨੇ 'ਸੱਭਿਆਚਾਰ' ਬਾਰੇ ਮੀਟਿੰਗ ਸੱਦੀ ਜਿਸ ਵਿੱਚ ਆਪੋ-ਆਪਣੇ ਖੇਤਰ ਦੀਆਂ ਕੱਦਾਵਾਰ ਹਸਤੀਆਂ ਸ਼ਾਮਲ ਹੋਈਆਂ। ਹੁਣ ਪਤਾ ਨਹੀਂ ਆਪਣੇ ਟੀ.ਵੀ. ਸ਼ੋਅ 'ਚ ਔਰਤਾਂ ਬਾਰੇ ਘਟੀਆ ਟਿੱਪਣੀਆਂ ਕਰਨ ਵਾਲੇ ਸਿੱਧੂ ਤੋਂ ਸੱਭਿਆਚਾਰਕ ਬੁਲੰਦੀਆਂ ਦੀ ਆਸ ਕਰਨਾ ਇਹਨਾਂ ਕੱਦਾਵਾਰ ਹਸਤੀਆਂ ਦੀ ਫ਼ਲ ਪੈਣ ਦੀ ਆਸ ਸੀ ਜਾਂ ਪੇਸ਼ਾਵਰ ਮਜਬੂਰੀ?

ਕੀ ਬ੍ਰਾਹਮਣੀ ਵਿਚਾਰਧਾਰਾ 'ਚ ਗ੍ਰਸੇ ਸਿੱਧੂ ਦੀ ਇਸ ਮੀਟਿੰਗ 'ਚ ਸ਼ਾਮਲ ਹੋਏ ਇਹ ਬੁੱਧੀਜੀਵੀ ਸਿੱਧੂ ਦੇ ਜੱਟਵਾਦ ਵਾਲੇ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਕੋਈ ਪਰੋਗਰਾਮ ਲੈ ਕੇ ਆਉਣਗੇ ਜਾਂ ਬੂਟਾ ਸਿੰਘ ਵਾਂਗ ਪੰਜਾਬ ਦੀ ਨਾਬਰੀ ਦੀ ਰੀਤ ਪੁਗਾਉਣਗੇ। ਇਹਨਾਂ ਹਸਤੀਆਂ 'ਚੋਂ ਇੱਕ ਦੀ ਅਗਵਾਈ ਹੇਠ ਹਰ ਸਾਲ ਹੁੰਦੇ ਪੰਜਾਬੀ ਮਾਂ ਬੋਲੀ ਮਾਰਚ ਨੂੰ ਦੇਖੀਏ ਤਾਂ ਲਗਦੈ ਨਹੀਂ ਕਿ ਇਹ ਨਾਬਰੀ ਦੀ ਰੀਤ ਪੁਗਾਉਣਗੇ। ਅੰਗਰੇਜ਼ੀ ਸਕੂਲਾਂ ਦੇ ਬੱਚਿਆਂ ਦੀਆਂ ਕਤਾਰਾਂ ਵਾਲੇ ਇਸ ਮਾਰਚ ਵਿੱਚ ਜੱਟਵਾਦ ਦੀਆਂ ਫੁਕਰੀਆਂ ਮਾਰਨ ਵਾਲੇ ਗਾਇਕਾਂ ਦੀ ਹੇੜ ਆਈ ਹੁੰਦੀ ਐ। ਇਹਨਾਂ ਲਈ ਪੰਜਾਬੀ ਮਾਂ-ਬੋਲੀ ਮਾਰਚ ਇੱਕ ਸ਼ੋਸ਼ੇਬਾਜੀ ਤੋਂ ਵੱਧ ਕੁਝ ਨਹੀਂ। ਜੇ ਪੰਜਾਬੀਅਤ ਹੀ ਨਾ ਰਹੀ ਤਾਂ ਕੱਲੀ ਸ਼ਬਦਾਂ ਦੀ ਪੰਜਾਬੀ ਵੀ ਕੀ ਕਰੂ? ਤੇ ਇਸ ਪੰਜਾਬੀਅਤ ਨੂੰ ਕੀ ਜੱਟਵਾਦ ਵਾਲੇ ਗਾਇਕ ਬਚਾਉਣਗੇ ਜਾਂ ਬੂਟਾ ਸਿੰਘ ਦੀ ਨਾਬਰੀ ਦੀ ਰੀਤ?

ਜਦੋਂ ਸੱਤਾ ਨੇ ਇਸ ਤਰ੍ਹਾਂ ਦਾ ਰਵੱਈਆ ਧਾਰਨ ਕੀਤਾ ਹੋਵੇ ਤਾਂ ਸਭ ਤੋਂ ਵੱਧ ਜੁੰਮੇਵਾਰੀ ਵਿਰੋਧੀ ਧਿਰ ਦੀ ਬਣਦੀ ਐ। ਪਰ ਵਿਰੋਧੀ ਧਿਰ ਲਈ ਵਿੱਦਿਆ/ਇਲਾਜ ਦਾ ਵਪਾਰੀਕਰਨ, ਦਲਿਤਾਂ ਤੇ ਛੋਟੀ ਕਿਸਾਨੀ ਦੇ ਜ਼ਮੀਨੀ ਮਸਲੇ, ਜੱਟਵਾਦ, ਜਾਤ-ਪਾਤ ਆਦਿ ਮੁੱਦੇ ਕੋਈ ਮੁੱਦੇ ਹੀ ਨਹੀਂ। ਉਹਨਾਂ ਲਈ ਤਾਂ ਮੁੱਦਾ ਹੀ ਇਹ ਰਹਿ ਗਿਆ ਕਿ ਚੰਡੀਗੜ੍ਹ ਦੇ ਕਿਹੜੇ ਸੈਕਟਰ 'ਚ ਕਿਹੜੀ ਕੋਠੀ ਲੈਣੀ ਆ, ਸੱਜਣ ਸਿੰਘ ਦਾ ਸਵਾਗਤ ਕੈਪਟਨ ਕਿਉਂ ਨੀ ਕਰਦਾ ਆਦਿ।

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਹੋਏ ਅੰਨੇ ਜਬਰ ਦੇ ਖ਼ਿਲਾਫ਼ ਝਾੜੂ ਪਾਰਟੀ ਦਾ ਕੋਈ ਬੱਝਵਾਂ ਪ੍ਰਤੀਕਰਮ/ਵਿਰੋਧ ਸਾਹਮਣੇ ਨਹੀਂ ਆਇਆ। ਹਾਲਾਂਕਿ ਇਸ ਘਟਨਾ ਦੇ ਦੋ ਦਿਨ ਬਾਅਦ ਜਬਰ-ਜ਼ੁਲਮ ਖ਼ਿਲਾਫ਼ ਜੂਝਣ ਦੇ ਪ੍ਰਤੀਕ ਯਾਨਿ 13 ਅਪ੍ਰੈਲ ਨੂੰ ਇਹ ਪਾਰਟੀ ਕਾਨਫਰੰਸ ਵੀ ਕਰਦੀ ਐ। ਝਾੜੂ ਪਾਰਟੀ ਤੋਂ ਕਿਤੇ ਘੱਟ ਸਾਧਨਾਂ ਤੇ ਸਮਰੱਥਾ ਵਾਲੀਆਂ ਜੱਥੇਬੰਦੀਆਂ ਸਾਂਝੀ ਕਮੇਟੀ ਬਣਾ ਕੇ ਵਿਦਿਆਰਥੀਆਂ 'ਤੇ ਹੋਏ ਇਸ ਜਬਰ ਖ਼ਿਲਾਫ਼ ਚੰਡੀਗੜ੍ਹ ਦੇ ਪ੍ਰਸਾਸ਼ਨ ਨੂੰ ਵੀ ਮਿਲਦੀਆਂ ਨੇ, ਡੀ.ਸੀ. ਦਫ਼ਤਰਾਂ ਅੱਗੇ ਮੁਜਾਹਰੇ ਵੀ ਕਰਦੀਆਂ ਨੇ, ਇਸ ਜਬਰ ਖ਼ਿਲਾਫ਼ ਮੈਦਾਨ 'ਚ ਨਿੱਤਰੀਆਂ ਨੇ।

25ਫੀਸਦੀ ਜਨਤਾ ਦੀ ਹਮਾਇਤ ਵਾਲੀ ਇਹ ਵਿਰੋਧੀ ਧਿਰ ਕੀ ਪੰਜਾਬ ਦੇ ਮਸਲਿਆਂ 'ਤੇ ਲੋਕਾਂ ਨੂੰ ਸੜਕਾਂ 'ਤੇ ਲੈ ਕੇ ਆਵੇਗੀ? ਕੀ ਉਹ ਸਰਕਾਰ ਨੂੰ ਵਿਧਾਨ ਸਭਾ ਤੋਂ ਬਾਹਰ ਵੀ ਘੇਰੇਗੀ, ਕਿਉਂਕਿ ਵਿਧਾਨ ਸਭਾ 'ਚ ਤਾਂ ਹਾਕਮ ਧਿਰ ਨੂੰ ਕੋਈ ਵੀ ਬਿੱਲ ਪਾਸ ਕਰਨ 'ਚ ਸਮੱਸਿਆ ਹੀ ਨਹੀਂ। ਇਹ ਆਪਣਾ ਵਿਰੋਧੀ ਧਿਰ ਦਾ ਰੋਲ ਕਿਸ ਤਰ੍ਹਾਂ ਨਿਭਾਏਗੀ? ਕਿਤੇ ਇਹ ਤਾਂ ਨਹੀਂ ਕਿ ਪੰਜਾਬ ਦੀ ਜੁਆਨੀ ਨੂੰ ਖੱਸੀ ਕਰਨ ਦਾ ਜਿਹੜਾ ਕੰਮ ਅਕਾਲੀ ਦਸ ਸਾਲਾਂ ਵਿੱਚ ਵੀ ਕਰਨ 'ਚ ਕਾਮਯਾਬ ਨਾ ਹੋ ਸਕੇ, ਝਾੜੂ ਪਾਰਟੀ ਉਸ ਕੰਮ ਨੂੰ ਬਾਖੂਬੀ ਅੰਜਾਮ ਦੇ ਰਹੀ ਹੋਵੇ।
    
ਜੋ ਵੀ ਹੋਵੇ, ਪੰਜਾਬੀਅਤ ਕਿਸੇ ਇੱਕ ਜਾਂ ਦੂਜੀ ਪਾਰਟੀ ਦੀ ਮੁਥਾਜ ਨਹੀਂ। ਜੇ ਝਾੜੂ ਪਾਰਟੀ ਇਹ ਰੋਲ ਨਾ ਵੀ ਨਿਭਾਵੇਗੀ ਤਾਂ ਵੀ ਪੰਜਾਬੀਅਤ ਨੇ 'ਕਿਹੜਾ ਭੁੰਨ ਕੇ ਬੀਜਿਐ'। ਇਹ ਨਾਬਰੀ ਦਾ 'ਬੂਟਾ' ਤਾਂ ਹਰ ਥਾਂ ਉੱਗੇਗਾ।

Comments

ਜਗਦੀਪ ਮਿੰਟੂ

ਗੱਲ ਭੇਤ ਵਾਲੀ ਹੈ

Dalvir Brar

Sorry brother aklo tu vi pedal hi aa har gal nu dharm nal na jod ke dekhea kro jatt osnu keha janda jo kheatibadi karda na ke osnu jo sikh aa ave bekar gala na karea karo . Loka nu sahi pase jan lai kaho na ke eho jehian bekar dain gala vich lao

Sandeep smalsar

Je poora pdhea hunda ta eh commnt ni c auna tera

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ