Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਵਿੱਤੀ ਸਰਮਾਏ ਦੇ ਥਪੇੜਿਆਂ ਤੋਂ ਬੌਂਦਲੇ ਭਾਰਤੀ ਕਿਸਾਨ -ਪਰਮ ਪੜਤੇਵਾਲਾ

Posted on:- 31-03-2017

suhisaver

ਭਾਰਤ ਦੀ ਸਰਕਾਰ ਵਿਸ਼ਵ ਦੀ ਰਾਜਨੀਤੀ 'ਚ ਸਿਰ ਕੱਢ ਕੇ ਦੂਜੇ ਦੇਸ਼ਾਂ ਨੂੰ ਵੰਗਾਰਣ ਦੇ ਰਾਹ 'ਤੇ ਤੇਜ਼ੀ ਨਾਲ ਤੁਰਦੀ ਜਾ ਰਹੀ ਹੈ। ਵਿਸ਼ਵ 'ਚ ਆਪਣੀ ਧੌਂਸ ਬਣਾਉਣ ਲਈ ਨਿੱਤ ਨਵੇਂ ਤੋਂ ਨਵੇਂ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਟੀ.ਵੀ ਚੈਨਲਾਂ ਦੇ ਉੱਤੇ ਹਰ ਉਸ ਲੋਟੂ ਨੀਤੀ ਦਾ ਖੁੱਲ ਕੇ ਪ੍ਰਚਾਰ ਹੈ, ਜੋ ਬਹੁਗਿਣਤੀ ਦੀ ਸਮੱਸਿਆਵਾਂ ਦਾ ਕਾਰਨ ਹੈ ਤੇ ਜ਼ਮੀਨੀ ਮੁੱਦਿਆਂ ਦੀ ਕੋਈ ਸਾਰ ਨਹੀਂ ਲੈ ਰਿਹਾ। ਜਿਸ ਕਰਕੇ ਹਾਲਾਤ ਬੱਤਰ ਹਨ। ਦੇਸ਼ ਦੀ ਸਰਕਾਰ ਸੰਸਾਰੀਕਰਨ ਦੇ ਯੁੱਗ 'ਚ ਹਰ ਚੀਜ਼ ਨੂੰ ਮੰਡੀ ਦੇ ਨਿਯਮਾਂ ਮੁਤਾਬਿਕ ਪੇਸ਼ ਕਰਦੀ ਹੈ ਤੇ ਇੰਝ ਵਿਲੱਖਣਤਾ ਦੇ ਭਾਰਤ ਦੇਸ਼ 'ਚ ਉਸਦੀ ਵਿਲੱਖਣਾ ਦੀ ਰੂਹ ਦਾ ਕਤਲ ਕਰਕੇ ਇੱਕ ਰੰਗ ਚਾੜਨ ਦੀਆਂ ਤਰਤੀਬਾਂ ਘੜੀਆਂ ਜਾ ਰਹੀਆਂ ਹਨ।

ਪਰ ਇਹ ਸਭ ਕੁਝ ਉਨ੍ਹਾਂ ਸਾਰਿਆਂ ਦੇ ਵਿਰੁੱਧ ਹੈ, ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਭਾਰਤੀ ਕਿਸਾਨ, ਜਿਸ ਦਾ ਬੱਤਰ ਹਾਲ ਸਾਰੇ ਦੇਸ਼ ਦੇ ਸੂਬਿਆਂ ਵਿੱਚ ਆਪਣੀ ਬਰਬਾਦੀ ਦੀ ਦੁਹਾਈ ਪਾ ਰਿਹੇ ਹਨ, ਪਰ ਕੇਂਦਰੀ ਤੇ ਰਾਜ ਸਰਕਾਰਾਂ ਸੁੱਤੀਆਂ ਪਈਆਂ ਹਨ। ਉੱਤਰ,ਦੱਖਣ, ਪੂਰਬ, ਪੱਛਮ ਤੇ ਮੱਧ ਭਾਰਤ ਦੇ ਕਿਸਾਨ ਵਿੱਤੀ ਸਰਮਾਏ ਦੇ ਥਪੇੜਿਆਂ ਤੋਂ ਬੌਂਦਲੇ ਪਏ ਹਨ। ਹਾਲਾਤ ਦੇ ਵਿਰੋਧ ਦੀ ਹਵਾ ਨਿਰੰਤਰ ਟੱਬਰਾਂ ਦੇ ਟੱਬਰਾਂ ਨੂੰ ਮੁਸੀਬਤਾਂ, ਨਿਰਾਸ਼ਤਾ ਤੋਂ ਅੱਗੇ ਵਧਾ ਕੇ ਖੁਦਕੁਸ਼ੀਆਂ ਦੇ ਰਾਹਾਂ 'ਤੇ ਲੈ ਕੇ ਜਾ ਰਹੀ ਹੈ।

ਟੱਬਰਾਂ 'ਚ ਬੁਰੇ ਦੌਰ ਦੇ ਹਾਲਾਤ ਇੰਨੇ ਭਾਰੂ ਹਨ ਕਿ ਉਨ੍ਹਾਂ ਦੇ ਆਪਸੀ ਸੰਬੰਧਾਂ ਦੇ ਵਿਸ਼ਵਾਸਾਂ ਦਾ ਕਤਲ ਚਰਮ ਸੀਮਾਂ 'ਤੇ ਹੈ। ਫਿਰ ਵੀ ਵੋਟਾਂ ਦੀ ਇਸ ਰਾਜਨੀਤਿਕ ਸ਼ਤਰੰਜ 'ਚ ਉਹ ਪਿਆਦਿਆਂ ਦੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹਨ। ਜਿੱਤਣ ਤੋਂ ਬਾਅਦ ਦਿੱਲੀ ਦੇ ਤਖਤ 'ਤੇ ਬੈਠਾ ਹਰ ਇੱਕ ਵਿਅਕਤੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੂੰਗਾ, ਬੌਲਾ ਤੇ ਅੰਨ੍ਹਾਂ ਹੋ ਜਾਂਦਾ ਹੈ।

ਦਿੱਲੀ ਦਾ ਤਖਤ ਅੱਜ ਕੱਲ੍ਹ ਕੋਟ ਪੈਂਟਾਂ ਵਾਲਿਆਂ ਲਈ ਸੱਜਦਾ ਹੈ। ਉੱਥੇ ਕਿਸੇ ਮਾੜੇ ਧਾੜੇ ਦੀ ਸੁਣਵਾਈ ਨਹੀਂ ਹੈ। ਕਰਜ ਦੇ ਖੇਲ 'ਚ ਕਿਸਾਨੀ ਤਰਾਹ-ਤਰਾਹ ਕਰ ਰਹੀ ਹੈ ਤੇ ਔਲਾਦ ਨੂੰ ਨਾ ਮਿਲਦਾ ਰੁਜ਼ਗਾਰ ਸਮੱਸਿਆ ਦੇ ਭਾਂਬੜ ਨੂੰ ਹੋਰ ਲਾਂਬੂ ਲਾਉਂਦਾ ਹੈ। ਭਾਰਤੀ ਮੀਡੀਆ ਵੀ ਸਵਾਲਾਂ ਦੇ ਘੇਰੇ 'ਚ ਹੈ। ਜਿਸ ਨੇ ਸਾਰੀਆਂ ਸਮੱਸਿਆਵਾਂ ਨੂੰ ਇੱਕ ਸੂਤਰ 'ਚ ਪਰੋ ਕੇ ਸਰਕਾਰਾਂ ਨੂੰ ਜਵਾਬਦੇਹ ਬਣਾਉਣਾ ਸੀ, ਉਹ ਹੁਣ ਸਰਕਾਰੀ ਅਫਸਰਸ਼ਾਹਾਂ ਤੇ ਮੰਤਰੀਆਂ ਨਾਲ ਚਾਹ ਨਾਲ ਬਿਸਕੁੱਟਾਂ ਦਾ ਲੁਫਤ ਲੈਣ 'ਚ ਮਸਰੂਫ ਹੈ। ਟੀ.ਵੀ ਦੇ ਰਿਪੋਰਟ ਖਬਰ ਦੇ ਬੁਰਕੀ ਲਈ ਹਲਾ-ਹਲਾ ਕਰਦੇ ਦੌੜਦੇ ਹਨ ਤੇ ਏ.ਸੀ ਦੇ ਠੰਢ 'ਚ ਬੈਟਾਂ ਚੈਨਲ ਨੂੰ ਚਲਾਉਣ ਵਾਲਾ ਜ਼ਮੀਨੀ ਮੁੱਦਿਆਂ ਦੀ ਖਬਰਾਂ ਨੂੰ ਕੂੜਖਾਨੇ 'ਚ ਸੁੱਟ ਦਿੰਦਾ ਹੈ।

ਕੁਝ ਦਿਨ ਪਹਿਲਾਂ ਇੱਕ ਟੀ.ਵੀ ਚੈਨਲ ਨੇ ਰਿਪੋਰਟ ਪੇਸ਼ ਕਰੀ। ਤਾਮਿਲਨਾਡੂ ਦੇ ਡੇਢ ਕੁ ਸੌ ਕਿਸਾਨ ਦੇਸ਼ ਦੇ ਧਰਨਿਆਂ ਦੇ ਅਖਾੜੇ ਜੰਤਰਮੰਤਰ 'ਚ ਜਿਸ ਮਜਬੂਰੀ ਨਾਲ ਆਪਣੀਆਂ ਸਮੱਸਿਆਵਾਂ ਨੂੰ ਪੇਸ਼ ਕਰ ਰਹੇ ਸਨ, ਉਸ ਦੀ ਵਖਿਆਨ ਕਰਨਾ ਜ਼ਰੂਰੀ ਹੈ। ਦਿੱਲੀ ਦੇ ਅੰਗਰੇਜ਼ੀ ਭਾਸ਼ਾ ਜਾਲ 'ਚ ਅਨਪੜ, ਪਰ ਜਗਿਆਸੂ ਕਿਸਾਨ  ਤਲਿਲਨਾਡੂ ਦੀ ਧਰਤੀ ਤੋਂ ਮਜਬੂਰ, ਇੱਕਲਾ ਖੜਿਆ ਮਹਿਸੂਸ ਕਰ ਰਿਹਾ ਸੀ। ਮਨੁੱਖ ਦੀ ਮਨੁੱਖ ਤੱਕ ਦੀ ਪਹੁੰਚ ਹੀ ਸਵਾਲਾਂ ਦੇ ਘੇਰੇ 'ਚ ਸੀ। ਪਰ ਹਿੰਮਤ ਕਿ ਸਮੱਸਿਆ ਦੇ ਹੱਲ ਲਈ ਚਿੰਨ ਭਾਸ਼ਾਵਾਂ ਦੇ ਸਹਿਯੋਗ ਨਾਲ ਜਿਵੇਂ ਇਨ੍ਹਾਂ ਕਿਸਾਨਾਂ ਨੇ ਸੂਚਨਾ ਦਿੱਤੀ ਉਹ ਕਾਬਿਲੇ ਤਾਰੀਫ ਹੈ। ਕਿਸਾਨਾਂ ਦਾ ਰੂਪ ਹਰੀ ਲੂੰਗੀ ਤੇ ਔਰਤਾਂ ਦੇ ਪੇਟੀਕੋਟ ਨੇ ਸਪਸ਼ਟ ਕਰ ਦਿੱਤਾ। ਅੱਧੀ ਸਮੱਸਿਆ ਟੁੱਟੀ ਫੁੱਟੀ ਅੰਗਰੇਜ਼ੀ ਨੇ ਦੱਸ ਦਿੱਤੀ ਤੇ ਮਨੁੱਖੀ ਕੰਕਾਲ ਦੇ ਸਿਰਾਂ ਨੂੰ ਗੱਲ੍ਹ 'ਚ ਪਾਈ ਕਿਸਾਨ ਦਿੱਲੀ ਨੂੰ ਦੱਸ ਰਹੇ ਸਨ ਕਿ ਕਿਵੇਂ ਕਰਜ਼ ਨਾਲ ਕਿਸਾਨ ਮਰ ਰਹੇ ਹਨ। ਪਿਛਲੇ ਚਾਰ ਮਹੀਨਿਆਂ 'ਚ 400 ਕਿਸਾਨ ਨੇ ਖੁਦਕੁਸ਼ੀ ਕੀਤੀ। ਤਮਿਲ ਦੈਨਿਕ 'ਚ 3 ਜਨਵਰੀ 2017 ਨੂੰ ਖਬਰ ਛਪੀ ਕਿ ਦਿਲ ਦੇ ਦੌਰਾ ਪੈਣ ਨਾਲ 83 ਕਿਸਾਨ ਮਰ ਗਏ। ਇਹ ਅਖਬਾਰ ਲਿਖਦੀ ਹੈ ਕਿ 5 ਜਨਵਰੀ 2017 ਨੂੰ ਇੱਕ ਮਹੀਨੇ 'ਚ 106 ਕਿਸਾਨ ਮਰ ਗਏ ਹਨ। 100 ਸਾਲਾਂ 'ਚ ਇਸ ਵਾਰ ਭਿਅੰਕਰ ਸੋਕਾ ਪਿਆ ਹੈ। ਤਾਮਿਲਨਾਡੂ ਇਸ ਸਮੇਂ ਭਿਅੰਕਰ ਔੜ ਦਾ ਸਾਹਮਣਾ ਕਰ ਰਹੇ ਹਨ। ਪਰ ਦਿੱਲੀ ਦਿਲਾਂ ਤੋਂ ਦੂਰ ਗੂੰਗੀ, ਬੌਲੀ ਤੇ ਅੰਨ੍ਹੀ ਬਣੀ ਬੈਠੀ ਹੈ।

ਨੀਤੀ ਬਣਾਉਣ ਵਾਲੇ ਕਿਸਾਨਾਂ ਦੀ ਪਰਵਾਹ ਨਹੀਂ ਕਰ ਰਹੇ ਕਿਉਂਕਿ ਉਹ ਇੱਕ ਚਾਲ ਨਾਲ ਸਰਕਾਰੀ ਰਾਜਨੀਤਿਕ ਪਾਰੀ ਅਮੀਰਾਂ ਲਈ ਖੇਡ ਰਹੇ ਹਨ। ਇਸ ਚਾਲ 'ਚ ਕਿ ਇਸ ਮੰਦੀ ਦੇ ਦੌਰ 'ਚ ਕਿਸਾਨ ਸਮੱਸਿਆਵਾਂ 'ਚ ਘਿਰਿਆ ਹੋਇਆ ਤੇ ਅਖੀਰ ਮਜਬੁਰ ਹੋ ਕੇ ਆਪਣੀ ਜ਼ਮੀਨ ਸਸਤੇ ਭਾਅ 'ਤੇ ਸਰਮਾਏਦਾਰਾਂ ਨੂੰ ਵੇਚੇਗਾ। ਸਰਕਾਰ ਦੇ ਕਈ ਮੰਤਰੀ ਕਿਸਾਨਾਂ ਨੂੰ ਖੇਤੀ ਛੱਡ ਕੇ ਮਜ਼ਦੂਰ ਬਣਨ ਦੀ ਸਲਾਹ ਦੇ ਚੁੱਕੇ ਹਨ। ਖਜ਼ਾਨੇ ਦੇ ਉੱਪਰ ਸੱਪ ਦੀ ਕੁੰਢਲ ਮਾਰੀ ਬੈਠਾ ਮੰਤਰੀ ਇੱਕ ਪਾਸੇ ਸਰਮਾਏਦਾਰਾਂ ਦੇ ਲਈ ਖਜ਼ਾਨੇ ਦਾ ਮੂੰਹ ਖੋਲੀ ਬੈਠਾ ਹੈ ਤੇ ਦੂਜੇ ਪਾਸੇ ਰੋਜ਼ ਬਿਆਨ ਦਿੰਦਾ ਹੈ ਕਿ ਕਿਸਾਨਾਂ ਦਾ ਕਰਜ਼ ਮਾਫ ਨਹੀਂ ਕੀਤਾ ਜਾਵੇਗਾ।

 ਮਤਲਬ ਸਾਫ ਹੈ ਕਿ ਕਿਸਾਨ ਭਾਵੇਂ ਮਰੇ ਭਾਂਵੇ ਜੀਵੇ ਸਰਕਾਰ ਕੁਝ ਨਹੀਂ ਕਰ ਸਕਦੀ। ਉਹ ਆਪਣਾ ਧਰਮ ਨਿਭਾ ਰਹੀ ਹੈ, ਉਨ੍ਹਾਂ ਪੈਸੇ ਵਾਲਿਆਂ ਲਈ ਜਿਨ੍ਹਾਂ ਵੋਟਾਂ 'ਚ ਪੈਸੇ ਨਾਲ ਇਨ੍ਹਾਂ ਦੀ ਮਦਦ ਕੀਤੀ ਸੀ। ਤਾਂ ਫਿਰ ਇੱਕ ਹੀ ਰਾਹ ਬਚਦਾ ਹੈ ਜਮਾਤੀ ਸੰਘਰਸ਼। ਕਿਰਤ ਕਰਨ ਵਾਲੇ ਇੱਕ ਹੋਣ ਇੱਕ ਨਾਰਾ ਦੇਣ। ਰੁਜ਼ਗਾਰ ਦੀ ਗਾਰੰਟੀ ਦੇ ਕਾਨੂੰਨ ਦੀ ਮੰਗ ਕਰਨ। ਆਪਣੇ ਪਰਿਵਾਰ ਦੇ ਭਲੇ ਲਈ ਆਪਣੀਆਂ ਔਲਾਦਾਂ ਦੇ ਭਵਿੱਖ ਲਈ। ਇਸ ਰੁਜ਼ਗਾਰ ਦੀ ਗਾਰੰਟੀ ਦੇ ਕਾਨੂੰਨ ਦੀ ਗਰਭ 'ਚ ਹਰ ਸਮੱਸਿਆ ਦਾ ਹਲ ਹੈ।  ਭਾਸ਼ਾ ਦੇ ਵੱਖਰੇਪਣ ਨੂੰ ਆਪਣੇ ਹੱਤਾਂ ਦੀ ਸਾਂਝ ਨਾਲ ਸਾਂਝਾ ਕਰੋ। ਸਰਮਾਏ ਦੀ ਕੁੱਛੜ ਬੈਠੇ ਚੈਨਲਾਂ ਨੂੰ ਆਪਣੀ ਏਕਤਾ ਦਾ ਜੋਸ਼ ਦਿਖਾਉਣਾ ਹੀ ਪਵੇਗਾ। ਜੇ ਸਰਕਾਰਾਂ ਰੁਜ਼ਗਾਰ ਦਾ ਹੱਕ ਨਹੀਂ ਦਿੰਦੀਆਂ ਤਾਂ ਆਪ ਆਪਣੇ ਹੱਥਾਂ 'ਚ ਸੱਤਾ ਲੈਣ ਲਈ ਕਮਰਕੱਸੇ ਕਰਨ। ਜੋ ਸਮੁੱਖਤਾ ਦੇ ਭਲੇ ਲਈ ਹੋਵੇ। ਸਰਬੱਤ ਦੇ ਭਲੇ ਲਈ ਹੋਵੇ। ਮਨੁੱਖਤਾ ਆਬਾਦ ਹੋਵੇਗੀ।

ਸੰਪਰਕ: +91 75080 53857
     

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ