Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਨਕਸਲਬਾੜੀ ਘਟਨਾ, ਮਹੱਤਵ ਅਤੇ ਸਮੱਸਿਆਵਾਂ

Posted on:- 14-05-2017

suhisaver

ਨਕਸਲਬਾੜੀ ਦੀ 50 ਵੀਂ ਵਰ੍ਹੇ ਗੰਢ 'ਤੇ

25 ਮਈ 2017 ਨੂੰ ਨਕਸਲਬਾੜੀ ਦੀ ਘਟਨਾ ਵਾਪਰੇ ਨੂੰ 50 ਸਾਲ ਹੋ ਜਾਣੇ ਹਨ। ਇਨ੍ਹਾਂ 50 ਸਾਲਾਂ ਵਿੱਚ ਨਕਸਲਬਾੜੀ ਲਹਿਰ ਨੂੰ ਅਨੇਕਾਂ ਹਨੇਰੀਆਂ-ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਬਾਵਜੂਦ ਨਕਸਲਬਾੜੀ ਦੀ ਜੋਤ ਅਜੇ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਜਗ ਰਹੀ ਹੈ। ਕਿਤੇ ਇਹਦੀ ਲੋਅ ਦੀ ਚਮਕ ਜ਼ਿਆਦਾ ਉਘੜਵੇਂ ਰੂਪ ਵਿੱਚ ਦਿਖਾਈ ਦਿੰਦੀ ਹੈ ਅਤੇ ਕਿਤੇ ਮੱਧਮ ਰੂਪ ਵਿੱਚ। ਰੂਪ ਚਾਹੇ ਹਥਿਆਰਬੰਦ ਟੱਕਰਾਂ ਅਤੇ ਘੋਲਾਂ ਦਾ ਅਖਤਿਆਰ ਕਰ ਗਿਆ ਹੋਵੇ ਅਤੇ ਭਾਵੇਂ ਜਮਾਤੀ ਸੰਘਰਸ਼ਾਂ ਦੇ ਹੋਰ ਰੂਪਾਂ ਰਾਹੀਂ ਇਨਕਲਾਬੀ ਸਿਆਸਤ ਨੂੰ ਬੁਲੰਦ ਕਰਨ ਅਤੇ ਲੋਕ ਮੁਕਤੀ ਲਈ ਜੂਝਣ ਦਾ ਹੋਵੇ, ਪਰ ਵੱਖ ਵੱਖ ਸ਼ਕਲਾਂ 'ਚ ਨਕਸਲਬਾੜੀ ਲਹਿਰ ਹਾਕਮਾਂ ਲਈ ਡਾਹਢੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਸ ਲਹਿਰ ਨੂੰ ਦਬਾਉਣ ਲਈ ਹਾਕਮ ਜਮਾਤਾਂ ਨੇ ਕਹਿਰਾਂ ਦਾ ਹਕੂਮਤੀ ਜਬਰ ਢਾਹਿਆ ਹੈ।

ਅਨੇਕਾਂ ਕਮਿਊਨਿਸ਼ਟ ਇਨਕਲਾਬੀ ਕਾਰਕੁਨਾਂ ਨੂੰ ਝੂਠੇ ਪੁਲਸ ਮੁਕਾਲਿਆਂ ਵਿੱਚ ਮਾਰ ਖਪਾਇਆ ਗਿਆ ਹੈ ਅਤੇ ਅਨੇਕਾਂ ਥਾਵਾਂ 'ਤੇ ਇਸ ਲਹਿਰ ਦੀ ਅਗਵਾਈ 'ਚ ਚੱਲਣ ਵਾਲੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਵੱਡੀ ਪੱਧਰ 'ਤੇ ਪੁਲਸੀ ਧਾੜਾਂ ਦੀ ਵਰਤੋਂ ਕੀਤੀ ਗਈ ਹੈ। ਦੇਸ਼ ਦੀ ਮਜ਼ਦੂਰ ਜਮਾਤ ਅਤੇ ਹੋਰ ਮਿਹਨਤਕਸ਼ ਲੋਕਾਂ ਲਈ ਆਸ ਦੀ ਇਸ ਕਿਰਨ ਨੂੰ ਬੁਝਾਉਣ ਵਾਸਤੇ ਹਾਕਮ ਜਮਾਤਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਹਥਕੰਡਿਆਂ ਦੀ ਵਰਤੋਂ ਕੀਤੀ ਗਈ ਹੈ। ਮਜ਼ਦੂਰ ਜਮਾਤ 'ਚ ਛੁਪੇ ਬੁਕੱਲ ਦੇ ਸੱਪਾਂ ਨੇ ਆਪਣਾ ਜ਼ਹਿਰੀਲਾ ਫ਼ਨ ਉੱਚਾ ਚੁੱਕ ਕੇ ਹਰ ਸੰਭਵ ਕੋਸ਼ਿਸ਼ ਨਾਲ ਇਸ ਵਿੱਚ ਸ਼ਮੂਲੀਅਤ ਕੀਤੀ ਹੈ।

 ਦੇਸ਼ ਅੰਦਰ ਲੋਕ ਇਨਕਲਾਬ ਰਾਹੀਂ ਲੋਕਾਂ ਦੀ ਕਿਸਮਤ ਬਦਲਣ ਦੇ ਕਾਰਜ ਨੂੰ ਪੂਰਾ ਕਰਨ ਤੋਂ ਰੋਕਣ ਲਈ ਮਜ਼ਦੂਰ ਜਮਾਤ 'ਚ ਕਮਿਊਨਿਸਟਾਂ ਦੇ ਭੇਸ ਵਿੱਚ ਛੁਪੇ ਗਦਾਰਾਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਨਕਸਲਬਾੜੀ ਲਹਿਰ ਨੂੰ ਅੱਤਵਾਦੀ ਗਰਦਾਨ ਕੇ ਬਦਨਾਮ ਕਰਨ ਦਾ ਪੂਰਾ ਟਿੱਲ ਲਾਉਣ ਅਤੇ ਇਸ ਨੂੰ ਵਹਿਸ਼ੀ ਦਮਨ ਰਾਹੀਂ ਖੂਨ ਵਿੱਚ ਡੁਬੋ ਦੇਣ ਲਈ ਹਾਕਮ ਜਮਾਤਾਂ ਨਾਲ ਆਪਣੀ ਸੁਰ ਨਾਲ ਸੁਰ ਮਿਲਾਈ ਹੈ। ਇਨ੍ਹਾਂ ਦੀ ਗਿਣੀ ਮਿਥੀ ਮਿਲੀ ਭੁਗਤ ਅਤੇ ਦੇਸ਼ ਤੇ ਦੁਨੀਆਂ ਅੰਦਰ ਪੈਦਾ ਹੋਈਆਂ ਅਤਿ ਕਠਿਨ ਹਾਲਤਾਂ ਦੇ ਬਾਵਜੂਦ ਜੇਕਰ ਨਕਸਲਬਾੜੀ ਦਾ ਵਜੂਦ ਅੱਜ ਵੀ ਕਾਇਮ ਹੈ ਤਾਂ ਇਹ ਉਸਦੇ ਇਨਕਲਾਬੀ ਦਮ-ਖਮ ਅਤੇ ਲੋਕ ਹਿਤਾਂ ਨੂੰ ਪ੍ਰਣਾਏ ਹੋਣ ਦੇ ਜ਼ਜ਼ਬੇ ਦਾ ਉਘੜਵਾਂ ਸਬੂਤ ਹੈ।

ਨਕਸਲਬਾੜੀ ਅਸਲ ਵਿੱਚ ਕੀ ਹੈ, ਇਸ ਬਾਰੇ ਬਹੁਤੇ ਭਾਰਤ ਵਾਸੀ ਅਣਜਾਣ ਹੀ ਹਨ। ਇਸਦਾ ਵੱਡਾ ਕਾਰਨ ਭਾਰਤੀ ਹਾਕਮ ਜਮਾਤਾਂ ਅਤੇ ਇਸਦੇ ਪ੍ਰਚਾਰ ਮੀਡੀਏ ਵੱਲੋਂ ਨਕਸਲਬਾੜੀ ਨੂੰ ਬਦਨਾਮ ਕਰਨ ਲਈ ਜ਼ੋਰ ਸ਼ੋਰ ਨਾਲ ਕੀਤਾ ਪ੍ਰਚਾਰ ਹੈ। ਇਸ ਪ੍ਰਚਾਰ ਮੀਡੀਏ ਰਾਹੀਂ ਹਾਕਮ ਜਮਾਤਾਂ ਅਤੇ ਇਨ੍ਹਾਂ ਦੀਆਂ ਬਣੀਆਂ ਵੱਖ-ਵੱਖ ਸਰਕਾਰਾਂ ਵੱਲੋਂ ਇਸਨੂੰ ਦੇਸ਼ ਲਈ ਸੱਭ ਤੋਂ ਵੱਡਾ ਖਤਰਾ ਗਰਦਾਨ ਕੇ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਨਕਸਲਬਾੜੀ ਨੂੰ ਬੁਲੰਦ ਕਰਨ ਵਾਲੇ ਲੋਕ ਦਹਿਸ਼ਤਗਰਦ ਹਨ ਅਤੇ ਦੇਸ਼ ਅੰਦਰ ਭੰਨਤੋੜ ਦੀਆਂ ਕਾਰਵਾਈਆਂ 'ਚ ਲੱਗੇ ਹੋਏ ਹਿੰਸਾ ਦੇ ਪੁਜਾਰੀ ਹਨ। ਕੁੱਝ ਲੋਕਾਂ ਵੱਲੋਂ ਕਾ. ਚਾਰੂ ਮਾਜੂਮਦਾਰ ਦੀ ਅਗਵਾਈ ਵਿੱਚ ਬਣੀ ਸੀ. ਪੀ. ਆਈ. (ਮ.ਲ) ਵੱਲੋਂ ਅਪਣਾਈ ''ਜਮਾਤੀ ਦੁਸ਼ਮਣਾਂ ਦੇ ਸਫਾਏ'' ਦੀ ਲੀਹ ਨੂੰ ਹੀ ਨਕਸਲਬਾੜੀ ਕਿਹਾ ਜਾਂਦਾ ਹੈ। ਪਰ ਇਹ ਕਮਿਊਨਿਸਟ ਇਨਕਲਾਬੀਆਂ ਦੀ ਅਗਵਾਈ ਹੇਠ ਇੱਕ ਕਿਸਾਨ ਬਗਾਵਤ ਸੀ ਜੋ ਪੱਛਮੀ ਬੰਗਾਲ ਦੇ ਦਾਰਜੀਲਿੰਗ ਜਿਲ੍ਹੇ ਦੀ ਸਿਲੀਗੁੜੀ ਸਬ ਡਿਵੀਜਨ ਦੇ ਨਕਸਲਬਾੜੀ ਇਲਾਕੇ ਅੰਦਰ ਫੁੱਟੀ ਸੀ। ਇਸ ਘਟਨਾ ਦੀ ਤਫਸੀਲ ਨਕਸਲਬਾੜੀ ਕਿਸਾਨ ਬਗਾਵਤ ਦੇ ਇੱਕ ਮੋਢੀ ਆਗੂ ਕਾਨੂੰਨ ਸਨਿਆਲ ਵੱਲੋਂ ਪੇਸ਼ ਕੀਤੀ ਗਈ 'ਤਰਾਈ ਰਿਪੋਰਟ' ਅਤੇ ਬਾਅਦ ਵਿੱਚ ਉਸ ਵੱਲੋਂ ਲਿਖੇ 'ਨਕਸਲਬਾੜੀ ਬਾਰੇ ਕੁੱਝ ਹੋਰ' ਵਿੱਚ ਦਿੱਤੀ ਗਈ ਹੈ। ਪਰ ਬਦਕਿਸਮਤੀ ਨਾਲ ਇਨ੍ਹਾਂ ਲਿਖਤਾਂ ਦਾ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਭਰਵਾ ਮੁਲਅੰਕਣ ਨਹੀਂ ਕੀਤਾ ਜਾ ਸਕਿਆ। ਇਸ ਘੋਲ ਦੀ ਵਿਆਪਕ ਪੱਧਰ 'ਤੇ ਚਰਚਾ ਕਰਕੇ ਇਸ ਬਾਰੇ ਠੋਸ ਸਿੱਟੇ ਅਤੇ ਸਬਕ ਨਾ ਕੱਢਣ ਕਰਕੇ ਬਹੁਤ ਸਾਰੀਆਂ ਗਲਤ ਫਹਿਮੀਆਂ ਪੈਦਾ ਹੋਈਆਂ। ਇਸ ਕਰਕੇ ਇਨਕਲਾਬੀ ਕਾਡਰ ਅਤੇ ਲੋਕਾਂ ਅੰਦਰ ਇਸ ਬਾਰੇ ਸਹੀ ਜਾਣਕਾਰੀ ਦਾ ਅਭਾਵ ਰਿਹਾ ਜਿਸਨੂੰ ਹਾਕਮ ਜਮਾਤਾਂ ਨੇ ਜਾਣ ਬੁੱਝ ਕੇ ਗਲਤ ਰੂਪ ਵਿੱਚ ਪੇਸ਼ ਕਰਨ ਲਈ ਖੂਬ ਵਰਤਿਆ।

ਨਕਸਲਬਾੜੀ ਕਿਸਾਨ ਬਗਾਵਤ ਕੋਈ ਅਚਨਚੇਤੀ ਅਤੇ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸਨੂੰ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਵੱਲੋਂ ਚੇਤਨ ਤੌਰ 'ਤੇ ਚਲਾਇਆ ਅਤੇ ਲਾਮਬੰਦ ਕੀਤਾ ਗਿਆ ਸੀ। ਇਸ ਘਟਨਾ ਦੇ ਪਿਛੋਕੜ ਵਿੱਚ ਇਲਾਕੇ ਅੰਦਰ ਚੱਲੇ ਕਿਸਾਨਾਂ ਅਤੇ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਦਾ ਇੱਕ ਲੰਬਾ ਇਤਿਹਾਸ ਹੈ ਜਿਸਦਾ ਸਿੱਟਾਂ ਨਕਸਲਬਾੜੀ ਦੀ ਘਟਨਾ ਵਾਪਰਨ ਵਿੱਚ ਨਿਕਲਿਆ।

ਨਕਸਲਬਾੜੀ ਦੇ ਇਤਿਹਾਸ ਉੱਪਰ ਇੱਕ ਝਾਤ

ਨਕਸਲਬਾੜੀ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਲਕ ਦੇ ਹੋਰਨਾਂ ਹਿੱਸਿਆ ਵਾਂਗ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ 1946 ਤੋਂ ਹੀ  ਸ਼ੁਰੂ ਹੋ ਗਈਆਂ ਸਨ। ਇਸ ਸਮੇਂ ਦੇਸ਼ ਅੰਦਰ ਅੰਗਰੇਜ਼ਾਂ ਅਤੇ ਜਗੀਰੂ ਰਿਆਸਤਾਂ ਖਿਲਾਫ਼ ਲੋਕਾਂ ਅੰਦਰ ਪੈਦਾ ਹੋਏ ਰੋਹ ਕਾਰਨ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਹੋਣਾ ਪਿਆ। ਅੰਗਰੇਜ਼ਾਂ ਵੱਲੋਂ ਭਾਰਤੀ ਹਾਕਮਾਂ ਨੂੰ ਕੀਤੇ ਸੱਤਾ ਦੇ ਤਬਾਦਲੇ ਦਾ ਸਹੀ ਮੁਲਅੰਕਣ ਕਰਨ ਬਾਰੇ ਕਮਿਊਨਿਸਟਾ ਅੰਦਰ ਪਏ ਭੰਬਲਭੂਸੇ ਅਤੇ ਇਸਤੋ ਫੋੇਰੀ ਬਾਅਦ ਇਸ ਅੰਦਰ ਭਾਰੂ ਹੋਏ ਖੱਬੂ ਮਾਅਰਕੇਬਾਜ਼ ਰੁਝਾਨ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦ ਕਰਨ 'ਚ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਜਿਸ ਕਰਕੇ 1951 ਵਿੱਚ ਜਾ ਕੇ ਹੀ ਇਨ੍ਹਾਂ ਨੂੰ ਮੁੜ ਲਾਮਬੰਦ ਕਰਨ ਵੱਲ ਧਿਆਨ ਕੇਂਦਰਤ ਕੀਤਾ ਗਿਆ। 1951-1954 ਤੱਕ ਦੇ ਸਮੇਂ ਦਰਮਿਆਨ ਕਿਸਾਨਾਂ ਨੂੰ ਜਾਗੀਰਦਾਰਾਂ ਅਤੇ ਜੋਤੇਦਾਰਾਂ ਵੱਲੋਂ ਕੀਤੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਰੋਕਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸੰਘਰਸ਼ ਅੰਦਰ ਕਈ ਥਾਵਾਂ 'ਤੇ ਜੋਤੇਦਾਰਾਂ ਨਾਲ ਝੜਪਾਂ ਹੋਈਆਂ। ਇਸ ਸਮੇਂ ਮਹਿਸੂਸ ਕੀਤਾ ਗਿਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਸਫ਼ਲ ਕਰਨ ਲਈ ਇਸ ਇਲਾਕੇ 'ਚ ਪੈਂਦੇ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਨੂੰ ਵੀ ਜਥੇਬੰਦ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਕਿਸਾਨ ਅਤੇ ਚਾਹ ਬਾਗਾਂ ਦੇ ਮਜ਼ਦੂਰ ਇੱਕ ਦੂਸਰੇ ਦੇ ਘੋਲਾਂ ਵਿੱਚ ਮੋਢੇ ਨਾਲ ਮੋਢਾ ਡਾਹਕੇ ਲੜਨ ਲੱਗੇ। 1955 ਵਿੱਚ ਚਾਹ ਮਜ਼ਦੂਰਾਂ ਨੇ ਜਦੋਂ ਬੋਨਸ ਲੈਣ ਲਈ ਆਪਣੇ ਘੋਲ ਦਾ ਆਰੰਭ ਕੀਤਾ ਤਾਂ ਇਸਦੀ ਮੱਦਦ ਲਈ ਕਿਸਾਨੀ ਵੀ ਉਮੜ ਪਈ। ਇਸ ਸਮੇਂ ਹੋਈ ਵਿਸਾਲ ਲਾਮਬੰਦੀ ਸਦਕਾ ਚਾਹ ਬਾਗਾਂ ਦੇ ਮਾਲਕਾਂ ਦੀ ਮੱਦਦ 'ਤੇ ਆਈ ਪੁਲੀਸ ਫੋਰਸ ਨੂੰ ਵੀ ਪਛਾੜ ਦਿੱਤਾਗਿਆ। ਇੱਕ ਘਟਨਾ ਵਿੱਚ ਲਾਮਬੰਦ ਹੋਏ 10000 ਦੇ ਲਗਭਗ ਮਜ਼ਦੂਰਾਂ-ਕਿਸਾਨਾਂ ਨੇ ਹਥਿਆਰਬੰਦ ਹੋ ਕੇ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ।

ਨਕਸਲਬਾੜੀ ਕਿਸਾਨ ਘੋਲ 1958-62 ਦੇ ਸਾਲਾਂ ਦੌਰਾਨ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਜਦੋਂ ਪੱਛਮੀ ਬੰਗਾਲ ਦੀ ਕਿਸਾਨ ਸਭਾ ਨੇ ਕਿਸਾਨਾਂ ਨੂੰ ਹੋਕਾ ਦਿੱਤਾ ਕਿ ਉਹ ਬੇਨਾਮੀ ਜ਼ਮੀਨਾਂ ਉੱਪਰ ਮੁੜ ਕਬਜ਼ਾ ਕਰ ਲੈਣ। ਇਸ ਸਮੇਂ ਨਕਸਲਬਾੜੀ ਦੀ ਕਿਸਾਨ ਸੰਮਤੀ ਨੇ ਆਪਣੀ ਕਾਨਫਰੰਸ ਕੀਤੀ ਅਤੇ ਜੋਤੇਦਾਰਾਂ ਦੀ ਸਮੁੱਚੀ ਪੈਦਾਵਾਰ ਜ਼ਬਤ ਕਰਕੇ ਉਨਾਂ ਥਾਵਾਂ 'ਤੇ ਲਾਲ ਝੰਡੇ ਲਹਿਰਾਉਣ ਦਾ ਹੋਕਾ ਦਿੱਤਾ ਅਤੇ ਇਸਦੇ ਨਾਲ ਹੀ ਆਪਣੀ ਫ਼ਸਲ ਦੀ ਰਾਖੀ ਲਈ ਆਪਣੇ ਆਪ ਨੂੰ ਹਥਿਆਰਬੰਦ ਹੋ ਕੇੇ ਲੜਨ ਲਈ ਤਿਆਰ ਬਰ ਤਿਆਰ ਰਹਿਣ ਦਾ ਕਾਰਜ ਪੇਸ਼ ਕੀਤਾ। ਇਸ ਤੇ ਅਮਲ ਕਰਦੇ ਹੋਏ ਕਿਸਾਨਾਂ ਨੇ ਜੋਤੇਦਾਰਾਂ ਦੇ ਹਮਲਿਆਂ ਨੂੰ ਪਛਾੜਿਆ। ਇੱਕ ਇਲਾਕੇ ਅੰਦਰ ਧਾਨ ਲੁੱਟਣ ਆਏ ਅਤੇ ਜੋਤੇਦਾਰਾਂ ਦੀ ਹਮਾਇਤ ਕਰਨ ਆਏ ਕਾਂਗਰਸ ਦੇ ਗੁੰਡਿਆਂ ਅਤੇ ਪੁਲਸ ਦਾ ਟਾਕਰਾ ਕਰਨ ਲਈ 5000 ਦੇ ਲਗਭਗ ਕਿਸਾਨਾਂ ਨੇ ਹਥਿਆਰਬੰਦ ਹੋ ਕੇ ਮੋਰਚਾ ਸੰਭਾਲਿਆ ਜਿਸ ਕਰਕੇ ਜੋਤੇਦਾਰਾਂ, ਉਨ੍ਹਾਂ ਦੇ ਗੁੰਡਿਆਂ ਅਤੇ ਪੁਲਸ ਨੂੰ ਮੂੰਹ ਦੀ ਖਾਣੀ ਪਈ। ਇਸ ਖਾੜਕੂ ਉਭਾਰ ਦੀ ਹਾਲਤ ਵਿੱਚ ਕਿਸਾਨ ਵੱਡੀ ਪੱਧਰ 'ਤੇ ਆਪਣੀ ਫ਼ਸਲ ਦੀ ਰਾਖੀ ਕਰਨ ਵਿੱਚ ਕਾਮਯਾਬ ਹੋਏ। ਇਸ ਦੌਰਾਨ ਵੱਡੀ ਪੱਧਰ 'ਤੇ ਹੋਈਆਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਮੁਕੱਦਮਿਆਂ ਦੇ ਬਾਵਜੂਦ ਕਿਸਾਨ ਘੋਲ ਦੀ ਚੜ੍ਹਤ ਨੂੰ ਕੋਈ ਆਂਚ ਨਹੀਂ ਆਈ।

ਭਾਵੇਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਲੋਂ ਇਸ ਘੋਲ ਉੱਪਰ ਮਾਅਰਕੇਬਾਜ਼ੀ ਦਾ ਠੱਪਾ ਲਾ ਦਿੱਤਾ ਗਿਆ ਸੀ ਪਰ ਫਿਰ ਵੀ ਕਿਸਾਨ ਘੋਲ ਜਾਰੀ ਰਿਹਾ। 1962 ਵਿੱਚ ਭਾਰਤ-ਚੀਨ ਵਿਚਕਾਰ ਸਰਹੱਦੀ ਝਗੜੇ ਨੂੰ ਲੈ ਕੇ ਜੰਗ ਛਿੜ ਪਈ। ਇਸ ਸਮੇਂ ਭਾਰਤੀ ਹਾਕਮਾਂ ਵੱਲੋਂ ਵੱਡੀ ਪੱਧਰ 'ਤੇ ਕੌਮੀ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਸੀ ਅਤੇ ਭਾਰਤੀ ਕਮਿਊਨਿਸਟ ਲਹਿਰ ਅਤੇ ਸਮਾਜਵਾਦੀ ਚੀਨ ਦੇ ਖਿਲਾਫ਼ ਜ਼ਹਿਰੀਲਾ ਪ੍ਰਚਾਰ ਵਿੱਢਿਆ ਜਾ ਰਿਹਾ ਸੀ। ਇਨ੍ਹਾਂ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਸਮਾਜਵਾਦ ਨੂੰ ਤਿਆਗ ਕੇ ਸਰਮਾਏਦਾਰਾਨਾ ਪੱਟੜੀ 'ਤੇ ਚੜ੍ਹਿਆ ਹੋਇਆ ਰੂਸ ਭਾਰਤੀ ਹਾਕਮਾਂ ਦੀ ਖੁੱਲ੍ਹਮ ਖੁੱਲ੍ਹੀ ਮੱਦਦ ਕਰ ਰਹੇ ਸਨ। ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਇਸ ਪਰਖ ਦੀ ਘੜੀ ਕੌਮੀ ਸ਼ਾਵਨਵਾਦੀ ਪੈਂਤਰਾ ਲੈ ਰਹੀ ਸੀ ਅਤੇ ਪੋਲੇਤਾਰੀ ਕੌਮਾਂਤਰੀਵਾਦ ਨੂੰ ਛਿੱਕੇ ਟੰਗ ਕੇ ਜਮਾਤੀ-ਭਿਆਲੀ ਦੇ ਰਸਤੇ ਦੀ ਵਕਾਲਤ ਕਰ ਰਹੀ ਸੀ। ਇਸ ਸਮੇਂ ਪੱਛਮੀ ਬੰਗਾਲ ਦੇ ਦਾਰਜੀਲਿੰਗ ਜਿਲ੍ਹੇ ਦੇ ਕਮਿਊਨਿਸਟ ਇਨਕਲਾਬੀ ਸੀ. ਪੀ. ਆਈ ਦੀ ਲੀਡਰਸ਼ਿਪ ਦੇ ਬਹਿਕਾਵੇ ਵਿੱਚ ਨਾ ਆ ਕੇ ਅੰਨ੍ਹੀ ਕੌਮਪ੍ਰਸਤੀ ਦਾ ਵਿਰੋਧ ਕਰਦਿਆਂ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਝੰਡਾ ਬੁਲੰਦ ਕਰ ਰਹੇ ਸਨ। ਇਸੇ ਕਰਕੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਅਜਿਹੇ ਕਮਿਊਨਿਸਟਾਂ ਨੂੰ ਵੱਡੀ ਪੱਧਰ 'ਤੇ ਗ੍ਰਿਫਤਾਰ ਕਰਕੇ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਇਸ ਤਰ੍ਹਾਂ ਦੇ ਮਾਹੌਲ ਅੰਦਰ ਸੀ. ਪੀ. ਆਈ (ਐਮ) ਹੋਂਦ ਵਿੱਚ ਆ ਗਈ। ਇਸ ਪਾਰਟੀ ਦੀ ਲੀਡਰਸ਼ਿਪ ਇਨਕਲਾਬੀ ਕਾਡਰ ਦੇ ਦਬਾਅ ਹੇਠ ਹੀ ਭਾਰਤ ਸਰਕਾਰ ਦੀ ਚੀਨ ਪ੍ਰਤੀਧਾਰਨ ਕੀਤੀ ਨੀਤੀ ਦੀ ਆਲੋਚਨਾ ਕਰਨ ਲਈ ਮਜ਼ਬੂਰ ਹੋਈ ਸੀ। ਉਸ ਦੀ ਇਹ ਅਲੋਚਨਾ ਜਿਵੇਂ ਕਿ ਬਾਅਦ ਦੇ ਅਮਲ ਨੇ ਸਪਸ਼ਟ ਕਰ ਦਿੱਤਾ ਇੱਕ ਖਰੇ ਕੌਮਾਂਤਰੀਵਾਦੀ ਪੈਂਤਰੇ ਤੋਂ ਨਹੀਂ ਸੀ। ਠੀਕ ਇਸੇ ਸਮੇਂ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਪੈਦਾ ਹੋਏ ਸਿਆਸੀ-ਵਿਚਾਰਧਾਰਕ ਮੱਤਭੇਦ ਖੁੱਲ੍ਹਮ ਖੁੱਲ੍ਹਾ ਰੂਪ ਵਿੱਚ ਬਾਹਰ ਆ ਗਏ ਸਨ। ਰੂਸ ਦੀ ਕਮਿਊਨਿਸਟ ਪਾਰਟੀ ਮਾਰਕਸਵਾਦ-ਲੈਨਿਨਵਾਦ ਨੂੰ ਤਿਲਾਂਜਲੀ ਦੇ ਕੇ ਨੰਗੇ ਚਿੱਟੇ ਰੂਪ ਵਿੱਚ ਸੋਧਵਾਦ ਦੀ ਪੱਟੜੀ ਚੜ੍ਹ ਚੁੱਕੀ ਸੀ ਅਤੇ ਖਰੁਚਚੋਵ ਦੀ ਅਗਵਾਈ ਵਿੱਚ ਸੋਧਵਾਦੀ ਲੀਡਰਸ਼ਿਪ ਨੇ ਕਾ. ਸਟਾਲਿਨ ਦੀ ਮੌਤ ਤੋਂ ਬਾਅਦ ਪਾਰਟੀ ਅਤੇ ਰਾਜਸੱਤਾ ਉੱਤੇ ਕਬਜ਼ਾ ਕਰਕੇ ਰੂਸ ਅੰਦਰ ਸਰਮਾਏਦਾਰੀ ਦੀ ਬਹਾਲੀ ਦਾ ਅਮਲ ਤੇਜ਼ ਕਰ ਦਿੱਤਾ ਸੀ ਅਤੇ ਸਮਾਜਵਾਦ ਨੂੰ ਪੁੱਠਾ ਗੇੜਾ ਦੇਣ ਦਾ ਬੀੜਾ ਚੁੱਕ ਲਿਆ ਸੀ। ਉਸ ਵੱਲੋਂ ਕਾ. ਸਟਾਲਿਨ ਨੂੰ ਬੱਦੂ ਕਰਨ ਅਤੇ ਸਾਮਰਾਜ ਖਾਸ ਕਰਕੇ ਅਮਰੀਕੀ ਸਾਮਰਾਜਵਾਦ ਨਾਲ ਮਿਲਵਰਤਣ ਦਾ ਰਾਹ ਅਖਤਿਆਰ ਕਰਕੇ ਕੌਮਾਂਤਰੀ ਮਜ਼ਦੂਰ ਜਮਾਤ ਅਤੇ ਦੁਨੀਆਂ ਭਰ ਦੇ ਕੌਮੀ ਮੁਕਤੀ ਸੰਘਰਸ਼ਾਂ ਨਾਲ ਗੱਦਾਰੀ ਕੀਤੀ ਜਾ ਰਹੀ ਸੀ। ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਕਾ. ਸਟਾਲਿਨ ਦੀਆਂ ਦੇਣਾਂ ਅਤੇ ਘਾਟਾਂ ਦਾ ਸਹੀ ਮੁਲਅੰਕਣ ਕਰਦਿਆਂ ਅਤੇ ਰੂਸੀ ਕਮਿਊਨਿਸਟ ਪਾਰਟੀ ਦੀਆਂ ਸੋਧਵਾਦੀ ਪੋਜੀਸ਼ਨਾਂ ਦਾ ਭੰਡਾ ਭੋੜ ਕਰਦਿਆਂ ਮਾਰਕਸਵਾਦ ਲੈਨਿਨਵਾਦ ਦੀ ਰਾਖੀ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਦੋਨਾਂ ਪਾਰਟੀਆਂ ਦਰਮਿਆਨ ਚੱਲ ਰਹੀ ਇਸ ''ਮਹਾਨ ਬਹਿਸ'' ਕਰਕੇ ਦੁਨੀਆਂ ਭਰ ਦੀਆਂ ਕਮਿਊਨਿਸਟ ਪਾਰਟੀਆਂ ਅੰਦਰ ਨਵੀਂ ਕਤਾਰਬੰਦੀ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। ਭਾਰਤੀ ਕਮਿਊਨਿਸਟ ਇਨਕਲਾਬੀ ਇਸ ਤੋਂ ਕਿਸੇ ਤਰ੍ਹਾਂ ਵੀ ਅਣਭਿੱਜ ਨਹੀਂ ਰਹਿ ਸਕਦੇ ਸਨ। ਇਸ ਕਰਕੇ ਜੇਲ੍ਹਾਂ ਅੰਦਰ ਨਜ਼ਰਬੰਦ ਅਤੇ ਜੇਲ੍ਹ ਤੋਂ ਬਾਹਰ ਰਹਿ ਰਹੇ ਪੱਛਮੀ ਬੰਗਾਲ ਦੇ ਕਮਿਊਨਿਸਟਾਂ ਅੰਦਰ ਇਸ ਮਸਲੇ ਉਪਰ ਸਿਆਸੀ ਵਿਚਾਰਧਾਰਕ ਸੰਘਰਸ਼ ਤਿੱਖਾ ਹੋ ਗਿਆ। ਸੀ. ਪੀ. ਐਮ ਦੀ ਲੀਡਰਸ਼ਿਪ ਵੱਲੋਂ ਇਸ ਮਸਲੇ ਉੱਪਰ ਸਪੱਸ਼ਟ ਪੋਜੀਸ਼ਨ ਲੈਣ ਦੀ ਬਜਾਇ ਘਚੋਲਾ ਖੜ੍ਹਾ ਕੀਤਾ ਜਾ ਰਿਹਾ ਸੀ। ਬਾਅਦ ਵਿੱਚ ਉਸਨੇ ਰੂਸ ਅਤੇ ਚੀਨ ਦੀਆਂ ਪਾਰਟੀਆਂ ਤੋਂ ਬਰਾਬਰ ਦੀ ਦੂਰੀ ਦਾ ਬਹਾਨਾ ਕਰਕੇ ਮਾਰਕਸਵਾਦ-ਲੈਨਿਨਵਾਦ ਤੋਂ ਅੱਗੇ ਮਾਓ ਵਿਚਾਰਧਾਰਾ ਨੂੰ ਬੁਲੰਦ ਕਰਨ ਤੋਂ ਟਾਲਾ ਵੱਟਿਆ ਗਿਆ। ਨਕਸਲਬਾੜੀ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਇਹ ਬਿਲਕੁਲ ਸਾਫ਼ ਹੋ ਗਿਆ ਕਿ ਨਵੀਂ ਬਣੀ ਪਾਰਟੀ ਸੀ. ਪੀ. ਐਮ ਵੀ ਸੀ. ਪੀ. ਆਈ ਵਾਂਗ ਮਾਰਕਸਵਾਦ ਲੈਨਿਨਵਾਦ ਦੀ ਥਾਂ ਸੋਧਵਾਦ ਨੂੰ ਲਾਗੂ ਕਰਨ ਲਈ ਬੇਜਿੱਦ ਹੈ। ਇਸ ਕਰਕੇ ਉਨ੍ਹਾਂ ਨੇ ਇਸ ਪਾਰਟੀ ਨੂੰ ਨਵ ਸੋਧਵਾਦੀ ਐਲਾਨ ਦੇ ਹੋਏ ਇਸ ਅੰਦਰ ਰਹਿ ਕੇ ਸਿਆਸੀ-ਵਿਚਾਰਧਾਰਕ ਸੰਘਰਸ਼ ਤੇਜ਼ ਕਰ ਦਿੱਤਾ। ਹੁਣ ਉਹ ਇਸ ਪਾਰਟੀ ਨਾਲੋਂ ਸਪੱਸ਼ਟ ਨਿਖੇੜਾ ਕਰਨ ਲਈ ਢੁਕਵੇਂ ਮੌਕੇ ਦੀ ਤਲਾਸ਼ ਵਿੱਚ ਸਨ।

ਜਦੋਂ ਕਾ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਚੀਨੀ ਕਮਿਊਨਿਸਟ ਪਾਰਟੀ, ਰੂਸ ਦੀ ਕਮਿਊਨਿਸਟ ਪਾਰਟੀ ਅਤੇ ਰਾਜਸੱਤਾ 'ਤੇ ਭਾਰੂ ਹੋਈ ਸੋਧਵਾਦੀ ਲੀਡਰਸ਼ਿਪ ਦੇ ਖਿਲਾਫ਼ ਵਿਚਾਰਧਾਰਕ ਸੰਘਰਸ਼ ਚਲਾ ਰਹੀ ਸੀ ਤਾਂ ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ਵੀ ਦੋ ਲੀਹਾਂ ਦਾ ਸੰਘਰਸ਼ ਕਾਫੀ ਤਿੱਖਾ ਹੋ ਚੁੱਕਿਆ ਸੀ। ਕਾ.ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਚੀਨ ਅੰਦਰ ਸਰਮਾਏਦਾਰਾ ਰਾਹ ਦੇ ਰਾਹੀਆਂ ਖਿਲਾਫ਼ ਖੁੱਲ੍ਹਮ ਖੁੱਲ੍ਹਾ ਸੰਘਰਸ਼ ਛੇੜ ਦਿੱਤਾ ਗਿਆ ਸੀ ਜੋ 1966 ਦੇ ਵਰ੍ਹੇ ਤੱਕ ਦੁਨੀਆਂ ਦੇ ਸਾਹਮਣੇ ਆ ਚੁੱਕਾ ਸੀ। ਚੀਨ ਅੰਦਰ ਹੋ ਰਿਹਾ ਸਭਿਆਚਾਰਕ ਇਨਕਲਾਬ ਦੁਨੀਆਂ ਭਰ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਸੋਧਵਾਦ ਦੇ ਖਿਲਾਫ਼ ਬਗਾਵਤ ਕਰਨ ਦਾ ਸਰੋਤ ਬਣ ਚੁੱਕਾ ਸੀ। ਇਸ ਹਾਲਤ ਦਾ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਉਪਰ ਵੀ ਪ੍ਰਭਾਵ ਪੈ ਰਿਹਾ ਸੀ। ਅਜਿਹੇ ਮਹੌਲ ਵਿਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜਿਲ੍ਹੇ ਦੇ ਕਮਿਊਨਿਸਟ ਇਨਕਲਾਬੀ ਸੀ.ਪੀ.ਐਮ ਦੀ ਸੋਧਵਾਦੀ ਲੀਡਰਸ਼ਿਪ ਦੇ ਖਿਲਾਫ਼ ਆਪਣਾ ਸਿਆਸੀ ਵਿਚਾਰਧਾਕ ਸੰਘਰਸ਼ ਹੋਰ ਤੇਜ਼ ਕਰ ਰਹੇ ਸਨ। ਨਕਸਲਬਾੜੀ ਦੀ ਕਿਸਾਨ ਲਹਿਰ ਪ੍ਰਤੀ ਸੀ. ਪੀ. ਐਮ ਦੀ ਸੂਬਾਈ ਟੀਮ ਵੱਲੋਂ ਧਾਰਨ ਕੀਤਾ ਨਾਂਹਵਾਚਕ ਰਵੱਈਆ ਵੀ ਦਾਰਜੀਲਿੰਗ ਦੇ ਕਮਿਊਨਿਸਟ ਇਨਕਲਾਬੀਆਂ ਅੰਦਰ ਨਵ ਸੋਧਵਾਦ ਪ੍ਰਤੀ ਨਫ਼ਰਤ ਨੂੰ ਜਰਬਾਂ ਦੇ ਰਿਹਾ ਸੀ। ਨਕਸਲਬਾੜੀ ਤੋਂ ਬਿਨਾਂ ਦੇਸ਼ ਅੰਦਰ ਚੱਲ ਰਹੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਸੰਘਰਸ਼ ਵੀਅਤਨਾਮ ਅਤੇ ਹੋਰ ਦੇਸ਼ਾਂ ਵਿਚ ਚੱਲ ਰਹੀਆਂ ਮੁਕਤੀ ਲਹਿਰਾਂ, ਅਮਰੀਕਾ ਅੰਦਰ ਨਸਲ ਪ੍ਰਸਤੀ ਵਿਰੋਧੀ ਲਹਿਰਾਂ, ਫਰਾਂਸ ਅੰਦਰ ਵਿਦਿਆਰਥੀ ਸੰਘਰਸ਼ ਆਦਿਕ ਨਾਲ ਦੇਸ਼ ਇਨਕਲਾਬੀ ਮਹੌਲ ਵਿੱਚ ਗੜੁੱਚ ਸੀ। ਇਸ ਹਾਲਤ 'ਚ ਸੀ.ਪੀ.ਐਮ ਦੇ ਅੰਦਰ ਹੀ ਕਮਿਊਨਿਸਟ ਇਨਕਲਾਬੀਆਂ ਦੇ ਬਹੁਤ ਸਾਰੇ ਗਰੁੱਪ ਹੋਂਦ ਵਿੱਚ ਆ ਗਏ ਸਨ ਜੋ ਗੁਪਤ ਰਹਿ ਕੇ ਸੀ. ਪੀ. ਐਮ ਦੀ ਸੋਧਵਾਦੀੀ ਲੀਡਰਸ਼ਿਪ ਖਿਲਾਫ਼ ਸਿਆਸੀ ਵਿਚਾਰਧਾਰਕ ਸੰਘਰਸ਼ ਚਲਾ ਰਹੇ ਸਨ।

ਪੱਛਮੀ ਬੰਗਾਲ ਦੇ ਦਾਰਜੀਲਿੰਗ ਜਿਲ੍ਹੇ ਵਿੱਚ ਸੀ. ਪੀ. ਐਮ ਦੇ ਖਿਲਾਫ਼ ਕਮਿਊਨਿਸਟ ਇਨਕਲਾਬੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਵੱਡੀ ਪੱਧਰ 'ਤੇ ਹੁੰਗਾਰਾ ਮਿਲਿਆ। ਜਿਲ੍ਹੇ ਦਾ ਬਹੁ ਗਿਣਤੀ ਕਾਡਰ ਅਤੇ ਚਾਹ ਬਾਗਾਂ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਸ਼ਾਲ ਹਿੱਸੇ ਇਨਕਲਾਬੀ ਲੀਡਰਸ਼ਿਪ ਦੀ ਸਿਆਸੀ ਲੀਹ ਦੇ ਹੱਕ ਵਿੱਚ ਲਾਮਬੰਦ ਹੋ ਗਏ ਸਨ। ਇਸ ਹਾਲਤ ਨੇ ਨਕਸਲਬਾੜੀ ਕਿਸਾਨ ਬਗਾਵਤ ਦਾ ਅਧਾਰ ਤਿਆਰ ਕਰ ਦਿੱਤਾ। ਸਤੰਬਰ 1966 ਨੂੰ ਚਾਹ ਉਦਯੋਗ ਵਿਚ ਮਹੱਤਵਪੂਰਨ ਘਟਨਾ ਵਿਕਾਸ ਹੋ ਗਿਆ ਜਦੋਂ ਮਜ਼ਦੂਰਾਂ ਨੇ ਚਾਹ ਉਦਯੋਗ ਵਿਚ ਲਗਾਤਾਰ 9 ਦਿਨ ਹੜਤਾਲ ਕੀਤੀ। ਇਸ ਹੜਤਾਲ ਨੂੰ ਮਜ਼ਦੂਰਾਂ ਦੀਆਂ ਹੋਰ ਯੂਨੀਅਨਾਂ ਅਤੇ ਕਿਸਾਨਾਂ ਵਲੋਂ ਵੱਡੀ ਪੱਧਰ 'ਤੇ ਹਮਾਇਤ ਦਿੱਤੀ ਗਈ। ਦਾਰਜੀਲਿੰਗ ਵਿਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਮਜ਼ਦੂਰਾਂ ਦੀ ਪੁਲਸ ਨਾਲ ਟੱਕਰ ਹੋ ਗਈ ਜਿਸ ਵਿਚ ਇੱਕ ਮਜ਼ਦੂਰ ਮਾਰਿਆ ਗਿਆ। ਸੀ.ਪੀ.ਐਮ. ਦੀ ਲੀਡਰਸ਼ਿੱਪ ਵੱਲੋਂ ਬਿਨਾਂ ਕਿਸੇ ਠੋਸ ਪ੍ਰਾਪਤੀ ਦੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜਿਸਦੇ ਸਿੱਟੇ ਵਜੋਂ ਸੀ. ਪੀ. ਐਮ ਦੇ ਖਿਲਾਫ਼ ਮਜ਼ਦੂਰਾਂ ਦਾ ਗੁੱਸਾ ਭੜਕ ਉਠਿਆ। ਇਸ ਹਾਲਤ 'ਚ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਨਕਲਾਬੀ ਕਮਿਊਨਿਸਟਾਂ ਵੱਲੋਂ ਸੀ. ਪੀ. ਐਮ ਦੇ ਖਿਲਾਫ਼ ਵਿਢਿਆ ਜਾ ਰਿਹਾ ਸਿਆਸੀ ਵਿਚਾਰਧਾਰਕ ਸੰਘਰਸ਼ ਹੋਰ ਵੀ ਠੀਕ ਜਾਪਣ ਲੱਗਾ। ਮਜ਼ਦੂਰਾਂ ਵੱਲੋਂ ਜ਼ਮੀਨ ਲਈ ਸੰਘਰਸ਼ ਕਰਨ ਅਤੇ ਕਿਸਾਨਾਂ ਦੀ ਇਸ ਮਕਸਦ ਵਿੱਚ ਪੂਰੀ ਹਮਾਇਤ ਕਰਨ ਦੇ ਮਤੇ ਪਾਸ ਕੀਤੇ ਗਏ। ਨਵੰਬਰ 1966 ਵਿੱਚ ਦਾਰਜੀਲਿੰਗ ਜਿਲ੍ਹੇ ਵਿੱਚ ਕਿਸਾਨਾਂ ਦੀ ਇਕ ਕਾਨਫਰੰਸ ਹੋਈ ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਜੋਤੇਦਾਰਾਂ ਨੂੰ ਫ਼ਸਲ ਵਿਚੋਂ ਕੋਈ ਬਟਾਈ ਨਹੀਂ ਦੇਣਗੇ। ਇਸੇ ਸਮੇਂ ਬੰਗਾਲ ਅੰਦਰ ਖਾਸ ਕਰਕੇ ਕਲਕੱਤਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਅੰਦਰ ਅਨਾਜ ਲਈ ਸੰਘਰਸ਼ ਛਿੜ ਪਿਆ। ਇਸ ਸੰਘਰਸ਼ ਨੂੰ ਅਗਵਾਈ ਦੇਣ ਲਈ ਇੱਕ ਸਾਂਝਾ ਮੋਰਚਾ ਬਣਾਇਆ ਗਿਆ। ਬਹੁਤ ਜਲਦੀ ਇਸ ਮੋਰਚੇ ਦੀ ਲੀਡਰਸ਼ਿਪ ਨੇ ਸੰਘਰਸ਼ ਅੰਦਰ ਪਹਿਲ ਕਦਮੀ ਕਰਨ ਦੀ ਬਜਾਇ ਥਿੜਕਣਾ ਸ਼ੁਰੂ ਕਰ ਦਿੱਤਾ। ਸੀ. ਪੀ. ਐਮ ਦੀ ਲੀਡਰਸ਼ਿਪ ਨੇ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਦਮੇਗਜੇ ਮਾਰੇ ਪਰ ਇਹ ਛੇਤੀ ਹੀ ਬੇਪਰਦ ਹੋ ਗਈ ਜਦੋਂ ਸੰਘਰਸ਼ ਤੋਂ ਮੂੰਹ ਮੋੜ ਕੇ ਫਰਵਰੀ 1967 ਵਿੱਚ ਪੱਛਮੀ ਬੰਗਾਲ ਅੰਦਰ ਹੋਣ ਵਾਲੀਆਂ ਅਸੈਂਬਲੀ ਚੋਣਾਂ ਲੜਨ ਲਈ ਇਹ ਲੀਡਰਸ਼ਿਪ ਦਿਨ ਰਾਤ ਇਕ ਕਰਨ ਲੱਗੀ। ਇਨ੍ਹਾਂ ਚੋਣਾਂ 'ਚ ਸੀ.ਪੀ.ਐਮ ਦੀ ਸ਼ਮੂਲੀਅਤ ਨਾਲ ਬਣੇ ਸਾਂਝੇ ਮੋਰਚੇ ਦੀ ਜਿੱਤ ਹੋਈ। ਇਸ ਸਮੇਂ ਬਣੀ ਸਰਕਾਰ ਵਿੱਚ ਸੀ. ਪੀ. ਐਮ ਦੇ ਮੁੱਖ ਆਗੂ ਜਯੋਤੀ ਵਾਸੂ ਗ੍ਰਹਿ ਅਤੇ ਪੁਲਿਸ ਵਿਭਾਗ ਦੇ ਮੰਤਰੀ ਬਣੇ। ਸੀ. ਪੀ. ਐਮ ਨੇ ਇਨ੍ਹਾਂ ਚੋਣਾਂ ਵਿਚ ਭਾਗ ਲੈਣ ਵੇਲੇ ਧੂਮ ਧੜੱਕੇ ਨਾਲ ਐਲਾਨ ਕੀਤਾ ਕਿ ਜੇਕਰ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਹੋ ਜਾਂਦੀ ਹੈ ਤਾਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।

ਫਰਵਰੀ 1967 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਦੋ ਇਨਕਲਾਬੀ ਆਗੂਆਂ ਕਾ. ਜੰਗਲ ਸੰਥਾਲ ਅਤੇ ਕਾ. ਸੁਰੇਨਬੋਸ ਨੂੰ ਇਨਕਲਾਬੀ ਸਿਆਸਤ ਦਾ ਪ੍ਰਚਾਰ ਵਾਸਤੇ ਅਤੇ ਸੀ.ਪੀ.ਐਮ. ਦੀ ਲੀਡਰਸ਼ਿੱਪ ਦਾ ਨਵਸੋਧਵਾਦੀ ਖਾਸਾ ਬੇਨਕਾਬ ਕਰਨ ਵਾਸਤੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਚੋਣਾਂ ਵੀ ਲੜਾਈਆਂ ਗਈਆਂ। ਇਸ ਤੋਂ ਬਾਅਦ ਲਗਾਤਾਰ ਇਨਕਲਾਬੀ ਲੀਹ ਅਤੇ ਇਨਕਲਾਬੀ ਘੋਲ ਦੇ ਵਿਰੋਧ ਸਦਕਾ ਸੀ. ਪੀ. ਐਮ ਦਾ ਸੋਧਵਾਦੀ ਅਤੇ ਜਮਾਤੀ ਭਿਆਲੀ ਵਾਲਾ ਖਾਸਾ ਹੇਠਲੀਆਂ ਸਫਾ ਅੰਦਰ ਦਿਨੋ-ਦਿਨ ਹੋਰ ਬੇਪਰਦ ਹੁੰਦਾ ਜਾ ਰਿਹਾ ਸੀ ਜਿਸ ਕਰਕੇ ਉਨਾਂ ਨੂੰ ਪਾਰਟੀ ਲੀਡਰਸ਼ਿਪ ਅਤੇ ਸਰਕਾਰ 'ਤੇ ਕੋਈ ਵਿਸ਼ਵਾਸ ਨਹੀਂ ਸੀ ਰਿਹਾ। ਇਨਕਲਾਬੀ ਕਮਿਉਨਿਸਟਾਂ ਨੇ ਲੋਕਾਂ ਨੂੰ ਤਿਆਰ ਕੀਤਾ ਕਿ ਉਹ ਨਵੀਂ ਬਣੀ ਸਰਕਾਰ ਨੂੰ ਆਪਣੇ ਵਾਅਦੇ ਨਿਭਾਉਣ ਲਈ ਮਜ਼ਬੂਰ ਕਰਨ। 7 ਮਈ 1967 ਨੂੰ ਹੋਈ ਕਿਸਾਨ ਕਾਨਫਰੰਸ ਤੋਂ ਪਹਿਲਾਂ ਨਕਸਲਬਾੜੀ ਅਤੇ ਇਸਦੇ ਨੇੜਲੇ ਇਲਾਕਿਆਂ ਅੰਦਰ ਕਿਸਾਨ ਕਾਨਫਰੰਸਾਂ ਹੋਈਆਂ ਜਿਨ੍ਹਾਂ ਅੰਦਰ ਜੋਤੇਦਾਰਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਤੇ ਪਾਸ ਕੀਤੇ ਗਏ। 7 ਮਈ 1967 ਨੂੰ ਸਿਲੀਗੁੜੀ ਵਿਖੇ ਹੋਈ ਮਜ਼ਦੂਰਾਂ ਕਿਸਾਨਾਂ ਦੀ ਤਹਿਸੀਲ ਪੱਧਰੀ ਸਾਂਝੀ ਕਾਨਫਰੰਸ ਹੋਈ। ਇਸ ਇਤਿਹਾਸਕ ਕਾਨਫਰੰਸ ਨੇ ਨਕਸਲਬਾੜੀ ਦੀ ਦੇਣ ਦਿੱਤੀ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਜ਼ੋਤੇਦਾਰਾਂ ਦੀ ਜ਼ਮੀਨ ਜਬਤ ਕਰਕੇ ਇਨਕਲਾਬੀ ਕਿਸਾਨ ਕਮੇਟੀਆਂ ਰਾਹੀਂ ਉਸਦੀ ਮੁੜ ਵੰਡ ਕੀਤੀ ਜਾਵੇ। ਜੋਤੇਦਾਰਾਂ ਅਤੇ ਪੁਲੀਸ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਹੋ ਕੇ ਟੱਕਰ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਅਤੇ ਪਿੰਡਾਂ ਦੀਆਂ ਇਨਕਲਾਬੀ ਕਿਸਾਨ ਕਮੇਟੀਆਂ ਵੱਲੋਂ ਸਾਰੇ ਪ੍ਰਸ਼ਾਸਨਿਕ ਕੰਮ ਆਪਣੇ ਹੱਥਾਂ ਵਿੱਚ ਲੈ ਲੈਣ ਦੇ ਐਲਾਨ ਕੀਤੇ ਗਏ।

ਇਸ ਕਾਨਫਰੰਸ ਦੇ ਐਲਾਨ ਤੋਂ ਤੁਰੰਤ ਬਾਅਦ ਕਿਸਾਨ ਵਿਦਰੋਹ ਤੇਜ਼ੀ ਨਾਲ ਫੁੱਟ ਪਿਆ ਅਤੇ ਨਕਸਲਬਾੜੀ ਦੇ ਇਰਦ-ਗਿਰਦ ਦੇ ਪਿੰਡਾਂ ਵਿੱਚ ਫੈਲ ਗਿਆ। ਹੁਣ ਸਾਂਝੇ ਮੋਰਚੇ ਦੀ ਸਰਕਾਰ ਜੋਤੇਦਾਰਾਂ ਦੇ ਹੱਕ ਵਿੱਚ ਨੰਗੇ-ਚਿੱਟੇ ਰੂਪ ਵਿਚ ਸਾਹਮਣੇ ਆ ਗਈ। 23 ਮਈ 1967 ਨੂੰ ਜੋਤੇਦਾਰਾਂ ਦੀ ਮੱਦਦ ਲਈ ਵੱਡੀ ਪੁਲਸ ਨਫਰੀ ਭੇਜੀ ਗਈ ਜਿਸਦਾ ਲੱਗਭੱਗ 3000 ਕਿਸਾਨਾਂ ਨੇ ਤੀਰ ਕਮੀਨਾਂ ਨਾਲ ਲੈਸ ਹੋ ਕੇ ਘਿਰਾਓ ਕਰ ਲਿਆ। ਇਸ ਸਮੇਂ ਹੋਈ ਝੜਪ ਵਿਚ ਤਿੰਨ ਪੁਲਸ ਕਰਮਚਾਰੀਆਂ ਸਮੇਤ ਬਹੁਤ ਸਾਰੇ ਲੋਕ ਫੱਟੜ ਹੋ ਗਏ। ਬਾਅਦ 'ਚ ਫੱਟੜ ਹੋਏ ਪੁਲਸ ਇਨਸਪੈਕਟਰ ਦੀ ਮੌਤ ਹੋ ਗਈ। ਕਿਸਾਨਾਂ ਦੀ ਬਗਾਵਤ ਨੂੰ ਕੁਚਲਣ ਲਈ 25 ਮਈ ਨੂੰ ਪੁਲਸ ਬਲਾਂ ਦਾ ਟਿੱਡੀਦਲ ਲੋਕਾਂ ਉੱਤੇ ਟੁੱਟ ਪਿਆ। ਜਿਸ ਸਮੇਂ ਪੁਲਸ ਆਈ ਤਾਂ ਉੱਦੋਂ ਕਿਸਾਨ ਬਗਾਵਤ ਦੀ ਹਮਾਇਤ 'ਚ ਨਿੱਤਰੀਆਂ ਔਰਤਾਂ ਇੱਕ ਵਿਸ਼ਾਲ ਮੁਜ਼ਾਰਹੇ ਦੀ ਸ਼ਕਲ 'ਚ ਮਾਰਚ ਕਰ ਰਹੀਆਂ ਸਨ। ਪੁਲਸ ਵੱਲੋਂ ਅੰਧਾਪੁੰਧ ਫਾਇਰਿੰਗ ਕੀਤੀ ਗਈ। ਜਿਸ ਵਿੱਚ ਸੱਤ ਔਰਤਾਂ ਅਤੇ ਦੋ ਬੱਚਿਆਂ ਸਮੇਤ 10 ਲੋਕ ਸ਼ਹਾਦਤ ਦਾ ਜਾਮ ਵੀ ਗਏ। ਇਸ ਘਟਨਾ ਨੇ ਬਲਦੀ ਉਪਰ ਤੇਲ ਪਾ ਦਿੱਤਾ। ਥਾਂ-ਥਾਂ 'ਤੇ ਜੋਤੇਦਾਰਾਂ ਦੀਆਂ ਫ਼ਸਲਾਂ ਅਤੇ ਜ਼ਮੀਨ ਉਪਰ ਕਬਜ਼ੇ ਬੜੀ ਤੇਜ਼ੀ ਨਾਲ ਹੋਣ ਲੱਗੇ। ਜੋਤੇਦਾਰਾਂ ਦੇ ਘਰਾਂ ਉਪਰ ਵੀ ਵੱਡੀ ਪੱਧਰ 'ਤੇ ਹਮਲੇ ਹੋਣ ਲੱਗੇ ਅਤੇ ਥਾਂ-ਥਾਂ ਜੋਤੇਦਾਰਾਂ ਦੀਆਂ ਜ਼ਮੀਨਾਂ ਉੱਪਰ ਲਾਲ ਝੰਡੇ ਲਹਿਰਾਉਣ ਲੱਗੇ। ਸਥਾਨਕ ਸੱਤਾ ਉਪਰ ਪੂਰੀ ਤਰ੍ਹਾਂ ਇਨਕਲਾਬੀ ਕਿਸਾਨ ਕਮੇਟੀਆਂ ਦਾ ਕਬਜ਼ਾ ਹੋ ਗਿਆ। ਇਹ ਘਟਨਾਵਾਂ ਜੰਗਲ ਦੀ ਅੱਗ ਵਾਂਗ ਸਾਰੇ ਦੇਸ਼ ਅੰਦਰ ਫੈਲ ਗਈਆਂ ਜਿਨ੍ਹਾਂ ਕਰਕੇ ਦੇਸ਼ ਭਰ ਦੇ ਕਮਿਊਨਿਸਟ ਇਨਕਲਾਬੀ ਹਾਕਮ ਜਮਾਤਾਂ, ਸੋਧਵਾਦੀਆਂ ਅਤੇ ਨਵ-ਸੋਧਵਾਦੀਆਂ ਨਾਲ ਲੋਹਾ ਲੈਣ ਲਈ ਸੰਘਰਸ਼ਾਂ ਦੇ ਮੈਦਾਨ 'ਚ ਕੁੱਦ ਪਏ। ਚੀਨੀ ਕਮਿਉਨਿਸਟ ਪਾਰਟੀ ਵੱਲੋਂ ਨਕਸਲਬਾੜੀ ਦੀ ਕਿਸਾਨ ਹਥਿਆਰਬੰਦ ਬਗਾਵਤ ਦੀ ਹਮਾਇਤ 'ਚ ਕੀਤੀਆਂ ਟਿੱਪਣੀਆਂ ਨੇ ਇਸ ਅਮਲ ਨੂੰ ਹੋਰ ਉਗਾਸਾ ਦਿੱਤਾ।

ਨਕਸਲਬਾੜੀ ਦੇ ਸੰਘਰਸ਼ ਨੂੰ ਸੁਚਾਰੂ ਰੂਪ 'ਚ ਚਲਾਉਣ, ਇਸ ਕਿਸਮ ਦੇ ਸੰਘਰਸ਼ਾਂ ਨੂੰ ਦੇਸ਼ ਪੱਧਰ 'ਤੇ ਫੈਲਾਉਣ, ਸੋਧਵਾਦ ਅਤੇ ਨਵਸੋਧਵਾਦ ਦਾ ਟਾਕਰਾ ਕਰਦਿਆਂ ਅਤੇ ਇਨ੍ਹਾਂ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਦਿਆਂ ਮਾਰਕਸਵਾਦ-ਲੈਨਿਨਵਾਦ ਮਾਓ ਜੇ ਤੁੰਗ ਵਿਚਾਰਧਾਰਾ ਨੂੰ ਉੱਚਿਆਉਣ, ਪਾਰਲੀਮਾਨੀ ਰਾਹ ਨੂੰ ਰੱਦ ਕਰਕੇ ਲੋਕ ਯੁੱਧ ਦਾ ਰਾਹ ਅਪਨਾਉਣ ਅਤੇ ਇਸਦੀ ਰੌਸ਼ਨੀ 'ਚ ਭਾਰਤ ਅੰਦਰ ਇਨਕਲਾਬੀ ਪ੍ਰੋਗਰਾਮ ਘੜਨ ਲਈ ਸੀ.ਪੀ.ਐਮ. ਅੰਦਰ ਬਣੀ ਤਾਲਮੇਲ ਕਮੇਟੀ ਤੋਂ ਅਗਾਂਹ ਕਮਿਉਨਿਸਟ ਇਨਕਲਾਬੀਆਂ ਦੀ ਕੁੱਲ ਹਿੰਦ ਤਾਲਮੇਲ ਕਮੇਟੀ (ਏ.ਆਈ. ਸੀ.ਸੀ.ਸੀ.ਆਰ) ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਜਿਥੇ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸੰਘਰਸ਼ਾਂ ਦੇ ਤਜਰਬਿਆਂ ਦਾ ਅਦਾਨ ਪ੍ਰਦਾਨ ਕਰਨਾ ਸੀ ਉੱਥੇ ਸਿਆਸੀ-ਵਿਚਾਰਧਾਰਕ ਵਖਰੇਵਿਆਂ ਨੂੰ ਵੀ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹੱਲ ਕਰਨਾ ਸੀ ਅਤੇ ਇਉਂ ਕਰਦੇ ਹੋਏ ਦੇਸ਼ ਅੰਦਰ ਇੱਕ ਦਰੁਸਤ ਕਮਿਉਨਿਸਟ ਇਨਕਲਾਬੀ ਪਾਰਟੀ ਬਨਾਉਣ ਲਈ ਰਾਹ ਪੱਧਰ ਕਰਨਾ ਸੀ। ਪਰ ਕਾ.ਚਾਰੂ ਮਾਜੂਮਾਦਾਰ ਦੀ ਅਗਵਾਈ 'ਚ ਭਾਰੂ ਲੀਡਰਸ਼ਿਪ ਦੀ ਮਾਅਰਕੇਬਾਜ਼ ਅਤੇ ਤੰਗ ਨਜ਼ਰ ਸੋਚ ਕਾਰਨ ਦੱਖਣ ਦੇਸ਼ ਵਰਗੇ ਗਰੁੱਪ ਤਾਂ ਤਾਲਮੇਲ ਕਮੇਟੀ ਦੇ ਘੇਰੇ 'ਚੋਂ ਹੀ ਬਾਹਰ ਰਹਿ ਗਏ ਅਤੇ ਕਾ.ਡੀ.ਵੀ. ਰਾਓ ਅਤੇ ਨਾਗੀਰੈਡੀ ਵਰਗੇ ਤਜਰਬੇਕਾਰ ਆਗੂਆਂ ਨੂੰ ਕੁਲਹਿੰਦ ਤਾਲਮੇਲ ਕਮੇਟੀ 'ਚੋਂ ਬਾਹਰ ਕਰ ਦਿੱਤਾ ਗਿਆ ਅਤੇ ਇਉਂ ਖੱਬੀ ਮਾਅਰਕੇਬਾਜ਼ੀ ਦੇ ਬੋਲਬਲੇ ਹੇਠ ਸੀ.ਪੀ.ਆਈ.(ਮ.ਲ) ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ। 22 ਅਪ੍ਰੈਲ 1969 ਨੂੰ ਏ.ਆਈ.ਸੀ.ਸੀ.ਸੀ.ਆਰ. ਵੱਲੋਂ ਨਵੀਂ ਪਾਰਟੀ ਸੀ.ਪੀ.ਆਈ.(ਮ.ਲ.) ਬਨਾਉਣ ਦਾ ਮਤਾ ਪਾਸ ਕੀਤਾ ਗਿਆ। 1 ਮਈ 1969 ਨੂੰ ਕਲਕੱਤਾ ਵਿਖੇ ਵਿਸ਼ਾਲ ਇਕੱਠੇ ਕਰਕੇ ਐਲਾਨੀ ਇਸ ਪਾਰਟੀ ਵਲੋਂ ਅਪਣਾਈ ਖੱਬੀ ਮਾਅਕੇਬਾਜ਼ ਸੇਧ ਲੱਗਭੱਗ ਇਕ ਸਾਲ ਦੇ ਅਰਸੇ ਬਾਅਦ ਹੋਈ ਪਾਰਟੀ ਦੀ ''ਅੱਠਵੀਂ ਕਾਂਗਰਸ'' ਦੇ ਸਮੇਂ ਤੱਕ ਆਪਣੇ ਸਿੱਖਰ 'ਤੇ ਪਹੁੰਚ ਚੁੱਕੀ ਸੀ। ਜਮਾਤੀ  ਦੁਸ਼ਮਣ ਦੇ ਸਫ਼ਾਏ ਦੀ ਲੀਹ ਨੂੰ ਲੋਕ ਯੁੱਧ ਕਹਿਣ ਅਤੇ ਇਸਨੂੰ ਸੰਘਰਸ਼ ਦੀ ਇਕੋ ਇੱਕ ਸ਼ਕਲ ਗਰਦਾਨਣ, ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਦਾ ਭੋਗ ਪਾਉਣ ਅਤੇ ਹੋਰ ਬਹੁਤ ਸਾਰੀਆਂ ਗਲਤ ਪੋਜੀਸ਼ਨਾਂ ਕਰਕੇ ਸੀ.ਪੀ.ਆਈ. (ਮ.ਲ) 'ਚ ਖਿੰਡਾਅ ਦਾ ਸਿਲਸਲਾ ਸ਼ੁਰੂ ਹੋ ਗਿਆ ਜੋ ਅੱਗੇ ਵਧਦਾ ਹੋਇਆ ਇਸਨੂੰ ਅਨੇਕਾਂ ਗਰੁੱਪਾਂ ਅਤੇ ਫਾਕਾਂ 'ਚ ਵੰਡਣ ਦਾ ਕਾਰਨ ਬਣਿਆ। ਜੇਕਰ ਇੱਕ ਸਮੇਂ ਲਹਿਰ ਅੰਦਰ ਆਏ ਖੱਬੂ ਕੁਰਾਹੇ ਦੇ ਸਦਕਾ ਇਹ ਫੁੱਟਾਂ-ਟੁੱਟਾਂ ਦਾ ਸ਼ਿਕਾਰ ਹੋਈ ਤਾਂ ਉਸਦੇ ਬਾਅਦ ਹੋਰ ਬਹੁਤ ਸਾਰੇ ਕਾਰਨ ਹਨ ਜਿਸ ਕਰਕੇ ਲਹਿਰ ਅੰਦਰ ਪਾਟੋਧਾੜ ਵਾਲੀ ਹਾਲਤ ਬਣੀ ਹੋਈ ਹੈ। ਬਹੁਤ ਸਾਰੇ ਗਰੁੱਪ ਅਤੇ ਰੁਝਾਨ ਆਪਣੇ ਆਪ ਨੂੰ ਇੱਕੋ ਇੱਕ ਸਹੀ ਕਮਿਊਨਿਸਟ ਹੋਣ ਦੀ ਜਿੰਨੀ ਮਰਜ਼ੀ ਆਪਣੀ ਪਿੱਠ ਥੱਪ ਥਪਾਉਣ ਪਰ ਅੱਜ ਦੇ ਸਮੇਂ ਦੀ ਇਹ ਕੋੜੀ ਹਕੀਕਤ ਹੈ ਕਿ ਭਾਰਤ ਅੰਦਰ ਅਜੇ ਵੀ ਸਹੀ ਕਮਿਊਨਿਸਟ ਪਾਰਟੀ ਦਾ ਨਿਰਮਾਣ ਨਹੀਂ ਹੋ ਸਕਿਆ। ਇਸ ਹਾਲਤ ਦੇ ਬਹੁਤ ਸਾਰੇ ਕਾਰਨ ਹਨ। ਜਿਨ੍ਹਾਂ ਨੂੰ ਸਮਝਕੇ ਦਰੁਸਤ ਹੱਲ ਦੀ ਜ਼ਰੂਰਤ ਹੈ।

ਕਮਿ. ਇਨ. ਲਹਿਰ ਸਾਹਮਣੇ ਦਰਪੇਸ਼ ਕੁਝ ਮਸਲੇ

ਸਭ ਤੋਂ ਪਹਿਲਾਂ ਮਸਲਾ ਤਾਂ ਵਿਚਾਰਧਾਰਾ ਦਾ ਹੀ ਹੈ। ਮਜ਼ਦੂਰ ਜਮਾਤ ਦੇ ਮਹਾਨ ਉਸਤਾਦਾਂ ਮਾਰਕਸ, ਐਂਗਲਜ਼ ਲੈਨਿਨ, ਸਟਾਲਿਨ ਅਤੇ ਮਾਓ ਦੀਆਂ ਦੇਣਾਂ ਦੇ ਮੁਲੰਕਣ ਸਬੰਧੀ ਤਰ੍ਹਾਂ ਤਰ੍ਹਾਂ ਦਾ ਮਸਲੇ ਉਠਦੇ ਰਹੇ ਹਨ। ਨਕਸਲਬਾੜੀ ਘਟਨਾ ਸਮੇਂ ਮਾਰਕਸਵਾਦ-ਲੈਨਿਨ-ਮਾਓ ਵਿਚਕਾਰ ਨੂੰ ਰਾਹ ਦਰਸਾਊ ਵਿਚਾਰਧਾਰਾ ਮੰਨ ਲੈਣ ਦੇ ਬਾਵਜੂਦ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਪੇਸ਼ ਕੀਤੇ ਤਿੰਨ ਦੁਨੀਆ ਦੇ ਸੋੋਧਵਾਦੀ ਸਿਧਾਂਤ ਅਤੇ ਅਨਵਰ ਹੋਜ਼ਾ ਦੀ ਅਗਵਾਈ ਹੇਠ ਬਣੀ ਅਲਬਾਨੀਆਂ ਦੀ ਪਾਰਟੀ ਵੱਲੋਂ ਦੋ ਦੁਨੀਆਂ ਦੇ ਸੋਧਵਾਦੀ ਸਿਧਾਂਤ ਬਾਰੇ ਸਹੀ ਸਮਝ ਅਪਨਾਉਣ ਉੱਤੇ ਕਾਫੀ ਰੱਟੇ ਅਤੇ ਫੁੱਟਾਂ ਸਾਹਮਣੇ ਆਈਆਂ। ਇਸੇ ਤਰ੍ਹਾਂ ਚੀਨ ਅੰਦਰ ਸਰਮਾਏਦਾਰਾ ਰਾਹ 'ਤੇ ਚੱਲਣ ਵਾਲਿਆ ਵਿਰੁੱਧ ਸੰਘਰਸ਼ ਕਰਦੇ ਹੋਏ ਕਾ. ਮਾਓ-ਜੇ-ਤੁੰਗ ਵੱਲੋਂ ਨਿਰੰਤਰ ਇਨਕਲਾਬ ਦਾ ਸਿਧਾਂਤ ਪੇਸ਼ ਕੀਤਾ ਗਿਆ ਜੋ ਮਹਾਨ ਪ੍ਰੋਲੋਤਾਰੀ ਸਭਿਆਚਾਰਕ ਇਨਕਲਾਬ ਦੇ ਰੂਪ ਵਿੱਚ ਚੀਨ ਅੰਦਰ ਲਾਗੂ ਕੀਤਾ ਗਿਆ, ਇਸ ਦਾ ਸਹੀ ਮੁਲਅੰਕਣ ਕਰਨ ਬਾਰੇ ਪੈਦਾ ਹੋਏ ਮੱਤਭੇਦ ਵੀ ਟੁੱਟਾਂ-ਫੁੱਟਾਂ ਦੇ ਕਾਰਨ ਬਣੇ। ਅੱਜ ਵੀ ਕੋਈ ਕਾ.ਮਾਓ ਦੀਆਂ ਦੇਣਾਂ ਨੂੰ ਮਾਓ ਵਿਚਾਰਧਾਰਾ, ਕੋਈ ਮਾਓਵਾਦ ਅਤੇ ਕੋਈ ਸਿਰਫ਼ ਮਹੱਤਵਪੂਰਨ ਦੇਣਾਂ ਕਹਿਕੇ ਸਤੁੰਸ਼ਟ ਹੈ। ਇਸਤੋਂ ਵੀ ਅੱਗੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਕੁਝ ਹਿੱਸੇ ਅਜਿਹੇ ਵੀ ਹਨ ਜੋ ਵਿਚਾਰਧਾਰਾ ਦੇ ਖੇਤਰ 'ਚ ਮਾਓਵਾਦ ਤੋਂ ਵੀ ਅੱਗੇ ਜਾਣ ਦੀ ਗੱਲ ਕਰਦੇ ਹਨ। ਇਸ ਕਰਕੇ ਵਿਚਾਰਧਾਰਾ ਦੇ ਮਸਲੇ ਸਬੰਧੀ ਵਖਰੇਵਿਆਂ ਉੱਪਰ ਚਰਚਾ ਕਰਕੇ ਦਰੁਸਤ ਸਾਂਝੀ ਸਮਝ ਨਿਤਾਰਨ ਦੀ ਲੋੜ ਹੈ।

ਦੂਸਰਾ ਵੱਡਾ ਮਸਲਾ ਮਜ਼ਦੂਰ ਜਮਾਤ ਦੀ ਵਿਗਿਆਨਕ ਵਿਚਾਰਧਾਰਾ ਜੋ ਅੱਜ ਤੱਕ ਨਿੱਤਰੇ ਰੂਪ ਵਿੱਚ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਹੈ, ਇਸਨੂੰ ਠੋਸ ਰੂਪ ਵਿੱਚ ਭਾਰਤ ਦੀਆਂ ਹਾਲਤਾਂ ਅਨੁਸਾਰ ਲਾਗੂ ਕਰਨ ਦਾ ਹੈ ਭਾਵ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਨੂੰ ਨਜਿੱਠਣ ਦਾ ਹੈ। ਅੱਜ ਹੂ-ਬ-ਹੂ 1970 'ਚ ਤਹਿ ਕੀਤੇ ਪ੍ਰੋਗਰਾਮ ਅਤੇ ਰਾਹ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਖੌਤੀ ਆਜ਼ਾਦੀ ਦੇ 70 ਵਰ੍ਹਿਆਂ ਤੋਂ ਬਾਅਦ ਬਥੇਰਾ ਪਾਣੀ ਪੁਲਾਂ ਹੇਠੋਂ ਵਗ ਚੁੱਕਿਆ ਹੈ। ਨਕਸਲਬਾੜੀ ਬਗਾਵਤ ਮੌਕੇ ਵੀ ਭਾਰਤ ਦੇ ਜਰਈ ਖੇਤਰ ਅੰਦਰ ਕੁੱਝ ਤਬਦੀਲੀਆਂ ਦੇ ਚਿੰਨ ਪਰਗਟ ਹੋ ਗਏ ਸਨ ਜੋ ਬਾਅਦ 'ਚ ਹਰੇ ਇਨਕਲਾਬ ਦੀਆਂ ਨੀਤੀਆਂ ਸਦਕਾ ਜ਼ਿਆਦਾ ਉਘੜਵੇਂ ਰੂਪ 'ਚ ਪ੍ਰਗਟ ਹੋ ਚੁੱਕੇ ਹਨ। ਭਾਰਤ ਅੰਦਰ ਹਰੇ ਇਨਕਲਾਬ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿਥੇ ਜਾਗੀਰੂ ਸਬੰਧਾਂ ਵਾਲੇ ਜ਼ਰੱਈ ਰਿਸ਼ਤਿਆਂ ਅੰਦਰ ਵੱਡੀਆਂ ਤਬਦੀਲੀਆਂ ਆਈਆਂ ਹਨ। ਇਥੇ ਖੇਤੀਬਾੜੀ ਦਾ ਤਰੀਕਾ ਮੁੱਖ ਤੌਰ 'ਤੇ ਸਰਮਾਏਦਾਰਾ ਬਣ ਚੁੱਕਿਆ ਹੈ। ਇਨ੍ਹਾਂ ਖੇਤਰਾਂ ਦੀ ਜਿਣਸੀ ਪੈਦਾਵਾਰ ਸਥਾਨਕ ਮੰਡੀ ਲਈ ਨਹੀਂ ਬਲਕਿ ਦੇਸ਼-ਵਿਦੇਸ਼ ਦੀ ਮੰਡੀ ਵਾਸਤੇ ਹੋ ਰਹੀ ਹੈ। ਸਰਮਾਏਦਾਰਾ ਭੂਮੀ ਪਤੀ ਅਤੇ ਪੇਂਡੂ ਮਜ਼ਦੂਰਾਂ ਦੀਆਂ ਜਮਾਤਾਂ ਪ੍ਰਤੱਖ ਰੂਪ ਵਿੱਚ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਸਾਮਰਾਜੀ ਅਤੇ ਭਾਰਤੀ ਦਲਾਲ ਸਰਮਾਏਦਾਰੀ ਦੀ ਪੂੰਜੀ ਦੇ ਸਿੱਟੇ ਵਜੋਂ ਨਵੀਆਂ ਤਕਨੀਕਾਂ, ਆਵਾਜਾਈ ਤੇ ਸੰਚਾਰ ਸਾਧਨਾਂ ਦੇ ਵਿਕਾਸ ਤੋਂ ਇਲਾਵਾ ਆਲ-ਜਾਲ ਦਾ ਨਵੀਨ ਢਾਂਚਾ, ਵੱਡੇ ਵੱਡੇ ਸ਼ਹਿਰਾਂ ਅਤੇ ਮੰਡੀਆਂ ਦਾ ਵਿਕਾਸ, ਦੂਸਰੀ ਸੰਸਾਰ ਜੰਗ ਤੋਂ ਬਾਅਦ ਸਾਮਰਾਜ ਦੇ ਚਲਣ 'ਚ ਆਈਆਂ ਤਬਦੀਲੀਆਂ ਅਤੇ ਇਨ੍ਹਾਂ ਦੇ ਵਿਕਸਤ ਤੇ ਪਛੜੇ ਦੇਸ਼ਾਂ ਦੀ ਸਮਾਜਿਕ-ਆਰਥਿਕ ਬਣਤਰ 'ਤੇ ਪਏ ਪ੍ਰਭਾਵ ਆਦਿਕ ਬਹੁਤ ਸਾਰੇ ਹੋਰ ਅਜਿਹੇ ਫੈਕਟਰ ਹਨ ਜੋ ਦਰਸਾਉਂਦੇ ਹਨ ਕਿ ਜੜ੍ਹ ਸੂਤਰੀ ਢੰਗ ਨਾਲ 1970 ਵਿਆਂ ਦੇ ਪ੍ਰੋਗਰਾਮ ਦਾ ਰਟਣ ਮੰਤਰ ਕਰਨ ਨਾਲ ਕੁਝ ਨਹੀਂ ਹੋਣਵਾਲਾ। ਇਸ ਕਰਕੇ ਜ਼ਰੂਰਤ ਹੈ ਕਿ ਸਾਮਰਾਜਵਾਦੀ ਪ੍ਰਬੰਧ ਅੰਦਰ ਭਾਰਤ ਦੇ ਹੋਏ ਘਟਨਾ ਵਿਕਾਸ ਨੂੰ ਸਮਝਦੇ ਹੋਏ ਪਛੜੇ,'ਵਿਕਸਤ' ਖੇਤਰਾਂ ਅਤੇ ਸ਼ਹਿਰਾਂ ਅੰਦਰ ਇਨਕਲਾਬੀ ਕੰਮ ਦੇ ਤੌਰ ਤਰੀਕਿਆਂ ਨੂੰ ਸਿਆਣਪ ਨਾਲ ਮੇਲਿਆ ਜਾਵੇ।

ਤੀਸਰਾ ਵੱਡਾ ਮੁੱਦਾ ਜਥੇਬੰਦਕ ਕਾਰ ਵਿਹਾਰ ਦਾ ਹੈ। ਇਸ ਦੇਸ਼ ਅੰਦਰ ਬਨਣ ਵਾਲੀ ਸਹੀ ਕਮਿਉਨਿਸਟ ਦਾ ਢਾਂਚਾ ਕਿਹੋ ਜਿਹਾ ਹੋਵੇਗਾ? ਇੱਕ ਅਰਧ ਮਹਾਂਦੀਪੀ ਦੇਸ਼ ਅੰਦਰ ਬਨਣ ਵਾਲੀ ਪਾਰਟੀ ਭਾਵੇਂ ਜਮਹੂਰੀ ਕੇਂਦਰੀਵਾਦ ਦੇ ਲੈਨਿਨੀ ਅਸੂਲ ਮੁਤਾਬਕ ਹੀ ਬਣੇਗੀ ਪਰ ਇਸ ਅਸੂਲ ਨੂੰ ਸਜ਼ਿੰਦ ਰੂਪ 'ਚ ਲਾਗੂ ਕਰਨਾ ਪਵੇਗਾ। ਕੇਂਦਰੀ ਅਗਵਾਈ ਅਤੇ ਸਥਾਨਕ ਪਹਿਲ ਕਦਮੀ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਪੁਰਾਣੇ ਤਜ਼ਰਬਿਆਂ ਤੋਂ ਸਿੱਖਦੇ ਹੋਏ ਕੇਂਦਰ ਦਾ ਰੋਲ ਆਮ ਸੇਧ ਅਤੇ ਅਗਵਾਈ ਮੁਹੱਈਆ ਕਰਨ ਅਤੇ ਠੋਸ ਸਮੱਸਿਆਵਾਂ ਜੋ ਖ਼ਾਸ ਖੇਤਰ ਨਾਲ ਸਬੰਧਿਤ ਹੋਣ ਉਨ੍ਹਾਂ ਨੂੰ ਸਥਾਨਕ ਪੱਧਰ 'ਤੇ ਨਜਿੱਠਨ ਦੇ ਢੰਗ ਤਰੀਕੇ ਆਪਨਾਉਣੇ ਪੈਣਗੇ। ਇਹ ਵਿਚਰੇਗੀ ਕਿਵੇਂ? ਇਸ ਸਬੰਧੀ ਵੀ ਕੋਈ ਘੜਿਆ ਘੜਾਇਆ ਮੰਤਰ ਨਹੀਂ ਹੋ ਸਕਦਾ। ਕਿਸੇ ਇੱਕ ਤਰੀਕੇ 'ਤੇ ਜ਼ੋਰ ਦੇਣ ਦਾ ਅਰਥ ਜਾਂ ਤਾਂ ਕੱਟੜਵਾਦੀ ਹੋਣਾ ਹੈ ਅਤੇ ਜਾਂ ਸੋਧਵਾਦੀ ਰਸਤੇ ਦੀ ਪੈਰੋਕਾਰੀ ਕਰਨਾ।

ਚੌਥਾ ਵੱਡਾ ਮੁੱਦਾ ਅਮਲੀ ਸਰਗਰਮੀਆਂ ਦਾ ਹੈ। ਸਾਡੇ ਦੇਸ਼ ਅੰਦਰ ਇਨਕਲਾਬੀ ਅਭਿਆਸ ਦਾ ਕੀ ਅਰਥ ਹੈ? ਇਸ ਬਾਰੇ ਵੀ ਸਮਝਾਂ ਦੇ ਵੱਡੇ ਵਖਰੇਵੇਂ ਹਨ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲੋਕਾਂ ਦੀਆਂ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਹਾਲਤਾਂ 'ਚ ਬਹੁਤ ਭਿੰਨ੍ਹਤਾ ਹੈ। ਇਸ ਕਰਕੇ ਜੇਕਰ ਕੋਈ ਇਹ ਸੋਚਦਾ ਹੈ ਕਿ ਦੇਸ਼ ਅੰਦਰ ਇਨਕਲਾਬ ਕਰਨ ਲਈ ਜੰਗਲੀ-ਪਹਾੜੀ ਇਲਾਕਿਆਂ ਵਾਲੇ ਦਾਅ ਪੇਚ ਭਾਵੇਂ ਥੋੜਾ ਪਛੜ ਕੇ ਹੀ ਸਹੀ, ਮੈਦਾਨੀ ਇਲਾਕਿਆਂ ਅੰਦਰ ਵੀ ਲਾਗੂ ਹੋਣ ਯੋਗ ਹਨ ਤਾਂ ਉਹ ਨਿਰੀ ਖਾਮ-ਖਿਆਲੀ ਦਾ ਸ਼ਿਕਾਰ ਹੈ। ਇਸੇ ਤਰ੍ਹਾਂ ਲਹਿਰ ਦੇ ਅੰਤਿਮ ਨਿਸ਼ਾਨੇ ਅਤੇ ਸੰਘਰਸ਼ ਦੀਆਂ ਉਚਤਮ ਸ਼ਕਲਾਂ 'ਤੇ ਜ਼ੋਰ ਦੇਣਾ ਲੇਕਿਨ ਸੰਘਰਸ਼ ਦੇ ਆਰਥਿਕ, ਜਮਹੂਰੀ ਅਤੇ ਅੰਸ਼ਿਕ ਮਸਲਿਆਂ 'ਤੇ ਸੰਘਰਸ਼ ਦੀਆਂ ਵੱਖ ਵੱਖ ਸ਼ਕਲਾਂ ਨੂੰ ਅਣਡਿੱਠ ਕਰਨਾ ਜਾਂ ਇਨ੍ਹਾਂ ਦੀ ਕਦਰ ਘਟਾਈ ਕਰਨਾ ਵੀ ਉਨ੍ਹਾਂ ਹੀ ਗਲਤ ਹੈ ਜਿਨ੍ਹਾਂ ਲੈਨਿਨ ਦੇ ਸ਼ਬਦਾਂ ਵਿੱਚ 'ਲਹਿਰ ਹੀ ਸਭ ਕੁੱਝ ਹੈ' ਅੰਤਿਮ ਨਿਸ਼ਾਨਾ ਕੁੱਝ ਵੀ ਨਹੀਂ। ਇਨ੍ਹਾਂ ਮਸਲਿਆਂ ਪ੍ਰਤੀ ਕਾ. ਚਾਰੂ ਮਾਜੂਮਦਾਰ ਵੱਲੋਂ ਸਮੁੱਚੇ ਦੇਸ਼ ਲਈ ਲਾਗੂ ਕੀਤੀ ਗਈ ਜਮਾਤੀ ਦੁਸ਼ਮਣ ਦੇ ਸਫ਼ਾਏ ਦੀ ਲੀਹ ਅਤੇ ਦੂਸਰੇ ਪਾਸੇ ਸੋਧਵਾਦੀਆਂ ਅਤੇ ਨਵਸੋਧਵਾਦੀਆਂ ਵੱਲੋਂ ਵਿੱਢੇੇ ਜਾਂਦੇ ਕਾਨੂੰਨੀ ਅਤੇ ਆਰਥਿਕ ਘੋਲਾਂ ਦੇ ਲੱਛਣ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਕਮਿਉਨਿਸਟ ਇਨਕਲਾਬੀ ਲਹਿਰ ਵਿੱਚ ਪਾਏ ਜਾ ਸਕਦੇ ਹਨ। ਦੋਨਾਂ ਵਿੱਚ ਰਾਜਸੀ ਘੋਲਾਂ, ਰਾਜਸੀ ਜਥੇਬੰਦੀਆਂ ਅਤੇ ਰਾਜਸੀ ਸਿਖਲਾਈ ਦੀ ਮਹੱਤਤਾ ਨੂੰ ਉੱਚਿਤ ਸਥਾਨ ਨਹੀਂ ਦਿੱਤਾ ਜਾਂਦਾ।

ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਹਨ। ਜਿਨ੍ਹਾਂ ਉੱਤੇ ਕਮਿਉਨਿਸਟ ਇਨਕਲਾਬੀ ਲਹਿਰ ਵਿੱਚ ਖੁਲ੍ਹਕੇ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ। ਇਹ ਵਿਚਾਰ-ਵਟਾਂਦਰਾ ਜਿੱਥੇ ਕਮਿਊਨਿਸਟ ਇਨਕਲਾਬੀ ਲਹਿਰ ਦਰਮਿਆਨ ਇੱਕ ਦੂਸਰੇ ਤੋਂ ਸਿੱਖਣ-ਸਿਖਾਉਣ ਦੀ ਭਾਵਨਾ ਨਾਲ ਹੋਣਾ ਚਾਹੀਦਾ ਹੈ ਉੱਥੇ ਇਹ ਹੋਰ ਵੱਖ-ਵੱਖ ਵਿਚਾਰਾਂ ਵਾਲੀਆਂ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨਾਲ ਵੀ ਹੋਣਾ ਚਾਹੀਦਾ ਹੈ। ਸਹੀ ਵਿਚਾਰ, ਸਹੀ ਦਲੀਲਾਂ ਭਾਵੇਂ ਇਸ ਦਾ ਸੋਮਾ ਕੋਈ ਹੋਵੇ, ਇਹ ਘੱਟ ਹੋਣ ਜਾਂ ਵੱਧ, ਇਨ੍ਹਾਂ ਨੂੰ ਆਤਮਸਾਤ ਕਰਕੇ ਆਪਣੇ ਸਿਧਾਂਤ ਅਤੇ ਵਿਚਾਰਧਾਰਾ ਨੂੰ ਹੋਰ ਵੱਧ ਅਮੀਰ ਕਰਨ ਅਤੇ ਸਮੇਂ ਅਨੁਕੂਲ ਬਨਾਉਣ ਦੀ ਹਰਦਮ ਕੋਸ਼ਿਸ਼ ਰਹਿਣੀ ਚਾਹੀਦੀ ਹੈ। ਅਜਿਹਾ ਕਰਕੇ ਕਿ ਕਮਿਉਨਿਸਟ ਇਨਕਲਾਬੀ ਲਹਿਰ ਆਪਣੀ ਏਕਤਾ ਦੇ ਕਾਰਜ ਨੂੰ ਜ਼ਿਆਦਾ ਉਚੇਰੇ ਪੱਧਰ 'ਤੇ ਹਾਸਲ ਕਰ ਸਕੇਗੀ ਅਤੇ ਆਪਣੇ ਵਿਚੋਂ ਜ਼ਿਆਦਾ ਸਮਝਦਾਰ ਲੀਡਰਸ਼ਿਪ ਅਤੇ ਕਾਡਰ ਨੂੰ ਪੈਦਾ ਕਰ ਸਕੇਗੀ। ਨਕਸਲਬਾੜੀ ਬਗਾਵਤ ਦੀ ਵਿਰਾਸਤ ਨੂੰ ਬੁਲੰਦ ਕਰਨ ਲਈ ਇਨ੍ਹਾਂ ਮਸਲਿਆਂ ਨੂੰ ਸੰਬੋਧਤ ਹੋਣਾ ਬਹੁਤ ਜ਼ਰੂਰੀ ਹੈ।

ਕਮਿਉਨਿਸਟ ਇਨਕਲਾਬੀ ਲਹਿਰ ਦੀ ਏਕਤਾ ਕੌਮੀ ਅਤ ਕੌਮਾਂਤਰੀ ਪੱਧਰ 'ਤੇ ਬਣ ਰਹੀਆਂ ਧਮਾਕਾਖੇਜ ਹਾਲਤਾਂ ਦੇ ਮੱਦੇ ਨਜ਼ਰ ਹੋਰ ਵੀ ਬਹੁਤ ਜ਼ਰੂਰੀ ਹੈ। ਦੇਸ਼ ਅਤੇ ਦੁਨੀਆਂ ਅੰਦਰ ਅੱਤ ਦੀਆਂ ਪਿੱਛਾਕੜ ਤਾਕਤਾਂ ਦਾ ਬੋਲਵਾਲਾ ਵਧ ਰਿਹਾ ਹੈ ਜੋ ਪੂਰੀ ਦੁਨੀਆਂ ਅੰਦਰ ਅਮਨ-ਚੈਨ ਲਈ ਖਤਰਾ ਬਣ ਰਿਹਾ ਹੈ। ਸਾਮਰਾਜੀ ਤਾਕਤਾਂ ਆਪਣੇ ਸੰਕਟਾਂ ਦਾ ਭਾਰਮਿਹਨਤਕਸ਼ ਲੋਕਾਂ ਅਤੇ ਪਛੜੇ ਦੇਸ਼ਾਂ ਉੱਪਰ ਸੁੱਟਣ ਲਈ ਜੰਗਬਾਜ਼ ਨੀਤੀਆਂ ਆਪਣਾ ਰਹੀਆਂ ਹਨ ਅਤੇ ਨਿਰਦੋਸ਼ ਲੋਕਾਂ ਦਾ ਘਾਣ ਕਰ ਰਹੀਆਂ ਹਨ। ਇਹੋ ਕੁੱਝ ਮੋਦੀ ਸਰਕਾਰ ਦੇਸ਼ ਅੰਦਰ ਕਰ ਰਹੀ ਹੈ। ਉਸ ਵੱਲੋਂ ਹਿੰਦੂ ਫਾਸ਼ੀ ਤਾਕਤਾਂ ਦੀਆਂ ਲਗਾਮਾਂ ਖੁਲ੍ਹੀਆਂ ਛੱਡਕੇ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਸਾਹ ਬੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਹਿੰਦੂ ਰਾਸ਼ਟਰਵਾਦ ਭੜਕਾਕੇ ਕਸ਼ਮੀਰੀ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਗਵਾਂਢੀ ਦੇਸ਼ ਪਾਕਿਸਤਾਨ ਅਤੇ ਚੀਨ ਪ੍ਰਤੀ ਦੁਸ਼ਮਣੀ ਵਾਲੇ ਮਹੌਲ ਨੂੰ ਜਰਬਾਂ ਦਿੱਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਅਤੇ ਸੰਘ ਪਰਿਵਾਰ ਵੱਲੋਂ ਆਪਣੇ ਹਰ ਵਿਰੋਧੀ ਨੂੰ ਦਬਾਉਣ ਲਈ ਉਸ ਉੱਪਰ ਦੇਸ਼ ਧਰੋਹੀ ਹੋਣ ਦਾ ਬਿੱਲਾ ਲਾਇਆ ਜਾ ਰਿਹਾ ਹੈ। ਪਿਛਾਂਹ ਖਿਚੂ ਕਦਰਾਂ ਕੀਮਤਾਂ ਨੂੰ ਲੋਕਾਂ ਉੱਤੇ ਠੋਸ ਕੇ ਮੱਧਯੁਗੀ ਹਾਲਾਤ ਵੱਲ ਧੱਕਿਆ ਜਾ ਰਿਹਾ ਹੈ। ਅਜਿਹੇ ਦਬਾਊ ਮਹੌਲ 'ਚ ਦੇਸ਼ੀ ਵਿਦੇਸ਼ੀ ਵੱਡੇ ਕਾਰਪੋਰੇਟਾਂ ਨੂੰ ਖੁੱਲ੍ਹ ਖੇਡਣ ਦੇ ਪੂਰੇ ਮੌੋਕੇ ਦਿੱਤੇ ਜਾ ਰਹੇ ਹਨ। ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਾਰਨ ਲਈ ਇੱਕ ਦਰਸਤ ਲੀਹ ਦੇ ਅਧਾਰ ਉੱਤੇ ਕਮਿਉਨਿਸਟ ਇਨਕਲਾਬੀਆਂ ਦੀ ਏਕਤਾ ਸਮੇਂ ਦੀ ਵੱਡੀ ਲੋੜ ਹੈ।

‘ਲਾਲ ਪਰਚਮ’, ਮਈ, 2017

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ