Sat, 19 September 2020
Your Visitor Number :-   2678228
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਪਣੇ ਹੱਕਾਂ ਲਈ ਜੱਥੇਬੰਦ ਹੋਣਾ ਸਮੇਂ ਦੀ ਵੱਡੀ ਲੋੜ -ਹਰਸ਼ਵਿੰਦਰ

Posted on:- 12-09-2020

suhisaver

ਵਿਦਿਆਰਥੀ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਹਨਾਂ ਤੇ ਆਉਣ ਵਾਲਾ ਕੱਲ ਨਿਰਭਰ ਕਰਦਾ ਹੈ। ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਇਹਨਾਂ ਉੱਤੇ ਦੋਹਰੇ-ਤੀਹਰੇ ਹਮਲੇ ਹੋ ਰਹੇ ਪਰ ਇਹਨਾਂ ਦੀ ਬਾਤ ਕੋਈ ਨਹੀਂ ਪਾਉਂਦਾ, ਨਾ ਹੀ ਕਿਸੇ ਬਹਿਸ ਵਿਚ ਇਨ੍ਹਾਂ ਦਾ ਕੋਈ ਖਾਸ ਜ਼ਿਕਰ ਹੁੰਦਾ ਹੈ। ਜੇ ਗੱਲ ਹੁੰਦੀ ਆ ਤਾਂ ਸੱਭਿਆਚਾਰ ਦੇ ਵਿਗਾੜਾਂ ਨਾਲ ਜੋੜ ਕੇ ਸਮਾਜ ਇਹਨਾਂ ਦੀ ਪਰਵਰਿਸ਼ 'ਤੇ ਸਵਾਲ ਉਠਾਉਂਦਾ ਹੈ ਪਰ ਇਹ ਦੱਸਣ ਦਾ ਹੀਆਂ ਕੋਈ ਨਹੀਂ ਕਰਦਾ ਕਿ ਇਹ ਇਕ ਤੀਜੀ ਦੁਨੀਆਂ ਦੇ ਮੁਲਕਾਂ ਚੋਂ ਵਿਕਸਤ ਦੇਸ਼ਾਂ 'ਚ ਆਏ ਨੇ ਤੇ ਇਹ ਇਕ ਤਬਦੀਲੀ ਦੇ ਪੜਾਅ 'ਚ ਨੇ।

ਜਿਹੜੇ ਪਹਿਲਾਂ ਪਿਛਾਂਹਖਿੱਚੂ ਜਗੀਰੂ ਕਦਰਾਂ-ਕੀਮਤਾਂ ਦੀ ਰਹਿੰਦ-ਖੂੰਹਦ ਤਹਿਤ ਵੱਡੇ ਹੋਏ ਤੇ ਬਾਅਦ ਵਿਚ ਪੱਛਮੀ ਸੱਭਿਆਚਾਰ ਦੀ ਅੱਖਾਂ ਚੁੰਧਿਆ ਦੇਣ ਵਾਲੀ ਦੁਨੀਆਂ 'ਚ ਕਈ ਤਰ੍ਹਾਂ ਦੇ ਸੁਪਨੇ ਲੈ ਕੇ ਆਏ। ਇੱਥੇ ਆ ਕੇ ਪੜ੍ਹਾਈ ਤੇ ਨਾਲ-ਨਾਲ ਕੰਮ ਦੇ ਬੋਝ ਨਾਲ ਕਈ ਤਰ੍ਹਾਂ ਦੀਆ ਮਾਨਸਿਕ ਪਰੇਸ਼ਾਨੀਆਂ ਝੱਲ ਕੇ ਆਵਦਾ-ਆਪ ਪਾਲ ਰਹੇ ਹਨ।

ਕਰਜ਼ੇ ਦੀਆ ਪੰਡਾਂ ਥੱਲੇ ਦੱਬੇ ਪਾੜ੍ਹੇ ਕਈ ਤਰ੍ਹਾਂ ਦੇ ਸੋਸ਼ਣ ਦਾ ਸ਼ਿਕਾਰ ਨੇ, ਜਿਹਨਾਂ ਵਿਚ ਜੇ ਸਰਸਰੀ ਝਾਤ ਮਾਰੀਏ ਤਾਂ ਘੱਟ ਉਜ਼ਰਤ, ਘੱਟ ਘੰਟੇ ਕੰਮ ਦਾ ਡਰਾਵਾ, ਮਾਨਸਿਕ ਤਣਾਅ, ਵਿੱਦਿਅਕ ਕੋਰਸਾਂ/ਡਿਗਰੀਆਂ ਦੀ ਫੀਸ 'ਚ ਸਥਾਨਿਕ ਨਾਗਰਿਕਾਂ ਨਾਲੋਂ ਅੰਤਰਰਾਸ਼ਟਰੀ ਪ੍ਰਵਾਸੀ ਵਿੱਦਿਆਰਥੀਆਂ ਤੋਂ ਅੰਤਰ ਮੁੱਖ ਹਨ। ਪਹਿਲਾਂ ਤਾਂ ਲੱਗਪੱਗ ਸਾਰੇ ਵਿਕਸਤ ਦੇਸ਼ਾਂ ਵਿੱਚ ਵਿਦਿਆਰਥੀ ਵੀਜੇ ਤੇ ਵੀਹ ਘੰਟੇ ਕੰਮ ਕਰਨ ਦੀ ਸ਼ਰਤ ਏਸ ਲੁੱਟ ਵਿਚ ਮੁੱਢਲਾ ਕਾਰਨ ਬਣਦੀ ਹੈ। ਜਿਸ ਨਿਯਮ ਨੂੰ ਬਣਾਉਣ ਦਾ ਕਾਰਨ ਵੀ ਸਸਤੀ ਲੇਬਰ ਮੁਹੱਈਆ ਕਰਵਾਉਣਾ ਹੀ ਜਾਪਦਾ ਹੈ ਕਿਉਂਕ ਏਸ ਸ਼ਰਤ ਤੋਂ ਵੱਧ ਕੰਮ ਕਰਨ ਲਈ ਸਟੂਡੈਂਟ ਸਰਕਾਰੀ ਤਹਿਸ਼ੁਦਾ ਤਨਖਾਹ ਤੋਂ ਘੱਟ ਮੁੱਲ ਤੇ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਨੇ ਜਾਂ ਬਾਂਹ ਮਰੋੜ ਕੇ ਮਨਾ ਲਏ ਜਾਂਦੇ ਹਨ। ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੀ ਘੱਟੋ-ਘੱਟ ਰਾਸ਼ਟਰੀ ਉਜ਼ਰਤ 19.84 ਡਾਲਰ ਹੈ ਪਰ ਆਮ ਹੀ ਵਿਦਿਆਰਥੀ 10 ਡਾਲਰ ਘੰਟੇ ਤੇ ਕੰਮ ਕਰਦੇ ਮਿਲ ਜਾਂਦੇ ਹਨ, ਏਸ ਵਿਚ ਕੁੜੀਆਂ ਦੀ ਹਾਲਤ ਹੋਰ ਵੀ ਜਿਆਦਾ ਤਰਸਯੋਗ ਹੈ। ਇਹੀ ਹਾਲਤ ਕੈਨੇਡਾ ਸਮੇਤ ਹੋਰ ਮੁਲਕਾਂ ਦੀ ਹੈ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਪੜਾਈ ਲਈ ਜਾਂਦੇ ਹਨ। ਜ਼ਿਆਦਾਤਰ ਦੇਸੀ ਲੋਕਾਂ ਦੇ ਕਾਰੋਬਾਰਾਂ ਵਿਚ ਇੱਦਾਂ ਦੇ ਕਿੱਸੇ ਵੱਧ ਮਿਲਦੇ ਨੇ (ਪਰ ਇਹਦਾ ਮਤਲਬ ਇਹ ਨਹੀਂ ਕੇ ਦੂਜੇ ਭਲੇ ਨੇ) ਕਿਉਂਕਿ ਉਹ "ਜਿਆਦਾ ਸਿਆਣੇ", "ਧਰਮੀ" ਅਤੇ ਲੋੜੋਂ ਵੱਧ "ਸਭ ਕੁਝ ਜਾਣਦੇ" ਨੇ ਤਾਂ ਹੀ ਛਿੱਲ ਵੀ ਵੱਧ ਲਾਹੁਣ 'ਚ ਯਕੀਨ ਰੱਖਦੇ ਨੇ। ਵਿਦਿਆਰਥੀ ਦੀ ਸਸਤੀ ਕਿਰਤ ਲੁੱਟ ਕਰਕੇ ਵੀ "ਦਸਵੰਦ" ਕੱਢਣਾ ਨਹੀਂ ਭੁੱਲਦੇ। ਅਜਿਹੇ ਧਰਮੀ ਪੰਜਾਬ ਅੰਦਰ ਧਾਰਮਿਕ ਸਥਾਨਾਂ, ਸੇਵਾ ਕੇਂਦਰਾਂ ਅਤੇ ਟੂਰਨਾਮੈਂਟਾਂ ਤੇ "ਸੇਵਾ" ਭੇਜਣੋਂ ਕਦੇ ਨਹੀਂ ਭੁੱਲਦੇ।

ਸੰਸਾਰ ਅਮੀਰ ਵਿਕਸਿਤ ਮੁਲਕਾਂ ਨੇ ਜਿੱਥੇ ਗਰੀਬ ਦੇਸ਼ਾਂ ਵੱਲ ਰੁੱਖ ਕਰਦਿਆਂ ਉੱਥੋਂ ਦੇ ਜਲ, ਜੰਗਲ ਤੇ ਜਮੀਨ ਦੀ ਲੁੱਟ ਵਧਾਈ ਆ, ਉੱਥੇ ਉਸ ਲੁੱਟ ਦੀਆ ਨੀਤੀਆਂ ਤਹਿਤ ਹੀ ਪ੍ਰਵਾਸ ਵਿਚ ਵਾਧਾ ਹੋਇਆ ਹੈ। ਇਹਦਾ ਸਿੱਧਾ ਜੋੜ ਸਸਤੀ ਲੇਬਰ ਤੇ ਅੰਨਾ ਮੁਨਾਫ਼ਾ ਹੈ ਜੋ ਅਮੀਰ ਨੂੰ ਹੋਰ ਅਮੀਰ ਬਣਾ ਕੇ ਧਨ-ਦੌਲਤ ਦੇ ਅੰਬਾਰ 'ਚ ਵਾਧਾ ਕਰਦਾ ਹੈ। ਅਜਿਹਾ ਪ੍ਰਬੰਧ ਇਕ ਤਾਂ ਥੋੜੀਆਂ ਸਹੂਲਤਾਂ ਖਾਤਰ ਦੇਸ਼ ਛੱਡਣ ਲਈ ਮਜ਼ਬੂਰ ਕਰਦਾ ਹੈ ਅਤੇ ਦੂਜੇ ਪਾਸੇ ਗਰੀਬ ਦੇਸ਼ਾਂ ਦੀ ਕਰੀਮ ਨੂੰ ਤੁਸ਼ ਐਸ਼ੋ-ਅਰਾਮ ਦੇ ਇਵਜ਼ ਬਦਲੇ ਸੁਪਰ ਮੁਨਾਫ਼ੇ ਕਮਾਉਂਦਾ ਹੈ 'ਤੇ ਲੋਕਾਂ ਵਿਚ ਇਹ ਭਰਮ ਜ਼ਾਲ ਕਾਇਮ ਰੱਖਦਾ ਹੈ ਕੇ ਤੁਸੀ ਕਮਜ਼ੋਰ ਹੋ, ਹੋਰ ਮਿਹਨਤ ਕਰੋ ਤੇ ਥੋੜੀਆਂ ਸਹੂਲਤਾਂ ਕਮਾ ਲਓ।

ਕਾਲਜ, ਯੂਨੀਵਰਸਿਟੀ ਦੀਆ ਫ਼ੀਸਾਂ ਵਿਚਲਾ ਅੰਤਰ ਤਾਂ ਏਸ ਤੋਂ  ਵੀ ਵੱਧ ਹੈ, ਇਕ ਪੇਪਰ ਦੇ ਅਨੁਸਾਰ ਕੈਨੇਡਾ ਦੀ ਯੂਨੀਵਰਸਿਟੀ ਲੋਕਲ ਸਟੂਡੈਂਟਸ ਦੇ ਮੁਕਾਬਲੇ ਅੰਤਰ ਰਾਸ਼ਟਰੀ  ਵਿਦਿਆਰਥੀ ਤੋਂ  ਚਾਰ ਗੁਣਾ ਵੱਧ ਫੀਸ ਵਸੂਲ ਕਰਦੀ ਹੈ। ਇਸੇ ਤਰ੍ਹਾਂ ਜਿੱਤੇ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਵਿਚ ਬਾਹਰਲੇ ਸਿਖਿਆਰਥੀ 35,500 ਡਾਲਰ ਸਾਲਾਨਾ ਭਰਦੇ ਹਨ, ਉੱਥੇ ਘਰੇਲੂ ਵਿਦਿਆਰਥੀ 8500 ਡਾਲਰ ਸਾਲ ਦਾ ਤਾਰਦੇ ਹਨ। ਏਸ ਤਰ੍ਹਾਂ ਹਰ ਪਾਸੇ ਹੀ ਵਿਦਿਆਰਥੀ ਲੁੱਟ ਦਾ ਸ਼ਿਕਾਰ ਹਨ। ਇਹ ਸਿਸਟਮ ਪ੍ਰਵਾਸੀਆਂ ਨੂੰ ਮਜਬੂਰ ਕਰ ਦਿੰਦਾ ਹੈ, ਹਾਲਤ ਹੀ ਇੱਦਾਂ ਦੇ ਬਣਾ ਦਿੰਦਾ ਹੈ ਕਿ 15-15, 16-16 ਘੰਟੇ ਕੰਮ ਕਰਦੇ ਨੇ। ਮੰਨ ਲਓ ਇਕ ਪ੍ਰਵਾਸੀ 10 ਡਾਲਰ ਤੇ 15 ਘੰਟੇ ਕੰਮ ਕਰਕੇ 150ਡਾਲਰ ਕਮਾਉਂਦਾ ਹੈ ਤੇ ਉਹ ਰੋਜ਼ਾਨਾ 98.61 ਡਾਲਰ ਫੀਸ ਤਾਰਦਾ ਹੈ ਤੇ ਦੂਜੇ ਹੱਥ ਇਕ ਸਥਾਨਕ ਨਾਗਰਿਕ (ਵਿਦਿਆਰਥੀ) ਜੋ 20 ਡਾਲਰ ਸਰਕਾਰੀ ਉਜ਼ਰਤ ਲੈਂਦਾ ਹੈ (ਬਿਨ੍ਹਾਂ ਰੋਕ-ਟੋਕ ਤੇ ਡਰ ਦੇ ) 'ਤੇ  8 ਘੰਟੇ ਕੰਮ ਕਰਦਾ ਹੈ ਜੋ ਕੁਲ 160 ਡਾਲਰ ਕਮਾਏਗਾ ਪਰ ਫੀਸ ਤਾਰੇਗਾ 23.61 ਡਾਲਰ। ਹੁਣ ਥੋਡੇ ਸਾਹਮਣੇ ਹੈ ਇਕ ਜਣੇ ਨੇ ਬੰਦਿਆਂ ਵਾਂਗੂ ਕੰਮ ਕਰਿਆ ਤੇ ਜਾਇਜ਼ ਫੀਸ ਭਰੀ ਪਰ ਦੂਜੇ ਪਾਸੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜੋ ਘਰ ਵੀ ਲੁੱਟੇ ਗਏ ਤੇ ਬਾਹਰ ਵੀ, ਕੌਣ ਜ਼ਿੰਮੇਵਾਰ ਹੈ ਏਸ ਵਰਤਾਰੇ ਦਾ?

ਕੋਰੋਨਾ ਭੰਬਲਭੂਸੇ ਨੇ ਸਿਖਿਆਰਥੀਆਂ ਦੀ ਹਾਲਤ ਹੋਰ ਵੀ ਪੇਤਲੀ ਕਰ ਦਿੱਤੀ ਹੈ ਜਿਹੜੇ ਅੰਸ਼ਕ-ਬੰਦੀਆਂ ਤੇ ਪੂਰਨ-ਬੰਦੀਆਂ ਕਰਕੇ ਹੋਰ ਵੀ ਉਲਝ ਗਏ ਨੇ ਤੇ ਉਹਨਾਂ ਤੇ ਅਣਲੋੜੀਂਦੇ ਬੋਝ ਪਾ ਦਿੱਤੇ ਗਏ ਨੇ ਜਿਵੇਂ ਕਿ ਔਨਲਾਈਨ ਸਿੱਖਿਆ ਪਰੋਸ ਕੇ ਫੀਸ ਕਲਾਸਰੂਮ ਸਿੱਖਿਆ ਦੀ ਲਈ ਜਾ ਰਹੀ ਹੈ ਜੋ ਕਿ ਕਿਸੇ ਵੀ ਰੂਪ 'ਚ ਵਾਜਬ ਨਹੀਂ ਹੈ। ਚਾਹੇ ਸੰਸਾਰ ਪੱਧਰ ਤੇ ਡਿਜੀਟਲ ਸਿੱਖਿਆ ਦੀ ਗੱਲ ਚਲਾਈ ਜਾ ਰਹੀ ਹੈ ਪਰ ਬਿਨ੍ਹਾਂ ਤਿਆਰੀ ਤੇ ਯਕਦਮ ਇਹਨੂੰ ਲਾਗੂ ਕਰਨਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ। ਉਂਝ ਵੀ ਕਲਾਸਰੂਮ 'ਚ ਦਿੱਤੀ ਜਾਂਦੀ ਸਿੱਖਿਆ ਡਿਜੀਟਲ ਦਾ ਬਦਲ ਨਹੀਂ ਹੈ ਜਦ ਕਿ ਏਸ ਕਾਰਨ ਅਨੇਕਾਂ ਵਿਦਿਆਰਥੀ ਮਾਨਸਿਕ ਬਿਮਾਰੀਆਂ ਵੱਲ ਵੱਧ ਰਹੇ ਨੇ, ਇਸਨੇ ਸਿਖਿਆਰਥੀਆਂ ਦੀ ਹਾਲਤ ਨੀਰਸ ਕਰ ਦਿੱਤੀ ਹੈ ਕਿਉਂਕਿ ਬੰਦ ਦੌਰਾਨ ਕਮਾਈ ਦੇ ਜੋ ਇੱਕਾ-ਦੁੱਕਾ  ਵਸੀਲੇ ਸਨ ਉਹ ਵੀ ਠੱਪ ਹੋ ਗਏ ਹਨ। ਵੈਸੇ ਵੀ ਜੋ ਨਿੱਜੀਕਰਨ ਦੀ ਨੀਤੀਆਂ ਤਹਿਤ ਵਿਦੇਸ਼ਾਂ ਵਿਚ ਤੇ ਹੁਣ ਭਾਰਤ ਵਿਚ ਵੀ ਨਵੀਂ ਸਿੱਖਿਆ ਨੀਤੀ ਦੀ ਪੜਾਈ ਹੈ ਉਹ ਵਿਦਿਆਰਥੀ ਨੂੰ ਗ੍ਰਾਹਕ ਸਮਝਦੀ ਹੈ ਤੇ ਇਹ ਯੂਨੀਵਰਸਿਟੀਆਂ ਦੀਆ ਬਿਲਡਿੰਗਾਂ ਵੀ ਕਾਰਖਾਨੇ ਹੀ ਹਨ ਜਿਨ੍ਹਾਂ ਦਾ ਸਾਰਾ ਧਿਆਨ ਤੇ ਮੁੱਖ ਮਕਸਦ ਤਾਂ ਮੁਨਾਫ਼ਾ ਕਮਾਉਣਾ ਹੀ ਹੈ।

ਸ਼ਾਇਦ ਇਹ ਢਾਂਚੇ ਦੀ ਹੀ ਦੇਣ ਹੈ ਜਿਸਨੇ ਰੋਸ਼ਨ ਦਿਮਾਗਾਂ ਦਾ ਸਾਹ ਘੁੱਟ ਦਿੱਤਾ ਹੈ, ਉਹਨਾਂ ਦੀ ਸੰਘੀ ਮਰੋੜ ਦਿੱਤੀ ਹੈ ਕਿ ਹੁਣ ਉਹਨਾਂ ਦੇ ਕਦਮ ਖੁਦਕੁਸ਼ੀਆਂ ਵੱਲ ਜਾ ਰਹੇ ਹਨ, ਵਿਕਟੋਰੀਆਂ ਕਾਰਨਰ ਅਖਬਾਰ ਦੇ ਅਨੁਸਾਰ ਪਿਛਲੇ ਛੇ ਸਾਲਾਂ ਵਿਚ ਇਸੇ ਸੂਬੇ ਵਿਚ ਸਤਾਈ ਆਤਮਹੱਤਿਆ ਦੇ ਮਾਮਲੇ ਸਾਹਮਣੇ ਆਏ ਹਨ ਇਸੇ ਤਰ੍ਹਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ ਚਾਰ ਸਾਲਾਂ ਵਿਚ ਪੰਦਰਾਂ ਵਿਦਿਆਰਥੀ ਖ਼ੁਦਕੁਸ਼ੀ ਕਰਦੇ ਹਨ। ਇਹ ਸੁਪਰ ਲੁੱਟ ਤੇ ਟਿਕੀ ਵਿਚਾਰਧਾਰਾ ਕਰਕੇ ਹੀ ਹੈ ਜੋ ਸਿਖਿਅਕ ਤੇ ਅਨੇਕਾਂ ਤਰ੍ਹਾਂ ਦੇ ਦਬਾਅ ਪਾਉਂਦੇ ਹਨ ਜਿਵੇਂ ਕਿ ਡਿਪੋਰਟ ਹੋਣ ਦਾ ਡਰ, ਮਿਥੇ ਕੰਮ ਘੰਟੇ, ਫੀਸਾਂ ਭਰਨ ਦੀ ਚਿੰਤਾ, ਇਸ ਗੇੜ ਵਿਚ ਬਣੇ ਰਹਿਣ ਦਾ ਸੰਘਰਸ਼ ਤੇ ਅੰਤ ਤੁਸ਼ ਦਰਜੇ ਦੀ ਨਾਗਰਿਕਤਾ ਪ੍ਰਾਪਤ ਕਰਨ ਵਿਚ ਆਵਦੀ ਜ਼ਿੰਦਗੀ ਦੇ ਕਈ ਕੀਮਤੀ ਸਾਲਾਂ ਦੀ ਬਰਬਾਦੀ ਆਦਿ ਹਨ।

ਇਸੇ ਤਰ੍ਹਾਂ ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਲੁੱਟ-ਜ਼ਬਰ ਤੇ ਹੋਰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਉੱਤੇ ਹੋਰ ਵੱਧ ਬੋਝ ਪੈਣਾ ਹੈ। ਸੰਸਾਰ ਦਿਨ-ਬ-ਦਿਨ ਘੋਰ ਆਰਥਿਕ-ਸਿਆਸੀ ਤੇ ਸਮਾਜਿਕ ਸੰਕਟ ਵਿੱਚ ਘਿਰਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵੱਡੇ ਖਤਰਿਆਂ ਨੂੰ ਅਗਾਂਊਂ ਭਾਂਪਦਿਆਂ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਜੱਥੇਬੰਦ ਹੋਣਾ ਚਾਹੀਦਾ ਹੈ। ਸਾਡੇ ਕੋਲ ਇੱਕ ਅਜਿਹਾ ਮੰਚ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਆਪਣੀ ਸਿਹਤਮੰਦ ਗੱਲ ਆਖ-ਸੁਣ ਸਕਦੇ ਹੋਈਏ।  

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ